ਮੋਦੀ ਸਰਕਾਰ ਦੌਰਾਨ ਭਾਰਤ 'ਚ ਘੱਟ ਗਿਣਤੀ ਕੌਮਾਂ 'ਤੇ ਵਧੇ ਹਮਲੇ
ਨਵੀਂ ਦਿੱਲੀ/ਏਟੀ ਨਿਊਜ਼: ਅਮਰੀਕੀ ਵਿਦੇਸ਼ ਮੰਤਰਾਲੇ ਵੱਲੋਂ ਭਾਰਤੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਕਾਸ਼ਿਤ ਧਾਰਮਿਕ ਸੁਤੰਤਰਤਾ ਰਿਪੋਰਟ-2018 ਵਿੱਚ ਇਲਜ਼ਾਮ ਲਾਇਆ ਗਿਆ ਹੈ ਕਿ ਭਾਰਤ ਵਿੱਚ ਕੱਟੜ ਹਿੰਦੂ ਸੰਗਠਨਾਂ ਵੱਲੋਂ ਘੱਟ ਗਿਣਤੀ ਲੋਕਾਂ 'ਤੇ ਪਿਛਲੇ ਪੂਰੇ ਸਾਲ ਹਮਲੇ ਕੀਤੇ ਗਏ। ਹਾਲਾਂਕਿ ਭਾਰਤ ਨੇ ਰਿਪੋਰਟ ਨੂੰ ਸਿਰਿਓਂ ਖਾਰਜ ਕਰ ਦਿੱਤਾ ਹੈ। ਹੁਣ ਇਸ ਰਿਪੋਰਟ 'ਤੇ ਟਿੱਪਣੀਆਂ ਦਾ ਦੌਰ ਜਾਰੀ ਹੈ। ਇਸ ਰਿਪੋਰਟ 'ਤੇ ਪ੍ਰਤੀਕ੍ਰਿਆ ਦਿੰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਰਿਪੋਰਟ ਦਾ ਕੋਈ ਆਧਾਰ ਨਹੀਂ। ਇੱਥੇ ਸਾਰੇ ਨਾਗਰਿਕਾਂ ਨੂੰ ਸੰਵਿਧਾਨਿਕ ਤੌਰ 'ਤੇ ਮੂਲ ਅਧਿਕਾਰ ਦਿੱਤੇ ਗਏ ਹਨ ਤੇ ਇਨ੍ਹਾਂ ਵਿੱਚ ਘੱਟ ਗਿਣਤੀ ਵੀ ਸ਼ਾਮਲ ਹਨ। ਇਸ ਤੋਂ ਪਹਿਲਾਂ ਬੀਜੇਪੀ ਨੇ ਇਸ ਰਿਪੋਰਟ ਨੂੰ ਨਰੇਂਦਰ ਮੋਦੀ ਸਰਕਾਰ ਤੇ ਬੀਜੇਪੀ ਪ੍ਰਤੀ ਪੱਖਪਾਤ ਨਾਲ ਪ੍ਰੇਰਿਤ ਤੇ ਝੂਠੀ ਦੱਸਿਆ ਸੀ।
ਭਾਜਪਾ ਰਿਪੋਰਟ ਤੋਂ ਤੜਫੀ-
ਬੀਜੇਪੀ ਲੀਡਰ ਅਨਿਲ ਬਲੂਨੀ ਨੇ ਕਿਹਾ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਮਾਮਲਿਆਂ ਵਿੱਚ ਸਥਾਨਕ ਝਗੜਿਆਂ ਤੇ ਅਪਰਾਧਿਕ ਤੱਤਾਂ ਦਾ ਹੱਥ ਹੁੰਦਾ ਹੈ। ਜਦ ਕਦੀ ਵੀ ਲੋੜ ਪਈ, ਪ੍ਰਧਾਨ ਮੰਤਰੀ ਤੇ ਹੋਰ ਪਾਰਟੀ ਲੀਡਰਾਂ ਨੇ ਘੱਟ ਗਿਣਤੀ ਤੇ ਸਮਾਜ ਦੇ ਕਮਜ਼ੋਰ ਵਰਗਾਂ ਦੇ ਖ਼ਿਲਾਫ਼ ਹੋਈ ਹਿੰਸਾ ਦੀ ਜ਼ੋਰਦਾਰ ਅਲੋਚਨਾ ਕੀਤੀ ਹੈ।
ਹਾਲਾਂਕਿ ਭਾਜਪਾ ਦੇ ਵੇਲੇ ਦੇ ਸਾਂਸਦ ਵਿਨੈ ਕਟਿਆਰ ਨੇ 7 ਫ਼ਰਵਰੀ ਨੂੰ ਕਿਹਾ ਸੀ ਕਿ ਮੁਸਲਮਾਨਾਂ ਦਾ ਭਾਰਤ ਵਿੱਚ ਕੋਈ ਕੰਮ ਨਹੀਂ। ਉਨ੍ਹਾਂ ਨੂੰ ਬੰਗਲਾਦੇਸ਼ ਜਾਂ ਪਾਕਿਸਤਾਨ ਚਲੇ ਜਾਣਾ ਚਾਹੀਦਾ ਹੈ। ਨਵੰਬਰ 2018 ਤੱਕ ਭੀੜਾਂ ਨੇ 18 ਹਮਲੇ ਕੀਤੇ, ਜਿਨ੍ਹਾਂ ਵਿਚ 8 ਲੋਕ ਮਾਰੇ ਗਏ।
ਜੂਨ 2018 ਨੂੰ Îਭੀੜ ਨੇ ਯੂ ਪੀ ਦੇ ਹਾਪੁੜ ਵਿਚ ਇੱਕ ਬੰਦੇ ਦੀ ਗਊ ਹੱਤਿਆ ਦੀ ਅਫ਼ਵਾਹ ਦੇ ਚੱਲਦਿਆਂ ਹੱਤਿਆ ਕਰ ਦਿੱਤੀ। ਬੁਲੰਦ ਸ਼ਹਿਰ ਵਿਚ ਕਥਿਤ ਗਊ ਹੱਤਿਆ ਤੋਂ ਭੜਕੀ ਭੀੜ ਨੇ ਪੁਲਸ ਇੰਸਪੈਕਟਰ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਜਨਵਰੀ 2018 ਵਿੱਚ ਕਠੂਆ ਇਲਾਕੇ ਵਿੱਚ ਘੱਟਗਿਣਤੀ ਬਕਰਵਾਲ ਭਾਈਚਾਰੇ ਦੀ 8 ਸਾਲ ਦੀ ਕੁੜੀ ਨੂੰ ਅਗਵਾ ਕਰਕੇ ਕਈ ਦਿਨ ਹਵਸ ਦਾ ਸ਼ਿਕਾਰ ਬਣਾ ਕੇ ਕਤਲ ਕਰ ਦਿੱਤਾ ਗਿਆ। ਰਿਪੋਰਟ ਮੁਤਾਬਕ ਸੱਤਾ ਨਾਲ ਜੁੜੇ ਲੋਕਾਂ ਨੇ ਅਪਰਾਧੀਆਂ ਵਿਰੁੱਧ ਕਾਰਵਾਈ ਵਿੱਚ ਅੜਿੱਕੇ ਡਾਹੇ।
ਭਾਜਪਾ ਆਗੂਆਂ 'ਤੇ ਫਿਰਕੂ ਸਿਆਸਤ ਕਰਨ ਦੇ ਦੋਸ਼ ਵੀ ਲੱਗੇ
