ਅਕਲ ਵਰਤ ਕੇ ਸਮੱਸਿਆ ਦਾ ਹੱਲ ਕਰੋ

ਅਕਲ ਵਰਤ ਕੇ ਸਮੱਸਿਆ ਦਾ ਹੱਲ ਕਰੋ

ਚਿੰਤਨ                                             

ਸਿਆਣਿਆਂ ਨੇ ਕਿਹਾ ਹੈ ਕਿ ਅਕਲ ਬਿਨਾਂ ਖੂਹ ਖਾਲੀ ਹੁੰਦੇ ਹਨ। ਕੋਈ ਭਾਵੇਂ ਕਿੰਨਾ ਵੀ ਪੜ੍ਹ-ਲਿਖ ਜਾਵੇ ਪਰ ਜੇਕਰ ਉਸ ਨੂੰ ਅਕਲ ਨਹੀਂ ਤਾਂ ਪੂਰੀ ਜ਼ਿੰਦਗੀ ਬੋਝ ਢੋਂਹਦਾ ਫਿਰਦਾ ਹੈ। ਨਿੱਕੇ ਤੋਂ ਨਿੱਕਾ ਵਿਅਕਤੀ ਵੀ ਅਕਲ ਨਾਲ ਵੱਡੇ ਤੋਂ ਵੱਡੇ ਵਿਅਕਤੀ ਨੂੰ ਮਾਤ ਦੇ ਸਕਦਾ ਹੈ। ਜੇਕਰ ਕਿਸੇ ਨੂੰ ਗਿਆਨ ਦੇ ਨਾਲ-ਨਾਲ ਅਕਲ ਵੀ ਹੋਵੇ ਤਾਂ ਇਹ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ। ਅਕਲ ਅਜਿਹੀ ਸਿਆਣਪ ਹੁੰਦੀ ਹੈ ਜਿਸ ਨੂੰ ਜੇਕਰ ਕੋਈ ਢੁਕਵੇਂ ਸਮੇਂ 'ਤੇ ਵਰਤ ਲਵੇ ਤਾਂ ਉਸ ਨੂੰ ਅਕਲਮੰਦ ਮੰਨਿਆ ਜਾਂਦਾ ਹੈ।ਪਾਗਲਪਨ ਅਨੇਕ ਤਰ੍ਹਾਂ ਦਾ ਹੋ ਸਕਦਾ ਹੈ ਪਰ ਅਕਲ ਦੀ ਗੱਲ ਇਕੋ ਤਰ੍ਹਾਂ ਦੀ ਹੁੰਦੀ ਹੈ। ਜ਼ਿੰਦਗੀ ਵਿਚ ਵੀ ਮਨੁੱਖ ਹਰ ਥਾਂ 'ਤੇ ਅਕਲ ਵਰਤ ਕੇ ਹੀ ਖੁਸ਼ਹਾਲ ਬਣਦਾ ਹੈ। ਹਰ ਇਕ ਮਨੁੱਖ ਦੀ ਜ਼ਿੰਦਗੀ ਦਾ ਇਕ ਨਿਸ਼ਾਨਾ ਹੁੰਦਾ ਹੈ ਜਿਥੇ ਤੱਕ ਅੱਪੜਨ ਲਈ ਉਸ ਨੂੰ ਅਨੇਕਾਂ ਮੁਸੀਬਤਾਂ ਨੂੰ ਮਾਤ ਦੇਣੀ ਹੁੰਦੀ ਹੈ। ਇਹ ਮਾਤ ਉਹ ਅਕਲ ਵਰਤ ਕੇ ਹੀ ਦੇ ਸਕਦਾ ਹੈ। ਅਕਲ ਦੀ ਵਰਤੋਂ ਕਰਕੇ ਅਸੰਭਵ ਕੰਮ ਵੀ ਸੰਭਵ ਬਣ ਜਾਂਦੇ ਹਨ। ਬੱਚੇ ਨੂੰ ਵੀ ਜੇ ਅਨੁਸ਼ਾਸਨ ਵਿਚ ਰਹਿਣਾ ਸਿਖਾ ਦਿੱਤਾ ਜਾਵੇ ਓਨਾ ਹੀ ਜ਼ਿੰਦਗੀ ਵਿਚ ਸਫਲਤਾ ਸਹਿਤ ਅੱਗੇ ਵਧਦਾ ਹੈ। ਚਾਣਕਯ ਆਖਦਾ ਹੈ, 'ਪੋਥੀਆਂ ਬੇਅੰਤ ਨੇ, ਪੜ੍ਹਾਈਆਂ ਅਨੇਕ ਨੇ ਪਰ ਮਨੁੱਖ ਦੀ ਜ਼ਿੰਦਗੀ ਛੋਟੀ ਜਿਹੀ ਹੈ ਅਤੇ ਰੁਕਾਵਟਾਂ ਵੀ ਬਹੁਤ ਹਨ। ਇਸ ਲਈ ਜਿਵੇਂ ਹੰਸ ਦੁੱਧ ਪੀ ਲੈਂਦਾ ਹੈ ਤੇ ਪਾਣੀ ਛੱਡ ਦਿੰਦਾ ਹੈ, ਉਸੇ ਤਰ੍ਹਾਂ ਕੰਮ ਦੀਆਂ ਗੱਲਾਂ ਨੂੰ ਸਿੱਖਣਾ ਅਤੇ ਫਜ਼ੂਲ ਦੀਆਂ ਗੱਲਾਂ ਨੂੰ ਛੱਡ ਦੇਣਾ ਚਾਹੀਦਾ ਹੈ।'

