ਚੇਅਰਮੈਨ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਅਗਵਾਈ ਹੇਠਲੇ ਉਚ ਪੱਧਰੀ ਵਫ਼ਦ ਵੱਲੋਂ ਚੰਗਾਲੀਵਾਲਾ ਦਾ ਦੌਰਾ

ਚੇਅਰਮੈਨ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਅਗਵਾਈ ਹੇਠਲੇ ਉਚ ਪੱਧਰੀ ਵਫ਼ਦ ਵੱਲੋਂ ਚੰਗਾਲੀਵਾਲਾ ਦਾ ਦੌਰਾ

ਮ੍ਰਿਤਕ ਜਗਮੇਲ ਸਿੰਘ ਦੇ ਪਰਿਵਾਰਕ ਮੈਂਬਰਾਂ, ਪਿੰਡ ਵਾਸੀਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਕੋਲੋਂ ਲਿਆ ਘਟਨਾ ਦਾ ਜਾਇਜ਼ਾ
15 ਦਿਨਾਂ 'ਚ ਗ੍ਰਹਿ, ਸਮਾਜਿਕ ਸੁਰੱਖਿਆ ਤੇ ਸਿਹਤ ਵਿਭਾਗ ਦੇ ਉਚ ਅਧਿਕਾਰੀਆਂ ਕੋਲੋਂ ਮੰਗੀ ਵਿਸਥਾਰਤ ਰਿਪੋਰਟ
ਆਈ.ਜੀ. ਪਟਿਆਲਾ ਰੇਂਜ, ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਸਮੇਤ ਹੋਰ ਉਚ ਅਧਿਕਾਰੀ ਰਹੇ ਮੌਜੂਦ

ਲਹਿਰਾਗਾਗਾ/ਸੰਗਰੂਰ, (ਜਗਸੀਰ ਲੌਂਗੋਵਾਲ ): ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ, ਭਾਰਤ ਸਰਕਾਰ ਦੇ ਚੇਅਰਮੈਨ ਪ੍ਰੋ. ਰਾਮ ਸ਼ੰਕਰ ਕਥੇਰੀਆ ਦੀ ਅਗਵਾਈ ਹੇਠ ਉਪ ਚੇਅਰਮੈਨ ਡਾ. ਐਲ. ਮੁਰੂਗਨ, ਮੈਂਬਰ ਡਾ. ਯੋਗੇਂਦਰ ਪਾਸਵਾਨ 'ਤੇ ਆਧਾਰਿਤ ਇੱਕ ਉਚ ਪੱਧਰੀ ਵਫ਼ਦ ਵੱਲੋਂ ਅੱਜ ਲਹਿਰਾਗਾਗਾ ਦੇ ਪਿੰਡ ਚੰਗਾਲੀਵਾਲਾ ਦਾ ਦੌਰਾ ਕਰਕੇ ਮ੍ਰਿਤਕ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਮੌਤ ਦੇ ਕਾਰਨਾਂ ਅਤੇ ਮੌਤ ਤੋਂ ਪਹਿਲਾਂ ਵਰਤੀ ਗਈ ਕਥਿਤ ਲਾਪਰਵਾਹੀ ਬਾਰੇ ਤੱਥ ਇਕੱਠੇ ਕੀਤੇ ਗਏ। ਵਫ਼ਦ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ, ਪਿੰਡ ਵਾਸੀਆਂ, ਪਿੰਡ ਦੇ ਸਰਪੰਚ, ਪੁਲਿਸ ਤੇ ਪ੍ਰਸ਼ਾਸ਼ਨ ਦੇ ਉਚ ਅਧਿਕਾਰੀਆਂ ਤੋਂ ਇਸ ਸਬੰਧੀ ਵਿਸਥਾਰ ਵਿੱਚ ਜਾਇਜ਼ਾ ਲਿਆ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਮਿਸ਼ਨ ਦੇ ਚੇਅਰਮੈਨ ਡਾ. ਰਾਮ ਸ਼ੰਕਰ ਕਥੇਰੀਆ ਨੇ ਦੱਸਿਆ ਕਿ ਕਮਿਸ਼ਨ ਵੱਲੋਂ ਇਸ ਬੇਹੱਦ ਗੰਭੀਰ ਮਸਲੇ ਸਬੰਧੀ ਪੰਜਾਬ ਦੇ ਗ੍ਰਹਿ, ਸਮਾਜਿਕ ਸੁਰੱਖਿਆ ਅਤੇ ਸਿਹਤ ਵਿਭਾਗਾਂ ਦੇ ਪ੍ਰਮੁੱਖ ਸਕੱਤਰਾਂ ਅਤੇ ਡੀ.ਜੀ.ਪੀ ਪੰਜਾਬ ਕੋਲੋਂ ਇਸ ਸਬੰਧੀ 15 ਦਿਨਾਂ 'ਚ ਮਾਮਲੇ ਦੀ ਵਿਸਥਾਰਤ ਰਿਪੋਰਟ ਮੰਗਦਿਆਂ ਕਮਿਸ਼ਨ ਵਿਖੇ ਮੀਟਿੰਗ ਲਈ ਬੁਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਅਣਮਨੁੱਖੀ ਤਸ਼ੱਦਦ ਦੀ ਦੁਖਾਂਤਕ ਘਟਨਾ ਹੈ ਅਤੇ ਇਸ ਦੇ ਮੁਢਲੇ ਕਾਰਨਾਂ ਦੀ ਬਾਰੀਕੀ ਨਾਲ ਪੜਤਾਲ ਕਰਕੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਵੀ ਕਾਰਵਾਈ ਯਕੀਨੀ ਬਣਾਈ ਜਾਵੇਗੀ। 

