ਗੰਗਾਨਗਰ ਵਿਚ ਸਿੱਖ ਵਿਰੋਧੀ ਤਾਕਤਾਂ ਬੰਦੀ ਸਿੰਘ ਰਿਹਾਈ ਮਾਰਚ ਰੁਕਵਾਣ ਲਈ ਹੋਈਆਂ ਪੱਬੇਭਾਰ

ਗੰਗਾਨਗਰ ਵਿਚ ਸਿੱਖ ਵਿਰੋਧੀ ਤਾਕਤਾਂ ਬੰਦੀ ਸਿੰਘ ਰਿਹਾਈ ਮਾਰਚ ਰੁਕਵਾਣ ਲਈ ਹੋਈਆਂ ਪੱਬੇਭਾਰ

ਅਕਾਲ ਤਖਤ ਸਾਹਿਬ ਦੇ ਆਦੇਸ਼ ਤੇ 12 ਸਤੰਬਰ ਨੂੰ ਦੇਸ਼ ਵਿਦੇਸ਼ਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਹੋਣਾ ਹੈ ਪ੍ਰਦਰਸ਼ਨ 

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 10 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):-ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਾਂ 'ਤੇ ਨਜ਼ਰਬੰਦ ਸਿੰਘਾਂ ਦੀ ਰਿਹਾਈ ਲਈ ਜਿੱਥੇ 12 ਤਰੀਕ ਨੂੰ ਦੁਨੀਆ ਭਰ 'ਚ ਰੋਸ ਮਾਰਚ ਕੱਢੇ ਜਾ ਰਹੇ ਹਨ, ਉੱਥੇ ਹੀ ਸਿੱਖ ਵਿਰੋਧੀ ਤਾਕਤਾਂ ਇਸ ਰੋਸ ਮਾਰਚ ਨੂੰ ਰੋਕਣ ਲਈ ਸਰਗਰਮ ਹੋ ਗਈਆਂ ਹਨ । ਸਾਧੂ ਬ੍ਰਹਮਦੇਵ ਦੇ ਨਾਲ ਸਿੱਖ ਵਿਰੋਧੀ ਤਾਕਤਾਂ ਨੇ ਰਾਜਸਥਾਨ ਪੁਲਿਸ ਮੁੱਖੀ ਅਤੇ ਜਿਲ੍ਹਾ ਕਲੈਕਟਰ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਕੱਢੇ ਜਾ ਰਹੇ ਰੋਸ ਮਾਰਚ 'ਤੇ ਪਾਬੰਦੀ ਲਗਾਈ ਜਾਵੇ ਨਹੀਂ ਤਾਂ ਰਾਜ ਅੰਦਰ ਦੰਗੇ ਹੋ ਜਾਣਗੇ। ਇਸ ਮਾਰਚ ਦੇ ਆਯੋਜਕਾਂ ਨੂੰ ਗ੍ਰਿਫਤਾਰ ਕਰ ਜੇਲ੍ਹ ਡੱਕਿਆ ਜਾਏ ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬੀਬੀ ਹਰਮੀਤ ਕੌਰ ਖਾਲਸਾ ਮੁੱਖ ਸੇਵਾਦਾਰ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਗੋਲੂਵਾਲਾ ਮੰਡੀ ਨੇ ਦੱਸਿਆ ਕਿ ਆਜਾਦੀ ਲਈ 80 ਫੀਸਦੀ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਸਿੱਖਾਂ ਨਾਲ ਬੇਗਾਨਿਆਂ ਵਾਲਾ ਵਿਹਾਰ ਕੀਤਾ ਜਾ ਰਿਹਾ ਹੈ। ਇਸ ਦੀ ਇਕ ਮਿਸਾਲ ਤਿੰਨ ਦਹਾਕਿਆਂ ਤੋਂ ਹਿੰਦੁਸਤਾਨ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਸਿੱਖ ਹਨ, ਜਿਨ੍ਹਾਂ ਨੂੰ ਸਜਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਰਿਹਾਅ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਰਾਜਸਥਾਨ ਦੀ ਸਿੱਖ ਸੰਗਤ ਵੱਲੋਂ 12 ਸਤੰਬਰ ਨੂੰ ਸਵੇਰੇ 9:30 ਵਜੇ ਗੁਰਦੁਆਰਾ ਸਾਹਿਬ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਪਦਮਪੁਰ ਰੋਡ ਗੰਗਾਨਗਰ ਤੋਂ ਕਾਲੇ ਕੱਪੜੇ ਪਹਿਨ ਕੇ ਤੇ ਹੱਥਾਂ ਪੈਰਾਂ ਵਿੱਚ ਬੇੜੀਆਂ ਪਾ ਕੇ ਰੋਸ ਮਾਰਚ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਸਮੂਹ ਰਾਜਸਥਾਨ ਦੀ ਸਿੱਖ ਸੰਗਤ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਿੱਖ ਜੱਥੇਬੰਦੀਆਂ ਨੂੰ ਇਸ ਰੋਸ ਮਾਰਚ ਵਿੱਚ ਪਹੁੰਚਣ ਦੀ ਅਪੀਲ ਕੀਤੀ। ਉਨ੍ਹਾਂ ਇਸ ਮਾਰਚ ਨੂੰ ਰੋਕਣ ਲਈ ਮੰਗ ਪੱਤਰ ਦੇਣ ਵਾਲਿਆਂ ਨੂੰ ਸਿੱਖ ਵਿਰੋਧੀ ਕਰਾਰ ਦੇਂਦਿਆਂ ਕਿਹਾ ਕਿ ਇਹ ਓਹ ਲੋਕ ਹਨ ਜੋ ਖੁਦ ਦੇਸ਼ ਦਾ ਮਾਹੌਲ ਖਰਾਬ ਕਰਦੇ ਹਨ । ਅਸੀਂ ਇਨ੍ਹਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਜਦੋ ਅਦਾਲਤ ਵਲੋਂ 11 ਬਲਾਤਕਾਰੀ, ਰਾਜੀਵ ਗਾਂਧੀ ਦੇ ਕਾਤਲਾਂ ਅਤੇ ਗੋਧਰਾ ਕਾਂਡ ਵਰਗੇ ਅਤਿ ਘਿਨਾਉਣੇ ਜੁਰਮ ਕਰਣ ਵਾਲਿਆਂ ਨੂੰ ਛਡਿਆ ਗਿਆ ਤਦ ਤੂਹਾਡੇ ਮੰਗ ਪੱਤਰ ਕਿਥੇ ਸਨ, ਜਦੋ ਲੰਮੇ ਸਮੇਂ ਤੋਂ ਜੇਲ੍ਹਾਂ ਕੱਟ ਰਹੇ ਸਿੱਖਾਂ ਦੀ ਵਾਰੀ ਆਂਦੀ ਹੈ ਤਦ ਬੁਲਬੁਲੇਆ ਵਾਂਗ ਤੁਸੀਂ ਉੱਠ ਖੜਦੇ ਹੋ, ਇਹ ਦੋਗਲਾਪਣ ਕਿਉਂ..? ਅਸੀਂ ਇਹ ਮਾਰਚ ਜਰੂਰ ਕਢਾਗੇ ਕਿਉਂਕਿ ਜ਼ੁਲਮ ਖਿਲਾਫ ਅਵਾਜ਼ ਚੁੱਕਣ ਦਾ ਹਕ਼ ਇਸ ਦੇਸ਼ ਦਾ ਸੰਵਿਧਾਨ ਦੇਂਦਾ ਹੈ ।