ਪ੍ਰਵਾਸ ਕਾਰਣ ਹੋ ਰਿਹਾ ਪੰਜਾਬ ਦਾ ਉਜਾੜਾ

ਪ੍ਰਵਾਸ ਕਾਰਣ ਹੋ ਰਿਹਾ ਪੰਜਾਬ ਦਾ ਉਜਾੜਾ

ਭੱਖਦਾ ਮਸਲਾ

ਪੰਜਾਬ ਅੱਜ ਉੱਜੜ ਰਿਹਾ ਹੈ। ਅੱਜ ਦੀ ਜਵਾਨੀ ਆਰਥਿਕਤਾ ਨੂੰ ਧੱਕਾ ਲਾਉਣ ਲਈ ਆਪਣੇ ਦੇਸ਼ ’ਚ ਕੰਮ ਕਰਨ ਦੀ ਜਗ੍ਹਾ ਵਿਦੇਸ਼ਾਂ ’ਚ ਜਾ ਕੇ ਦਿਹਾੜੀਆਂ ਕਰਨ ਨੂੰ ਤਿਆਰ ਹੈ। ਆਈਲੈਟਸ ਨਾਮੀ ਜੋਕ ਪੰਜਾਬ ਨੂੰ ਚਿੰਬੜੀ ਹੈ, ਜੋ ਇੱਥੋਂ ਦੀ ਜਵਾਨੀ ਨੂੰ ਚੂਸ ਕੇ ਵਿਦੇਸ਼ੀ ਮੰਡੀਆਂ ’ਚ ਸੁੱਟ ਰਹੀ ਹੈ। ਅੰਕੜਿਆਂ ਅਨੁਸਾਰ ਪੰਜਾਬ ’ਚ ਹਰ ਸਾਲ ਸਾਢੇ 3 ਲੱਖ ਦੇ ਕਰੀਬ ਵਿਦਿਆਰਥੀ ਆਈਲੈਟਸ ਦੀ ਪ੍ਰੀਖਿਆ ਦਿੰਦੇ ਹਨ। ਜੇ ਇਨ੍ਹਾਂ ਅੰਕੜਿਆਂ ਨੂੰ ਇਕ ਵਿਦਿਆਰਥੀ ਦੇ ਪੇਪਰ ਦੀ ਫੀਸ ਨਾਲ ਗੁਣਾ ਕਰੀਏ ਤਾਂ ਕੁੱਲ ਰਕਮ 490 ਕਰੋੜ ਦੇ ਕਰੀਬ ਬਣਦੀ ਹੈ, ਜੋ ਸੂਬੇ ਵਿਚ ਰੁਜ਼ਗਾਰ ਤੇ ਖ਼ੁਸ਼ਹਾਲੀ ਵਾਸਤੇ ਵਰਤੀ ਜਾ ਸਕਦੀ ਹੈ। ਕੈਨੇਡਾ, ਆਸਟਰੇਲੀਆ ਤੇ ਨਿਊਜ਼ੀਲੈਂਡ ਆਦਿ ਮੁਲਕਾਂ ਵਿਚ ਸਟੱਡੀ ਵੀਜ਼ੇ ’ਤੇ ਜਾਣ ਲਈ ਆਈਲੈਟਸ ਲਾਜ਼ਮੀ ਹੈ ਤੇ ਇਹੀ ਕਾਰਨ ਹੈ ਕਿ ਵਧੇਰੇ ਨੌਜਵਾਨ ਬਾਰ੍ਹਵੀਂ ਜਮਾਤ ਪਾਸ ਕਰਦਿਆਂ ਹੀ ਆਈਲੈਟਸ ਦੇ ਕੋਚਿੰਗ ਸੈਂਟਰਾਂ ਵਿਚ ਕੋਚਿੰਗ ਲੈਣ ਲੱਗ ਜਾਂਦੇ ਹਨ। ਅੱਜ ਦੇ ਸਮੇਂ ਵਿਚ ਸਭ ਤੋਂ ਵੱਧ ਚਾਂਦੀ ਆਈਲੈਟਸ ਦੇ ਕੋਚਿੰਗ ਸੈਂਟਰਾਂ ਦੀ ਹੈ।