ਥਰਮਲ ਪਲਾਂਟ ਦਾ ਕੀ ਬਣੇਗਾ

ਥਰਮਲ ਪਲਾਂਟ ਦਾ ਕੀ ਬਣੇਗਾ
 
ਲੇਖਕ - ਡਾ. ਲਾਭ ਸਿੰਘ ਖੀਵਾਲੇਖਕ - ਡਾ. ਲਾਭ ਸਿੰਘ ਖੀਵਾ 
 
ਪੰਜਾਬ ਦਾ ਪਹਿਲ-ਪਲੇਠਾ ਥਰਮਲ ਪਲਾਂਟ ਬਠਿੰਡਾ ਮੇਰੇ ਨਾਲ ਹੀ ਜਵਾਨ ਹੋਇਆ ਅਤੇ ਮੇਰੇ ਨਾਲ ਹੀ ਬੁੱਢਾ। ਮੈਂ ਜਵਾਨੀ ਦੇ ਰਾਹੇ ਤੁਰਦਿਆਂ 1969 'ਚ ਦਸਵੀਂ ਕੀਤੀ ਅਤੇ ਸਾਰੀ ਪੜ੍ਹਾਈ ਲਾਲਟਨ ਦੀ ਰੋਸ਼ਨੀ 'ਚ ਕੀਤੀ। ਇਸੇ ਸਾਲ ਦੋ ਪ੍ਰਾਜੈਕਟਾਂ ਦਾ ਐਲਾਨ ਹੋਇਆ। ਇਕ ਹਰ ਘਰ ਰੋਸ਼ਨ ਕਰਨ ਦਾ ਅਤੇ ਦੂਜਾ ਦਿਮਾਗ ਰੋਸ਼ਨ ਕਰਨ ਦਾ ਅਰਥਾਤ ਬਠਿੰਡੇ ਦਾ ਥਰਮਲ ਪਲਾਂਟ ਤੇ ਰਾਮਪੁਰਾ ਫੂਲ ਦਾ ਮਾਲਵਾ ਕਾਲਜ। ਦੋਵੇਂ ਅਦਾਰੇ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਸਾਲਾ ਪੁਰਬ ਨੂੰ ਸਮਰਪਿਤ ਸਨ। ਮਾਲਵੇ ਦਾ ਦਿਹਾਤੀ ਜੀਵਨ ਇਨ੍ਹਾਂ ਦੋਵੇਂ ਰੋਸ਼ਨੀਆਂ ਤੋਂ ਵਾਂਝਾ ਸੀ। ਫੂਲ ਟਾਊਨ 'ਚ ਬਿਜਲੀ ਦੇ ਲਾਟੂ ਜਗਦੇ ਵੇਖਣ ਲਈ ਮੈਂ ਬਚਪਨ 'ਚ ਫ਼ਸਲ ਵੇਚਣ ਮੂੰਹ-ਹਨੇਰੇ ਤੁਰਦੇ ਗੱਡਿਆਂ 'ਤੇ ਜ਼ਿੱਦ ਕਰ ਕੇ ਬੈਠ ਜਾਂਦਾ ਸੀ। ਉਚੇਰੀ ਸਿੱਖਿਆ ਲਈ ਰਾਮਪੁਰੇ ਕਾਲਜ ਦਾਖ਼ਲ ਹੋ ਗਿਆ ਤੇ ਘਰ 'ਚ ਬਲਬ ਦੀ ਰੋਸ਼ਨੀ ਥੱਲੇ ਪੜ੍ਹਨ ਦੀ ਉਡੀਕ ਹੋਣ ਲੱਗੀ। ਪਿੰਡ ਦੇ ਬਾਜ਼ਾਰ 'ਚ ਬਿਜਲੀ ਫਿਟਿੰਗ ਦੀਆਂ ਦੁਕਾਨਾਂ ਖੁੱਲ੍ਹ ਗਈਆਂ। ਕਾਲਜ ਤੋਂ ਘਰ ਆ ਕੇ ਸਭ ਤੋਂ ਪਹਿਲਾਂ ਮੀਟਰ ਲੱਗਣ ਬਾਰੇ ਪੁੱਛਦਾ। ਆਖ਼ਰ ਬੀਏ ਫਾਈਨਲ 'ਚ ਘਰੇ ਲੱਗੇ ਲਾਟੂ ਜਗ ਪਏ।
 
