ਝੂਲਤੇ ਨਿਸ਼ਾਨ ਰੈਹੈਂ ਪੰਥ ਮਹਾਰਾਜ ਕੇ*

ਝੂਲਤੇ ਨਿਸ਼ਾਨ ਰੈਹੈਂ ਪੰਥ ਮਹਾਰਾਜ ਕੇ*

ਅਮਰੀਕ ਸਿੰਘ
ਅਸਿਸਟੈਂਟ ਪ੍ਰੋਫੈਸਰ, ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ਼, 
ਸੈਕਟਰ-26 ਚੰਡੀਗੜ੍ਹ।


ਵਿਸ਼ਵੀਕਰਨ ਦੇ ਯੁਗ ਅੰਦਰ ਅੱਜ ਜਿੱਥੇ ਮਨੁੱਖ ਇਕ ਭਰਮ ਭਰਿਆ ਜੀਵਨ ਬਸ਼ਰ ਕਰ ਰਿਹਾ ਹੈ ਉਥੇ ਹੀ ਉਸ ਨੂੰ ਇਸ ਮ੍ਰਿਤ ਮੰਡਲ ਵਿਚ ਆਪਣੀ ਹੋਂਦ ਦੀ ਪਛਾਣ ਬਿਸਰ ਰਹੀ ਹੈ। ਇਸ ਅਲੌਕਿਕ ਜਗਤ ਵਰਤਾਰੇ ਅੰਦਰ ਜੀਵ ਆਤਮਾ ਅਸ਼ਾਂਤ ਚਿੱਤ ਭਟਕ ਰਹੀ ਹੈ ਜਿਸ ਦੇ ਫਲਸਰੂਪ ਧਰਤ ਉਪਰ ਜੁਲਮ ਅਤੇ ਵਿਨਾਸ਼ ਵਧ ਰਹੇ ਹਨ। ਅਜਿਹੇ ਕਰੋਪੀਆਂ ਭਰੇ ਹਾਲਾਤ ਨਾਲ ਜੂਝਦਾ ਹੋਇਆ ਪਾਵਨ ਪਰਮ ਸੂਰਾ ਇਸ ਜਗਤ ਅੰਦਰ ਆਪਣੀ ਵਿਲੱਖਣ ਪਹਿਚਾਣ ਦੇ ਝੰਡੇ ਝੁਲਾਅ ਰਿਹਾ ਹੈ। ਅਜਿਹੇ ਪਰਮ ਪੁਰਖ ਨੂੰ ਮਰਦ ਅਗੰਮੜੇ ਨੇ ਖਾਲਸੇ ਦੇ ਰੂਪ ਵਿਚ ਜਣਿਆ ਹੈ। 

ਖਾਲਸਾ ਮਜ਼ਲੂਮ ਦਾ ਰੱਖਿਅਕ ਅਮਾਨਵੀ ਸ਼ਕਤੀਆ ਦਾ ਸੰਘਾਰ ਕਰਨ ਵਾਲਾ ਹੈ। ਖਾਲਸੇ ਦੇ ਮੁੱਖ ਉਪਰ ਬਾਣੀ ਅਤੇ ਕਰਮ ਵਿਚ ਜੂਝਣ ਕਾ ਚਾਓ ਹੈ। ਇਹ ਉਹ ਨਿਆਰਾ ਖਾਲਸਾ ਹੈ ਜੋ ਨਾ ਭੈ ਦਿੰਦਾ ਹੈ ਤੇ ਨਾ ਭੈ ਮੰਨਦਾ ਹੈ। ਮੁਖ ਵਿਚ ਹਰਿ ਦੇ ਬੋਲ ਹੋਣ ਕਰਕੇ ਖਾਲਸੇ ਦਾ ਕਰਮ ਹਮੇਸ਼ਾ ਸੱਚ ਧਰਮ ਵਾਲਾ ਭਾਵ ਜਿਸ ਨਾਲ ਪ੍ਰੇਮ ਦਾ ਖੇੜਾ ਹੁੰਦਾ ਹੈ ਅਤੇ ਜਗਤ ਜਿਸ ਦੀ ਉਪਮਾ ਕਰਦਾ ਨਹੀਂ ਥੱਕਦਾ। ਕਬੀਰ ਜੀ ਖਾਲਸੇ ਨੂੰ ਪ੍ਰੇਮਾ ਭਗਤੀ ਨਾਲ ਉਪਮਾਉਂਦੇ ਹਨ। (1)
 
