ਕਰਾਚੀ ਸਟਾਕ ਐਕਸਚੈਂਜ 'ਤੇ ਹਮਲੇ ਦੀ ਜ਼ਿੰਮੇਵਾਰੀ ਬਲੋਚ ਲਿਬਰੇਸ਼ਨ ਆਰਮੀ ਨੇ ਲਈ

ਕਰਾਚੀ ਸਟਾਕ ਐਕਸਚੈਂਜ 'ਤੇ ਹਮਲੇ ਦੀ ਜ਼ਿੰਮੇਵਾਰੀ ਬਲੋਚ ਲਿਬਰੇਸ਼ਨ ਆਰਮੀ ਨੇ ਲਈ
ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਜਾ ਰਹੀ ਹਮਲਾਵਰਾਂ ਦੀ ਤਸਵੀਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪਾਕਿਸਤਾਨ ਦੇ ਸੂਬੇ ਸਿੰਧ ਦੇ ਕਰਾਚੀ ਸ਼ਹਿਰ ਵਿਚ ਸਥਿਤ ਪਾਕਿਸਤਾਨ ਸਟਾਕ ਐਕਸਚੇਂਜ ਦੇ ਦਫਤਰ 'ਤੇ ਅੱਜ ਸਵੇਰੇ 10 ਵਜੇ ਦੇ ਕਰੀਬ ਹੋਏ ਹਮਲੇ ਦੀ ਜ਼ਿੰਮੇਵਾਰੀ ਬਲੋਚ ਲਿਬਰੇਸ਼ਨ ਆਰਮੀ ਵੱਲੋਂ ਲਈ ਗਈ ਹੈ। ਬਲੋਚ ਲਿਬਰੇਸ਼ਨ ਆਰਮੀ ਨੂੰ ਪਾਕਿਸਤਾਨ ਨੇ ਅੱਤਵਾਦੀ ਗਰੁੱਪ ਐਲਾਨਿਆ ਹੋਇਆ ਹੈ। ਇਹ ਲੋਕ ਬਲੋਚਿਸਤਾਨ ਦੀ ਪਾਕਿਸਤਾਨ ਤੋਂ ਅਜ਼ਾਦੀ ਦੀ ਮੰਗ ਕਰਦੇ ਹਨ। 

ਪਾਕਿਸਤਾਨ ਹਮੇਸ਼ਾ ਤੋਂ ਕਹਿੰਦਾ ਆਇਆ ਹੈ ਕਿ ਭਾਰਤ ਸਰਕਾਰ ਬਲੋਚਿਸਤਾਨ ਵਿਚ ਇਹਨਾਂ ਗਰੁੱਪਾਂ ਰਾਹੀਂ ਗੜਬੜ ਫੈਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। 

ਹੁਣ ਤੱਕ ਦੀਆਂ ਰਿਪੋਰਟਾਂ ਮੁਤਾਬਕ ਹਮਲੇ ਵਿਚ ਸ਼ਾਮਲ ਕੁੱਲ 4 ਹਮਲਾਵਰਾਂ ਨੂੰ ਮਾਰ ਦਿੱਤਾ ਗਿਆ ਹੈ। ਇਸ ਹਮਲੇ ਵਿਚ ਇਮਾਰਤ ਦੀ ਸੁਰੱਖਿਆ ਲਈ ਤੈਨਾਤ 4 ਗਾਰਡ ਅਤੇ ਇਕ ਪੁਲਸ ਮੁਲਾਜ਼ਮ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ 10 ਦੇ ਕਰੀਬ ਲੋਕ ਜ਼ਖਮੀ ਹੋਏ ਹਨ।

ਪ੍ਰਤੱਖਦਰਸ਼ੀਆਂ ਦੇ ਦੱਸਣ ਮੁਤਾਬਕ ਇਹ ਹਮਲਾਵਰ ਗ੍ਰਨੇਡ ਸੁੱਟਦੇ ਅਤੇ ਗੋਲੀਆਂ ਚਲਾਉਂਦੇ ਇਮਾਰਤ ਵਿਚ ਦਾਖਲ ਹੋਏ। ਇਹ ਇਮਾਰਤ ਉੱਚ ਸੁਰੱਖਿਆ ਘੇਰੇ ਵਿਚ ਆਉਂਦੀ ਹੈ ਅਤੇ ਇਸ ਇਮਾਰਤ ਵਿਚ ਕਈ ਵੱਡੇ ਬੈਂਕਾਂ ਦੇ ਮੁੱਖ ਦਫਤਰ ਵੀ ਹਨ।

ਹੁਣ ਤਕ ਚਾਰ ਹਮਲਾਵਰਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ। ਪਾਕਿਸਤਾਨ ਵਿਚ ਐਂਬੂਲੈਂਸਾਂ ਦੀ ਸੇਵਾ ਕਰਨ ਵਾਲੀ ਈਦੀ ਫਾਉਂਡੇਸ਼ਨ ਦੇ ਮੁਖੀ ਫੈਸਲ ਈਦੀ ਨੇ ਹਮਲੇ ਵਾਲੀ ਥਾਂ ਦੇ ਨੇੜੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਦੋ ਹਮਲਾਵਰ ਇਮਾਰਤ ਦੇ ਮੁੱਖ ਦਰਵਾਜੇ 'ਤੇ ਹੀ ਮਾਰੇ ਗਏ ਸਨ ਜਦਕਿ ਦੋ ਉੱਥੇ ਜ਼ਖਮੀ ਹੋ ਗਏ ਸੀ ਜੋ ਬਾਅਦ ਵਿਚ ਇਮਾਰਤ ਦੇ ਅੰਦਰ ਪਹੁੰਚ ਕੇ ਮਰੇ।