ਕੈਲੀਫੋਰਨੀਆ ਦੇ ਜੰਗਲ ਵਿਚ ਲੱਗੀ ਅੱਗ ਨੇ ਹੋਰ ਭਿਆਨਕ ਰੂਪ ਧਾਰਿਆ, 92000 ਘਰ ਕਰਵਾਏ ਖਾਲੀ

ਕੈਲੀਫੋਰਨੀਆ ਦੇ ਜੰਗਲ ਵਿਚ ਲੱਗੀ ਅੱਗ ਨੇ ਹੋਰ ਭਿਆਨਕ ਰੂਪ ਧਾਰਿਆ, 92000 ਘਰ ਕਰਵਾਏ ਖਾਲੀ
ਸਿਲਵਰਾਡੋ ਖੇਤਰ ਵਿਚ ਲੱਗੀ ਅੱਗ ਤੇ ਮੌਕੇ 'ਤੇ ਪੁੱਜੀ ਇਕ ਅੱਗ ਬੁਝਾਊ ਗੱਡੀ

2 ਅੱਗ ਬਝਾਊ ਅਮਲੇ ਦੇ ਮੈਂਬਰ ਗੰਭੀਰ ਜ਼ਖਮੀ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ): ਦੱਖਣੀ ਕੈਲੀਫੋਰਨੀਆ ਦੀ ਔਰੇਂਜ ਕਾਊਂਟੀ ਵਿਚ ਜੰਗਲ 'ਚ ਲੱਗੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ ਤੇ ਦੋ ਸ਼ਹਿਰਾਂ ਦੇ 92000 ਘਰਾਂ ਨੂੰ ਖਾਲੀ ਕਰਵਾਉਣਾ ਪਿਆ ਹੈ। ਅੱਗ ਬਹੁਤ ਤੇਜੀ ਨਾਲ ਫੈਲੀ ਜਿਸ ਦੀ ਲਪੇਟ ਵਿਚ ਆ ਕੇ ਅੱਗ ਬੁਝਾਊ ਅਮਲੇ ਦੇ ਦੋ ਮੈਂਬਰ ਬੁਰੀ ਤਰਾਂ ਝੁਲਸ ਗਏ। ਇਨਾਂ ਦੀ ਉਮਰ 26 ਤੇ 32 ਸਾਲ ਹੈ ਤੇ ਇਨਾਂ ਦੇ ਘੱਟੋ ਘੱਟ ਅੱਧੇ ਸਰੀਰ ਉਪਰ ਗੰਭੀਰ ਜ਼ਖਮ ਹਨ। 

ਫਾਇਰ ਚੀਫ ਬਰੀਅਨ ਫੈਨੇਸੀ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਅਸੀਂ ਜ਼ਖਮੀ ਮੁਲਾਜ਼ਮਾਂ ਦੀ ਹਰ ਸੰਭਵ ਮੱਦਦ ਕਰ ਰਹੇ ਹਾਂ। ਫਾਇਰ ਕੈਪਟਨ ਗਰੇਗ ਬਰਤਾ ਨੇ ਇਕ ਜਾਰੀ ਬਿਆਨ ਵਿਚ ਕਿਹਾ ਹੈ ਕਿ ਸਿਲਵਰਾਡੋ ਕੇਨੀਓਨ ਖੇਤਰ ਵਿਚ ਭੜਕੀ ਅੱਗ ਨੇ 7200 ਏਕੜ ਤੋਂ ਵਧ ਜੰਗਲ ਨੂੰ ਸਾੜ ਕੇ ਸਵਾਹ ਕਰ ਦਿੱਤਾ ਹੈ। ਇਸ ਅੱਗ ਉਪਰ ਕਾਬੂ ਪਾਉਣ ਲਈ 500 ਤੋਂ ਵਧ ਫਾਇਰ ਫਾਈਟਰ ਲੱਗੇ ਹੋਏ ਹਨ। 

ਉਨਾਂ ਕਿਹਾ ਹੈ ਕਿ   ਦੁਪਹਿਰ ਬਾਅਦ ਚੀਨੋ ਹਿਲਜ਼ ਦੇ ਬਲਿਊ ਰਿਜ਼ ਖੇਤਰ ਵਿਚ ਲੱਗੀ ਅੱਗ ਨੇ 1100 ਏਕੜ ਰਕਬਾ ਸਾੜ ਦਿੱਤਾ। ਇਸ ਖੇਤਰ ਵਿਚਲੇ 1170 ਘਰਾਂ ਨੂੰ ਖਾਲੀ ਕਰਨ ਦਾ ਆਦੇਸ਼ ਦਿੱਤਾ ਗਿਆ ਹੈ।

ਸਿਲਵਰਾਡੋ ਵਿਚ ਸ਼ੁਰੂ ਵਿਚ ਅੱਗ ਬਹੁਤ ਥੋੜੀ ਸੀਤੇ ਝਾੜੀਆਂ ਵੀ ਖੇਤਰ ਵਿਚ ਘੱਟ ਹੋਣ ਕਾਰਨ ਇਸ ਉਪਰ ਕਾਬੂ ਪਾਉਣਾ ਸੰਭਵ ਸੀ ਪਰ ਬਾਅਦ ਵਿਚ ਚੱਲੀਆਂ ਤੇਜ਼ ਹਵਾਵਾਂ ਕਾਰਨ ਇਸ ਅੱਗ ਨੇ ਭਾਂਬੜ ਦਾ ਰੂਪ ਧਾਰ ਲਿਆ ਤੇ ਇਸ ਨੇ ਬਹੁਤ ਤੇਜੀ ਨਾਲ ਹੋਰ ਖੇਤਰ ਨੂੰ ਆਪਣੀ ਲਪੇਟ ਵਿਚ ਲੈ ਲਿਆ। ਨਾਲ ਲੱਗਦੇ ਖੇਤਰਾਂ ਵਿਚੋਂ ਘਰ ਖਾਲੀ ਕਰਵਾ ਲਏ ਗਏ ਹਨ। ਇਲਾਕੇ ਵਿਚ ਬਿਜਲੀ ਪੂਰੀ ਤਰਾਂ ਠੱਪ ਹੈ। ਅੱਗ ਨੇ ਹਵਾ ਨੂੰ ਬੁਰੀ ਤਰਾਂ ਪ੍ਰਦੂਸ਼ਿਤ ਕਰ ਦਿੱਤਾ ਹੈ ਤੇ ਲੋਕਾਂ  ਨੂੰ ਸਾਹ ਲੈਣ ਵਿਚ ਮੁਸ਼ਕਿਲ ਆ ਰਹੀ ਹੈ।