ਮਾਂ ਕਹੇ, “ਲੈ ਕੁੜੇ ਭਾਮੇਂ ਵਿਹੜੇ 'ਚ ਕੀੜੀ ਤੁਰਦੀ ਵੇਖ ਲਓ, ਇੰਨਾ ਚਨੈਣ ਐ।'' ਸੰਨ 1969-1975 ਦੇ ਅਰਸੇ ਦੌਰਾਨ 1500 ਕਰੋੜ ਰੁਪਏ ਨਾਲ ਤਾਮੀਰ ਹੋਏ ਥਰਮਲ ਪਲਾਂਟ ਦੀਆਂ ਹੌਲੀ-ਹੌਲੀ ਸੱਥਾਂ 'ਚ ਗੱਲਾਂ ਹੋਣ ਲੱਗੀਆਂ। ਘਰ-ਘਰ ਬਿਜਲੀ ਆਉਣ ਕਾਰਨ ਆਥਣੇ ਔਰਤਾਂ ਨੇ ਰੋਟੀ ਬਣਾਉਣੀ ਲੇਟ ਕਰਤੀ। ਭੁੱਖ ਲੱਗਣ 'ਤੇ ਸੱਥ 'ਚ ਬੁੜ੍ਹਿਆਂ ਨੇ ਬੁੜ-ਬੁੜ ਕਰਨੀ। ਬਿਜਲੀ ਵਾਲੀਆਂ ਮਧਾਣੀਆਂ ਆ ਗਈਆਂ। ਹੱਥੀਂ ਝੱਲਣ ਵਾਲੀਆਂ ਪੱਖੀਆਂ ਦੀ ਥਾਂ ਫਰਾਟੇ ਮਾਰਦੇ ਪੱਖੇ ਆ ਗਏ। ਥਰਮਲ 'ਚ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਮਿਲਿਆ। ਪੰਜਾਬ 'ਚ ਬਠਿੰਡਾ ਥਰਮਲ ਪਲਾਂਟ ਕਰ ਕੇ ਮਸ਼ਹੂਰ ਹੋ ਗਿਆ। ਫਿਰ ਕਾਲੀਆਂ-ਬੋਲੀਆਂ ਹਨੇਰੀਆਂ ਝੱਲਦਾ ਇਹ ਝੀਲਾਂ ਵਾਲਾ ਸ਼ਹਿਰ ਬਣ ਗਿਆ।
 
