ਲਾਪਤਾ ਸਰੂਪ ਬਾਰੇ ਕਾਨੂੰਨੀ ਮਾਹਿਰਾਂ ਦਾ ਪੈਨਲ ਹੀ ਦੋਸ਼ੀਆਂ ਖ਼ਿਲਾਫ਼ ਕਰੇਗਾ ਕਾਰਵਾਈ

ਲਾਪਤਾ ਸਰੂਪ ਬਾਰੇ ਕਾਨੂੰਨੀ ਮਾਹਿਰਾਂ ਦਾ ਪੈਨਲ ਹੀ ਦੋਸ਼ੀਆਂ ਖ਼ਿਲਾਫ਼ ਕਰੇਗਾ ਕਾਰਵਾਈ

ਪੰਥਕ ਜਥੇਬੰਦੀਆਂ ਦੇ ਦਬਾਅ ਕਾਰਣ ਅੰਤ੍ਰਿੰਗ ਕਮੇਟੀ ਨੇ ਪੁਲੀਸ ਕੋਲੋਂ ਕਾਰਵਾਈ ਕਰਵਾਉਣ ਵਾਲਾ ਪਹਿਲਾ ਫ਼ੈਸਲਾ ਲਿਆ ਵਾਪਸ; ਸਿੱਖ ਗੁਰਦੁਆਰਾ ਐਕਟ ਤਹਿਤ ਹੋਵੇਗੀ ਕਾਰਵਾਈ
ਪੰਥਕ ਜਥੇਬੰਦੀਆਂ ਵਲੋਂ ਦੋਸ਼ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਅਸਲ ਦੋਸ਼ੀਆਂ ਨੂੰ ਬਚਾ ਰਹੇ ਹਨ
ਲੌਂਗੋਵਾਲ ਤੇ ਮਹਿਤਾ ਨੂੰ ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰਨ ਦੀ ਮੰਗ
ਪਾਵਨ ਸਰੂਪਾਂ ਦੇ ਅੰਤਿਮ ਸਸਕਾਰ ਦੀ ਗੋਇੰਦਵਾਲ ਸਾਹਿਬ ਵਿਖੇ ਨਹੀਂ ਹੋਈ ਰਜਿਸਟਰ 'ਚ ਐਂਟਰੀ
ਘਟਨਾ ਨੂੰ ਪੂਰੀ ਤਰ੍ਹਾਂ ਲੁਕੋਇਆ ਗਿਆ
ਹਰਚਰਨ ਸਿੰਘ ਦੀ ਮੌਤ ਵੀ ਸ਼ੱਕ ਦੇ ਘੇਰੇ ਵਿੱਚ

ਬਘੇਲ ਸਿੰਘ ਪੱਤਰਕਾਰ
ਲਾਪਤਾ ਪਾਵਨ ਸਰੂਪ ਮਾਮਲੇ ਵਿਚ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਲਈ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਈ ਕਾਨੂੰਨੀ ਮਾਹਿਰਾਂ ਦੀ ਕਮੇਟੀ ਨੂੰ ਖ਼ਤਮ ਨਹੀਂ ਕੀਤਾ ਜਾਵੇਗਾ, ਸਗੋਂ ਇਹੀ ਕਮੇਟੀ ਸਿੱਖ ਗੁਰਦੁਆਰਾ ਐਕਟ ਮੁਤਾਬਕ ਇਸ ਸਬੰਧੀ ਕਾਰਵਾਈ ਬਾਰੇ ਵਿਚਾਰ-ਚਰਚਾ ਕਰੇਗੀ। ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਆਪਣੇ ਪਹਿਲੇ ਫ਼ੈਸਲੇ ਨੂੰ ਵਾਪਸ ਲੈਂਦਿਆਂ ਪਾਵਨ ਸਰੂਪ ਮਾਮਲੇ ਵਿਚ ਦੋਸ਼ੀਆਂ ਖ਼ਿਲਾਫ਼ ਪੁਲੀਸ ਕਾਰਵਾਈ ਦੀ ਥਾਂ ਹੁਣ ਖੁਦ ਹੀ ਸੰਸਥਾ ਵੱਲੋਂ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਗੁਰਦੁਆਰਾ ਐਕਟ ਤਹਿਤ ਹੀ ਦੋਸ਼ੀ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅੰਤ੍ਰਿੰਗ ਕਮੇਟੀ ਦੇ ਫ਼ੈਸਲੇ ਮੁਤਾਬਕ ਦੋਸ਼ੀ ਮੁਲਾਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਵਾਸਤੇ ਚਾਰ ਮੈਂਬਰੀ ਕਾਨੂੰਨੀ ਮਾਹਿਰਾਂ ਦਾ ਪੈਨਲ ਬਣਾਇਆ ਗਿਆ ਸੀ, ਜਿਸ ਦੀ ਅਗਵਾਈ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸੌਂਪੀ ਗਈ ਸੀ। ਪੈਨਲ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਤੇ ਦੋ ਹੋਰ ਕਾਨੂੰਨੀ ਮਾਹਿਰ ਸ਼ਾਮਲ ਕੀਤੇ ਗਏ ਸਨ। ਲਾਪਤਾ ਸਰੂਪ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਲਗਪਗ 15 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ, ਜਿਨ੍ਹਾਂ ਵਿਚ ਵਧੇਰੇ ਸ਼੍ਰੋਮਣੀ ਕਮੇਟੀ ਕਰਮਚਾਰੀ ਹਨ। ਇਸ ਸਬੰਧੀ ਅੰਤ੍ਰਿੰਗ ਕਮੇਟੀ ਵੱਲੋਂ ਕੀਤੇ ਫ਼ੈਸਲੇ ਤਹਿਤ ਦੋਸ਼ੀ ਪਾਏ ਗਏ ਪੰਜ ਕਰਮਚਾਰੀਆਂ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਹਨ, ਪੰਜ ਨੂੰ ਮੁਅੱਤਲ ਕੀਤਾ ਹੈ ਤੇ ਇਕ ਸੇਵਾਮੁਕਤ ਕਰਮਚਾਰੀ ਦੇ ਫੰਡ ਰੋਕੇ ਗਏ ਹਨ।