ਅਮਰੀਕੀ ਰਿਪੋਰਟ ਵਿੱਚ ਭਾਰਤੀ ਗ੍ਰਹਿ ਮੰਤਰਾਲੇ ਵੱਲੋਂ 6 ਫ਼ਰਵਰੀ ਨੂੰ ਲੋਕ ਸਭਾ ਵਿੱਚ ਪੇਸ਼ ਕੀਤੇ ਗਏ ਅੰਕੜਿਆਂ ਦਾ ਵੀ ਹਵਾਲਾ ਦਿੱਤਾ ਗਿਆ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ 2015 ਤੋਂ 2017 ਤੱਕ ਫਿਰਕੂ ਘਟਨਾਵਾਂ ਵਿੱਚ 9 ਫ਼ੀਸਦੀ ਦਾ ਵਾਧਾ ਹੋਇਆ ਹੈ। 2017 ਵਿੱਚ ਫਿਰਕੂ ਹਿੰਸਾ ਦੇ 822 ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚ 111 ਲੋਕ ਮਾਰੇ ਗਏ ਤੇ 2384 ਜ਼ਖ਼ਮੀ ਹੋ ਗਏ।
ਰਾਮ ਸੈਨਾ ਅਸਾਮ ਦਾ ਖੁਦ ਨੂੰ ਬਾਨੀ ਕਹਿਣ ਵਾਲੇ ਦੇਬੋਜੀਤ ਡੇਕਾ ਨੇ ਬੀਤੇ ਮੰਗਲਵਾਰ ਰਾਤ ਇਸ ਟਿੱਪਣੀ ਨਾਲ ਇੱਕ ਵੀਡੀਓ ਪੋਸਟ ਕੀਤੀ ਕਿ ਬਰਪੇਟਾ ਜ਼ਿਲ੍ਹੇ ਦੇ ਰਾਮ ਸੈਨਕਾਂ ਨੇ 'ਪਾਕਿਸਤਾਨ ਜ਼ਿੰਦਾਬਾਦ' ਕਹਿਣ ਵਾਲਿਆਂ ਨੂੰ ਸਬਕ ਸਿਖਾ ਦਿੱਤਾ ਹੈ। ਕੁੱਟ ਦਾ ਸ਼ਿਕਾਰ ਹੋਣ ਵਾਲੇ 8 ਮੁਸਲਮ ਨੌਜਵਾਨਾਂ ਵਿੱਚੋਂ 19 ਸਾਲ ਦੇ ਅਸ਼ਰਫੁਲ ਇਸਲਾਮ ਨੇ ਦੱਸਿਆ ਕਿ ਉਹ ਮੰਗਲਵਾਰ ਰਾਤ ਕਰੀਬ 9 ਵਜੇ ਆਟੋ ਵਿਚ ਜੋਨੀਆ ਤੋਂ ਬਰਪੇਟਾ ਰੇਲਵੇ ਸਟੇਸ਼ਨ ਜਾ ਰਹੇ ਸੀ, ਜਿੱਥੋਂ ਉਨ੍ਹਾਂ ਵੈਲਡਰ ਦਾ ਕੰਮ ਕਰਨ ਨੇਪਾਲ ਜਾਣਾ ਸੀ। ਰਾਹ ਵਿੱਚ 15-20 ਬੰਦਿਆਂ ਨੇ ਉਨ੍ਹਾਂ ਨੂੰ ਘੇਰ ਕੇ ਨਾਂਅ ਪੁੱਛੇ। ਮੁਸਲਮ ਨਾਂਅ ਹੋਣ 'ਤੇ ਉਨ੍ਹਾ 'ਜੈ ਸ੍ਰੀ ਰਾਮ' ਬੋਲਣ ਲਈ ਦਬਕੇ ਮਾਰੇ। ਨਾਂਹ ਕਰਨ 'ਤੇ ਉਨ੍ਹਾਂ 'ਪਾਕਿਸਤਾਨ ਮੁਰਦਾਬਾਦ' ਕਹਿਣ ਲਈ ਜ਼ੋਰ ਪਾਇਆ। ਅਸੀਂ ਇਸ ਤੋਂ ਵੀ ਨਾਂਹ ਕਰ ਦਿੱਤੀ।
"ਮੈਂ ਟੋਪੀ ਪਾਈ ਹੋਈ ਸੀ, ਜਿਸ 'ਤੇ 'ਇੰਡੀਆ' ਲਿਖਿਆ ਹੋਇਆ ਸੀ ਤੇ ਮੈਂ ਉਨ੍ਹਾਂ ਨੂੰ ਕਿਹਾ ਵੀ 'ਮੈਂ ਭਾਰਤ ਨੂੰ ਪਿਆਰ ਕਰਦਾ ਹਾਂ'।" ਉਨ੍ਹਾਂ ਫਿਰ ਕਿਹਾ ਕਿ 'ਪਾਕਿਸਤਾਨ ਮੁਰਦਾਬਾਦ' ਕਹੋ ਅਤੇ ਉਸ 'ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੀ ਖੱਬੀ ਅੱਖ ਫੱਟੜ ਹੋ ਗਈ। ਇਸ ਤੋਂ ਬਾਅਦ ਧਮਕਾਇਆ 'ਪਾਕਿਸਤਾਨ ਮੁਰਦਾਬਾਦ' ਕਹੋ। ਯਾਦ ਰਹੇ ਕਿ ਅਮਰੀਕਾ ਨੇ ਗੁਜਰਾਤ ਵਿੱਚ ਮੁਸਲਮਾਨਾਂ ਖ਼ਿਲਾਫ਼ ਹਿੰਸਾ ਕਾਰਨ 2005 ਵਿੱਚ ਉਸ ਵੇਲੇ ਸੂਬੇ ਦੇ ਮੁੱਖ ਮੰਤਰੀ ਹੁੰਦੇ ਨਰਿੰਦਰ ਮੋਦੀ ਦਾ ਧਾਰਮਿਕ ਅਜ਼ਾਦੀ ਕਾਨੂੰਨ ਤਹਿਤ ਵੀਜ਼ਾ ਰੱਦ ਕਰ ਦਿੱਤਾ ਸੀ।
ਮੁਸਲਮਾਨ ਦਾ ਕਤਲ-
''ਉਹ 17 ਜੂਨ ਦੀ ਰਾਤ ਸੀ। ਮੇਰੇ ਸ਼ੌਹਰ ਜਮਸ਼ੇਦਪੁਰ ਪਿੰਡ ਤੋਂ ਵਾਪਸ ਆ ਰਹੇ ਸਨ, ਤੇ ਉਸੇ ਵੇਲੇ ਧਾਤਕੀਡੀਹ ਪਿੰਡ ਵਿਚ ਕੁਝ ਲੋਕਾਂ ਨੇ ਉਨ੍ਹਾਂ ਨੂੰ ਘੇਰ ਲਿਆ। ਚੋਰੀ ਦਾ ਇਲਜ਼ਾਮ ਲਗਾ ਕੇ ਸਾਰੀ ਰਾਤ ਬਿਜਲੀ ਦੇ ਖੰਭੇ ਨਾਲ ਬੰਨੀ ਰੱਖਿਆ। ਨਾ ਬੋਲਣ 'ਤੇ ਮੇਰੇ ਸ਼ੌਹਰ ਨੂੰ ਬਹੁਤ ਕੁੱਟਿਆ।”
''ਸਵੇਰ ਹੋਣ 'ਤੇ ਉਨ੍ਹਾਂ ਨੂੰ ਸਰਾਏਕੇਲਾ ਥਾਣੇ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਕੁੱਟਮਾਰ ਕਰਨ ਵਾਲਿਆਂ 'ਤੇ ਕਾਰਵਾਈ ਦੀ ਥਾਂ ਮੇਰੇ ਸ਼ੌਹਰ ਨੂੰ ਹੀ ਚੋਰੀ ਦੇ ਇਲਜ਼ਾਮ ਤਹਿਤ ਜੇਲ੍ਹ ਵਿਚ ਭੇਜ ਦਿੱਤਾ। ਉਨ੍ਹਾਂ ਨੂੰ ਕਈ ਗੁੱਝੀਆਂ ਸੱਟਾਂ ਲੱਗੀਆਂ ਸਨ, ਜਿਸ ਕਾਰਨ ਉਨ੍ਹਾਂ ਦਾ ਇੰਤਕਾਲ ਹੋ ਗਿਆ।”
ਸ਼ਾਇਸਤਾ ਪਰਵੀਨ ਦਾ ਕੁਝ ਮਹੀਨੇ ਪਹਿਲਾਂ ਨਿਕਾਹ ਕਦਮਡੀਹਾ ਪਿੰਡ ਦੇ ਤਬਰੇਜ਼ ਅੰਸਾਰੀ ਨਾਲ ਹੋਇਆ ਸੀ। ਇਹ ਪਿੰਡ ਝਾਰਖੰਡ ਦੇ ਸਰਾਏਕੇਲਾ ਜ਼ਿਲ੍ਹੇ ਦੇ ਖਰਸਾਂਵਾ ਥਾਣੇ ਅਧੀਨ ਪੈਂਦਾ ਹੈ।
ਸ਼ਾਇਸਤਾ ਨੇ ਅੱਗੇ ਦੱਸਿਆ, ''ਮੈਂ ਪੁਲਿਸ ਨੂੰ ਇਸ ਦੀ ਲਿਖਤੀ ਸ਼ਿਕਾਇਤ ਕੀਤੀ ਹੈ। ਤਬਰੇਜ਼ ਸਿਰਫ਼ 24 ਸਾਲ ਦੇ ਸਨ। ਉਨ੍ਹਾਂ ਦਾ ਕਤਲ ਕੀਤਾ ਗਿਆ ਹੈ। ਇਸ ਮਾਮਲੇ ਵਿਚ ਪੁਲਿਸ ਅਤੇ ਜੇਲ੍ਹ ਪ੍ਰਸ਼ਾਸਨ ਨੇ ਲਾਪਰਵਾਹੀ ਵਰਤੀ ਹੈ। ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।”
ਸਰਾਏਕੇਲਾ ਥਾਣੇ ਦੇ ਇੰਚਾਰਜ ਅਵਿਨਾਸ਼ ਕੁਮਾਰ ਨੇ ਮੀਡੀਆ ਨੂੰ ਕਿਹਾ ਹੈ ਕਿ ਧਾਤਕੀਡੀਹ ਪਿੰਡ ਦੇ ਲੋਕਾਂ ਨੇ ਤਬਰੇਜ਼ ਅੰਸਾਰੀ ਨੂੰ ਚੋਰੀ ਦੇ ਇਲਜ਼ਾਮ ਵਿਚ ਫੜਿਆ ਸੀ। ਥਾਣੇ ਦੇ ਇੰਚਾਰਜ ਨੇ ਕਿਹਾ, ''ਪਿੰਡ ਵਾਲਿਆਂ ਨੇ ਤਬਰੇਜ਼ ਨੂੰ ਧਾਤਕੀਡੀਹ ਦੇ ਕਮਲ ਮਹਤੋ ਦੀ ਛੱਤ ਤੋਂ ਛਾਲ ਮਾਰਦਿਆਂ ਦੇਖਿਆ ਸੀ। ਉਨ੍ਹਾਂ ਨਾਲ ਦੋ ਹੋਰ ਲੋਕ ਸਨ, ਜੋ ਭੱਜ ਗਏ। ਤਬਰੇਜ਼ ਨੂੰ ਪਿੰਡ ਵਾਲਿਆਂ ਨੇ ਫੜ੍ਹ ਲਿਆ। ਇਸ ਤੋਂ ਬਾਅਦ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਚੋਰ ਦੱਸ ਕੇ ਸਾਡੇ ਹਵਾਲੇ ਕਰ ਦਿੱਤਾ। ਉਨ੍ਹਾਂ ਖ਼ਿਲਾਫ਼ ਚੋਰੀ ਦੀ ਰਿਪੋਰਟ ਦਰਜ ਕਰਵਾਈ ਗਈ ਸੀ। ਅਸੀਂ ਇਲਾਜ ਕਰਵਾਉਣ ਤੋਂ ਬਾਅਦ ਉਸ ਨੂੰ ਅਦਾਲਤ ਲੈ ਗਏ। ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ ਵਿਚ ਸਰਾਏਕੇਲਾ ਦੀ ਜੇਲ੍ਹ ਵਿਚ ਭੇਜ ਦਿੱਤਾ ਗਿਆ। ਇੱਧਰ, ਤਬਰੇਜ਼ ਦੀ ਮੌਤ ਤੋਂ ਬਾਅਦ ਸਰਾਏਕੇਲਾ ਸਦਰ ਹਸਪਤਾਲ ਵਿਚ ਉਸ ਵੇਲੇ ਹੰਗਾਮਾ ਗਿਆ, ਜਦੋਂ ਜੇਲ੍ਹ ਅਧਿਕਾਰੀ ਪੋਸਟਮਾਰਟਮ ਲਈ ਲਾਸ਼ ਲੈ ਕੇ ਪਹੁੰਚੇ। ਕੁਝ ਦੇਰ ਹੋਏ ਹੰਗਾਮੇ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਗੁੱਸੇ ਨਾਲ ਭਰੇ ਲੋਕਾਂ ਨੂੰ ਸਮਝਾਇਆ ਤਾਂ ਤਬਰੇਜ਼ ਦੀ ਲਾਸ਼ ਨੂੰ ਜਮਸ਼ੇਦਪੁਰ ਭੇਜਿਆ ਗਿਆ।
ਪੁਲੀਸ ਨੇ ਝੂਠ ਬੋਲਿਆ-
ਇਸ ਵਿਚਾਲੇ ਤਬਰੇਜ਼ ਅੰਸਾਰੀ ਦੀ ਕੁੱਟਮਾਰ ਦੇ ਦੋ ਵੀਡੀਓ ਵਾਇਰਲ ਹੋ ਰਹੇ ਹਨ। ਇਸ ਵਿੱਚ ਪਿੰਡ ਵਾਸੀ ਜੋ ਭਗਵੇਂਵਾਦੀ ਹਨ, ਉਸ ਨੂੰ ਖੰਭੇ ਨਾਲ ਬੰਨ੍ਹ ਕੇ ਕੁੱਟ ਰਹੇ ਹਨ। ਉਸ ਕੋਲੋਂ ਨਾਮ ਪੁੱਛੇ ਜਾਣ ਤੋਂ ਬਾਅਦ 'ਜੈ ਸ਼੍ਰੀਰਾਮ' ਤੇ 'ਜੈ ਹਨੁਮਾਨ' ਦੇ ਨਾਅਰੇ ਲਗਵਾਏ ਜਾ ਰਹੇ ਹਨ।
ਲਿੰਚਿਗ ਦੇ ਇਸ ਵੀਡੀਓ ਵਿਚ ਕੁਝ ਔਰਤਾਂ ਵੀ ਦਿਖ ਰਹੀਆਂ ਹਨ। ਕੁਝ ਜਾਗਰੂਕ ਲੋਕਾਂ ਨੇ ਇਹ ਵੀਡੀਓ ਸਰਾਏਕੇਲਾ ਖਰਸਾਂਵਾ ਦੇ ਐੱਸਪੀ ਨੂੰ ਵੀ ਮੁਹੱਈਆ ਕਰਵਾਇਆ ਹੈ।
Comments (0)