ਪੰਜਾਬ ’ਚ ਰਜਿਸਟਰਡ ਆਈਲੈਟਸ ਸੈਂਟਰਾਂ ਦੀ ਗਿਣਤੀ ਸੈਂਕੜਿਆਂ ਵਿਚ ਹੈ, ਜਿੱਥੇ ਨਿੱਤ ਦਿਹਾੜੀ ਹੀ ਪੰਜਾਬ ਦੇ ਨੌਜਵਾਨ ਮੁੰਡੇ-ਕੁੜੀਆਂ ਰਾਤੋ-ਰਾਤ ਅਮੀਰ ਬਣਨ ਦੇ ਸੁਪਨੇ ਦੇਖਦੇ ਹੋਏ ਵਿਦੇਸ਼ ਜਾਣ ਲਈ ਏਜੰਟਾਂ ਕੋਲ ਧੜਾਧੜ ਫਾਈਲਾਂ ਲਾ ਰਹੇ ਹਨ। ਜ਼ਿਆਦਾਤਰ ਏਜੰਟ ਇਨ੍ਹਾਂ ਤੋਂ ਵੀਜ਼ਾ ਲਗਵਾਉਣ ਤੋਂ ਪਹਿਲਾਂ ਲੱਖਾਂ ਰੁਪਏ ਲੈ ਲੈਂਦੇ ਹਨ। ਬਾਅਦ ਵਿਚ ਉਹ ਨਾ ਵੀਜ਼ਾ ਲਗਵਾਉਂਦੇ ਹਨ ਤੇ ਨਾ ਪੈਸੇ ਵਾਪਸ ਕਰਦੇ ਹਨ। ਨੌਜਵਾਨਾਂ ’ਚ ਬਾਹਰਲੇ ਮੁਲਕ ਜਾਣ ਦਾ ਰੁਝਾਨ ਇੰਨਾ ਵੱਧ ਚੁੱਕਿਆ ਹੈ ਕਿ ਉਹ ਕਿਸੇ ਵੀ ਤਰੀਕੇ ਨਾਲ ਵਿਦੇਸ਼ ਜਾਣਾ ਚਾਹੁੰਦੇ ਹਨ। ਇਸ ਕਰਕੇ ਉਹ ਬਿਨਾਂ ਸੋਚੇ ਸਮਝੇ ਕਿਸੇ ’ਤੇ ਵੀ ਵਿਸ਼ਵਾਸ ਕਰ ਲੈਂਦੇ ਹਨ ਤੇ ਧੋਖੇ ਦਾ ਸ਼ਿਕਾਰ ਹੋ ਜਾਂਦੇ ਹਨ। ਬਾਰ੍ਹਵੀਂ ਦੀ ਪ੍ਰੀਖਿਆ ਪਿੱਛੋਂ ਹੀ ਬਾਹਰ ਜਾਣ ਦਾ ਰੁਝਾਨ ਵਧਣ ਕਾਰਨ ਪੰਜਾਬ ਦੇ ਕਾਲਜ ਤੇ ਯੂਨੀਵਰਸਿਟੀਆਂ ਖ਼ਾਲੀ ਹੁੰਦੀਆਂ ਜਾ ਰਹੀਆਂ ਹਨ। ਵਿਦੇਸ਼ੀ ਧਰਤੀ ’ਤੇ ਫਸੇ ਸੈਂਕੜੇ ਨੌਜਵਾਨਾਂ ਕੋਲ ਪਛਤਾਉਣ ਤੋਂ ਸਿਵਾ ਕੁਝ ਨਹੀਂ ਰਹਿ ਜਾਂਦਾ। ਦੋਆਬੇ, ਮਾਝੇ ਵਿਚ ਵਿਦੇਸ਼ ਜਾਣ ਦਾ ਮੋਹ ਇੰਨਾ ਭਾਰੂ ਹੈ ਕਿ ਘਰਾਂ ਦੇ ਘਰ ਖ਼ਾਲੀ ਹੋਏ ਪਏ ਹਨ।