ਲੌਂਗੋਵਾਲ 'ਤੇ ਸਿੱਖ ਕੌਮ ਨੂੰ ਗੁਮਰਾਹ ਕਰਨ ਦਾ ਦੋਸ਼

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮਾਸਟਰ ਮਿੱਠੂ ਸਿੰਘ ਕਾਹਨੇ ਕੇ ਤੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਮਨਜੀਤ ਸਿੰਘ ਬੱਪੀਆਣਾ ਨੇ ਦੋਸ਼ ਲਾਇਆ ਕਿ ਪਾਵਨ ਸਰੂਪਾਂ ਦੇ ਮਸਲੇ 'ਤੇ ਪ੍ਰਧਾਨ ਲੌਂਗੋਵਾਲ ਅਤੇ ਅੰਤ੍ਰਿੰਗ ਕਮੇਟੀ ਨੇ ਕਿਸੇ ਦਬਾਅ ਤਹਿਤ ਝੂਠ ਬੋਲ ਕੇ ਸਿੱਖ ਕੌਮ ਨੂੰ ਗੁਮਰਾਹ ਕੀਤਾ ਹੈ। ਉਨ੍ਹਾਂ ਕਿਹਾ ਕਿ ਗੁੰਮ ਪਾਵਨ ਸਰੂਪਾਂ ਸਬੰਧੀ ਬਿਆਨਬਾਜ਼ੀ ਕਰ ਕੇ ਮੁੱਖ ਕਸੂਰਵਾਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਸਵਾਲ ਚੁੱਕਿਆ ਕਿ 10 ਦਿਨਾਂ 'ਚ ਹੀ ਐੱਸਜੀਪੀਸੀ ਕਾਰਜਕਾਰਨੀ ਕਮੇਟੀ ਨੇ ਜਥੇਦਾਰ ਦੀ ਰਿਪੋਰਟ 'ਤੇ ਕੀਤਾ ਆਪਣਾ ਪਹਿਲਾ ਫ਼ੈਸਲਾ ਕਿਉਂ ਬਦਲ ਦਿੱਤਾ ਹੈ। ਉਨ੍ਹਾਂ ਐੱਸਜੀਪੀਸੀ ਮੈਂਬਰਾਂ ਨੂੰ ਅਪੀਲ ਕੀਤੀ ਕਿ ਮੈਂਬਰ ਸਾਹਿਬਾਨ ਜ਼ਮੀਰ ਦੀ ਆਵਾਜ਼ ਬੁਲੰਦ ਕਰ ਕੇ ਗੁੰਮ ਪਾਵਨ ਸਰੂਪਾਂ ਸਬੰਧੀ ਆਪਣੀ ਗੰਭੀਰਤਾ ਦਿਖਾਉਣ।

ਲਾਪਤਾ ਪਾਵਨ ਸਰੂਪਾਂ ਦੀ ਸ਼੍ਰੋਮਣੀ ਕਮੇਟੀ ਵਲੋਂ ਜਨਤਕ ਕੀਤੀ ਗਈ ਰਿਪੋਰਟ ਤੋਂ ਦੋਸ਼ੀ ਕਰਾਰ ਦਿੱਤੇ ਕਰਮਚਾਰੀਆਂ ਤੇ ਅਧਿਕਾਰੀਆਂ ਖ਼ਿਲਾਫ਼ ਦੋਸ਼ਾਂ ਦਾ ਖੁਲਾਸਾ ਹੋਇਆ ਹੈ ਪਰ ਸਿੱਖ ਜਥੇਬੰਦੀਆਂ ਨੇ ਜਨਤਕ ਕੀਤੀ ਰਿਪੋਰਟ ਨੂੰ ਦੋਸ਼ਪੂਰਨ ਕਰਾਰ ਦਿੰਦਿਆਂ ਮੁਕੰਮਲ ਰਿਪੋਰਟ ਜਨਤਕ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਦੋਸ਼ੀਆਂ ਖ਼ਿਲਾਫ਼ ਪੁਲੀਸ ਕੇਸ ਦਰਜ ਕਰਾਉਣ ਲਈ ਹਾਈ ਕੋਰਟ ਜਾਣ ਦੀ ਚਿਤਾਵਨੀ ਦਿੱਤੀ ਹੈ।

ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਆਗੂ ਸਰਬਜੀਤ ਸਿੰਘ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਮੁਕੰਮਲ ਰਿਪੋਰਟ ਜਨਤਕ ਕਰੇ। ਹੁਣ ਤਕ ਸਿਰਫ ਦੋਸ਼ ਸੂਚੀ ਹੀ ਜਨਤਕ ਕੀਤੀ ਗਈ ਹੈ। ਰਿਪੋਰਟ ਜਨਤਕ ਹੋਣ ਤੋਂ ਬਾਅਦ ਹੀ ਇਸ ਤੋਂ ਤਸੱਲੀ ਜਾਂ ਅਸੰਤੁਸ਼ਟੀ ਬਾਰੇ ਕਿਹਾ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਇਹ ਅਪਰਾਧਿਕ ਮਾਮਲਾ ਹੈ ਅਤੇ ਜੇਕਰ ਸ਼੍ਰੋਮਣੀ ਕਮੇਟੀ ਨੇ ਦੋਸ਼ੀਆਂ ਖ਼ਿਲਾਫ਼ ਪੁਲੀਸ ਕੇਸ ਦਰਜ ਨਾ ਕਰਾਇਆ ਤਾਂ ਉਹ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ। ਪੰਥਕ ਤਾਲਮੇਲ ਸੰਗਠਨ ਦੇ ਕੋ-ਕਨਵੀਨਰ ਜਸਵਿੰਦਰ ਸਿੰਘ ਐਡਵੋਕੇਟ ਨੇ ਵੀ ਪੂਰੀ ਰਿਪੋਰਟ ਜਨਤਕ ਕਰਨ ਅਤੇ ਦੋਸ਼ੀਆਂ ਖ਼ਿਲਾਫ਼ ਪੁਲੀਸ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਪੁਲੀਸ ਕਾਰਵਾਈ ਨਾ ਹੋਈ ਤਾਂ ਉਹ ਵੀ ਹਾਈ ਕੋਰਟ ਜਾਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਦੇ ਕਈ ਮਾਮਲਿਆਂ ਵਿਚ ਪੁਲੀਸ ਕੇਸ ਦਰਜ ਹੋ ਚੁੱਕੇ ਹਨ।

ਹਵਾਰਾ ਕਮੇਟੀ ਨੇ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਅੰਤ੍ਰਿੰਗ ਕਮੇਟੀ 'ਤੇ ਦੋਸ਼ ਲਾਇਆ ਹੈ ਕਿ ਉਹ ਇਸ ਮਾਮਲੇ ਵਿਚ ਕਿਸੇ ਸਾਜਿਸ਼ ਤਹਿਤ ਝੂਠ ਬੋਲ ਕੇ ਸੰਗਤਾਂ ਨੂੰ ਗੁਮਰਾਹ ਕਰ ਰਹੇ ਹਨ। ਕਮੇਟੀ ਦੇ ਆਗੂ ਪ੍ਰੋ. ਬਲਜਿੰਦਰ ਸਿੰਘ, ਐਡਵੋਕੇਟ ਅਮਰ ਸਿੰਘ ਚਾਹਲ, ਬਾਪੂ ਗੁਰਚਰਨ ਸਿੰਘ, ਆਦਿ ਨੇ ਜਾਂਚ ਕਮੇਟੀ ਦੀ ਕਾਰਵਾਈ 'ਤੇ ਵੀ ਪ੍ਰਸ਼ਨ ਚਿੰਨ੍ਹ ਲਾਉਂਦਿਆਂ ਆਖਿਆ ਕਿ ਉਸ ਵਲੋਂ ਇਸ ਜਾਂਚ ਵਿਚ ਬਾਦਲ ਪਰਿਵਾਰ ਨੂੰ ਸ਼ਾਮਲ ਨਹੀਂ ਕੀਤਾ ਗਿਆ ਜਿਸ ਦੇ ਇਸ਼ਾਰੇ 'ਤੇ ਪ੍ਰਧਾਨ ਅਤੇ ਜਥੇਦਾਰ ਨਿਯੁਕਤ ਕੀਤੇ ਜਾਂਦੇ ਹਨ।

