ਹਿੰਦੁਤਵੀ ਦਹਿਸ਼ਤ ਜਾਰੀ: ਰਾਮ ਦੇ ਨਾਂ 'ਤੇ ਇੱਕ ਹੋਰ ਮੁਸਲਮਾਨ ਨਾਲ ਕੁੱਟਮਾਰ

ਹਿੰਦੁਤਵੀ ਦਹਿਸ਼ਤ ਜਾਰੀ: ਰਾਮ ਦੇ ਨਾਂ 'ਤੇ ਇੱਕ ਹੋਰ ਮੁਸਲਮਾਨ ਨਾਲ ਕੁੱਟਮਾਰ

ਮੁੰਬਈ: ਇੱਥੇ ਥਾਨੇ ਦੇ ਦੀਵਾ ਇਲਾਕੇ ਵਿੱਚ ਇੱਕ 25 ਸਾਲਾ ਮੁਸਲਮਾਨ ਨਾਲ ਕੁੱਟਮਾਰ ਕਰਕੇ ਜ਼ਬਰਦਸਤੀ "ਜੈ ਸ਼੍ਰੀ ਰਾਮ" ਦੇ ਨਾਅਰੇ ਲਾਉਣ ਲਈ ਕਿਹਾ ਗਿਆ। ਇਹ ਘਟਨਾ ਸੋਮਵਾਰ ਦੀ ਹੈ। ਪੁਲਿਸ ਨੇ ਕੁੱਟਮਾਰ ਕਰਨ ਵਾਲੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

ਕੁੱਟਮਾਰ ਦਾ ਸ਼ਿਕਾਰ ਹੋਏ ਨੌਜਵਾਨ ਦੀ ਪਛਾਣ ਫੈਸਲ ਉਸਮਾਨ ਖਾਨ ਵਜੋਂ ਹੋਈ ਹੈ। ਉਸਦੇ ਦੱਸਣ ਮੁਤਾਬਿਕ ਉਹ ਦਸੰਬਰ 2018 ਤੋਂ ਇੱਥੇ ਕੈਬ ਚਲਾ ਰਿਹਾ ਹੈ। ਸੋਮਵਾਰ ਸਵੇਰੇ 3 ਵਜੇ ਦੇ ਕਰੀਬ, ਉਹ ਮਾਨਵ ਕਲਿਆਣ ਹਸਪਤਾਲ ਤੋਂ ਸਵਾਰੀਆਂ ਲੈ ਕੇ ਮੁੰਬਰੀ ਜਾ ਰਿਹਾ ਸੀ ਜਦੋਂ ਉਸਦੀ ਕਾਰ ਖਰਾਬ ਹੋ ਗਈ।

ਉਸਮਾਨ ਨੇ ਦੱਸਿਆ, "ਮੈਂ ਕਾਰ ਦੀਆਂ ਪਾਰਕਿੰਗ ਲਾਈਟਾਂ ਚਲਾ ਕੇ ਕਾਰ ਸਟਾਰਟ ਕਰਨ ਦੀ ਕੋਸ਼ਿਸ਼ ਕਰਨ ਲੱਗਿਆ। ਉਸ ਸਮੇਂ ਪਿੱਛੋਂ ਸਕੂਟਰ 'ਤੇ ਤਿੰਨ ਲੋਕ ਆਏ ਤੇ ਸ਼ੀਸ਼ੇ 'ਤੇ ਹੱਥ ਮਾਰਨ ਲੱਗੇ। ਉਹਨਾਂ ਨੇ ਸ਼ਰਾਬ ਪੀਤੀ ਹੋਈ ਸੀ ਤੇ ਪੁੱਛ ਰਹੇ ਸਨ ਕਿ ਮੈਂ ਸੜਕ ਦੇ ਵਿਚਕਾਰ ਕਾਰ ਕਿਉਂ ਰੋਕੀ ਹੈ।"

ਉਸਮਾਨ ਦੇ ਦੱਸਣ ਮੁਤਾਬਿਕ ਉਹਨਾਂ ਸ਼ਰਾਬੀ ਹਾਲਤ ਵਿੱਚ ਉਸ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਤੇ ਕਾਰ ਦੀਆਂ ਚਾਬੀਆਂ ਕੱਢ ਲਈਆਂ। ਉਸਮਾਨ ਨੇ ਦੱਸਿਆ ਕਿ ਉਹਨਾਂ ਉਸ ਨੂੰ ਉਸਦੇ ਧਰਮ ਬਾਰੇ ਮੰਦਾ ਬੋਲਿਆ ਤੇ ਕਿਹਾ ਕਿ ਜੇ ਉਹ "ਜੈ ਸ਼੍ਰੀ ਰਾਮ" ਉੱਚੀ ਉੱਚੀ ਬੋਲੇਗਾ ਤਾਂ ਉਸ ਨੂੰ ਜਾਣ ਦੇਣਗੇ।

ਇਸ ਦੌਰਾਨ ਸਵਾਰੀ ਵੱਲੋਂ ਪੁਲਿਸ ਨੂੰ ਫੋਨ ਕਰਨ 'ਤੇ ਇਹ ਲੋਕ ਉਸਮਾਨ ਦਾ ਫੋਨ ਖੋਹ ਕੇ ਭੱਜ ਗਏ। ਉਸਮਾਨ ਨੇ ਜਦੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਤਾਂ ਉਸ ਨੇ ਮਹਿਜ਼ ਸ਼ਰੀਰਕ ਕੁੱਟਮਾਰ ਤੇ ਫੋਨ ਚੋਰੀ ਹੋਣ ਦਾ ਹੀ ਜ਼ਿਕਰ ਕੀਤਾ ਕਿਉਂਕਿ ਉਸ ਮੁਤਾਬਿਕ ਉਸ ਸਮੇਂ ਉਹ ਬਹੁਤ ਡਰਿਆ ਹੋਇਆ ਸੀ ਤੇ ਧਾਰਮਿਕ ਹਮਲੇ ਸਬੰਧੀ ਦੱਸਣ 'ਤੇ ਉਸਨੂੰ ਡਰ ਸੀ ਕਿ ਉਸਦੇ ਪਰਿਵਾਰ ਨੂੰ ਨੁਕਸਾਨ ਹੋ ਸਕਦਾ ਹੈ। ਉਸ ਮਗਰੋਂ ਉਸਨੇ ਪੁਲਿਸ ਦੇ ਉੱਚ ਅਫਸਰਾਂ ਦੇ ਭਰੋਸਾ ਦੇਣ 'ਤੇ ਸਾਰੀ ਘਟਨਾ ਦੱਸੀ ਤੇ ਪੁਲਿਸ ਰਿਪੋਰਟ ਵਿੱਚ ਧਾਰਮਿਕ ਹਮਲੇ ਦੀ ਗੱਲ ਵੀ ਦਰਜ ਕੀਤੀ ਗਈ।

ਮੁੰਬਈ ਪੁਲਿਸ ਨੇ ਇਸ ਘਟਨਾ ਸਬੰਧੀ ਉਪਰੋਕਤ ਤਿੰਨ ਲੋਕਾਂ ਖਿਲਾਫ ਧਾਰਾ 295ਏ, 392, 323, 504, 506 ਅਤੇ 34 ਅਧੀਨ ਮਾਮਲਾ ਦਰਜ ਕਰ ਲਿਆ ਹੈ। ਗ੍ਰਿਫਤਾਰ ਕੀਤੇ ਗਏ ਤਿੰਨਾਂ ਦੀ ਪਛਾਣ ਜੈਦੀਪ ਮੁੰਡ੍ਹੇ (26), ਮੰਗੇਸ਼ ਮੁੰਡ੍ਹੇ (30) ਅਤੇ ਅਨਿਲ ਸੂਰਿਆਵੰਸ਼ੀ (22) ਵਜੋਂ ਹੋਈ ਹੈ।