ਮਾਨਸਿਕ ਸੰਕਟ 'ਚ ਘਿਰੇ ਕੈਨੇਡਾ ਦੇ ਪਰਵਾਸੀ ਪੰਜਾਬੀ ਵਿਦਿਆਰਥੀ

ਮਾਨਸਿਕ ਸੰਕਟ 'ਚ ਘਿਰੇ ਕੈਨੇਡਾ ਦੇ ਪਰਵਾਸੀ ਪੰਜਾਬੀ ਵਿਦਿਆਰਥੀ
ਖ਼ਬਰ ਮੁਤਾਬਿਕ ਇਸ਼ਾਰੇ ਲਈ ਵਰਤੀ ਗਈ ਤਸਵੀਰ

ਨਰਿੰਦਰ ਕੌਰ ਸੋਹਲ
ਵਧਦੀ ਬੇਰੁਜ਼ਗਾਰੀ ਅਤੇ ਨਸ਼ਿਆਂ ਤੋਂ ਡਰਦਿਆਂ ਮਾਪੇ ਆਪਣੀ ਜ਼ਮੀਨ-ਜਾਇਦਾਦ ਵੇਚ ਕੇ ਅਤੇ ਕਰਜ਼ੇ ਚੁੱਕ ਕੇ ਬੱਚਿਆਂ ਨੂੰ ਚੰਗੇ ਭਵਿੱਖ ਦੀ ਆਸ ਵਿੱਚ ਵਿਦੇਸ਼ੀਂ ਭੇਜਣ ਲਈ ਮਜਬੂਰ ਹਨ। ਪਰ ਵਿਦੇਸ਼ੀ ਧਰਤੀ ਉੱਤੇ ਨਿੱਤ ਦਿਹਾੜੇ ਵਾਪਰ ਰਹੀਆਂ ਘਟਨਾਵਾਂ ਨੇ ਮਾਪਿਆਂ ਦੇ ਸਾਹ ਸੂਤ ਲਏ ਹਨ। ਕੁਝ ਦਿਨ ਪਹਿਲਾਂ ਕਨੇਡਾ ਦੇ ਸ਼ਹਿਰ 'ਸਰੀ' ਵਿੱਚ ਪੰਜਾਬੀ ਲੜਕੀ ਪ੍ਰਭਲੀਨ ਕੌਰ ਦੇ ਪਤੀ ਪੀਟਰ ਨੇ ਉਸ ਦੀ ਜਾਨ ਲੈ ਕੇ ਬਾਅਦ ਵਿੱਚ ਆਪਣੀ ਜਾਨ ਦੇ ਦਿੱਤੀ ਸੀ। ਇਹ ਮਾਮਲਾ ਹਾਲੇ ਠੰਢਾ ਵੀ ਨਹੀਂ ਹੋਇਆ ਸੀ ਕਿ ਇੱਕ ਹੋਰ ਘਟਨਾ “ਬਰੈਂਪਟਨ” ਵਿੱਚ ਵਾਪਰ ਗਈ ਜਿੱਥੇ ਪੰਜਾਬੀ ਨੌਜਵਾਨ ਨਵਦੀਪ ਸਿੰਘ ਨੇ ਸ਼ਰਨਜੀਤ ਕੌਰ ਦੀ ਜਾਨ ਲੈਣ ਉਪਰੰਤ ਆਪ ਖੁਦਕੁਸ਼ੀ ਕਰ ਲਈ। ਇਸੇ ਤਰ੍ਹਾਂ ਕੈਨੇਡਾ ਦੇ ਮਾਂਟਰੀਅਲ ਵਿੱਚ ਇੱਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ ਸਨ। ਤਿੰਨ ਲਾਸ਼ਾਂ ਘਰ ਵਿੱਚੋਂ ਮਿਲੀਆਂ ਸਨ, ਜਿਨ੍ਹਾਂ ਵਿੱਚ ਇੱਕ ਔਰਤ ਅਤੇ ਉਸਦੇ ਦੋ ਮੁੰਡੇ ਸ਼ਾਮਲ ਸਨ ਜਦਕਿ ਪਤੀ ਦੀ ਲਾਸ਼ 50 ਕਿਲੋਮੀਟਰ ਦੂਰ ਮਿਲੀ ਸੀ। ਪੁਲਿਸ ਨੂੰ ਸ਼ੱਕ ਹੈ ਕਿ ਪਤੀ ਨੇ ਆਪਣੀ ਪਤਨੀ ਅਤੇ ਬੱਚਿਆਂ ਦੀ ਜਾਨ ਲੈਣ ਉਪਰੰਤ ਆਪਣੀ ਜਾਨ ਦੇ ਦਿੱਤੀ ਹੋਵੇਗੀ।

ਹੁਣ ਤਾਜ਼ਾ ਘਟਨਾ ਵਿੱਚ ਮਿਸੀਸਾਗਾ (ਕੈਨੇਡਾ) ਵਿਖੇ ਗੁਰਦਾਸਪੁਰ ਦੀ 21 ਸਾਲਾ ਲੜਕੀ ਦੀ ਪਾਣੀ ਵਿੱਚ ਡੁੱਬਣ ਨਾਲ ਮੌਤ ਹੋ ਗਈ ਹੈ। ਇਸ ਬਾਰੇ ਵੀ ਇਹ ਸ਼ੰਕਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਲੜਕੀ ਦਾ ਕਤਲ ਕੀਤਾ ਗਿਆ ਹੋ ਸਕਦਾ ਹੈ। ਇਹਨਾਂ ਤੋਂ ਇਲਾਵਾ ਹਾਦਸਿਆਂ ਅਤੇ ਹਾਰਟ ਅਟੈਕ ਨਾਲ ਹੋਣ ਵਾਲੀਆਂ ਮੌਤਾਂ ਦੀ ਵੀ ਗਿਣਤੀ ਵਧੀ ਹੈ। ਜਿੱਥੇ ਹਾਦਸਿਆਂ ਦਾ ਕਾਰਨ ਸੜਕਾਂ ਉੱਤੇ ਪਈ ਬਰਫ ਅਤੇ ਅਜਿਹੇ ਹਾਲਾਤ ਸਮੇਂ ਡਰਾਈਵਰੀ ਵਿੱਚ ਮੁਹਾਰਤ ਨਾ ਹੋਣਾ ਦੱਸਿਆ ਜਾ ਰਿਹਾ, ਉੱਥੇ ਦਿਲ ਦੇ ਦੌਰੇ ਵਿੱਚ ਵਾਧੇ ਦਾ ਕਾਰਨ ਮਾਨਸਿਕ ਪ੍ਰੇਸ਼ਾਨੀ ਦੱਸਿਆ ਜਾ ਰਿਹਾ ਹੈ, ਜੋ ਸਿਰ ਉੱਤੇ ਚੁੱਕੇ ਕਰਜ਼ੇ ਦੀ ਪੰਡ ਅਤੇ ਕੰਮ ਕਰਨ ਦੇ ਹਾਲਾਤ ਸਾਜ਼ਗਾਰ ਨਾ ਹੋਣ ਕਾਰਨ ਵਧ ਜਾਂਦੀ ਹੈ - ਜਿਸ ਕਾਰਨ ਵੱਡੀ ਗਿਣਤੀ ਵਿੱਚ ਨੌਜਵਾਨ ਦਿਲ ਦੇ ਦੌਰੇ ਦਾ ਸ਼ਿਕਾਰ ਹੋ ਰਹੇ ਹਨ।

ਇਹਨਾਂ ਵਿੱਚ ਵਧੇਰੇ ਬੱਚੇ ਉਹ ਹਨ ਜੋ ਪੜ੍ਹਾਈ ਦੇ ਵੀਜ਼ੇ (ਸਟਡੀ ਵੀਜ਼ੇ) ਉੱਤੇ ਗਏ ਹੋਏ ਹਨ। ਅਜਿਹੀਆਂ ਦੁਖਦਾਇਕ ਘਟਨਾਵਾਂ ਕਾਰਨ ਪਿੱਛੇ ਬੈਠੇ ਮਾਪਿਆਂ ਨੂੰ ਦੋਹਰੀ ਸੱਟ ਵੱਜ ਰਹੀ ਹੈ। ਇੱਕ ਤਾਂ ਬੱਚਿਆਂ ਦਾ ਸਦਾ ਲਈ ਵਿਛੋੜਾ ਅਤੇ ਦੂਜੀ ਹੈ ਜ਼ਮੀਨ-ਜਾਇਦਾਦ ਤੋਂ ਵਾਂਝੇ ਹੋ ਜਾਣਾ। ਪੰਜਾਬ ਵਿੱਚ ਦੁਆਬੇ ਮਗਰੋਂ ਮਾਲਵੇ ਵਿੱਚ ਸਟਡੀ ਵੀਜ਼ੇ ਉੱਤੇ ਵਿਦੇਸ਼ ਜਾਣ ਦਾ ਰੁਝਾਨ ਇਕ ਦਮ ਤੇਜ਼ ਹੋਇਆ ਹੈ। ਅੰਕੜਿਆਂ ਮੁਤਾਬਕ ਨਰਮਾ ਪੱਟੀ ਵਿੱਚ ‘ਸਟੱਡੀ ਵੀਜ਼ਾ’ ਘਰ ਬਾਰ ਹੂੰਝਣ ਲੱਗਾ ਹੈ। ਮਾਪਿਆਂ ਦਾ ਪੁੱਤਾਂ-ਧੀਆਂ ਨੂੰ ਪ੍ਰਦੇਸ ਭੇਜਣ ਲਈ ਸਭ ਕੁਝ ਦਾਅ ਉੱਤੇ ਲੱਗਾ ਹੋਇਆ ਹੈ। ਮਾਵਾਂ ਦੀਆਂ ਬਾਹਾਂ ਸੁੰਨੀਆਂ, ਕੰਨ ਖਾਲੀ ਅਤੇ ਟਰੈਕਟਰਾਂ, ਪਸ਼ੂਆਂ ਬਿਨਾਂ ਘਰ ਵੀ ਖਾਲੀ ਹੋਣ ਲੱਗੇ ਹਨ। ਜਹਾਜ਼ ਦੀ ਟਿਕਟ ਲਈ 'ਪਸ਼ੂ' ਅਤੇ ਵਿਦੇਸ਼ੀ ਫੀਸਾਂ ਲਈ 'ਖੇਤੀ ਮਸ਼ੀਨਰੀ' ਦਾ ਵਿਕਣਾ ਹੁਣ ਕੋਈ ਲੁਕੀ ਛਿਪੀ ਗੱਲ ਨਹੀਂ ਰਹੀ। ਲਗਭਗ ਇੱਕ ਸਾਲ ਤੋਂ ਇਸ ਖ਼ਿੱਤੇ ਵਿੱਚ ਸਟਡੀ ਵੀਜ਼ੇ ਉੱਤੇ ਪੁੱਤਾਂ ਧੀਆਂ ਨੂੰ ਵਿਦੇਸ਼ ਭੇਜਣ ਦਾ ਰੁਝਾਨ ਹੁਣ ਸਿਖਰ ਉੱਤੇ ਪਹੁੰਚ ਚੁੱਕਾ ਹੈ। ਭੁੱਚੋ ਮੰਡੀ ਦੇ ਇੱਕ ਸੁਨਿਆਰੇ (ਜਵੈਲਰ) ਅਨੁਸਾਰ ਹੁਣ ਇੱਕੋ ਦਿਨ ਵਿੱਚ ਚਾਰ ਚਾਰ ਕੇਸ 'ਗਹਿਣੇ' ਗਿਰਵੀ ਰੱਖਣ ਅਤੇ ਵੇਚਣ ਵਾਲੇ ਆਉਂਦੇ ਹਨ, ਜਿਨ੍ਹਾਂ ਵਿੱਚੋਂ 50 ਫੀਸਦੀ ਕੇਸ ਸਟੱਡੀ ਵੀਜ਼ੇ ਵਾਲੇ ਹੁੰਦੇ ਹਨ।