35 ਸਿੱਖ ਜਥੇਬੰਦੀਆਂ ਤੇ ਅਲਾਇੰਸ ਆਫ਼ ਸਿੱਖ ਆਰਗੇਨਾਈਜੇਸ਼ਨਜ਼ ਦੇ ਬੁਲਾਰੇ ਸੁਖਦੇਵ ਸਿੰਘ ਫਗਵਾੜਾ ਅਤੇ ਪਰਮਪਾਲ ਸਿੰਘ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲੋਂ ਮੰਗ ਕੀਤੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਰਾਜਿੰਦਰ ਸਿੰਘ ਮਹਿਤਾ ਨੂੰ ਲਾਪਤਾ ਹੋਏ ਸਰੂਪਾਂ ਬਾਰੇ ਝੂਠ ਬੋਲਣ ਅਤੇ ਸਿੱਖ ਪੰਥ ਨੂੰ ਗੁਮਰਾਹ ਕਰਨ ਦੇ ਦੋਸ਼ ਤਹਿਤ ਅਕਾਲ ਤਖਤ ਸਾਹਿਬ 'ਤੇ ਤਲਬ ਕੀਤਾ ਜਾਵੇ। ਉਨ੍ਹਾਂ ਕਿਹਾ ਹੈ ਕਿ ਪ੍ਰਧਾਨ ਲੌਂਗੋਵਾਲ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਮਾਮਲੇ ਵਿੱਚ ਦੋਸ਼ੀਆਂ ਖ਼ਿਲਾਫ਼ ਫ਼ੌਜਦਾਰੀ ਮੁਕੱਦਮੇ ਦਰਜ ਕਰਨ ਤੋਂ ਮੁੱਕਰ ਗਏ ਹਨ ਜਿਸ ਤੋਂ ਸਪਸ਼ਟ ਹੋ ਗਿਆ ਹੈ ਕਿ ਉਹ ਸਾਰੇ ਦੋਸ਼ੀਆਂ ਨੂੰ ਬਚਾਉਣਾ ਚਾਹੁੰਦੇ ਹਨ। ਸੁਖਦੇਵ ਸਿੰਘ ਅਤੇ ਪਰਮਪਾਲ ਸਿੰਘ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਸਵਾਲ ਕੀਤਾ ਕਿ ਜੇ ਉਹ ਇਸ ਮਾਮਲੇ ਵਿਚ ਪੁਲੀਸ ਦੀ ਦਖਲਅੰਦਾਜ਼ੀ ਨਹੀਂ ਚਾਹੁੰਦੇ ਤਾਂ ਫਿਰ ਇਹ ਦੱਸਣ ਕਿ ਹਰ ਸਾਲ ਜੂਨ ਮਹੀਨੇ ਸਾਕਾ ਨੀਲਾ ਤਾਰਾ ਦੀ ਵਰ੍ਹੇਗੰਢ ਦੌਰਾਨ ਸ਼੍ਰੋਮਣੀ ਕਮੇਟੀ ਦੀ ਮਰਜ਼ੀ ਤੋਂ ਬਿਨਾਂ ਹੀ ਦਰਬਾਰ ਸਾਹਿਬ ਪਰਿਕਰਮਾ ਵਿੱਚ ਪੁਲੀਸ ਤਾਇਨਾਤ ਕਰ ਕੇ ਨੌਜਵਾਨਾਂ ਦੀ ਆਵਾਜ਼ ਕਿਉਂ ਦੱਬੀ ਜਾਂਦੀ ਹੈ। ਜੇ ਕੋਈ ਅਕਾਲ ਤਖਤ ਸਾਹਿਬ 'ਤੇ ਅਰਦਾਸ ਕਰਦਾ ਹੈ ਤਾਂ ਦਰਬਾਰ ਸਾਹਿਬ ਪਰਿਕਰਮਾ ਵਿੱਚ ਤਾਇਨਾਤ ਪੁਲੀਸ ਮੁਲਾਜ਼ਮ ਉਸੇ ਵੇਲੇ ਕਿਵੇਂ ਗ੍ਰਿਫ਼ਤਾਰ ਕਰ ਲੈਂਦੇ ਹਨ। ਉਨ੍ਹਾਂ ਪ੍ਰਧਾਨ ਲੌਂਗੋਵਾਲ ਨੂੰ ਸਵਾਲ ਕੀਤਾ ਕਿ ਹਰ ਵੇਲੇ ਦਰਬਾਰ ਸਾਹਿਬ ਦੀ ਪਰਿਕਰਮਾ ਅੰਦਰ ਸਿਵਲ ਵਰਦੀ 'ਚ ਘੁੰਮ ਰਹੇ ਪੁਲੀਸ ਮੁਲਾਜ਼ਮਾਂ ਦਾ ਪੂਰਾ ਕੰਟਰੋਲ ਹੁੰਦਾ ਹੈ ਕੀ ਉਸ ਵੇਲੇ ਪੁਲੀਸ ਦੀ ਦਖ਼ਲਅੰਦਾਜ਼ੀ ਉਨ੍ਹਾਂ ਦੀ ਸਹਿਮਤੀ ਨਾਲ ਹੁੰਦੀ ਹੈ। ਦੋਹਾਂ ਆਗੂਆਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਵੱਲੋਂ ਰਾਜਿੰਦਰ ਸਿੰਘ ਮਹਿਤਾ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਦਾਅਵਾ ਕੀਤਾ ਸੀ ਕਿ ਅੱਗ ਲੱਗਣ ਵਾਲੇ ਦਿਨ ਸਿਰਫ 14 ਸਰੂਪ ਹੀ ਨੁਕਸਾਨੇ ਗਏ ਸਨ ਜਦਕਿ ਫਰਵਰੀ 2020 ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਫ਼ਿਸ ਨੋਟ ਤੋਂ ਇਹ ਗੱਲ ਸਾਬਤ ਹੋ ਗਈ ਕਿ ਉਸ ਦਿਨ 80 ਦੇ ਕਰੀਬ ਗੁਰੂ ਸਾਹਿਬ ਦੇ ਪਾਵਨ ਸਰੂਪ ਨੁਕਸਾਨੇ ਗਏ ਸਨ। ਉਨ੍ਹਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਅਪੀਲ ਵੀ ਕੀਤੀ ਕਿ ਭਾਈ ਲੌਂਗੋਵਾਲ ਤੇ ਮਹਿਤਾ ਸਮੇਤ ਸਾਰੇ ਦੋਸ਼ੀਆਂ 'ਤੇ ਕਿਸੇ ਵੀ ਸਿੱਖ ਸੰਸਥਾ ਦੀ ਚੋਣ ਲੜਨ 'ਤੇ ਪਾਬੰਦੀ ਲਾਈ ਜਾਵੇ।

ਇਕ ਹਜ਼ਾਰ ਪੰਨਿਆਂ ਦੀ ਜਾਂਚ ਰਿਪੋਰਟ ਦੇ ਕੇਵਲ 10 ਪੰਨੇ ਹੀ ਕੀਤੇ ਜਨਤਕ

ਬੀਤੇ ਦਿਨ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ 'ਚ ਪਾਸ ਮਤੇ ਰਾਹੀਂ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅਕਾਲ ਤਖ਼ਤ ਸਾਹਿਬ ਵਲੋਂ ਬਣਾਈ ਪੜਤਾਲੀਆ ਕਮੇਟੀ ਦੀ ਰਿਪੋਰਟ ਸਿੱਖ ਜਥੇਬੰਦੀਆਂ ਦੀ ਜ਼ੋਰਦਾਰ ਮੰਗ ਅੱਗੇ ਝੁਕਦਿਆਂ ਸ਼੍ਰੋਮਣੀ ਕਮੇਟੀ ਦੀ ਵੈੱਬਸਾਈਟ 'ਤੇ ਜਨਤਕ ਕਰਨ ਦਾ ਐਲਾਨ ਕੀਤਾ ਸੀ, ਪਰ ਅਸਲੀਅਤ 'ਚ ਡਾ: ਈਸ਼ਰ ਸਿੰਘ ਵਾਲੀ ਜਾਂਚ ਕਮੇਟੀ ਦੀ ਕਰੀਬ 1 ਹਜ਼ਾਰ ਪੰਨੇ ਵਾਲੀ ਜਾਂਚ ਰਿਪੋਰਟ 'ਚੋਂ ਕੇਵਲ 10 ਪੰਨਿਆਂ ਨੂੰ ਹੀ ਜਨਤਕ ਕੀਤਾ ਗਿਆ ਹੈ ? ਸ਼੍ਰੋਮਣੀ ਕਮੇਟੀ ਦੀ ਵੈੱਬਸਾਈਟ ਖੋਲ੍ਹਣ 'ਤੇ ਸਾਹਮਣੇ ਦਿਖਾਈ ਦਿੰਦੇ ਇਕ ਲਿੰਕ ਦੇ ਸਿਰਲੇਖ 'ਤੇ 'ਮਾਣਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਪੜਤਾਲੀਆ ਕਮੇਟੀ ਵਲੋਂ ਪੇਸ਼ ਕੀਤੀ ਗਈ ਰਿਪੋਰਟ' ਲਿਖਿਆ ਮਿਲਦਾ ਹੈ? ਪਰ ਲਿੰਕ 'ਤੇ ਕਲਿੱਕ ਕਰਨ 'ਤੇ ਕੇਵਲ ਜਾਂਚ ਰਿਪੋਰਟ ਦੇ 10 ਪੰਨੇ ਹੀ ਨਜ਼ਰ ਆਉਂਦੇ ਹਨ ਅਤੇ ਬਾਕੀ ਬਚਦੇ 990 ਪੰਨਿਆਂ ਬਾਰੇ ਕੋਈ ਜ਼ਿਕਰ ਨਹੀਂ ਮਿਲਦਾ? ਇੱਥੇ ਜ਼ਿਕਰਯੋਗ ਹੈ ਕਿ ਅਕਾਲ ਪੁਰਖ ਕੀ ਫੌਜ ਸੰਸਥਾ ਦੇ ਡਾਇਰੈਕਟਰ ਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਸਵਿੰਦਰ ਸਿੰਘ ਐਡਵੋਕੇਟ ਨੇ ਬੀਤੇ ਦਿਨ ਆਰ.ਟੀ.ਆਈ. ਰਾਹੀਂ ਸ਼੍ਰੋਮਣੀ ਕਮੇਟੀ ਤੋਂ ਜਾਂਚ ਰਿਪੋਰਟ ਦੀ ਕਾਪੀ ਦੀ ਮੰਗ ਸਮੇਤ ਲਾਪਤਾ ਪਾਵਨ ਸਰੂਪਾਂ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦੀ ਮੰਗ ਕੀਤੀ ਸੀ? ਇਸ ਸਬੰਧੀ ਫ਼ਿਲਹਾਲ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਜਾਂਚ ਕਮੇਟੀ ਦੇ ਮੁਖੀ ਡਾ: ਈਸ਼ਰ ਸਿੰਘ ਐਡਵੋਕੇਟ ਦਾ ਅਜੇ ਤੱਕ ਕੋਈ ਪ੍ਰਤੀਕਰਮ ਸਾਹਮਣੇ ਨਹੀਂ ਆਇਆ ?