ਬੇਸ਼ੱਕ ਜੀਵ ਆਤਮਾ ਦਾ ਖਾਲਸਾਈ ਸਰੂਪ ਕਬੀਰ ਜੀ ਨੇ ਉਸਾਰ ਦਿੱਤਾ ਸੀ ਪਰ ਅਨੰਦਪੁਰ ਦੀ ਮੁਕੱਦਸ ਜ਼ਮੀਨ ਉਪਰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਅਕਾਲ ਪੁਰਖ ਕੀ ਫੌਜ ਦਾ ਰੂਪ ਬਖਸ਼ ਕੇ ਆਪਣੀ ਹੋਂਦ ਦਾ ਪ੍ਰਗਟਾਅ ਖਾਲਸੇ ਵਿੱਚ ਕੀਤਾ। (2) ਓਦੋਂ ਤੋਂ ਹੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਖਾਲਸਾ ਪੰਥ ਨੂੰ ਸ਼ਾਸਤਰ ਅਤੇ ਸ਼ਸਤਰ ਦੀ ਬਖਸ਼ਿਸ਼ ਕੀਤੀ ਅਤੇ ਇਕ ਨਿਸ਼ਾਨ ਥੱਲੇ ਇਕੱਤਰ ਕੀਤਾ। ਗੁਰੂ ਸਾਹਿਬ ਨੇ ਸ਼ਸਤਰ ਨੂੰ ਸ਼ਾਸਤਰ ਦੇ ਅਧੀਨ ਰੱਖਦਿਆਂ ਖਾਲਸਾ ਪੰਥ ਨੂੰ ਆਪਣੇ ਪਿਉ-ਦਾਦੇ (3) ਦੇ ਦਰਸਾਏ ਮਾਰਗ ਉਪਰ ਚਲਣ ਦਾ ਆਦੇਸ਼ ਦਿੱਤਾ (4) ਜਿਸ ਕਰਕੇ ਖਾਲਸੇ ਨੂੰ ਮਜ਼ਲੂਮ ਦਾ ਰੱਖਿਅਕ ਕਹਿ ਕੇ ਵਡਿਆਇਆ ਜਾਂਦਾ ਹੈ। ਗੁਰੂ ਸਾਹਿਬ ਨੇ ਸਿੱਖਾਂ ਨੂੰ ਖਾਲਸੇ ਦੇ ਰੂਪ ਵਿਚ ਪਾਤਸ਼ਾਹੀ ਬਖਸ਼ਿਸ਼ ਕੀਤੀ ਹੈ। (5) ਇੱਥੇ ਗੁਰੂ ਸਾਹਿਬ ਨੇ ਸਿੱਖ ਨੂੰ ਗਰੀਬ ਭਾਵ ਹਲਮੀ ਗੁਣਾਂ ਦੇ ਧਾਰਨੀ ਪੁਰਸ਼ ਵਜੋਂ ਨਿਵਾਜਿਆ ਹੈ।

ਦਰਾਅਸਲ ‘ਖਾਲਸਾ ਪੰਥ’ ਜਾਂ ‘ਨਿਆਰਾ ਪੰਥ’ ਦੀ ਹੋਂਦ ਦਾ ਦਾਅਵਾ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਪਾਤਸ਼ਾਹ ਦੁਆਰਾ ਚਲਾਏ ਪੰਥ ਨਾਲ ਕਰ ਦਿੱਤਾ ਸੀ। (6)