ਇਸੇ ਤਰ੍ਹਾਂ ਪ੍ਰਾਈਵੇਟ ਫਾਈਨਾਂਸ ਕੰਪਨੀਆਂ ਕੋਲ ਗਹਿਣਿਆਂ ਉੱਤੇ ਕਰਜ਼ਾ ਲੈਣ ਵਾਲੇ ਕੇਸ ਵੀ ਵਧੇ ਹਨ। ਮੁਕਤਸਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚੋਂ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇੱਕ ਪਰਿਵਾਰ ਵੱਲੋਂ ਤਾਂ ਆਪਣੀ ਧੀ ਨੂੰ 'ਆਈਲੈੱਟਸ' ਕਰਾਉਣ ਖਾਤਰ ਹੀ ‘ਗਹਿਣੇ’ ਗਿਰਵੀ ਰੱਖਣੇ ਪਏ ਹਨ। ਕਈ ਕਿਸਾਨਾਂ ਦੀਆਂ ਜ਼ਮੀਨਾਂ ਗਿਰਵੀ ਰੱਖੀਆਂ ਹੋਈਆਂ ਹਨ। ਇੱਕ ਨੌਜਵਾਨ ਕਿਸਾਨ ਦੇ ਕਹਿਣ ਅਨੁਸਾਰ ਜ਼ਮੀਨ ਗਿਰਵੀ ਕਰਨ ਮਗਰੋਂ ਬਹੁਤੇ ਕਿਸਾਨ ਉਸੇ ਜ਼ਮੀਨ ਨੂੰ ਠੇਕੇ ਉੱਤੇ ਲੈਕੇ ਵਾਹੁਣਾ ਸ਼ੁਰੂ ਕਰ ਦਿੰਦੇ ਹਨ। ਇਸ ਤਰ੍ਹਾਂ ਕਰਨ ਨਾਲ ਸਮਾਜ ਵਿੱਚ ਉਹਨਾਂ ਦਾ ਪਰਦਾ ਬਣਿਆ ਰਹਿੰਦਾ ਹੈ। ਇਸ ਪਿੱਛੇ ਇਹ ਧਾਰਨਾ ਵੀ ਕੰਮ ਕਰਦੀ ਕਿ ਬੱਚੇ ਦੇ ਵਿਦੇਸ਼ੀ ਧਰਤੀ 'ਤੇ ਪੱਕਾ ਹੁੰਦਿਆਂ ਹੀ ਸਾਰੀ ਜ਼ਮੀਨ ਛੁਡਾ ਲਈ ਜਾਵੇਗੀ।

ਬਹੁਤੇ ਮਾਪੇ ਬੱਚਿਆਂ ਨੂੰ ਬਾਹਰ ਭੇਜਣਾ ਆਪਣੀ ਮਜਬੂਰੀ ਦੱਸਦੇ ਹਨ ਕਿਉਂਕਿ ਪੰਜਾਬ ਵਿੱਚ ਪਸਰੀ ਬੇਰੁਜ਼ਗਾਰੀ ਅਤੇ ਨਸ਼ਿਆਂ ਦੇ ਵਾਧੇ ਨੇ ਸਭ ਨੂੰ ਫਿਕਰਾਂ ਵਿੱਚ ਪਾਇਆ ਹੋਇਆ ਹੈ। ਅੱਜ ਹਰ ਪੰਜਾਬੀ ਕਾਨੂੰਨੀ ਜਾਂ ਗੈਰ ਕਾਨੂੰਨੀ ਹਰ ਹੀਲਾ ਵਰਤਕੇ ਬਾਹਰਲੇ ਮੁਲਕ ਵਿੱਚ ਪਰਵਾਸ ਕਰਨ ਲਈ ਉਤਾਵਲਾ ਹੈ। ਅਜਿਹੇ ਹਾਲਾਤ ਕਾਰਨ ਪੰਜਾਬ ਫਿਰ ਬਹੁਤ ਵੱਡੀ ਤ੍ਰਾਸਦੀ ਵਿੱਚੋਂ ਗੁਜ਼ਰ ਰਿਹਾ ਹੈ। ਜੇ ਇਹ ਕਹਿਣਾ ਹੋਵੇ ਕਿ ਪੰਜਾਬ ਭਵਿੱਖ ਹੀਣ ਹੁੰਦਾ ਜਾ ਰਿਹਾ ਹੈ ਤਾਂ ਇਹ ਅਤਿਕਥਨੀ ਨਹੀਂ ਹੋਵੇਗੀ। ਅੰਕੜੇ ਦੱਸਦੇ ਹਨ ਕਿ 2017 ਵਿੱਚ ਇੱਕ ਲੱਖ ਬੱਚੇ ਸਿਰਫ ਪੜ੍ਹਾਈ ਕਰਨ ਗਏ ਤੇ ਬਾਕੀ ਵੱਖਰੇ ਨੇ। 2018 ਵਿੱਚ 1, 70, 000 ਨੌਜਵਾਨ ਵਿਦੇਸ਼ਾਂ ਵਿੱਚ ਗਿਆ ਹੈ। ਬੇਸ਼ੱਕ ਕਿਹਾ ਇਹ ਜਾਂਦਾ ਹੈ ਕਿ ਪੜ੍ਹਾਈ ਕਰਨ ਜਾ ਰਹੇ ਹਨ ਪਰ ਅਸਲੀਅਤ ਇਹ ਹੈ ਕਿ ਵੱਡੀ ਗਿਣਤੀ ਪੜ੍ਹਾਈ ਬਹਾਨੇ ਚੰਗੇ ਭਵਿੱਖ ਲਈ ਪ੍ਰਦੇਸੀ ਬਣ ਰਹੀ ਹੈ। ਸੋਚਣ ਵਾਲੀ ਗੱਲ ਇਹ ਵੀ ਹੈ ਕਿ ਸਾਡੇ ਬੱਚਿਆਂ ਦੇ ਨਾਲ ਨਾਲ ਅਰਬਾਂ ਖਰਬਾਂ ਰੁਪਇਆ ਵੀ ਦੇਸ਼ ਵਿੱਚੋਂ ਬਾਹਰ ਜਾ ਰਿਹਾ ਹੈ। ਇੱਕ ਵਿਦਿਆਰਥੀ ਦਾ ਔਸਤਨ ਖਰਚਾ 16 ਲੱਖ ਹੈ ਜੋ ਸਾਡੀ ਆਰਥਿਕਤਾ ਨੂੰ ਭਾਰੀ ਸੱਟ ਮਾਰ ਰਿਹਾ ਹੈ। ਉੱਧਰ ਪੜ੍ਹਾਈ ਦੇ ਨਾਮ ਤੇ ਬਹੁਤ ਸਾਰੇ ਕਾਲਜ ਅਤੇ ਯੂਨੀਵਰਸਿਟੀਆਂ ਘਰਾਂ ਵਿੱਚ ਹੀ ਖੁੱਲ੍ਹੇ ਹੋਏ ਹਨ, ਜਿਨ੍ਹਾਂ ਦਾ ਮਕਸਦ ਕੇਵਲ ਫੀਸ ਇਕੱਤਰ ਕਰਨਾ ਹੈ। 