ਚੇਅਰਮੈਨ ਨੇ ਮੌਕੇ 'ਤੇ ਮੌਜੂਦ ਇੰਸਪੈਕਟਰ ਜਨਰਲ ਆਫ਼ ਪੁਲਿਸ ਪਟਿਆਲਾ ਰੇਂਜ ਨੂੰ ਹਦਾਇਤ ਕੀਤੀ ਕਿ ਪੁਲਿਸ ਦੇ ਪੱਧਰ 'ਤੇ ਹੋਈ ਢਿੱਲ ਸਬੰਧੀ ਜਾਂਚ ਫੌਰੀ ਮੁਕੰਮਲ ਕੀਤੀ ਜਾਵੇ।

ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਚੇਅਰਮੈਨ ਨੇ ਪੀੜਤ ਪਰਿਵਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਆਈ.ਜੀ., ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਦੀ ਮੌਜੂਦਗੀ ਵਿੱਚ ਦੱਸਿਆ ਕਿ ਪੀੜਤ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ ਕੁਲ 20 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਸਮੇਤ ਐਸ.ਸੀ./ਐਸ.ਟੀ ਐਕਟ ਤਹਿਤ ਬਣਦੀ ਕਰੀਬ ਸਵਾ ਅੱਠ ਲੱਖ ਰੁਪਏ ਤੋਂ ਇਲਾਵਾ ਮ੍ਰਿਤਕ ਦੀ ਪਤਨੀ ਨੂੰ ਸਰਕਾਰੀ ਨੌਕਰੀ, ਬੱਚਿਆਂ ਦੀ ਗ੍ਰੈਜੂਏਸ਼ਨ ਤੱਕ ਮੁਫ਼ਤ ਪੜ੍ਹਾਈ, ਮਾਤਾ ਦੀ ਪੈਨਸ਼ਨ ਅਤੇ ਘਰ ਬਣਾਉਣ ਦਾ ਖਰਚਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਪੀੜਤ ਪਰਿਵਾਰ ਨੂੰ ਛੇ ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦਿੱਤੀ ਜਾ ਚੁੱਕੀ ਹੈ ਅਤੇ ਦੋ ਤਿੰਨ ਦਿਨਾਂ ਅੰਦਰ ਚਲਾਨ ਪੇਸ਼ ਕਰਨ ਮਗਰੋਂ ਬਾਕੀ ਮੁਆਵਜ਼ਾ ਰਾਸ਼ੀ ਜਾਰੀ ਕਰ ਦਿੱਤੀ ਜਾਵੇਗੀ। 

ਉਨ੍ਹਾਂ ਦੱਸਿਆ ਕਿ ਘਟਨਾ ਦੇ ਜ਼ਿੰਮੇਵਾਰ ਚਾਰੇ ਵਿਅਕਤੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਅੱਜ ਕਮਿਸ਼ਨ ਨੇ ਉਚ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਪੁਲਿਸ ਅਤੇ ਸਿਹਤ ਵਿਭਾਗ ਦੇ ਪੱਧਰ 'ਤੇ ਵਰਤੀ ਗਈ ਲਾਪਰਵਾਹੀ ਲਈ ਜਿੰਮੇਵਾਰ ਵਿਅਕਤੀਆਂ ਸਬੰਧੀ ਵਿਸਤ੍ਰਿਤ ਪੜਤਾਲੀਆ ਰਿਪੋਰਟ ਪੇਸ਼ ਕੀਤੀ ਜਾਵੇ। ਇਸ ਦੌਰਾਨ ਚੇਅਰਮੈਨ ਨੇ ਜ਼ਿਲ੍ਹਾ ਪੁਲਿਸ ਨੂੰ ਮ੍ਰਿਤਕ ਦੇ ਭਰਾ ਦੀ ਪਿਛਲੇ ਵਰ੍ਹੇ ਹੋਈ ਕੁੱਟਮਾਰ ਦੇ ਮਾਮਲੇ ਦੀ ਵੀ ਜਾਂਚ ਕਰਨ ਦੀ ਹਦਾਇਤ ਕੀਤੀ।

ਇਸ ਮੌਕੇ ਆਈ.ਜੀ ਪਟਿਆਲਾ ਰੇਂਜ ਜਤਿੰਦਰ ਸਿੰਘ ਔਲਖ, ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ, ਐਸ.ਐਸ.ਪੀ ਡਾ. ਸੰਦੀਪ ਗਰਗ, ਐਸ.ਡੀ.ਐਮ ਲਹਿਰਾਗਾਗਾ ਕਾਲਾ ਰਾਮ ਕਾਂਸਲ, ਐਸ.ਡੀ.ਐਮ ਸੰਗਰੂਰ ਬਬਨਦੀਪ ਸਿੰਘ ਵਾਲੀਆ, ਸਹਾਇਕ ਕਮਿਸ਼ਨਰ ਅੰਕੁਰ ਮਹਿੰਦਰੂ ਸਮੇਤ ਪ੍ਰਸ਼ਾਸਨ, ਪੁਲਿਸ ਤੇ ਸਿਹਤ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ।