ਨਸ਼ਾ ਇੱਕ ਭਿਆਨਕ ਮਾਨਸਿਕ ਬਿਮਾਰੀ

ਨਸ਼ਾ ਇੱਕ ਭਿਆਨਕ ਮਾਨਸਿਕ ਬਿਮਾਰੀ

ਸਰਗੁਨ ਸਿੰਘ
ਨਸ਼ਾ ਇੱਕ ਭਿਆਨਕ ਮਾਨਸਿਕ ਬਿਮਾਰੀ ਹੈ। ਨਸ਼ਾ ਮਨੁੱਖ ਲਈ ਇੱਕ ਗੰਭੀਰ ਸਮੱਸਿਆ ਦਾ ਰੂਪ ਧਾਰਨ ਕਰ ਰਿਹਾ ਹੈ। ਅੱਜ ਨੌਜਵਾਨ ਵਰਗ ਲਈ ਇਹ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਨਸ਼ੇ ਕਰਨ ਲਈ ਨਸ਼ੇੜੀ ਖੁਦ ਜ਼ਿੰਮੇਵਾਰ ਹੈ ਜਾਂ ਸਮਾਜਕ ਵਿਵਸਥਾ ਇਹ ਅੱਜ ਦੀ ਗੰਭੀਰ ਸਮੱਸਿਆ ਹੈ। ਨਸ਼ੇ ਕਰਨਾ ਨਸ਼ੇੜੀਆਂ ਲਈ ਕਈ ਬਿਮਾਰੀਆਂ ਦਾ ਕਾਰਨ ਹੈ, ਇਸ ਵਿੱਚ ਮਨੁੱਖ ਸਰੀਰਕ, ਸਮਾਜਿਕ ਤੇ ਮਾਨਸਿਕ ਤਕਲੀਫਾਂ ਤੋਂ ਦੁਖੀ ਹੁੰਦਾ ਹੈ ਪਰ ਉਸਨੂੰ ਨਸ਼ਾ ਕਰਨਾ ਆਸਾਨ ਹੱਲ ਲਗਦਾ ਹੈ।

ਪੁਰਾਣਿਆਂ ਸਮਿਆਂ ਵਿੱਚ ਰਵਾਇਤੀ ਨਸ਼ਾ ਦਵਾਈ ਦੇ ਤੌਰ ਤੇ ਥੋੜਾ ਜਿਹਾ ਲਿਆ ਜਾਂਦਾ ਸੀ ਪਰ ਹੁਣ ਨਸ਼ਾ ਦਵਾਈ ਦੇ ਤੌਰ ਤੇ ਨਹੀਂ ਸਗੋਂ ਸ਼ੌਂਕ ਦੇ ਲਈ ਵਰਤਿਆ ਜਾਂਦਾ ਹੈ। ਅੱਜ ਦੇ ਸਮੇਂ ਵਿੱਚ 18-19 ਸਾਲਾਂ ਦੇ ਨੌਜਵਾਨ ਵੀ ਨਸ਼ੇ ਕਰਨ ਲੱਗ ਪਏ ਹਨ। ਜਦੋਂ ਨੌਜਵਾਨ ਸਕੂਲਾਂ, ਕਾਲਜਾਂ ਜਾਂ ਯੂਨੀਵਰਸਿਟੀਆਂ ਵਿੱਚ ਜਾਂਦੇ ਹਨ ਤਾਂ ਕਈ ਅਜਿਹੇ ਵਿਦਿਆਰਥੀ ਹੁੰਦੇ ਜੋ ਪਹਿਲਾਂ ਤੋਂ ਹੀ ਨਸ਼ੇ ਕਰਦੇ ਪਰ ਜੇ ਕੋਈ ਚੰਗਾ ਵਿਦਿਆਰਥੀ ਉਨ੍ਹਾਂ ਵਿਦਿਆਰਥੀਆਂ ਦੀ ਸੰਗਤ ਕਰ ਲਵੇ ਤਾਂ ਸੰਭਵ ਹੈ ਕਿ ਉਹ ਵੀ ਉਨ੍ਹਾਂ ਵਿਦਿਆਰਥੀਆਂ ਵਾਂਗ ਨਸ਼ੇੜੀ ਬਣ ਜਾਵੇ।