ਮਾਮਲਾ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਅਗਨ ਭੇਟ ਹੋਏ ਸਰੂਪਾਂ ਦਾ

19 ਮਈ 2016 ਨੂੰ ਗੁਰਦੁਆਰਾ ਰਾਮਸਰ ਸਾਹਿਬ ਸਥਿਤ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਅਗਨ ਭੇਟ ਹੋਏ ਤੇ ਪਾਣੀ ਨਾਲ ਨੁਕਸਾਨੇ ਗਏ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਮਾਮਲੇ ਨੂੰ ਜਿਸ ਤਰ੍ਹਾਂ ਚੁੱਪ-ਚੁਪੀਤੇ ਪਾਵਨ ਸਰੂਪਾਂ ਦੇ ਗੁਰਦੁਆਰਾ ਬਾਉਲੀ ਸਾਹਿਬ ਗੋਇੰਦਵਾਲ ਸਾਹਿਬ ਵਿਖੇ ਸਸਕਾਰ ਕਰ ਕੇ ਜਲ ਪ੍ਰਵਾਹ ਕਰ ਦਿੱਤੇ ਗਏ, ਉੱਥੇ ਇਸ ਮਾਮਲੇ 'ਚ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਅਤੇ ਅਹੁਦੇਦਾਰਾਂ ਵਲੋਂ ਨਿਯਮਾਂ ਦੀਆਂ ਧੱਜੀਆਂ ਉਡਾਉਣ ਦੇ ਨਾਲ-ਨਾਲ ਸਿੱਖ ਰਹਿਤ ਮਰਿਆਦਾ ਦਾ ਘਾਣ ਕੀਤਾ ਗਿਆ, ਉਸ ਕਾਰਨ ਸ਼੍ਰੋਮਣੀ ਕਮੇਟੀ ਦਾ ਸਿਰ ਨੀਵਾਂ ਹੋਇਆ ਹੈ ? ਪਾਵਨ ਸਰੂਪ ਅਗਨ ਭੇਟ ਹੋਣ 'ਤੇ ਉਸ ਸਮੇਂ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਤੇ ਬਾਕੀ ਅੰਤ੍ਰਿਗ ਕਮੇਟੀ ਵਲੋਂ ਕੋਈ ਪਸ਼ਚਾਤਾਪ ਨਾ ਕੀਤੇ ਜਾਣ 'ਤੇ ਸਿੱਖ ਇਤਿਹਾਸ 'ਚ ਪਹਿਲੀ ਵਾਰ ਹੋ ਰਿਹਾ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਸਾਲ 2016 ਦੀ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਦੇ ਨਾਲ ਨਾਲ ਉਸ ਵੇਲੇ ਦੇ ਮੁੱਖ ਸਕੱਤਰ ਨੂੰ ਅਕਾਲ ਤਖ਼ਤ ਸਾਹਿਬ ਉੱਪਰ ਤਲਬ ਕਰ ਕੇ ਆਪਣਾ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ। ਉਸ ਸਮੇਂ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦਾ ਦਿਹਾਂਤ ਹੋ ਚੁੱਕਾ ਹੈ, ਜਦਕਿ 2016 ਦੀ ਸਮੁੱਚੀ ਅੰਤ੍ਰਿਗ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਮੁੱਖ ਰੂਪ 'ਚ ਕੇਵਲ ਸਿੰਘ ਬਾਦਲ, ਰਘੂਜੀਤ ਸਿੰਘ ਵਿਰਕ, ਸੁਖਦੇਵ ਸਿੰਘ ਭੌਰ, ਭਾਈ ਰਜਿੰਦਰ ਸਿੰਘ ਮਹਿਤਾ ਤੋਂ ਇਲਾਵਾ ਉਸ ਸਮੇਂ ਦੇ ਮੁੱਖ ਸਕੱਤਰ ਹਰਚਰਨ ਸਿੰਘ ਮਿਤੀ 18 ਸਤੰਬਰ 2020 ਨੂੰ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰ ਹੋ ਕੇ ਪੰਜ ਸਿੰਘ ਸਾਹਿਬਾਨ ਅੱਗੇ ਆਪਣਾ ਸਪਸ਼ਟੀਕਰਨ ਦੇਣਗੇ। ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ 24 ਅਗਸਤ 2020 ਨੂੰ ਇਹ ਹੁਕਮ ਜਾਰੀ ਕੀਤਾ ਸੀ। ਵਰਨਣਯੋਗ ਹੈ ਕਿ 19 ਮਈ 2016 ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਗਨ ਭੇਟ ਹੋਏ ਪਾਵਨ ਸਰੂਪ ਅਤੇ ਪਾਣੀ ਨਾਲ ਨੁਕਸਾਨੇ ਹੋਏ ਪਾਵਨ ਸਰੂਪਾਂ ਦੇ ਸਸਕਾਰ ਸਬੰਧੀ, ਜਿਸ ਬੱਸ 'ਤੇ ਇਹ ਪਾਵਨ ਸਰੂਪ ਸੁਸ਼ੋਭਿਤ ਕਰ ਕੇ ਗੋਇੰਦਵਾਲ ਸਾਹਿਬ ਵਿਖੇ ਲਿਜਾਏ ਗਏ, ਉਸ ਬੱਸ ਦੇ ਅੱਗੇ-ਪਿੱਛੇ ਪਾਈਲਟ ਜਿਪਸੀ ਲਗਾਈ ਗਈ ਸੀ ਅਤੇ ਕਿਸੇ ਨੂੰ ਇਹ ਵੀ ਪਤਾ ਨਹੀਂ ਸੀ ਕਿ ਇਸ ਬੱਸ 'ਚ ਅਗਨ ਭੇਟ ਹੋਏ ਤੇ ਪਾਣੀ ਨਾਲ ਨੁਕਸਾਨੇ ਹੋਏ ਪਾਵਨ ਸਰੂਪ ਹਨ। ਇੱਥੋਂ ਤੱਕ ਕਿ ਇਸ ਘਟਨਾ ਨੂੰ ਪੂਰੀ ਤਰ੍ਹਾਂ ਛੁਪਾਇਆ ਗਿਆ ਹੈ। ਇਨ੍ਹਾਂ ਪਾਵਨ ਸਰੂਪਾਂ ਨੂੰ ਗੋਇੰਦਵਾਲ ਸਾਹਿਬ ਵਿਖੇ ਲਿਜਾ ਕੇ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਸਸਕਾਰ ਕਰਨ ਤੋਂ ਬਾਅਦ ਜਲ ਪ੍ਰਵਾਹ ਕਰ ਦਿੱਤਾ ਗਿਆ। ਇੱਥੋਂ ਤੱਕ ਕਿ ਗੁਰਦੁਆਰਾ ਬਾਉਲੀ ਸਾਹਿਬ ਗੋਇੰਦਵਾਲ ਸਾਹਿਬ ਸਥਿਤ ਰਜਿਸਟਰ 'ਚ ਅਤੇ ਗੁਰਦੁਆਰਾ ਰਾਮਸਰ ਸਾਹਿਬ ਸਥਿਤ ਇਸ ਨੂੰ ਦਰਜ ਵੀ ਨਹੀਂ ਕੀਤਾ ਗਿਆ, ਜਿਸ ਕਾਰਨ ਜਾਂਚ ਕਮੇਟੀ ਵਲੋਂ ਅਗਨ ਭੇਟ ਹੋਏ ਪਾਵਨ ਸਰੂਪਾਂ ਦੇ ਸਸਕਾਰ ਅਤੇ ਜਲ ਪ੍ਰਵਾਹ ਦੀ ਜਾਣਕਾਰੀ ਦਰਜ ਨਾ ਕਰਨ 'ਤੇ ਗੋਇੰਦਵਾਲ ਸਾਹਿਬ ਵਿਖੇ ਤਾਇਨਾਤ ਅਮਰਜੀਤ ਸਿੰਘ ਸੇਵਾਦਾਰ ਨੂੰ ਕਸੂਰਵਾਰ ਮੰਨਦਿਆਂ ਉਸ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਗਈਆਂ। ਗੁਰੂ ਗ੍ਰੰਥ ਸਾਹਿਬ ਭਵਨ ਸਥਿਤ ਪਬਲੀਕੇਸ਼ਨ ਵਿਭਾਗ ਦੇ ਇੰਚਾਰਜ ਪਰਮਦੀਪ ਸਿੰਘ ਨੇ ਸਿਰਫ਼ ਪੰਜ ਪਾਵਨ ਸਰੂਪਾਂ ਦੇ ਅਗਨ ਭੇਟ ਹੋਣ ਸਬੰਧੀ ਪੁਲਿਸ ਨੂੰ ਬਿਆਨ ਦਿੱਤੇ ਸਨ, ਜਦਕਿ ਪਬਲੀਕੇਸ਼ਨ ਵਿਭਾਗ 'ਚ ਹੀ ਤਾਇਨਾਤ ਸਹਾਇਕ ਸੁਪਰਵਾਈਜ਼ਰ ਕੰਵਲਜੀਤ ਸਿੰਘ ਅਨੁਸਾਰ ਪਾਣੀ ਨਾਲ ਨੁਕਸਾਨੇ ਅਤੇ ਅਗਨ ਭੇਟ ਹੋਏ ਪਾਵਨ ਸਰੂਪਾਂ ਦੀ ਗਿਣਤੀ 80 ਸੀ। 19 ਮਈ 2016 ਨੂੰ ਗੁਰਦੁਆਰਾ ਬਾਉਲੀ ਸਾਹਿਬ ਗੋਇੰਦਵਾਲ ਸਾਹਿਬ ਵਿਖੇ ਗੁਪਤ ਤਰੀਕੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨੁਕਸਾਨੇ ਗਏ 65 ਪਾਵਨ ਸਰੂਪ ਸਸਕਾਰ ਕਰ ਕੇ ਜਲ ਪ੍ਰਵਾਹ ਕੀਤੇ ਗਏ, ਜਦਕਿ 15 ਪਾਵਨ ਸਰੂਪਾਂ ਨੂੰ 31 ਮਈ 2016 ਨੂੰ ਖ਼ੁਫ਼ੀਆ ਤਰੀਕੇ ਨਾਲ ਬਿਰਧ ਸਰੂਪਾਂ 'ਚ ਰੱਖ ਕੇ ਗੋਇੰਦਵਾਲ ਸਾਹਿਬ ਵਿਖੇ ਲਿਜਾ ਕੇ ਸਸਕਾਰ ਕਰ ਕੇ ਜਲ ਪ੍ਰਵਾਹ ਕੀਤੇ ਗਏ। ਜਾਂਚ ਕਮੇਟੀ ਵਲੋਂ ਜਦ ਹੋਰਨਾਂ ਤੋਂ ਇਲਾਵਾ ਉਸ ਸਮੇਂ ਦੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਮੁੱਖ ਸਕੱਤਰ ਸ਼੍ਰੋਮਣੀ ਕਮੇਟੀ ਹਰਚਰਨ ਸਿੰਘ, ਮਨਜੀਤ ਸਿੰਘ ਸਕੱਤਰ, ਰਜਿੰਦਰ ਸਿੰਘ ਮਹਿਤਾ ਆਦਿ ਦੇ ਬਿਆਨ ਦਰਜ ਕੀਤੇ ਗਏ ਤਾਂ ਇਹ ਪਾਇਆ ਕਿ ਨਾ ਤਾਂ 19 ਮਈ 2016 ਨੂੰ ਪਾਣੀ ਨਾਲ ਨੁਕਸਾਨੇ ਅਤੇ ਅਗਨ ਭੇਟ ਪਾਵਨ ਸਰੂਪਾਂ ਦਾ ਵੇਰਵਾ ਦਿੱਤਾ ਗਿਆ ਸੀ ਅਤੇ ਨਾ ਹੀ ਮਰਿਆਦਾ ਅਨੁਸਾਰ ਅਖੰਡ ਪਾਠ ਸਾਹਿਬ ਦੇ ਪਾਠ ਕਰਵਾਏ ਗਏ ਤੇ ਨਾ ਹੀ ਪਸ਼ਚਾਤਾਪ ਕਰਨ ਦੇ ਨਾਲ-ਨਾਲ ਭੁੱਲਾਂ ਬਖ਼ਸ਼ਾਈਆਂ ਗਈਆਂ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਅਹੁਦੇਦਾਰਾਂ ਵਲੋਂ ਇਸ ਵੱਡੀ ਘਟਨਾ ਨੂੰ ਲੁਕਾ ਕੇ ਰੱਖਣਾ ਅਤੇ ਮਰਿਆਦਾ ਅਨੁਸਾਰ ਕਾਰਵਾਈ ਨਾ ਕਰਨਾ ਸ਼੍ਰੋਮਣੀ ਕਮੇਟੀ ਦੇ ਕੰਮਕਾਜ 'ਤੇ ਵੱਡਾ ਸਵਾਲੀਆ ਨਿਸ਼ਾਨ ਹੈ। ਇਸ ਮਾਮਲੇ ਨੂੰ ਉਜਾਗਰ ਕਰਨ ਵਾਲੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਸਰਬਜੀਤ ਸਿੰਘ ਵੇਰਕਾ ਦਾ ਮੰਨਣਾ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਜੋ ਊਣਤਾਈਆਂ ਉਜਾਗਰ ਹੋਈਆਂ ਹਨ ਤੇ ਜੇਕਰ ਹੁਣ ਇਸ ਤੋਂ ਸਿੱਖਿਆ ਲਈ ਜਾਵੇ ਤਾਂ ਇਹ ਕੇਸ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ 'ਚ ਵੱਡੇ ਸੁਧਾਰ ਕਰਨ 'ਚ ਅਹਿਮ ਕੜੀ ਨਿਭਾਅ ਸਕਦਾ ਹੈ।

ਕੋਣ ਜ਼ਿੰਮੇਵਾਰ

ਇਥੇ ਜ਼ਿਕਰਯੋਗ ਹੈ ਕਿ  ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦਾ ਗੁੰਮ ਹੋ ਜਾਣਾ, ਉਹ ਵੀ ਐਨੀ ਵੱਡੀ ਤਾਦਾਦ ਵਿੱਚ ਤਾਂ ਸਿੱਖਾਂ ਦੇ ਬਰਦਾਸਤ ਤੋ ਬਾਹਰ ਹੋਣਾ ਸੁਭਾਵਿਕ ਹੈ। ਇਸ ਮਸਲੇ ਨੂੰ ਜੇਕਰ ਗੰਭੀਰਤਾ ਨਾਲ ਪੜਚੋਲਿਆ ਜਾਵੇ ,ਤਾਂ ਇਸ ਘਟਨਾ ਦਾ ਮੁਢਲਾ ਸਮਾਂ ਵੀ ਉਸ ਸਮੇਂ ਨਾਲ ਜਾ ਮਿਲਦਾ ਹੈ, ਜਦੋਂ 2015 ਵਿੱਚ ਸ੍ਰੀ ਗੁਰੂ ਗਰੰਥ ਸਾਹਿਬ ਦੇ ਸਰੂਪ ਚੋਰੀ ਹੋਏ ਅਤੇ ਬੇਅਦਬੀਆਂ ਦਾ ਦੌਰ ਚੱਲਿਆ। ਇੱਕ ਪਾਸੇ ਫਰੀਦਕੋਟ ਜਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗਰੰਥ ਸਾਹਿਬ ਦੇ ਸਰੂਪ ਚੋਰੀ ਹੋ ਜਾਂਦੇ ਹਨ ਅਤੇ ਕੁੱਝ ਦਿਨਾਂ ਬਾਅਦ ਬਰਗਾੜੀ ਦੀਆਂ ਗਲੀਆਂ ਵਿੱਚੋ ਗੁਰੂ ਸਾਹਿਬ ਦੇ ਬੇਅਦਬ ਕੀਤੇ ਅੰਗ ਮਿਲਦੇ ਹਨ, ਜਿਸ ਤੋ ਸਿੱਖ ਕੌਮ ਦੀਆਂ ਭਾਵਨਾਵਾਂ ਬੁਰੀ ਤਰ੍ਹਾਂ ਭੜਕਦੀਆਂ ਹਨ, ਤੇ ਫਿਰ ਇਹ ਵਰਤਾਰਾ ਲਗਾਤਾਰ ਚੱਲਦਾ ਰਹਿੰਦਾ ਹੈ। ਅੱਗੇ ਜੋ ਕੁੱਝ ਵੀ ਹੋਇਆ, ਉਹਦਾ ਇੱਥੇ ਮੁੜ ਮੁੜ ਤੋਂ ਜਿਕਰ ਕਰਨਾ ਵਾਜਬ ਨਹੀ। ਉਹਨਾਂ ਦਿਨਾਂ ਵਿੱਚ ਹੀ ਭਾਵ 2016 ਵਿੱਚ ਸ਼ਰੋਮਣੀ ਕਮੇਟੀ ਦੇ ਪ੍ਰਕਾਸ਼ਨਾ ਵਿਭਾਗ ਵਿੱਚ ਸਰੂਪ ਗੁੰਮ ਹੋਣ ਦੀ ਗੱਲ ਸਾਹਮਣੇ ਆਉਂਦੀ ਹੈ, ਜਿਸ ਨੂੰ ਬੇਸ਼ੱਕ ਜਨਤਕ ਨਹੀਂ ਹੋਣ ਦਿੱਤਾ ਗਿਆ, ਪਰ ਹੁਣ ਜਦੋਂ ਮਾਮਲਾ ਸਾਰੇ ਹੱਦਾਂ ਬੰਨੇ ਪਾਰ ਕਰ ਗਿਆ ਤਾਂ ਇਹ ਅਣਹੋਣੀ ਘਟਨਾ ਜਨਤਕ ਹੋ ਗਈ। ਉਸ ਮੌਕੇ ਦੇ ਚਸ਼ਮਦੀਦਾਂ ਮੁਤਾਬਿਕ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਸਬੰਧਤ ਅਧਿਕਾਰੀ ਸਿਰਫ 14 ਸਰੂਪਾਂ ਦਾ ਜਿਕਰ ਕਰਦੇ ਸਨ। ਉਸ ਮੌਕੇ ਇਹ ਕਹਿ ਕੇ ਇਸ ਮਸਲੇ ਨੂੰ ਦਬਾ ਦਿੱਤਾ ਗਿਆ ਕਿ ਪ੍ਰਕਾਸ਼ਨਾ ਵਿਭਾਗ ਅੱਗ ਲੱਗਣ ਨਾਲ ਤੇ ਪਾਣੀ ਦੀਆਂ ਬੁਛਾੜਾਂ ਨਾਲ ਪਾਵਨ ਸਰੂਪ ਨੁਕਸਾਨੇ ਗਏ ਹਨ, ਜਦੋਂ ਕਿ ਉਸ ਮੌਕੇ ਅਕਾਲੀ ਦਲ ਦੀਆਂ ਮੂਹਰਲੀਆਂ ਸਫਾਂ ਵਿੱਚ ਰਹਿ ਚੁੱਕੇ ਤੇ ਹੁਣ ਬਾਗੀ ਹੋਏ ਅਕਾਲੀ ਆਗੂ ਤੇ ਸ਼ਰੋਮਣੀ ਕਮੇਟੀ ਮੈਂਬਰ 2016 ਵਿੱਚ ਹੀ ਗਾਇਬ ਹੋਏ ਸਰੂਪਾਂ ਦੀ ਗਿਣਤੀ 518 ਦੱਸਦੇ ਹਨ। ਹੁਣ ਇਹ ਮਸਲਾ ਜਨਤਕ ਹੋ ਗਿਆ ਤੇ ਸ਼ਰੋਮਣੀ ਕਮੇਟੀ ਕਟਹਿਰੇ ਵਿੱਚ ਆ ਗਈ। ਆਏ ਦਿਨ ਨਵੇਂ ਖੁਲਾਸੇ ਹੋਣ ਕਰਕੇ ਸਿੱਖ ਭਾਵਨਾਵਾਂ ਨਾਲ ਜੁੜਿਆ ਇਹ ਸੰਵੇਦਨਸ਼ੀਲ ਮਾਮਲਾ ਆਏ ਦਿਨ ਹੋਰ ਪੇਚੀਦਾ ਹੁੰਦਾ ਜਾ ਰਿਹਾ ਹੈ। ਸਿੱਖ ਕੌਮ ਦੇ ਰੋਹ ਨੂੰ ਠੱਲਣ ਲਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਹਾਮੀ ਭਰੀ, ਪਰ ਬਾਅਦ ਵਿੱਚ ਜਾਂਚ ਇੱਕ ਸਿੱਖ ਵਕੀਲ ਨੂੰ ਦੇ ਦਿੱਤੀ ਗਈ, ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਇਹ ਮਾਮਲਾ ਸੁਲਝਣ ਦੀ ਬਜਾਏ ਹੋਰ ਸ਼ੱਕੀ ਹੋ ਗਿਆ, ਕਿਉਂਕਿ ਰਿਪੋਰਟ ਆਉਣ ਤੋਂ ਤੁਰੰਤ ਬਾਅਦ ਜਿਸ ਤਰ੍ਹਾਂ ਕਾਹਲ ਨਾਲ ਜਥੇਦਾਰ ਸਾਹਿਬ ਨੇ ਕਮੇਟੀ ਪ੍ਰਧਾਨ ਨੂੰ ਜਾਂਚ ਪੜਤਾਲ ਤੇ ਕਾਰਵਾਈ ਕਰਨ ਦੇ ਹੁਕਮ ਦਿੱਤੇ, ਜਿਸ ਨੂੰ ਸਿਆਸੀ ਦਬਾਅ ਅਧੀਨ ਪਰਦਾਪੋਸ਼ੀ ਵਾਲੀ ਕਾਰਵਾਈ ਹੀ ਸਮਝਿਆ ਜਾ ਰਿਹਾ ਹੈ, ਕਿਉਂਕਿ ਕੌਮ ਸਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਇਸ ਵੱਡੀ ਅਵੱਗਿਆ ਦਾ ਦੋਸ਼ੀ ਮੰਨਦੀ ਸੀ, ਪਰ ਜਥੇਦਾਰ ਨੇ ਪ੍ਰਧਾਨ ਨੂੰ ਕਾਰਵਾਈ ਕਰਨ ਦੇ ਹੁਕਮ ਦੇ ਕੇ ਦੁੱਧ ਦੀ ਰਾਖੀ ਬਿੱਲਾ ਬੈਠਾਉਣ ਵਾਲੀ ਗੱਲ ਕਰ ਦਿੱਤੀ। ਉੱਧਰ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਬਗੈਰ ਜਾਂਚ ਰਿਪੋਰਟ ਨੂੰ ਪੜ੍ਹਨ ਦੇ ਹੀ ਬਹੁਤ ਕਾਹਲ ਵਿੱਚ ਕੁੱਝ ਮੁਲਾਜਮਾਂ ਅਤੇ ਅਧਿਕਾਰੀਆਂ ਖਿਲਾਫ ਕਾਰਵਾਈ ਕਰਕੇ, ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਸ਼ਰੋਮਣੀ ਕਮੇਟੀ ਇਸ ਮਸਲੇ ਤੇ ਬੇਹੱਦ ਚਿੰਤਤ ਹੈ। ਉਸ ਮੌਕੇ ਪ੍ਰਧਾਨ ਲੌਗੋਵਾਲ ਨੇ ਕਾਹਲ ਵਿੱਚ ਇਹ ਵੀ ਕਹਿ ਦਿੱਤਾ ਕਿ ਦੋਸ਼ੀ ਪਾਏ ਗਏ ਵਿਅਕਤੀਆਂ ਖਿਲਾਫ ਪੁਲਿਸ ਕੇਸ ਵੀ ਦਰਜ ਕਰਵਾਏ ਜਾਣਗੇ। ਇਸ ਦੌਰਾਨ ਹੀ ਅਸਤੀਫਾ ਦੇ ਚੁੱਕੇ ਮੁੱਖ ਸਕੱਤਰ ਡਾ. ਰੂਪ ਸਿੰਘ ਨੂੰ ਪ੍ਰਧਾਨ ਲੌਂਗੋਵਾਲ ਨੇ ਦੋਸ਼ੀਆਂ ਦੀ ਕਤਾਰ ਵਿੱਚ ਖੜਾ ਕਰ ਦਿੱਤਾ, ਜਦੋਂ ਕਿ ਇਸ ਤੋ ਪਹਿਲਾਂ ਸੇਵਾ ਮੁਕਤ ਹੋਏ ਮੁੱਖ ਸਕੱਤਰ ਹਰਚਰਨ ਸਿੰਘ ਤੇ ਵੀ ਸਰੂਪ ਗੁੰਮ ਹੋਣ ਕਾਰਣ ਦੋਸ਼ੀ ਹੋਣ ਦੇ ਇਲਜ਼ਾਮ ਲੱਗਦੇ ਰਹੇ। ਇਹਨਾਂ ਇਲਜ਼ਾਮਾਂ ਦਾ ਬੋਝ ਨਾ ਸਹਾਰਦਿਆਂ ਉਹਨਾਂ ਸਾਰਾ ਸੱਚ ਸੰਗਤ ਸਾਹਮਣੇ ਰੱਖਣ ਦੀ ਹਾਮੀ ਭਰ ਦਿੱਤੀ, ਪ੍ਰੰਤੂ ਉਸ ਤੋ ਪਹਿਲਾਂ ਹੀ ਉਹਨਾਂ ਦੀ ਅਚਾਨਕ ਮੌਤ ਦੀ ਖਬਰ ਆ ਗਈ। ਹਰਚਰਨ ਸਿੰਘ ਦੀ ਮੌਤ ਵੀ ਸ਼ੱਕ ਦੇ ਘੇਰੇ ਵਿੱਚ ਮੰਨੀ ਜਾ ਰਹੀ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਡਾ ਰੂਪ ਸਿੰਘ ਨੇ ਵੀ ਆਪਣੇ ਤੇ ਲੱਗੇ ਦੋਸ਼ਾਂ ਨੂੰ ਜਮੀਰ ਤੇ ਬੋਝ ਮੰਨਿਆ ਹੈ ਤੇ ਉਹਨਾਂ ਨੇ ਵੀ ਸੱਚ ਤੋਂ ਪਰਦਾ ਚੁੱਕਣ ਦੀ ਗੱਲ ਕੀਤੀ ਹੈ। ਜੇਕਰ ਇਸ ਮਾਮਲੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਦੀ ਪਹੁੰਚ ਸਬੰਧੀ ਗੱਲ ਕੀਤੀ ਜਾਵੇ ਤਾਂ ਪ੍ਰਧਾਨ ਲੌਂਗੋਵਾਲ ਦੇ ਬੀਤੇ ਦਿਨੀਂ ਇਸ ਢੀਠਤਾਈ ਅਤੇ ਬੇਸ਼ਰਮੀ ਭਰੇ ਬਿਆਨ ਕਿ “ਨਾ ਹੀ ਸਰੂਪ ਗੁੰਮ ਹੋਏ ਹਨ, ਨਾ ਹੀ ਘੱਟ ਹਨ ਅਤੇ ਦੋਸ਼ੀਆਂ ਖਿਲਾਫ ਸ਼ਰੋਮਣੀ ਕਮੇਟੀ ਵਲੋਂ ਹੀ ਸਖਤ ਕਾਰਵਾਈ ਕੀਤੀ ਜਾਵੇਗੀ” ਨੇ ਜਿੱਥੇ ਉਹਨਾਂ ਦੇ ਅੰਦਰਲੀ ਮੰਦ ਭਾਵਨਾ ਨੂੰ ਉਜਾਗਰ ਕਰ ਦਿੱਤਾ ਹੈ, ਓਥੇ ਜਥੇਦਾਰ ਅਤੇ ਪ੍ਰਧਾਨ ਵੱਲੋਂ ਪਿਛਲੇ ਬਿਆਨਾਂ ਤੋ ਬਿਲਕੁਲ ਹੀ ਉਲਟ ਜਾ ਕੇ ਲਏ ਗਏ ਨਵੇਂ ਪੈਂਤੜੇ ਨੇ ਸਿੱਖ ਕੌਂਮ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਈ ਹੈ, ਕਿਉਂਕਿ ਇਸ ਤੋਂ ਪਹਿਲਾਂ ਜਥੇਦਾਰ ਅਤੇ ਪ੍ਰਧਾਨ ਦਾ ਪਿਛਲੇ ਬਿਆਨਾਂ ਤੋ ਮੁਕਰਨਾ, ਸਾਬਕਾ ਮੁੱਖ ਸਕੱਤਰ ਦੀ ਸੱਚ ਬਿਆਨ ਕਰਨ ਤੋਂ ਪਹਿਲਾਂ ਹੋਈ ਸੰਦੇਹਪੂਰਨ ਮੌਤ ਅਤੇ ਦੂਸਰੇ ਸਾਬਕਾ ਮੁੱਖ ਸਕੱਤਰ ਡਾ ਰੂਪ ਸਿੰਘ ਵੱਲੋਂ ਸੱਚ ਤੋ ਪਰਦਾ ਚੁੱਕਣ ਦੇ ਦਿੱਤੇ ਬਿਆਨ ਨੇ ਬਹੁਤ ਸਾਰੇ ਨਵੇ ਸੁਆਲ ਖੜੇ ਕਰ ਦਿੱਤੇ ਹਨ। ਹੁਣ ਸਿੱਖ ਸੰਗਤ ਦੀਆਂ ਨਜਰਾਂ ਅਤੇ ਆਸਾਂ ਡਾ. ਰੂਪ ਸਿੰਘ ਤੇ ਟਿਕੀਆਂ ਹੋਈਆਂ ਹਨ। ਇਹ ਆਸ ਕੀਤੀ ਜਾ ਰਹੀ ਹੈ ਕਿ ਇੱਕ ਤਾਂ ਉਹਨਾਂ ਲੋਕਾਂ ਦੀ ਸ਼ਮੂਲੀਅਤ ਜੱਗ ਜਾਹਰ ਹੋਵੇਗੀ, ਜਿਹੜੇ ਇਸ ਪਾਪ ਲਈ ਜ਼ਿੰਮੇਵਾਰ ਹਨ, ਦੂਸਰਾ ਸਿੱਖ ਸੰਗਤਾਂ ਇਹ ਵੀ ਜਾਨਣਾ ਚਾਹੁੰਦੀਆਂ ਹਨ ਕਿ ਅਕਸਰ ਗੁਰੂ ਸਾਹਿਬ ਦੇ ਪਾਵਨ ਸਰੂਪ ਪਹੁੰਚਾਏ ਕਿੱਥੇ ਗਏ ਹਨ। ਕਮੇਟੀ ਪ੍ਰਧਾਨ ਵੱਲੋਂ ਗੁੰਮ ਹੋਏ ਸਰੂਪਾਂ ਦੇ ਮਾਮਲੇ ਨੂੰ ਮੁੱਢੋ ਹੀ ਰੱਦ ਕਰਨ ਤੋਂ ਬਾਅਦ ਸਿੱਖ ਮਨਾਂ ਵਿਚ ਇਸ ਗੱਲ ਦਾ ਖਦਸ਼ਾ ਹੈ ਕਿ ਇਹ ਗੁੰਮ ਹੋਏ ਸਰੂਪ ਸਰੋਮਣੀ ਕਮੇਟੀ ਦੇ ਕਰਤੇ ਧਰਤਿਆਂ ਦੀ ਮਿਲੀ ਭੁਗਤ ਨਾਲ ਹੀ ਸਿੱਖ ਦੁਸ਼ਮਣ ਤਾਕਤਾਂ ਦੇ ਹੱਥਾਂ ਵਿਚ ਚਲੇ ਗਏ ਹਨ, ਇਸ ਕਰਕੇ ਹੀ ਪ੍ਰਧਾਨ ਆਪਣੇ ਆਕਾਵਾਂ ਦੇ ਇਸ਼ਾਰੇ 'ਤੇ ਇਸ ਗੰਭੀਰ ਮੁੱਦੇ ਨੂੰ ਦਬਾਉਣਾ ਚਾਹੁੰਦੇ ਹਨ। ਦੂਜੇ ਪਾਸੇ ਇਸ ਮਸਲੇ ਨੂੰ ਜਾਨਣ ਸਮਝਣ ਵਾਲੇ ਸਾਬਕਾ ਅਕਾਲੀਆਂ ਦਾ ਕਹਿਣਾ ਹੈ ਕਿ ਪ੍ਰਕਾਸ਼ਨਾ ਨਾਲ ਸਬੰਧਤ ਅਮਲੇ ਦੀ ਪੁਲਿਸ ਤਫਤੀਸ ਹੋਣੀ ਚਾਹੀਦੀ ਹੈ, ਤਾਂ ਕਿ ਇਹ ਪਤਾ ਲਾਇਆ ਜਾ ਸਕੇ ਕਿ ਗੁਰੂ ਸਾਹਿਬ ਦੇ ਪਾਵਨ ਸਰੂਪ ਕਿੱਥੇ ਭੇਜੇ ਗਏ ਤੇ ਕੀਹਦੇ ਕਹਿਣ ਤੇ ਭੇਜੇ ਗਏ।