ਆਰ.ਐਸ.ਐਸ ਦੇ ਅਖੰਡ ਭਾਰਤ 'ਤੇ ਬਹਿਸੋ ਬਹਿਸੀ ਹੋਏ ਭਾਜਪਾ ਤੇ ਸ਼ਿਵ ਸੈਨਾ ਦੇ ਆਗੂ

ਆਰ.ਐਸ.ਐਸ ਦੇ ਅਖੰਡ ਭਾਰਤ 'ਤੇ ਬਹਿਸੋ ਬਹਿਸੀ ਹੋਏ ਭਾਜਪਾ ਤੇ ਸ਼ਿਵ ਸੈਨਾ ਦੇ ਆਗੂ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਜਪਾ ਦੇ ਉੱਚ ਆਗੂ ਅਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦਵਿੰਦਰ ਫਡਨਵੀਸ ਨੇ ਇਕ ਬਿਆਨ ਦਿੰਦਿਆਂ ਕਿਹਾ ਕਿ ਇਕ ਦਿਨ ਕਰਾਚੀ (ਪਾਕਿਸਤਾਨ ਦੇ ਸਿੰਧ ਸੂਬੇ ਦਾ ਸ਼ਹਿਰ) ਵੀ ਭਾਰਤ ਦਾ ਹਿੱਸਾ ਹੋਵੇਗਾ। ਫਡਨਵੀਸ ਦੇ ਇਸ ਬਿਆਨ 'ਤੇ ਤੰਝ ਕਸਦਿਆਂ ਸ਼ਿਵ ਸੈਨਾ ਦੇ ਆਗੂ ਸੰਜੇ ਰਾਊਤ ਨੇ ਕਿਹਾ ਕਿ ਭਾਜਪਾ ਵਾਲੇ ਪਹਿਲਾਂ ਪਾਕਿਸਤਾਨ ਦੇ ਪ੍ਰਬੰਧ ਹੇਠਲਾ ਕਸ਼ਮੀਰ ਵਾਪਸ ਲੈਣ ਫੇਰ ਕਰਾਚੀ ਬਾਰੇ ਗੱਲ ਕਰਨ। 

ਜ਼ਿਕਰਯੋਗ ਹੈ ਕਿ ਆਰ.ਐਸ.ਐਸ ਅਖੰਡ ਭਾਰਤ ਦਾ ਵਾਰ-ਵਾਰ ਨਾਅਰਾ ਲਾਉਂਦੀ ਹੈ ਅਤੇ ਆਰ.ਐਸ.ਐਸ ਦੇ ਵਿਚਾਰ 'ਤੇ ਭਾਜਪਾ ਸਿਆਸਤ ਕਰਦੀ ਹੈ। 

ਕੀ ਹੈ ਆਰ.ਐਸ.ਐਸ ਦਾ ਅਖੰਡ ਭਾਰਤ?
ਆਰ.ਐਸ.ਐਸ ਨਾਲ ਜੁੜੀਆਂ ਕਈ ਪੁਸਤਕਾਂ ਵਿਚ ਅਖੰਡ ਭਾਰਤ ਦਾ ਜ਼ਿਕਰ ਕੀਤਾ ਗਿਆ ਹੈ। ਆਰ.ਐਸ.ਐਸ ਦੇ ਅਖੰਡ ਭਾਰਤ ਦੇ ਵਿਚਾਰ ਵਿਚ ਅੱਜ ਦੇ ਭਾਰਤ, ਪਾਕਿਸਤਾਨ, ਬੰਗਲਾਦੇਸ਼, ਅਫਗਾਨਿਸਤਾਨ, ਸ੍ਰੀ ਲੰਕਾ ਅਤੇ ਤਿੱਬਤ ਦੇ ਪ੍ਰਬੰਧ ਹੇਠਲੇ ਖਿੱਤੇ ਹਨ। ਆਰ.ਐਸ.ਐਸ ਦਾ ਮੰਨਣਾ ਹੈ ਕਿ ਇਹ ਸਾਰੇ ਖਿੱਤੇ ਮਿਲ ਕੇ ਇਕ 'ਰਾਸ਼ਟਰ' ਦਾ ਨਿਰਮਾਣ ਕਰਦੇ ਹਨ ਜਿਸ ਨੂੰ ਆਪਸ ਵਿਚ 'ਹਿੰਦੂ ਸੱਭਿਆਚਾਰ" ਜੋੜਦਾ ਹੈ।

ਆਰ.ਐਸ.ਐਸ ਆਪਣੇ ਨਾਲ ਜੁੜੇ ਲੋਕਾਂ ਵਿਚ ਇਹ ਗੱਲ ਪ੍ਰਚਾਰ ਰਹੀ ਹੈ ਕਿ ਭਾਰਤ ਤੋਂ ਸ਼ੁਰੂ ਹੋਏ ਹਿੰਦੂ ਰਾਸ਼ਟਰ ਦਾ ਕਿਸੇ ਦਿਨ ਇਹ ਸਾਰੇ ਖਿੱਤੇ ਵੀ ਹਿੱਸਾ ਹੋਣਗੇ। ਇਸ ਸਬੰਧੀ ਆਰ.ਐਸ.ਐਸ ਨੇ ਇਕ ਨਕਸ਼ਾ ਵਿਚ ਤਿਆਰ ਕੀਤਾ ਹੋਇਆ ਹੈ ਜਿਸ ਨੂੰ ਪੂਨਿਆਭੂਮੀ ਭਾਰਤ ਦਾ ਨਾਂ ਦਿੱਤਾ ਗਿਆ ਹੈ। 

ਗੌਰਤਲਬ ਹੈ ਕਿ 1947 ਵਿਚ ਸਥਾਪਤ ਕੀਤੇ ਗਏ ਭਾਰਤੀ ਰਾਸ਼ਟਰਵਾਦ ਨੂੰ ਹੁਣ ਭਾਰਤੀ ਸੱਤਾ 'ਤੇ ਕਾਬਜ਼ ਆਰ.ਐਸ.ਐਸ-ਭਾਜਪਾ ਐਲਾਨੀਆ ਹਿੰਦੂ ਰਾਸ਼ਟਰਵਾਦ ਤੱਕ ਲੈ ਆਈ ਹੈ। ਆਰ.ਐਸ.ਐਸ ਮੁਖੀ ਵੱਲੋਭ ਵਾਰ-ਵਾਰ ਇਹ ਬਿਆਨ ਦਿੱਤਾ ਜਾ ਰਿਹਾ ਹੈ ਕਿ ਸਾਰੇ ਭਾਰਤੀ ਹੀ ਹਿੰਦੂ ਹਨ। 1947 ਵਿਚ ਭਾਰਤੀ ਬਣਾਏ ਗਏ ਲੋਕਾਂ ਨੂੰ ਹੁਣ ਹਿੰਦੂ ਐਲਾਨਿਆ ਜਾ ਰਿਹਾ ਹੈ। ਇਸ ਰਾਸ਼ਟਰਵਾਦ ਦਾ ਠੱਪਾ ਕਬੂਲਣ ਤੋਂ ਆਕੀ ਲੋਕਾਂ ਅਤੇ ਭਾਈਚਾਰਿਆਂ ਨੂੰ ਜ਼ਬਰ ਨਾਲ ਦਬਾਇਆ ਜਾ ਰਿਹਾ ਹੈ। 

ਕਰਾਚੀ ਤੇ ਮਰਾਠੀ ਦਾ ਵਿਵਾਦ
ਦਵਿੰਦਰ ਫਡਨਵੀਸ ਦਾ ਇਹ ਬਿਆਨ ਉਸ ਘਟਨਾ ਨਾਲ ਸਬੰਧਿਤ ਸਵਾਲ ਦੇ ਜਵਾਬ ਵਿਚ ਆਇਆ ਜਦੋਂ ਸ਼ਿਵ ਸੈਨਾ ਦੇ ਇਕ ਆਗੂ ਨੇ ਮੁੰਬਈ ਵਿਚ ਸਥਿਤ "ਕਰਾਚੀ ਸਵੀਟਸ" ਨਾਂ ਦੀ ਦੁਕਾਨ ਦੇ ਮਾਲਕ ਨੂੰ ਕਰਾਚੀ ਸ਼ਬਦ ਹਟਾ ਕੇ "ਮਰਾਠੀ" ਰੱਖਣ ਲਈ ਕਿਹਾ। ਇਸ ਗੱਲਬਾਤ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਸੀ।