ਸਿੱਖ ਰਾਜਨੀਤੀ ਦੇ ਥੰਮ ਜੱਥੇਦਾਰ ਅਵਤਾਰ ਸਿੰਘ ਹਿੱਤ ਦਾ ਹੋਇਆ ਦੇਹਾਂਤ

ਸਿੱਖ ਰਾਜਨੀਤੀ ਦੇ ਥੰਮ ਜੱਥੇਦਾਰ ਅਵਤਾਰ ਸਿੰਘ ਹਿੱਤ ਦਾ ਹੋਇਆ ਦੇਹਾਂਤ

ਪੰਥਕ ਅਤੇ ਰਾਜਨੀਤਿਕ ਸ਼ਖਸ਼ੀਅਤਾਂ ਨੇ ਕੀਤਾ ਸ਼ੋਕ ਪ੍ਰਗਟ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 10 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਦੀ ਸਿੱਖ ਸਿਆਸਤ ਵਿੱਚ ਥੰਮ੍ਹ ਕਹੇ ਜਾਣ ਵਾਲੇ ਤਖਤ ਪਟਨਾ ਸਾਹਿਬ ਦੇ ਮੌਜੂਦਾ ਪ੍ਰਧਾਨ, ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ, ਦਿੱਲੀ ਨਗਰ ਨਿਗਮ ਦੇ ਕੌਂਸਲਰ, ਮੇਯਰ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਲ ਦੇ ਆਗੂ ਅਵਤਾਰ ਸਿੰਘ ਹਿੱਤ ਦਾ ਸਵੇਰੇ 80 ਸਾਲ ਦੀ ਉਮਰ 'ਚ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਪਿਛਲੇ ਸਾਲ ਉਸ ਦੀ ਪਤਨੀ ਦਾ ਵੀ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੇ ਇਸ ਤਰ੍ਹਾਂ ਚਲੇ ਜਾਣ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਸਿੱਖ ਕੌਮ ਦੇ ਨਾਲ-ਨਾਲ ਸਿੱਖ ਸਿਆਸਤ ਨਾਲ ਜੁੜੇ ਲੋਕ ਇਸ ਨੂੰ ਵੱਡਾ ਘਾਟਾ ਸਮਝ ਰਹੇ ਹਨ। ਮਿਲੀ ਜਾਣਕਾਰੀ ਮੁਤਾਬਿਕ ਸਵੇਰੇ 7:45 ਵਜੇ ਦੇ ਕਰੀਬ ਜਦੋਂ ਉਹ ਹਰੀ ਨਗਰ ਸਥਿਤ ਆਪਣੇ ਘਰ ਨਿਤਨੇਮ ਕਰ ਰਹੇ ਸੀ ਤਾਂ ਉਨ੍ਹਾਂ ਦੀ ਤਬੀਅਤ ਵਿਗੜ ਗਈ ਅਤੇ ਉਹ ਬੇਹੋਸ਼ ਹੋ ਗਏ ਸਨ । ਘਰ ਦੇ ਪਰਿਵਾਰਕ ਮੈਂਬਰਾਂ ਨੇ ਆ ਕੇ ਉਨ੍ਹਾਂ ਨੂੰ ਸੀਪੀਆਰ ਦਿੱਤੀ, ਪਰ ਹਾਲਤ ਨਾ ਸੁਧਰਨ 'ਤੇ ਉਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 

ਉਨ੍ਹਾਂ ਦੀ ਮੌਤ ਕਾਰਨ ਸਿੱਖ ਸਿਆਸਤ ਨਾਲ ਜੁੜੀਆਂ ਹੋਰਨਾਂ ਪਾਰਟੀਆਂ ਦੇ ਆਗੂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਜਾਣ ਨਾਲ ਸਿੱਖ ਸਿਆਸਤ ਨੂੰ ਵੱਡਾ ਘਾਟਾ ਪਿਆ ਹੈ। ਸਰਦਾਰ ਅਵਤਾਰ ਸਿੰਘ ਹਿੱਤ ਦੋ ਵਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹੇ। ਕੁਝ ਦਿਨ ਪਹਿਲਾਂ ਦਿੱਲੀ ਦੀ ਸਿੱਖ ਸਿਆਸਤ ਵਿੱਚ ਆਈ ਉਥਲ-ਪੁਥਲ 'ਤੇ ਨਜ਼ਰ ਮਾਰੀਏ ਤਾਂ ਜਿੱਥੇ ਦਿੱਲੀ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਕਮੇਟੀ ਨੇ ਬਾਦਲ ਦਲ ਨੂੰ ਛੱਡ ਕੇ ਨਵੀਂ ਪਾਰਟੀ ਬਣਾ ਲਈ, ਪਰ ਅਵਤਾਰ ਸਿੰਘ ਦੀ ਦਿਲਚਸਪੀ ਅਜੇ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਹੀ ਬਣੀ ਹੋਈ ਹੈ। ਮੌਜੂਦਾ ਸਮੇਂ ਵਿੱਚ ਉਹ ਦਿੱਲੀ ਵਿੱਚ ਇੱਕੋ ਇੱਕ ਸੀਨੀਅਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਸਨ ਅਤੇ ਇਨ੍ਹੀਂ ਦਿਨੀਂ ਪਟਨਾ ਸਾਹਿਬ ਦੇ ਪ੍ਰਧਾਨ ਵੀ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਦਿੱਲੀ ਦੀ ਰਾਜਨੀਤੀ ਵਿੱਚ ਵੀ ਅਹਿਮ ਭੂਮਿਕਾ ਨਿਭਾਈ। ਉਸਨੇ 2007 ਵਿੱਚ ਹਰੀ ਨਗਰ ਸੀਟ ਤੋਂ ਭਾਜਪਾ ਅਕਾਲੀ ਗਠਜੋੜ ਨਾਲ ਕੌਂਸਲਰ ਦੀ ਚੋਣ ਜਿੱਤੀ ਅਤੇ ਇਸ ਤੋਂ ਬਾਅਦ 2013 ਵਿੱਚ ਰਾਜੌਰੀ ਗਾਰਡਨ ਵਿਧਾਨ ਸਭਾ ਸੀਟ ਤੋਂ ਭਾਜਪਾ ਅਕਾਲੀ ਦਲ ਗਠਜੋੜ ਦੀ ਸੀਟ ਤੋਂ ਵਿਧਾਨ ਸਭਾ ਚੋਣ ਲੜੀ ਸੀ ਤੇ ਉਹ ਚੋਣ ਹਾਰ ਗਏ ਸਨ । ਉਸ ਚੋਣ ਵਿਚ ਉਹ ਕਾਂਗਰਸ ਦੇ ਦਯਾਨੰਦ ਚੰਦੇਲਾ ਤੋਂ ਮਹਿਜ਼ 13 ਵੋਟਾਂ ਨਾਲ ਹਾਰ ਗਏ ਸਨ । ਆਪਣੀ ਉਮਰ ਨੂੰ ਦੇਖਦੇ ਹੋਏ ਆਪ ਨੇ ਦਿੱਲੀ ਦੀ ਰਾਜਨੀਤੀ ਤੋਂ ਦੂਰੀ ਬਣਾ ਲਈ, ਪਰ ਸਿੱਖੀ ਦੀ ਸਿਆਸਤ ਵਿਚ ਅਜੇ ਵੀ ਸਰਗਰਮੀ ਨਾਲ ਸ਼ਾਮਲ ਸਨ ।

ਉਨ੍ਹਾਂ ਦਾ ਅੰਤਿਮ ਸਸਕਾਰ ਬੇਰੀ ਵਾਲਾ ਵਿਖੇ ਕੀਤਾ ਗਿਆ ਜਿਸ ਵਿਚ ਪੰਥ ਅਤੇ ਰਾਜਨੀਤੀ ਦੀਆਂ ਉਘੀਆ ਸ਼ਖਸ਼ੀਅਤਾਂ ਨੇ ਪਹੁੰਚ ਕੇ ਆਪਣੀ ਸ਼ਰਧਾਂਜਲੀ ਭੇਟ ਕੀਤੀ ਅਤੇ ਨਾਲ ਹੀ ਪਰਿਵਾਰ ਨਾਲ ਆਪਣਾ ਦੁੱਖ ਸਾਂਝਾ ਕੀਤਾ । ਇਸ ਮੌਕੇ ਦਿੱਲੀ ਕਮੇਟੀ ਵਲੋਂ ਅਜ ਦਫਤਰ ਦੀ ਛੁੱਟੀ ਕੀਤੀ ਗਈ ਸੀ ।