ਸਿੱਖ ਧਰਮ ਭਾਵ ਵਿਲੱਖਣ ਧਰਮ ਦੀ ਬਖਸ਼ਿਸ਼ ਕਰ ਕੇ ਕੁਰਾਹੇ ਪਈ ਲੋਕਾਈ ਨੂੰ ਸੱਚ ਦਾ ਮਾਰਗ ਦਿੱਤਾ। ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋਤ ਦੇ ਇਸ ਮਿਸ਼ਨ ਨੂੰ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਜੀ ਨੇ ਅਕਾਲ ਤਖ਼ਤ ਸਾਹਿਬ ਬਖਸ਼ ਕੇ ਇੱਕ ਨਿਸ਼ਾਨ ਭਾਵ ਇੱਕ ਝੰਡੇ ਹੇਠ ਇਕੱਤਰ ਕਰਕੇ ਮੀਰੀ ਅਤੇ ਪੀਰੀ ਦੀ ਬਖਸ਼ਿਸ਼ ਕੀਤੀ। ਦਸਮੇਸ਼ ਪਿਤਾ ਸੰਤ ਸਿਪਾਹੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਨਿਸ਼ਾਨ ਹੇਠਾਂ ਇਕੱਤਰ ਹੋਈ ਸੰਗਤ ਨੂੰ ਖਾਲਸਾ ਪੰਥ ਦੀ ਇਲਾਹੀ ਬਖਸ਼ਿਸ਼ ਨਾਲ ਨਿਵਾਜਿਆ ਅਤੇ ਖਾਲਸੇ ਨੂੰ ਇਲਾਹੀ ਨਿਸ਼ਾਨ ਭੇਟ ਕਰਕੇ ਮਰਜੀਵੜਾ ਰੂਪ ਦੇ ਦਿੱਤਾ। ਇਹ ਉਹ ਖਾਲਸਾ ਪੰਥ ਹੈ ਜਿਸ ਨੇ ਤਕਰੀਬਨ ਢਾਈ ਹਜ਼ਾਰ ਵਰਸ਼ ਤੋਂ ਉੱਤਰ ਪੱਛਮ ਦੀ ਹੱਦ ਵਲੋਂ ਇਸ ਮੁਲਖ ਉੱਤੇ ਜੁਲਮ ਕਰਨ ਵਾਲੇ ਜਰਵਾਣਿਆਂ ਦੇ ਮੂੰਹ ਮੋੜ ਕੇ ਰੱਖੇ। ਇਹ ਸਭ ਕਲਾ (ਕੌਤਕ) ਗੁਰੂ ਦਸਮੇਸ਼ ਪਿਤਾ ਦੇ ਖੰਡੇ ਦੇ ਅੰਮ੍ਰਿਤ ਦੀ ਬਰਕਤ ਅਤੇ ਖੰਡੇ ਦੀ ਸ਼ਕਤੀ ਕਰਕੇ ਹੈ। ਗੁਰੂ ਸਾਹਿਬ ਜੀ ਦੀ ਇਸ ਸਰਬਲੋਹ ਦੀ ਬਖਸ਼ਿਸ਼ ਦੀ ਮਹੱਤਤਾ ਬਾਰੇ ਐਡਮੰਡ ਕੈਡਹਲਰ ਆਪਣੀ ਕਿਤਾਬ ਮੈਂਟਲ ਆਫ਼ ਦੀ ਈਸਟ ਵਿਚ ਲਿਖਦਾ ਹੈ। (7) 

ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਖੰਡੇ ਦੀ ਬਰਕਤ ਅਤੇ ਬਖਸ਼ਿਸ਼ ਨੂੰ ਬੋਧੀ, ਜੈਨੀ ਅਤੇ ਹੋਰ ਅਜੋਕੇ ਅਖੌਤੀ ਅਹਿੰਸਾਵਾਦੀ ਨਹੀਂ ਸਮਝ ਸਕਦੇ। ਸਿੱਖ ਪੰਥ ਸ਼ਸਤਰਾਂ ਨੂੰ ਅਕਾਲ ਪੁਰਖ ਦੇ ਬਖਸ਼ੇ ਨਿਸ਼ਾਨ ਸਮਝ ਕੇ ਧਿਆਉਂਦਾ ਹੈ। ਗੁਰੂ ਪਾਤਸ਼ਾਹ ਖੁਦ ਅਕਾਲ ਪੁਰਖ ਨੂੰ ਸ਼ਸਤਰਾਂ ਦੇ ਨਾਮ ਨਾਲ ਯਾਦ ਕਰਦੇ ਹਨ। ਅੱਜ ਤੱਕ ਸਿੱਖ ਪੰਥ ਆਪਣੀ ਅਰਦਾਸ ਇਹਨਾਂ ਸ਼ਸਤਰਾਂ ਭਾਵ ਇਲਾਹੀ ਨਿਸ਼ਾਨਾਂ ਦੇ ਧਿਆਉਂਣ ਤੋਂ ਸ਼ੁਰੂ ਕਰਦਾ ਆ ਰਿਹਾ ਹੈ ਅਤੇ ਕਰਦਾ ਰਹੇਗਾ। (8)

ਖਾਲਸਾ ਪੰਥ ਧਰਮ ਦੀ ਪਵਿੱਤਰਤਾ ਨੂੰ ਬਹਾਲ ਰੱਖਣ ਅਤੇ ਜੁਲਮ ਤੇ ਜਾਲਮ ਦਾ ਸੰਘਾਰ ਕਰਨ ਹਿੱਤ ਸਾਜਿਆ ਗਿਆ ਜਿਸ ਦੀ ਜੇਕਰ ਮਹੱਤਤਾ ਸਮਕਾਲੀ ਪ੍ਰਸੰਗ ਅੰਦਰ ਵਿਚਾਰੀਏ ਤਾਂ ਬਿਹਤਰ ਸਮਝ ਲਗਦੀ ਹੈ। ਜਦ ਅਸੀਂ ਇਤਹਾਸ ਦੇਖਦੇ ਹਾਂ ਤਾਂ ਜ਼ਾਹਰ ਹੁੰਦਾ ਹੈ ਕੇ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਜੀ ਨੇ ਚਾਰ ਅਤੇ ਦਸਵੇਂ ਪਾਤਸ਼ਾਹ ਨੇ ਅਠਾਰਾ ਜੰਗ ਕੀਤੇ। ਜਿਨਾ ਵਿਚੋਂ ਕੋਈ ਵੀ ਦੂਜੇ ਉਪਰ ਜੁਲਮ ਕਰਨ ਵਾਲੀ (offensive) ਨਹੀਂ ਸੀ ਸਗੋਂ ਸਾਰੇ ਜੰਗ ਸਵੈ ਰੱਖਿਆ ਦੇ ਸਿਧਾਂਤ ਵਾਲੇ ਅਤੇ ਲੋਕਾਈ ਦੇ ਭਲੇ ਲਈ ਸਨ। ਇਹ ਸਭ ਗੁਰੂ ਨਾਨਕ ਪਾਤਸ਼ਾਹ ਦੇ ਵਿਲੱਖਣ ਪੰਥ ਦੇ ਨਿਸ਼ਾਨ ਦੀ ਅਪਾਰ ਕ੍ਰਿਪਾ ਸਦਕਾ ਹੀ ਸੀ।

ਸਿਰਦਾਰ ਕਪੂਰ ਸਿੰਘ ਦਾ ਕਥਨ ਹੈ ਕਿ, “ਜਿਸ ਦਾ ਝੰਡਾ ਉਸਦੀ ਜਿੱਤ।” ਇਸ ਲਈ ਸਪਸ਼ਟ ਹੈ ਕਿ ਖਾਲਸਾ ਪੰਥ ਨੂੰ ਆਪਣੇ ਨਿਆਰੇਪਣ ਨੂੰ ਬਰਕਰਾਰ ਰੱਖਣ ਲਈ ਆਪਣੇ ਗੁਰੂ ਪਾਤਸ਼ਾਹ ਦੇ ਬੋਲ ਬਾਲੇ ਆਪਣੇ ਅਕੀਦੇ ਬਣਾ ਕੇ ਰੱਖਣ ਦੀ ਲੋੜ ਹੈ। ਕਿਉਂਕਿ ਗੁਰੂ ਸਾਹਿਬ ਖਾਲਸੇ ਨੂੰ ਇਹ ਤਾਕੀਦ ਕਰਦੇ ਹਨ। 

ਜਬ ਲਗ ਖਾਲਸਾ ਰਹੇ ਨਿਆਰਾ
ਤਬ ਲਗ ਤੇਜ ਦੀਉ ਮੈਂ ਸਾਰਾ

ਇਸ ਲਈ ਸਾਡੀ ਗੁਰੂ ਪਾਤਸ਼ਾਹ ਅੱਗੇ ਇਹੋ ਅਰਦਾਸ ਹੈ ਕਿ ਖਾਲਸਾ ਪੰਥ ਹਰ ਮੈਦਾਨ ਫਤਹਿ ਕਰੇ!

ਅਮਰੀਕ ਸਿੰਘ
E-mail id: ammisingh084@gmail.com


* ਪੰਥ ਪ੍ਰਕਾਸ਼, ਗਿਆਨੀ ਗਿਆਨ ਸਿੰਘ ਭਾਸ਼ਾ ਵਿਭਾਗ ਪਟਿਆਲਾ, ਪੰਨਾ: ੧੦੦੮

1. ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਸ ਜਾਨੀ।। (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ: ੬੫੫)
2. ਖਾਲਸਾ ਮੇਰੋ ਰੂਪ ਹੈ ਖਾਸ।।
ਖਾਲਸੇ ਮਹਿ ਹਉ ਕਰਓ ਨਿਵਾਸ।। (ਸਰਬਲੋਹ ਗ੍ਰੰਥ)
3. ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ।। (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ: ੧੮੬)
4. ਭੈ ਕਾਹੂ ਦੇਤ ਨਹਿ ਨਹਿ ਭੈ ਮਾਨਤ ਆਨ ।। (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ: ੧੪੨੭)
5. ਇਨ ਗਰੀਬ ਸਿਖਨ ਕੋ ਦਿਓ ਪਾਤਸ਼ਾਹੀ
6. ਮਾਰਿਆ ਸਿਕਾ ਜਗਤ੍ਰਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ।। (ਵਾਰ ਪਹਿਲੀ ਪਉੜੀ ੪੫)
7. Edmond Candler, Mental of The East, p.120-121
8.  ਪ੍ਰਿਥਮ ਭਗੌਤੀ ਸਿਮਰਿ ਹੈ ਗੁਰੁ ਨਾਨਕ ਲਈਂ ਧਿਆਇ।। (ਚੰਡੀ ਕੀ ਵਾਰ)