ਆਲਸ ਨੂੰ ਅਕਲ ਦਾ ਦੁਸ਼ਮਣ ਮੰਨਿਆ ਜਾਂਦਾ ਹੈ ਕਿਉਂਕਿ ਅਕਲਮੰਦ ਵਿਅਕਤੀ ਕਦੀ ਵੀ ਕਿਸੇ ਕੰਮ ਵਿਚ ਆਲਸ ਨਹੀਂ ਕਰਦਾ। ਜਿਵੇਂ ਅੱਖਾਂ ਤੋਂ ਬਿਨਾਂ ਐਨਕ ਵਿਅਰਥ ਹੁੰਦੀ ਹੈ, ਉਸੇ ਤਰ੍ਹਾਂ ਕਿਤਾਬਾਂ ਨੂੰ ਪੜ੍ਹ ਕੇ ਗਿਆਨ ਹਾਸਲ ਕਰਨ ਤੋਂ ਬਿਨਾਂ ਕਿਤਾਬਾਂ ਦੇ ਭੰਡਾਰ ਇਕੱਠੇ ਕਰਨਾ ਵੀ ਬੇਅਕਲੀ ਹੁੰਦੀ ਹੈ। ਅਕਲ ਰਾਹੀਂ ਮਨੁੱਖ ਸਵੈ-ਸੁਚੇਤ ਹੋਣ ਦਾ ਵਲ ਵੀ ਸਿੱਖਦਾ ਹੈ। ਅਕਲਮੰਦ ਕੋਲ ਜੇ ਰੁਪਈਏ ਥੋੜ੍ਹੇ ਵੀ ਹੋਣ ਤਾਂ ਉਹ ਉਨ੍ਹਾਂ ਵਿਚੋਂ ਜ਼ਰੂਰਤ ਦੀ ਚੀਜ਼ ਵੀ ਖ਼ਰੀਦ ਲੈਂਦਾ ਹੈ ਅਤੇ ਬੱਚਤ ਵੀ ਕਰ ਲੈਂਦਾ ਹੈ। ਇਸ ਦੇ ਉਲਟ ਬੇਅਕਲ ਕੋਲ ਵਾਧੂ ਪੈਸੇ ਵੀ ਘਟ ਜਾਂਦੇ ਹਨ। ਕਈ ਇਨਸਾਨ ਏਨੇ ਅਕਲਮੰਦ ਹੁੰਦੇ ਹਨ ਜੇਕਰ ਉਨ੍ਹਾਂ ਨੇ ਕਿਸੇ ਨੂੰ ਡਾਂਟਣਾ ਜਾਂ ਗੁੱਸੇ ਹੋਣਾ ਹੁੰਦਾ ਹੈ ਤਾਂ ਉਹ ਗ਼ਲਤ ਹੋਏ ਕੰਮ ਨੂੰ ਆਪਣੀ ਅਕਲ ਦੀ ਵਰਤੋਂ ਰਾਹੀਂ ਮਿੱਠੀ ਜ਼ਬਾਨ ਵਰਤ ਕੇ ਸਹੀ ਕਰਵਾ ਲੈਂਦੇ ਹਨ। ਅਜਿਹੀ ਅਕਲਮੰਦੀ ਨਾਲ ਕੰਮ ਵੀ ਹੋ ਜਾਂਦਾ ਹੈ ਅਤੇ ਦੂਜੇ ਨਾਲ ਰਿਸ਼ਤਾ ਵੀ ਨਹੀਂ ਵਿਗੜਦਾ।ਜਿਹੜਾ ਮਨੁੱਖ ਅਕਲਮੰਦਾਂ ਦੀ ਸੰਗਤ ਵਿਚ ਵਿਚਰਦਾ ਹੈ, ਉਹ ਜੀਵਨ ਦੀ ਹਰ ਮੁਸੀਬਤ ਝਾਗਣ ਦਾ ਬਲ ਰੱਖਦਾ ਹੈ। ਅਕਲਮੰਦ ਦਾ ਝੋਲਾ ਭਰਿਆ ਹੁੰਦਾ ਹੈ ਅਤੇ ਬੇਅਕਲ ਦਾ ਖਾਲੀ ਹੁੰਦਾ ਹੈ। ਅਕਲਮੰਦ ਭਵਿੱਖ ਪ੍ਰਤੀ ਚਿੰਤਤ ਹੁੰਦਾ ਹੈ ਕਿਉਂਕਿ ਉਹ ਸੁਨਹਿਰੇ ਭਵਿੱਖ ਦੀ ਕਾਮਨਾ ਕਰਦਾ ਹੈ। ਅਕਲਮੰਦੀ ਹਮੇਸ਼ਾ ਚੰਗੇ ਨਤੀਜੇ ਲਿਆਉਂਦੀ ਹੈ। ਮਹਾਨ ਸ਼ਖ਼ਸੀਅਤਾਂ ਦੇ ਜੀਵਨ ਬਿਊਰੇ ਪੜ੍ਹ ਕੇ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਉਨ੍ਹਾਂ ਨੇ ਢੁਕਵੇਂ ਸਮੇਂ 'ਤੇ ਸਦਾ ਅਕਲ ਵਰਤ ਕੇ ਸਮੱਸਿਆ ਦਾ ਹੱਲ ਕੀਤਾ ਹੈ। ਇਸ ਲਈ ਕਿਹਾ ਜਾ ਸਕਦਾ ਹੈ ਕਿ ਅਕਲ ਬੇਸ਼ਕੀਮਤੀ ਤੋਹਫ਼ਾ ਹੈ ਜਿਸ ਦੀ ਜ਼ਰੂਰਤ ਜੀਵਨ ਕਾਲ ਦੌਰਾਨ ਮਨੁੱਖ ਨੂੰ ਸਦਾ ਰਹਿੰਦੀ ਹੈ।

 

ਡਾਕਟਰ ਸਵਰਨਜੀਤ ਕੌਰ