ਡਾਲਰ ਚਿਣ ਕੇ ਬਣਾਈਆਂ ਇਮਾਰਤਾਂ ਅੰਦਰੋਂ ਸੁੰਨੀਆਂ ਪਈਆਂ ਹਨ। ਕਿਸੇ ਘਰ ਵਿਚ ਕੋਈ ਬਜ਼ੁਰਗ ਬੈਠਾ ਨਹੀਂ ਤੇ ਜ਼ਿਆਦਾਤਰ ਕੋਠੀਆਂ ਬਿਹਾਰੀ ਲੋਕਾਂ ਨੇ ਸੰਭਾਲੀਆਂ ਹੋਈਆਂ ਹਨ। ਪੂਰੇ-ਪੂਰੇ ਪਿੰਡਾਂ ਦੀਆਂ ਜ਼ਮੀਨਾਂ ਸਸਤੇ ਭਾਅ ’ਤੇ ਸੇਲ ’ਤੇ ਲੱਗੀਆਂ ਹੋਈਆਂ ਹਨ। ਵਿਦੇਸ਼ਾਂ ਵਿਚ ਪਰਵਾਸ ਕਰਨ ਦਾ ਰੁਝਾਨ 70ਵਿਆਂ ਵਿਚ ਸ਼ੁਰੂ ਹੋਇਆ ਸੀ, ਜੋ ਅੱਜ ਵੀ ਜਾਰੀ ਹੈ। ਹੁਣ ਮਾਲਵੇ ਖਿੱਤੇ ਦੇ ਲੋਕਾਂ ’ਚ ਵੀ ਵਿਦੇਸ਼ ਜਾਣ ਦਾ ਰੁਝਾਨ ਵਧ ਗਿਆ ਹੈ ਖ਼ਾਸ ਕਰਕੇ ਨੌਜਵਾਨ ਵਰਗ ਪੜ੍ਹਾਈ ਲਈ ਵਿਦੇਸ਼ ਜਾ ਰਿਹਾ ਹੈ ਤੇ ਉੱਥੇ ਹੀ ਵਸਣ ਨੂੰ ਤਰਜੀਹ ਦੇ ਰਿਹਾ ਹੈ। ਇਹ ਨੌਜਵਾਨ ਵਿਦੇਸ਼ ਜਾ ਕੇ ਵਸਣ ਮਗਰੋਂ ਆਪਣੇ ਪਰਿਵਾਰਾਂ ਨੂੰ ਵੀ ਉੱਥੇ ਪੱਕੇ ਤੌਰ ’ਤੇ ਵਸਾ ਲੈਂਦੇ ਹਨ। ਸੈਂਟਰ ਫਾਰ ਰੂਰਲ ਐਂਡ ਇੰਡਸਟਰੀਅਲ ਡਿਵੈਲਪਮੈਂਟ (ਕ੍ਰਿਡ) ਵੱਲੋਂ ਕੀਤੇ ਗਏ ਸਰਵੇਖਣ ’ਚ ਸਾਹਮਣੇ ਆਇਆ ਕਿ 60 ਫ਼ੀਸਦੀ ਲੋਕ ਵਿਕਸਿਤ ਦੇਸ਼ਾਂ ਜਿਵੇਂ ਕੈਨੇਡਾ, ਇਟਲੀ, ਅਮਰੀਕਾ, ਆਸਟਰੇਲੀਆ, ਯੂਕੇ ਅਤੇ ਹੋਰਾਂ ਦੇਸ਼ਾਂ ਵਿੱਚ ਹਨ ਜਦਕਿ 40 ਫ਼ੀਸਦੀ ਦੇ ਕਰੀਬ ਮੱਧ ਪੂਰਬੀ ਦੇਸ਼ਾਂ ਵਿਚ ਹਨ। ਇਸ ਦਾ ਕਾਰਨ ਕੇਵਲ ਬੇਰੁਜ਼ਗਾਰੀ ਹੀ ਨਹੀਂ ਹੈ ਸਗੋਂ ਬਹੁਤ ਸਾਰੇ ਚੰਗੀਆਂ ਨੌਕਰੀਆਂ ਵਾਲੇ ਜਾਂ ਆਰਥਿਕ ਪੱਖੋਂ ਮਜ਼ਬੂਤ ਲੋਕ ਵੀ ਵਿਦੇਸ਼ ਜਾ ਰਹੇ ਹਨ। ਪੰਜਾਬੀਆਂ ਲਈ ਕਿਸੇ ਪਰਿਵਾਰਕ ਮੈਂਬਰ ਨੂੰ ਬਾਹਰ ਭੇਜਣਾ ‘ਸਟੇਟਸ ਸਿੰਬਲ’ ਬਣਿਆ ਹੋਇਆ ਹੈ। ਇਸ ਲਈ ਖ਼ਾਸ ਸਮਾਗਮ ਰਚਾ ਕੇ ਪੈਸਾ ਖ਼ਰਚ ਕਰਕੇ ਤੇ ਨੌਜਵਾਨਾਂ ਨੂੰ ਦੇਸ਼ ਨਿਕਾਲਾ ਦੇਣ ਦੀ ਖ਼ੁਸ਼ੀ ਮਨਾਈ ਜਾਂਦੀ ਹੈ।ਵਿਦਿਆਰਥੀਆਂ ਤੋਂ ਇਲਾਵਾ ਹੋਰ ਲੋਕ ਵੀ ਹੁਣ ਜਾਇਦਾਦਾਂ ਵੇਚ ਕੇ ਜਾਣ ਲੱਗੇ ਹਨ। ਇਸ ਵੇਲੇ ਬਾਹਰ ਜਾਣ ਵਾਲਿਆਂ ’ਚੋਂ 93 ਫ਼ੀਸਦੀ ਗ਼ਰੀਬ ਨਹੀਂ ਹਨ ਤੇ ਇਕ ਦੂਜੇ ਦੀ ਰੀਸ ਤੇ ਭੇਡ ਚਾਲ ਕਰਕੇ ਹੀ ਜਾ ਰਹੇ ਹਨ। ਵਿਦਿਆਰਥੀਆਂ ਵੱਲੋਂ ਲੱਖਾਂ ਰੁਪਏ ਫੀਸਾਂ ਦੇ ਰੂਪ ਵਿਚ ਵਿਦੇਸ਼ੀ ਵਿੱਦਿਅਕ ਸੰਸਥਾਵਾਂ ’ਚ ਖਰਚ ਹੋ ਰਹੇ ਹਨ। ਅਰਥ ਸ਼ਾਸਤਰੀ ਰਣਜੀਤ ਸਿੰਘ ਘੁੰਮਣ ਦਾ ਮੰਨਣਾ ਹੈ ਕਿ ਕਿਸੇ ਸਮੇਂ ਪੰਜਾਬ ’ਚੋਂ ਬ੍ਰੇਨ ਡ੍ਰੇਨ ਹੁੰਦਾ ਸੀ, ਫਿਰ ਹੁਨਰ ਵੀ ਜਾਣ ਲੱਗਾ ਤੇ ਹੁਣ ਨਾਲ ਪੂੰਜੀ ਵੀ ਜਾ ਰਹੀ ਹੈ। ਅਸੀਂ ਆਪਣੀ ਖ਼ੂਨ ਪਸੀਨੇ ਦੀ ਪੂੰਜੀ ਲਾ ਕੇ ਪੰਜਾਬ ਦੀ ਕਰੀਮ ਜਵਾਨੀ ਨੂੰ ਭੇਜ ਕੇ ਵਿਕਸਿਤ ਦੇਸ਼ਾਂ ਨੂੰ ਹੋਰ ਮਾਲਾਮਾਲ ਕਰ ਰਹੇ ਹਾਂ। ਇਹ ਵੇਖ ਕੇ ਹੈਰਾਨੀ ਹੁੰਦੀ ਹੈ ਕਿ ਉਹ ਲੋਕ ਵੀ ਆਪਣੇ ਆਪ ਨੂੰ ਕਿਸਾਨ ਤੇ ਪੰਜਾਬ ਹਿਤੈਸ਼ੀ ਹੋਣ ਦਾ ਦਿਖਾਵਾ ਕਰਦੇ ਹਨ, ਜਿਨਾਂ ਨੇ ਆਪਣੇ ਸਾਰੇ ਟੱਬਰ ਨੂੰ ਲੱਖਾਂ ਰੁਪਏ ਖ਼ਰਚ ਕੇ ਬਾਹਰਲੇ ਮੁਲਕਾਂ ਵਿਚ ਮਜ਼ਦੂਰੀ ਤੇ ਚਾਕਰੀ ਕਰਨ ਲਈ ਭੇਜਿਆ ਹੋਇਆ ਹੈ। ਇਹ ਵੀ ਸੱਚ ਹੈ ਕਿ ਬਾਹਰ ਗਈ ਹੋਈ ਅੱਜ ਦੀ ਪੀੜ੍ਹੀ ਇੱਥੇ ਵਾਪਸ ਵੱਸਣ ਕਦੇ ਨਹੀਂ ਆਵੇਗੀ ਪਰ ਥੋੜ੍ਹੇ ਸਮੇਂ ਤਕ ਆਪਣੀਆਂ ਜ਼ਮੀਨਾਂ ਵੇਚਣ ਜ਼ਰੂਰ ਆਵੇਗੀ। ਸਿਰਫ਼ ਕਿਸਾਨੀ ਝੰਡੇ ਨਾਲ ਫੋਟੋ ਕਰਵਾ ਕੇ ਤੇ ਦੋ-ਚਾਰ ਨਾਅਰੇ ਲਾ ਕੇ ਕ੍ਰਾਂਤੀਆਂ ਨਹੀਂ ਰਚੀਆਂ ਜਾਂਦੀਆਂ। ਪੰਜਾਬ ਵਰਗੇ ਖ਼ੁਸ਼ਹਾਲ ਸੂਬੇ ਦੀ ਜਵਾਨੀ ਸ਼ਰਨਾਰਥੀ ਹੋ ਕੇ ਰੁਲ ਰਹੀ ਹੈ। ਸਰਕਾਰਾਂ ਨੂੰ ਦੋਸ਼ ਦੇ ਕੇ ਸਾਡੀ ਜ਼ਿੰਮੇਵਾਰੀ ਖ਼ਤਮ ਨਹੀਂ ਹੋ ਜਾਂਦੀ। ਨੌਜਵਾਨਾਂ ਨੂੰ ਪਿਓ- ਦਾਦੇ ਦੀ ਕਿਰਤ ਨਾਲ ਜੋੜੋ, ਹੱਥੀਂ ਕੰਮ ਕਰਨ ਦੀ ਆਦਤ ਪਾਓ। ਜਿੰਨੇ ਪੈਸੇ ਬਾਹਰ ਭੇਜਣ ਲਈ ਖ਼ਰਚ ਕਰਦੇ ਹੋ, ਉਨ੍ਹਾਂ ਨਾਲ ਕੋਈ ਰੁਜ਼ਗਾਰ, ਵਪਾਰ ਖੋਲ੍ਹਿਆ ਜਾ ਸਕਦਾ ਹੈ। ਸਨਅਤਾਂ ਤੇ ਸਵੈ-ਰੁਜ਼ਗਾਰ ਨੂੰ ਹੁਲਾਰਾ ਮਿਲੇ। ਪੰਜਾਬ ਦੇ ਸਮੂਹ ਸ਼ੁਭਚਿੰਤਕਾਂ, ਦਰਦਮੰਦਾਂ ਤੇ ਨੀਤੀਵਾਨਾਂ ਵੱਲੋਂ ਸਿਰ ਜੋੜ ਕੇ ਸੋਚਣ ਦਾ ਵੇਲਾ ਹੈ ਤਾਂ ਜੋ ਉੱਜੜਦੀ ਜਾ ਰਹੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਸਾਰਥਿਕ ਉਪਰਾਲੇ ਕੀਤੇ ਜਾ ਸਕਣ ਤੇ ਮੁਰਝਾ ਰਹੇ ਸੋਹਣੇ ਪੰਜਾਬ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ।

ਜਸਪ੍ਰੀਤ ਕੌਰ ਪ੍ਰੋਫੈਸਰ