ਬਿਕਰਮ ਮਜੀਠੀਆ ਨੇ ਕਾਂਗਰਸ 'ਤੇ ਦਹਿਸ਼ਤਗਰਦ ਕਾਰਵਾਈਆਂ ਨੂੰ ਹਵਾ ਦੇਣ ਦਾ ਦੋਸ਼ ਲਾਇਆ

ਬਿਕਰਮ ਮਜੀਠੀਆ ਨੇ ਕਾਂਗਰਸ 'ਤੇ ਦਹਿਸ਼ਤਗਰਦ ਕਾਰਵਾਈਆਂ ਨੂੰ ਹਵਾ ਦੇਣ ਦਾ ਦੋਸ਼ ਲਾਇਆ

ਅੰਮ੍ਰਿਤਸਰ: ਬਾਦਲ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਬੀਤੇ ਕੱਲ੍ਹ ਇਕ ਪ੍ਰੈਸ ਕਾਨਫਰੰਸ ਕਰਕੇ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਮੁੱਖ ਮੰਤਰੀ ਦੇ ਇੱਕ ਸਲਾਹਕਾਰ ਦੇ ਪੰਜਾਬ ਵਿੱਚ ਬੀਤੇ ਦਿਨੀ ਸਾਹਮਣੇ ਆਏ ਹਥਿਆਰਾਂ ਦੇ ਮਾਮਲਿਆਂ ਨਾਲ ਸਬੰਧ ਜੁੜੇ ਹੋਣ ਦਾ ਦਾਅਵਾ ਕੀਤਾ ਹੈ। ਉਹਨਾਂ ਕਿਹਾ ਕਿ ਤਰਨਤਾਰਨ ਵਿੱਚ ਹੋਏ ਧਮਾਕੇ ਅਤੇ ਸਰਹੱਦ ਪਾਰੋਂ ਡਰੋਨ ਨਾਲ ਆਏ ਹਥਿਆਰਾਂ ਦੇ ਮਾਮਲਿਆਂ ਨਾਲ ਜੁੜੇ ਵਿਅਕਤੀਆਂ ਦੇ ਸਬੰਧ ਕਾਂਗਰਸੀਆਂ ਨਾਲ ਹਨ। ਉਹਨਾਂ ਇਹਨਾਂ ਸਬੰਧਾਂ 'ਤੇ ਅਮਰਿੰਦਰ ਸਿੰਘ ਅਤੇ ਸੋਨੀਆ ਗਾਂਧੀ ਨੂੰ ਸਥਿਤੀ ਸਪਸ਼ਟ ਕਰਨ ਲਈ ਕਿਹਾ ਹੈ।

ਮਜੀਠੀਆ ਨੇ ਤਰਨਤਾਰਨ ਜ਼ਿਲ਼੍ਹੇ ਦੇ ਪਿੰਡ ਪੰਡੋਰੀ ਗੋਲਾਂ ਵਿੱਚ ਚਾਰ ਸਤੰਬਰ ਨੂੰ ਹੋਏ ਧਮਾਕੇ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਗਏ ਗੁਰਜੰਟ ਸਿੰਘ ਬਚੜੇ ਬਾਰੇ ਦਾਅਵਾ ਕੀਤਾ ਹੈ ਕਿ ਉਹ ਕਾਂਗਰਸ ਦੇ ਅੰਮ੍ਰਿਤਸਰ ਹਲਕੇ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦਾ ਰਿਸ਼ਤੇਦਾਰ ਹੈ। ਉਹਨਾਂ ਕਿਹਾ ਕਿ ਔਜਲਾ ਆਪਣੇ ਇਸ ਰਿਸ਼ਤੇਦਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਇਸ ਮਾਮਲੇ ਵਿਚ ਔਜਲਾ ਦੀ ਭੂਮਿਕਾ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ। 

ਔਜਲਾ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਗੁਰਜੰਟ ਸਿੰਘ ਉਹਨਾਂ ਦਾ ਰਿਸ਼ਤੇਦਾਰ ਹੈ ਪਰ ਇਸ ਮਾਮਲੇ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ ਤੇ ਉਹ ਹਰ ਤਰ੍ਹਾਂ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ। 

ਮਜੀਠੀਆ ਨੇ ਡਰੋਨ ਰਾਹੀਂ ਸਰਹੱਦ ਪਾਰ ਤੋਂ ਹਥਿਆਰ ਭੇਜਣ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਹਰਭਜਨ ਸਿੰਘ ਟਾਂਡਾ ਨੂੰ ਮੁੱਖ ਮੰਤਰੀ ਦੇ ਇਕ ਸਲਾਹਕਾਰ ਦਾ ਨਜ਼ਦੀਕੀ ਦੱਸਿਆ ਹੈ। ਉਹਨਾਂ ਕਿਹਾ, "ਕਾਂਗਰਸ ਦਾ ਇਤਿਹਾਸ ਹੈ ਕਿ ਇਸ ਨੇ ਸੱਤਾਧਾਰੀ ਹੋ ਕੇ ਹਮੇਸ਼ਾ ਅਜਿਹੇ ਲੋਕਾਂ ਨੂੰ ਸ਼ਹਿ ਦਿੱਤੀ ਹੈ ਜਿਨ੍ਹਾਂ ਦੇ ਮਨੋਰਥ ਹਮੇਸ਼ਾ ਪੰਜਾਬ ਦੀ ਭਾਈਚਾਰਕ ਸਾਂਝ ਤੋੜ ਕੇ ਅਮਨ ਸ਼ਾਂਤੀ ਭਰੇ ਮਾਹੌਲ ਨੂੰ ਖ਼ਰਾਬ ਕਰਨਾ ਰਿਹਾ ਹੈ। ਅਪਰਾਧਿਕ ਵਾਰਦਾਤਾਂ, ਦਹਿਸ਼ਤਗਰਦ ਸੰਗਠਨ ਅਤੇ ਧਮਾਕਾਖੇਜ਼ ਸਮੱਗਰੀ ਨਾਲ ਵਾਰ-ਵਾਰ ਜੁੜਨ ਵਾਲੇ ਲੋਕਾਂ ਦੇ ਤਾਰ ਕਾਂਗਰਸ ਦੇ ਵੱਡੇ ਆਗੂਆਂ ਨਾਲ ਜਾ ਜੁੜਦੇ ਹਨ, ਪਰ ਉਨ੍ਹਾਂ ਦੀਆਂ ਪੰਜਾਬ ਵਿਰੋਧੀ ਵਾਰਦਾਤਾਂ ਨੂੰ ਗੋਲ ਮੋਲ ਕਰਕੇ ਕਾਂਗਰਸ ਵਾਰ-ਵਾਰ ਦਬਾਉਂਦੀ ਹੈ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਸਮੇਤ ਸਾਰੀ ਸੀਨੀਅਰ ਕਾਂਗਰਸ ਲੀਡਰਸ਼ਿਪ ਤੋਂ ਮੈਂ ਪੁੱਛਦਾ ਹਾਂ ਕਿ ਅਪਰਾਧਿਕ ਗਤੀਵਿਧੀਆਂ ਵਾਲੇ ਲੋਕਾਂ ਨੂੰ ਸਰਪ੍ਰਸਤੀ ਕਿਉਂ ਦਿੱਤੀ ਜਾ ਰਹੀ ਹੈ?"

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।