'ਉੱਚ ਵਿਦਿਆ' ਪ੍ਰਦਾਨ ਕਰਨ ਵਾਲੀਆਂ ਇਨ੍ਹਾਂ ਵਿਦੇਸ਼ੀ ਯੂਨੀਵਰਸਿਟੀਆਂ ਵਿੱਚ ਦਾਖਲਾ ਲੈਣ ਲਈ ਆਈਲੈਟਸ, ਪੀਈਟੀ ਆਦਿ ਵਰਗੇ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਨੂੰ ਪਰਖਣ ਵਾਲੇ ਟੈਸਟਾਂ ਦਾ ਇੱਕ ਖਾਸ ਪੈਮਾਨਾ ਨਿਰਧਾਰਤ ਕੀਤਾ ਹੋਇਆ ਹੈ। ਇਹਨਾਂ ਟੈਸਟਾਂ ਲਈ ਛੋਟੇ ਛੋਟੇ ਸ਼ਹਿਰਾਂ ਤੋਂ ਲੈ ਕੇ ਵੱਡੇ-ਵੱਡੇ ਮਹਾਂਨਗਰਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਟ੍ਰੇਨਿੰਗ ਸੈਂਟਰ ਖੁੱਲ੍ਹੇ ਹੋਏ ਹਨ ਜਦਕਿ ਦੂਜੇ ਪਾਸੇ ਬਾਬਾ ਫਰੀਦ ਯੂਨੀਵਰਸਿਟੀ ਮੁਤਾਬਕ 9 ਡੈਂਟਲ ਕਾਲਜਾਂ ਦੀਆਂ 850 ਬੀ ਡੀ ਐੱਸ ਦੀਆਂ ਸੀਟਾਂ ਵਿੱਚੋਂ ਸਿਰਫ 375 ਹੀ ਭਰੀਆਂ ਸਨ। ਜੋ ਸਿਰਫ 44 ਪ੍ਰਤੀਸ਼ਤ ਹੀ ਬਣਦੀਆਂ ਸਨ। ਕਦੀ ਅਜਿਹਾ ਸਮਾਂ ਵੀ ਸੀ ਕਿ ਲੋਕ ਮੈਡੀਕਲ ਕਾਲਜਾਂ ਵਿੱਚ ਬੱਚਿਆਂ ਨੂੰ ਦਾਖਲਾ ਦਿਵਾਉਣ ਲਈ ਲੱਖਾਂ ਰੁਪਏ ਲਈ ਫਿਰਦੇ ਹੁੰਦੇ ਸਨ। ਪਰ ਹੁਣ ਹਾਲਾਤ ਉਹ ਨਹੀਂ ਰਹੇ, ਨਵੇਂ ਕਾਲਜ ਖੁੱਲ੍ਹਣ ਦੀ ਬਜਾਏ ਸਗੋਂ ਪਹਿਲੇ ਵੀ ਬੰਦ ਹੋ ਰਹੇ ਹਨ ਕਿਉਂਕਿ ਪੰਜਾਬ ਵਿਚਲੇ ਕਾਲਜਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ।

ਹੁਣ ਜ਼ਿਆਦਾਤਰ ਨੌਜਵਾਨ ਅਜਿਹੇ ਕੋਰਸਾਂ ਵਿੱਚ ਉਤਸ਼ਾਹ ਦਿਖਾ ਰਹੇ ਹਨ ਜੋ ਉਹਨਾਂ ਨੂੰ ਭਵਿੱਖ ਵਿੱਚ ਵਿਦੇਸ਼ ਜਾਣ ਵਿੱਚ ਸਹਾਈ ਹੋਣ ਜਿਵੇਂ ਫਾਰਮੇਸੀ, ਨਰਸਿੰਗ ਆਦਿ। ਅਸਲ ਵਿੱਚ ਨੌਜਵਾਨ ਪੀੜ੍ਹੀ ਆਪਣਾ ਭਵਿੱਖ ਵਿਦੇਸ਼ੀ ਧਰਤੀ ਉੱਤੇ ਹੀ ਸੁਰੱਖਿਅਤ ਵੇਖ ਰਹੀ ਹੈ ਜਦਕਿ ਹੁਣ ਵਿਦੇਸ਼ੀ ਧਰਤੀ ਉੱਤੇ ਵਾਪਰ ਰਹੀਆਂ ਤਾਜ਼ਾ ਘਟਨਾਵਾਂ ਨੇ ਮਾਪਿਆਂ ਨੂੰ ਬੱਚਿਆਂ ਦੇ 'ਸੁਰੱਖਿਅਤ ਭਵਿੱਖ' ਨੂੰ ਲੈ ਕੇ ਫਿਰ ਫਿਕਰਾਂ ਵਿੱਚ ਡੋਬ ਦਿੱਤਾ ਹੈ। ਆਪਣੀ ਸਾਰੀ ਜਮ੍ਹਾਂ ਪੂੰਜੀ ਨਾਲ ਵਿਦੇਸ਼ ਭੇਜੇ ਬੱਚਿਆਂ ਨਾਲ ਜਦੋਂ ਅਜਿਹੀ ਘਟਨਾ ਵਾਪਰ ਜਾਂਦੀ ਹੈ ਤਾਂ ਉਹਨਾਂ ਮਾਪਿਆਂ ਦਾ ਤਾਂ ਲੱਕ ਹੀ ਟੁੱਟ ਜਾਂਦਾ ਹੈ। ਕਨੇਡਾ ਦੇ ਹਾਲਾਤ ਨੇ ਹਰ ਇੱਕ ਨੂੰ ਫਿਕਰਮੰਦ ਕਰ ਦਿੱਤਾ ਹੈ।

ਦੂਜੇ ਪਾਸੇ ਭਾਰਤ ਦੇਸ਼ ਦੇ ਹਾਲਾਤ ਵੀ ਬਹੁਤ ਚਿੰਤਾਜਨਕ ਬਣ ਚੁੱਕੇ ਹਨ। ਸਰਕਾਰਾਂ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾ ਕੇ ਉਹਨਾਂ ਨੂੰ ਆਪਸ ਵਿੱਚ ਲੜਾਉਣ ਦਾ ਛੜਯੰਤਰ ਰਚ ਰਹੀਆਂ ਹਨ। ਬੇਰੁਜ਼ਗਾਰੀ ਛਾਲਾਂ ਮਾਰਕੇ ਵਧ ਰਹੀ ਹੈ ਪਰ ਸਰਕਾਰਾਂ ਰੁਜ਼ਗਾਰ ਦਾ ਪ੍ਰਬੰਧ ਕਰਨ ਵਿੱਚ ਬੁਰੀ ਤਰ੍ਹਾਂ ਫੇਲ ਹੋ ਚੁੱਕੀਆਂ ਹਨ। ਜੇ ਆਪਣੇ ਦੇਸ਼ ਵਿੱਚ ਹੀ ਵਧੀਆ ਭਵਿੱਖ ਅਤੇ ਰੁਜ਼ਗਾਰ ਦੀ ਗਰੰਟੀ ਹੋਵੇ ਤਾਂ ਮਾਪਿਆਂ ਨੂੰ ਆਪਣੇ ਦਿਲਾਂ ਦੇ ਟੁਕੜੇ, ਸਾਰੀ ਜਮ੍ਹਾਂ ਪੂੰਜੀ ਵੇਚ ਕੇ ਵਿਦੇਸ਼ੀ ਧਰਤੀ ਉੱਤੇ ਨਾ ਤੋਰਨੇ ਪੈਣ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।