ਅਜੇ ਵੀ ਮੈਨੂੰ ਯਾਦ ਹੈ, ਜਦੋਂ ਇਨ੍ਹਾਂ ਝੀਲਾਂ 'ਚ ਕਿਸ਼ਤੀਆਂ ਉਤਾਰੀਆਂ ਗਈਆਂ, ਪਲੇਠੇ ਝੂਟੇ ਦੀ ਫੋਟੋ ਅਖ਼ਬਾਰਾਂ 'ਚ ਤਤਕਾਲੀ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੀ ਧਰਮ ਪਤਨੀ ਦੀ ਲੱਗੀ ਸੀ। ਬਠਿੰਡੇ ਜਾ ਕੇ ਪਰਤਿਆ ਬੰਦਾ ਸੱਥ 'ਚ ਵੇਖੇ ਥਰਮਲ ਦੀਆਂ ਵਧਾ-ਚੜ੍ਹਾਅ ਕੇ ਬਬਾਣੀਆਂ-ਕਹਾਣੀਆਂ ਸੁਣਾਉਂਦਾ। ਚਾਰ ਉੱਚੇ-ਉੱਚੇ ਕੂਲਿੰਗ ਟਾਵਰਜ਼ ਦੀ ਬਣਤਰ ਗਹੀਰਿਆਂ ਵਰਗੀ ਦੱਸ ਕੇ ਸਮਝਾਉਂਦਾ ਅਤੇ ਉੱਚਾਈ ਇਉਂ ਦੱਸਦਾ, “ਵੇਖਦਿਆਂ ਪੱਗ ਲਹਿੰਦੀ ਆ।'' ਕੋਈ ਨਘੋਚੀ ਉਸ ਦੇ ਸਿਰਜੇ ਬਿਰਤਾਂਤ ਨੂੰ ਇਹ ਕਹਿ ਕੇ ਕਿਰਕਿਰਾ ਕਰ ਦਿੰਦਾ, “ਯਾਰ ਸੁਣਿਐ ਸ਼ਹਿਰੀਆਂ ਦੇ ਸਿਰ ਸੁਆਹ ਨਾਲ ਭਰੇ ਰਹਿੰਦੇ ਐ।'' ਥਰਮਲ ਵੇਖਣ ਲਈ ਸਕੂਲਾਂ/ਕਾਲਜਾਂ ਦੇ ਵਿਦਿਆਰਥੀ ਟੂਰ ਬਣਾ ਕੇ ਆਉਣ ਲੱਗ ਪਏ। ਪਹਿਲਾਂ ਥਰਮਲ ਪਲਾਂਟ ਵੱਲੋਂ ਪੈਦਾ ਹੁੰਦੀ ਬਿਜਲੀ ਦੀ ਜਾਣਕਾਰੀ ਲੈਂਦੇ ਅਤੇ ਫਿਰ ਝੀਲ ਦੀਆਂ ਕਿਸ਼ਤੀਆਂ ਦੀ ਸੈਰ ਕਰਦੇ। ਬਠਿੰਡਾ ਹੁਣ ਬਲਵੰਤ ਗਾਰਗੀ ਦੇ ਕੀਕੇ ਰੇਤ ਵਾਲਾ ਸ਼ਹਿਰ ਨਹੀਂ ਸੀ ਰਿਹਾ। ਪਲਾਂਟ ਦੇ ਕੂਲਿੰਗ ਟਾਵਰਾਂ ਨੂੰ ਨੇੜਲੀ ਸਰਹਿੰਦ ਨਹਿਰ ਰਜਾਈ ਰੱਖਦੀ ਅਤੇ ਬੁਆਇਲਰਾਂ ਨੂੰ ਇਤਿਹਾਸਕ ਰੇਲਵੇ ਜੰਕਸ਼ਨ ਝਾਰਖੰਡ ਦੀ 1500 ਕਿਲੋਮੀਟਰ ਦੂਰੀ ਤੋਂ ਰੋਜ਼ਾਨਾ ਖ਼ਪਤ ਦਾ 7400 ਮੀਟ੍ਰਿਕ ਟਨ ਕੋਲਾ ਢੋਅ ਕੇ ਮਘਾਈ ਰੱਖਦਾ। ਇਸ ਪਲਾਂਟ ਨੇ ਸ਼ਾਨਦਾਰ ਬਿਜਲੀ ਉਤਪਾਦਨ ਪੱਖੋਂ ਕਈ ਕੌਮੀ ਇਨਾਮ ਜਿੱਤੇ। ਇਸ ਦੀਆਂ ਚਾਰੇ ਯੂਨਿਟਾਂ ਦੀ ਅਧਿਕਤਮ ਬਿਜਲੀ ਪੈਦਾ ਕਰਨ ਦੀ ਪੂਰੀ ਸਮਰੱਥਾ ਸੀ। ਕੋਲਾ ਖ਼ਪਤ 'ਚੋਂ ਨਿਕਲੀ ਸੁਆਹ ਤੋਂ ਸੀਮੈਂਟ ਬਣਾਉਣ ਲਈ ਅੰਬੂਜਾ ਕੰਪਨੀ ਨੇ ਨਾਲ ਫੈਕਟਰੀ ਵੀ ਲਾਈ।
 
ਬਠਿੰਡਾ ਥਰਮਲ ਪਲਾਟ ਦੀ ਪੁਰਾਣੀ ਤਸਵੀਰ
                                                
ਸੈਂਕੜੇ ਏਕੜ 'ਚ ਫੈਲੀ ਵਿਸ਼ਾਲ ਥਰਮਲ ਕਾਲੋਨੀ ਬਣੀ। ਪਲਾਂਟ ਦੇ ਦਫ਼ਤਰ 'ਚ ਮੈਂ ਨੌਕਰੀ ਵੀ ਕੀਤੀ ਅਤੇ ਕਾਲੋਨੀ 'ਚ ਰਿਹਾ ਵੀ। ਸਰਕਾਰ ਕਹਿੰਦੀ ਕਿ ਹੁਣ ਇਹ ਪਲਾਂਟ ਬਿਰਧ ਹੋ ਗਿਆ ਹੈ। ਮਾਹਿਰ ਕਹਿੰਦੇ ਐ, ਨਹੀਂ ਇਹ ਅਜੇ ਵੀ ਕਮਾਊ ਬਲਦ ਹੈ ਪਰ ਕੈਪਟਨ-ਕੈਬਨਿਟ ਨੇ ਇਹ ਦਾ ਰੀਸਾ ਲਾਹ ਦਿੱਤਾ ਹੈ। ਕੁਝ ਦਹਾਕੇ ਪਹਿਲਾਂ ਪੰਜਾਬੀ ਕਿਸਾਨ ਬਿਰਧ ਬਲਦ ਦਾ ਇਉਂ ਨਿਰਾਦਰ ਨਹੀਂ ਸੀ ਕਰਦਾ। ਮਰਦੇ ਦਮ ਤਕ ਉਸ ਦੀ ਕੀਤੀ ਕਮਾਈ ਸਦਕਾ ਕਿੱਲੇ ਖੜ੍ਹੇ ਦੀ ਸੇਵਾ ਕੀਤੀ ਜਾਂਦੀ। ਉਂਜ, ਇਸ ਪਲਾਂਟ ਦਾ ਮੱਥਾ ਉਸ ਸਮੇਂ ਹੀ ਠਣਕ ਪਿਆ ਸੀ ਜਦੋਂ ਪ੍ਰਾਈਵੇਟ ਥਰਮਲ ਪਲਾਂਟ ਲੱਗਣੇ ਸ਼ੁਰੂ ਹੋ ਗਏ ਸਨ। ਠੀਕ ਉਸੇ ਤਰ੍ਹਾਂ ਜਿਵੇਂ ਲਿਮਟ ਬੰਨ੍ਹਵਾ ਕੇ ਕਿਸਾਨ ਦੇ ਵਿਹੜੇ ਟਰੈਕਟਰ ਆ ਕੇ ਖੜ੍ਹ ਗਏ ਅਤੇ ਕਿੱਲੇ ਬੱਝੇ ਬਲਦ ਵਿਹੜਿਓਂ ਬਾਹਰ ਹੋ ਗਏ। ਦਰਅਸਲ, ਸਰਕਾਰ ਦੀ ਮੈਲੀ ਅੱਖ ਪਲਾਂਟ ਦੀ ਅੱਜ ਦੇ ਭਾਅ ਮਹਿੰਗੀ ਸੰਪਤੀ 'ਤੇ ਹੈ। ਕੈਪਟਨ ਸਰਕਾਰ ਦੇ ਇਸ ਫ਼ੈਸਲੇ 'ਤੇ ਉਹ ਸਿਆਸੀ ਧਿਰ ਵੀ ਮੋਰਚਾ ਲਾਉਣ ਦਾ ਐਲਾਨ ਕਰ ਰਹੀ ਹੈ ਜਿਸ ਨੇ ਸੱਤਾ 'ਚ ਰਹਿੰਦਿਆਾਂ ਇਸ ਨੂੰ ਬਿਰਧ, ਬੇਕਾਰ ਤੇ ਪੈਸੇ-ਖਾਊ ਕਹਿਣ ਦਾ ਮੁੱਢ ਬੰਨ੍ਹਿਆ ਸੀ। ਸਰਕਾਰ ਬਦਲਣ ਨਾਲ ਵਪਾਰੀ ਹੀ ਬਦਲੇ ਹਨ। ਸਿਤਮ-ਜ਼ਰੀਫੀ ਇਹ ਹੈ ਕਿ ਜਿਹੜੇ ਗੁਰੂ ਸਾਹਿਬ ਦੇ ਪੰਜ ਸੌ ਸਾਲਾ ਪੁਰਬ 'ਤੇ ਇਹ ਪਲਾਂਟ ਬਣਾਇਆ ਗਿਆ ਸੀ, ਉਨ੍ਹਾਂ ਦੇ ਹੀ ਸਾਢੇ ਪੰਜ ਸੌ ਸਾਲਾ ਪੁਰਬ 'ਤੇ ਇਸ ਨੂੰ ਢਾਹਿਆ ਜਾ ਰਿਹਾ ਹੈ। ਲੱਗਦਾ ਹੈ ਕਿ ਪੰਜਾਬੀ ਕੌਮ ਅਜੇ ਵੀ ਇਸ ਧਾਰਨਾ ਨੂੰ ਮੇਟ ਨਹੀਂ ਸਕੀ ਕਿ ਇਹ ਐਗਰੀਕਲਚਰ ਲਈ ਤਾਂ ਜਨੂੰਨੀ ਹੈ ਪਰ ਕਲਚਰ ