ਸਲਾਬਤਪੁਰਾ ਡੇਰੇ ਵਿਚ ਸਮਾਗਮ, ਕੋਈ ਸਿਆਸੀ ਆਗੂ ਨਾ ਪੁੱਜਾ, ਲੋਕ ਵੀ ਘਟ ਪੁਜੇ

ਸਲਾਬਤਪੁਰਾ ਡੇਰੇ ਵਿਚ ਸਮਾਗਮ, ਕੋਈ ਸਿਆਸੀ ਆਗੂ ਨਾ ਪੁੱਜਾ, ਲੋਕ ਵੀ ਘਟ ਪੁਜੇ

ਸੌਦਾ ਡੇਰੇ ਵਾਲੇ ਬੋਲੇ ਅਸੀਂ ਨਹੀਂ ਕੀਤੀ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਗਤਾ ਭਾਈਕਾ : ਡੇਰਾ ਸੱਚਾ ਸੌਦਾ ਸਿਰਸਾ ਨੇ ਪਿੰਡ ਸਲਾਬਤਪੁਰਾ ਵਿਚ ਡੇਰੇ ਵਿਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਪਹਿਲਾ ਧਾਰਮਿਕ ਸਮਾਗਮ ਕਰਵਾਇਆ ਜਿਸ ਵਿਚ ਸਮੂਹ ਡੇਰਾ ਪ੍ਰੇਮੀਆਂ ਨੂੰ ਇੱਕਮੁੱਠ ਰਹਿਣ ਦੀ ਅਪੀਲ ਕੀਤੀ ਗਈ। ਡੇਰੇ ਦੇ 74ਵੇਂ ਸਥਾਪਨਾ ਦਿਵਸ ਮੌਕੇ ਵੱਡੀ ਗਿਣਤੀ ਪ੍ਰੇਮੀਆਂ ਨੇ ਹਾਜ਼ਰੀ ਭਰੀ। ਡੇਰੇ ਦੀ 45 ਮੈਂਬਰੀ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਕੁਝ ਲੋਕ ਉਨ੍ਹਾਂ ਵਿਚ ਦਰਾਡ਼ ਪੈਦਾ ਕਰਨ ਦਾ ਯਤਨ ਕਰ ਰਹੇ ਹਨ ਪਰ ਸਾਨੂੰ ਅਜਿਹੇ ਲੋਕਾਂ ਦੀਆਂ ਗੱਲਾਂ ਵਿਚ ਆਉਣ ਦੀ ਬਜਾਏ ਇੱਕਮੁੱਠ ਰਹਿਣਾ ਚਾਹੀਦਾ ਹੈ। ਡੇਰੇ ਦੀ 45 ਮੈਂਬਰ ਹਰਚਰਨ ਸਿੰਘ ਨੇ ਕਿਹਾ ਕਿ ਡੇਰੇ ਵਿਰੁੱਧ ਪ੍ਰਚਾਰ ਕਰਨ ਵਾਲਿਆਂ ਨੂੰ ਰੋਕਿਆ ਜਾਵੇ। ਉਨ੍ਹਾਂ ਬੇਅਦਬੀ ਦੇ ਮਾਮਲੇ ਵਿਚ ਡੇਰੇ ਦਾ ਨਾਂ ਵਾਰ-ਵਾਰ ਸਾਹਮਣੇ ਆਉਣ ਦੇ ਸਵਾਲ ’ਤੇ ਕਿਹਾ ਕਿ ਡੇਰਾ ਸ਼ੁਰੂ ਤੋਂ ਹੀ ਕਹਿੰਦਾ ਆ ਰਿਹਾ ਹੈ ਕਿ ਬੇਅਦਬੀ ਵਿਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ । ਉਨ੍ਹਾਂ ਕਿਹਾ ਕਿ ਬੇਅਦਬੀ ਕਾਂਡ ਦੀ ਮੁਡ਼ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾ ਸਕੇ।

ਡੇਰੇ ਦੇ ਵਕੀਲ ਕੇਵਲ ਬਰਾਡ਼ ਨੇ   ਸਰਕਾਰ ਤੋਂ ਮੰਗ ਕੀਤੀ ਕਿ ਬੇਅਦਬੀ ਦੀ ਜਾਂਚ ਲਈ ਐੱਸਆਈਟੀ ਦਾ ਗਠਨ ਕੀਤਾ ਜਾਵੇ। ਮੌਡ਼ ਬੰਬ ਕਾਂਡ ’ਤੇ ਕਿਹਾ ਕਿ ਕੁਝ ਲੋਕਾਂ ’ਤੇ ਝੂਠਾ ਕੇਸ ਪਾ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਜਦਕਿ ਅਸਲ ਦੋਸ਼ੀ ਅਜੇ ਵੀ ਬਾਹਰ ਘੁੰਮ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਦੀ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਜ਼ਾ ਦੇਵੇ।

ਪੰਜਾਬ ਅੰਦਰ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਲਾਬਤਪੁਰਾ ਵਿਚ ਡੇਰੇ ਵੱਲੋਂ ਵੱਡਾ ਇਕੱਠ ਕਰਕੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਸੀ। ਉਸ ਸਮੇਂ ਹੋਏ ਪ੍ਰੋਗਰਾਮ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਡੀ ਗਿਣਤੀ ਆਗੂਆਂ ਨੇ ਹਾਜ਼ਰੀ ਭਰੀ ਸੀ ਪਰ ਹੁਣ ਜਦੋਂ ਚੋਣਾਂ ਸਿਰੇ ਚਡ਼੍ਹ ਗਈਆਂ ਹਨ ਤਾਂ ਕੋਈ ਵੀ ਸਿਆਸੀ ਆਗੂ ਸਮਾਗਮ ਵਿਚ ਨਹੀਂ ਪੁੱਜਿਆ। ਸ਼ਰਧਾਲੂਆਂ ਦੀ ਗਿਣਤੀ ਵੀ ਅਗੇ ਨਾਲੋਂ ਘੱਟ ਸੀ। ਇਸ ’ਤੇ ਹਰਚਰਨ ਸਿੰਘ ਨੇ ਕਿਹਾ ਕਿ ਉਹ ਸਿਰਫ਼ ਧਾਰਮਿਕ ਪ੍ਰੋਗਰਾਮ ਹੀ ਕਰਦੇ ਹਨ। ਉਸ ਦਾ ਸਿਆਸਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਜੇਕਰ ਕੋਈ ਇੱਥੇ ਆਉਂਦਾ ਹੈ ਤਾਂ ਉਸਦਾ ਸੁਆਗਤ ਕੀਤਾ ਜਾਂਦਾ ਹੈ। ਪਰ ਹੁਣ ਉਹ ਕਿਸੇ ਸਿਆਸੀ ਆਗੂ ਦੇ ਆਉਣ ਜਾਂ ਨਾਂ ਆਉਣ ਬਾਰੇ ਕੁਝ ਨਹੀਂ ਕਹਿ ਸਕਦੇ।