ਹਰ ਵਰਗ ਦੇ ਭਾਵ ਅਮੀਰ ਜਾਂ ਗਰੀਬ ਘਰਾਂ ਦੇ ਨੌਜਵਾਨ ਲੜਕੇ ਨਸ਼ਿਆਂ ਵਿੱਚ ਫਸਦੇ ਜਾ ਰਹੇ ਹਨ। ਹੁਣ ਨਸ਼ਾ ਸੰਸਾਰ ਦੇ ਕੋਨੇ-ਕੋਨੇ ਵਿੱਚ ਪ੍ਰਚੱਲਤ ਹੁੰਦਾ ਜਾ ਰਿਹਾ ਹੈ। ਸਮੇਂ ਦੇ ਬਦਲਣ ਨਾਲ ਨਸ਼ੇ ਨੂੰ ਧੰਦਾ ਵੀ ਬਣਾਇਆ ਜਾ ਰਿਹਾ ਹੈ। ਭਾਰਤ ਵਿੱਚ ਆਮ ਤੌਰ ਤੇ ਵਰਤੇ ਜਾਣ ਵਾਲੇ ਸਿੰਥੈਟਿਕ ਨਸ਼ਿਆਂ ਦੀ ਸਭ ਤੋਂ ਜਿਆਦਾ ਵਰਤੋਂ ਹੋ ਰਹੀ ਹੈ। ਨਸ਼ੇ ਕਰਨ ਵਾਲੇ ਵਿਦਿਆਰਥੀਆਂ ਦਾ ਪੜ੍ਹਾਈ ਵਿੱਚ ਮੰਨ ਨਾ ਲਗਣਾ, ਉਦਾਸ ਰਹਿਣਾ, ਸੁਭਾਅ ਚਿੜਚਿੜਾ ਹੋਣ ਦੇ ਨਾਲ ਅਤੇ ਆਤਮਹੀਣਤਾ ਤੋਂ ਇਨ੍ਹਾਂ ਦੇ ਲੱਛਣ ਪਤਾ ਲਗਦੇ ਹਨ।

ਜਦੋਂ ਕੋਈ ਵੀ ਨੌਜਵਾਨ ਨਸ਼ਾ ਕਰਨ ਲਗ ਪੈਂਦਾ ਹੈ ਤਾਂ ਇਸ ਕਾਰਨ ਘਰ ਵਿੱਚ ਹਰ ਰੋਜ ਲੜਾਈ ਝਗੜਾ ਹੁੰਦਾ ਹੈ। ਨਸ਼ਾ ਕਰਨ ਵਾਲੇ ਨੌਜਵਾਨ ਨੂੰ ਇਸ ਗੱਲ ਦਾ ਪਤਾ ਨਹੀਂ ਹੁੰਦਾ ਕਿ ਉਹ ਕਿਸ ਨਾਲ ਝਗੜ ਰਿਹਾ ਹੈ ਜਾਂ ਬੋਲ ਰਿਹਾ ਹੈ। ਨਸ਼ੇ ਵਿੱਚ ਉਹ ਆਪਣੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਨਹੀਂ ਪਛਾਣਦਾ ਭਾਵੇਂ ਉਸਦੀ ਮਾਂ, ਪਿਉ, ਭੈਣ, ਭਰਾ, ਪਤਨੀ ਆਦਿ ਹੋਣ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਨਸ਼ੇ ਉਹ ਵਿਅਕਤੀ ਕਰਦੇ ਹਨ ਜਿਨ੍ਹਾਂ ਕੋਲ ਕੋਈ ਰੁਜ਼ਗਾਰ ਨਹੀਂ ਹੁੰਦਾ, ਕੋਈ ਰੁਜ਼ਗਾਰ ਨਹੀਂ ਮਿਲ ਰਿਹਾ। ਜਿਸ ਕਾਰਨ ਉਹ ਨਸ਼ੇ ਕਰਨ ਲੱਗ ਪੈਂਦੇ ਹਨ। ਜੇ ਨਸ਼ੇ ਕਰਨ ਵਾਲੇ ਨੌਜਵਾਨਾ ਕੋਲ ਥੋੜੇ ਬਹੁਤ ਪੈਸੇ ਹੋਣ ਤੇ ਉਹ ਨਸ਼ਿਆਂ ਤੇ ਖਰਚ ਕਰ ਲੈਂਦੇ ਹਨ। ਜਦੋਂ ਪੈਸੇ ਖਤਮ ਹੋ ਜਾਣ ਤਾਂ ਘਰੋਂ ਲੈ ਲੈਂਦੇ ਹਨ। ਜੇ ਘਰਦਿਆਂ ਵਲੋਂ ਪੈਸੇ ਨਾ ਦਿੱਤੇ ਜਾਂਣ ਤਾਂ ਉਹ ਚੋਰੀਆਂ ਕਰਨ ਲੱਗ ਪੈਂਦੇ ਹਨ। ਰਸਤੇ ਵਿੱਚ ਆਉਂਦੇ ਜਾਂਦੇ ਰਾਹਗੀਰਾਂ ਨੂੰ ਲੁੱਟ ਲੈਂਦੇ ਹਨ। ਨਸ਼ੇ ਕਰਨ ਵਾਲੇ ਵਿਦਿਆਰਥੀ ਆਪਣੀ ਪੜ੍ਹਾਈ ਅਧੂਰੀ ਛੱਡ ਦਿੰਦੇ ਹਨ।

ਜੇ ਕੋਈ ਚੰਗਾ ਨੌਜਵਾਨ ਜਾਂ ਵਿਦਿਆਰਥੀ ਮਾੜੀ ਸੰਗਤ ਵਿੱਚ ਪੈ ਜਾਵੇਗਾ ਤਾਂ ਸੰਭਵ ਹੈ ਕਿ ਉਸ ਤੇ ਵੀ ਮਾੜਾ ਪ੍ਰਭਾਵ ਪਵੇਗਾ। ਹੌਲੀ-ਹੌਲੀ ਨੌਜਵਾਨ ਨਸ਼ੇ ਦੀ ਮਾਤਰਾ ਵਧਾ ਕੇ ਲੈਣਾ ਸ਼ੁਰੂ ਕਰ ਦਿੰਦਾ ਹੈ ਤੇ ਕਈ ਟੀਕਾ ਵੀ ਜ਼ਿਆਦਾ ਲਗਾ ਲੈਂਦੇ ਹਨ ਜਾਂ ਟੀਕਾ ਗਲਤ ਲੱਗਣ ਕਾਰਨ ਮੌਤ ਹੋ ਜਾਂਦੀ ਹੈ। ਉਹ ਦਿਨ ਮਾਪਿਆਂ ਲਈ ਦੁਖਦਾਇਕ ਹੁੰਦਾ ਹੈ, ਕਿਉਂਕਿ ਬੁਢਾਪੇ ਵਿੱਚ ਜਿਨ੍ਹਾਂ ਪੁੱਤਾਂ ਨੇ ਆਪਣੇ ਮਾਂ-ਪਿਉ ਦਾ ਸਹਾਰਾ ਬਣਨਾ ਹੁਦਾ ਹੈ ਉਹ ਬਜੁਰਗ ਪਿਉ ਆਪਣੇ ਪੁੱਤਾਂ ਦੀਆਂ ਅਰਥੀਆਂ ਨੂੰ ਮੋਢਾ ਦੇ ਰਹੇ ਹੁੰਦੇ ਹਨ। ਕਿਸੇ ਵਿਦਵਾਨ ਨੇ ਬਹੁਤ ਸੁੰਦਰ ਲਿਖਿਆ ਹੈ:

ਉਨ੍ਹਾਂ ਮਾਪਿਆਂ ਦੇ ਜਖਮ ਅੱਜ ਲਿਖਣ ਲੱਗਾਂ,
ਪੁੱਤ ਜਿਨ੍ਹਾਂ ਦੇ ਨਸ਼ੇ ਭੈੜੇ ਖਾਂਵਦੇ ਨੇ।
ਪਿੱਛੋਂ ਰੋਂਦੇ ਕੁਰਲਾਉਦੇ ਨਹੀਓ ਦੇਖ ਹੁੰਦੇ,
ਪੁੱਤ ਜਿਨ੍ਹਾਂ ਦੇ ਜਵਾਨ ਮਰ ਜਾਂਵਦੇ ਨੇ।
ਸਹਾਰਾ ਆਪ ਜੋ ਲੋਚਨ ਪੁੱਤਰਾਂ ਦਾ,
ਮੋਢਾ ਪੁੱਤਰ ਦੀ ਅਰਥੀ ਨੂੰ ਲਾਂਵਦੇ ਨੇ।
ਬਲਜੀਤ ਕਹੇ, ਖਿਆਲ ਕਰੋ ਮਾਪਿਆਂ ਦਾ,
ਦੁੱਖ ਸਹਿ ਕੇ ਜੋ ਤੁਹਾਨੂੰ ਹਸਾਂਵਦੇ ਨੇ।


ਇੱਕ ਨੌਜਵਾਨ ਲੜਕੇ ਦੇ ਨਸ਼ੇ ਕਰਨ ਨਾਲ ਸਾਰੇ ਪਰਿਵਾਰ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ। ਮਾਂ, ਪਿਉ, ਭੈਣ, ਭਰਾ, ਪਤਨੀ ਅਤੇ ਪੁੱਤ ਜਾਂ ਧੀ ਦੀਆਂ ਆਸਾਂ ਉੱਪਰ ਪਾਣੀ ਫਿਰ ਜਾਂਦਾ ਹੈ। ਇਸ ਵਿੱਚ ਸਰਕਾਰ ਦਾ ਪੂਰਾ ਦੋਸ਼ ਹੈ ਕਿ ਉਨ੍ਹਾਂ ਵੱਲੋਂ ਨਸ਼ੇ ਬੰਦ ਕਰਨ ਦੇ ਬਾਵਜੂਦ ਵੀ ਨਸ਼ੇ ਬੰਦ ਕਿਉਂ ਨਹੀਂ ਹੋ ਰਹੇ? ਨੌਜਵਾਨਾਂ ਨੂੰ ਸਕਾਰਾਤਮਕ ਪਾਸੇ ਲਗਾਇਆ ਜਾਣਾ ਚਾਹੀਦਾ ਹੈ ਤਾਂ ਜੋ ਨਸ਼ੇ ਤੋਂ ਬਚਾਇਆ ਜਾ ਸਕੇ।

(ਲੇਖਕ ਨਿਸ਼ਾਨ ਏ ਸਿੱਖੀ ਖਡੂਰ ਸਾਹਿਬ ਵਿਖੇ ਧਰਮ ਅਧਿਅਨ ਦਾ ਵਿਦਿਆਰਥੀ ਹੈ)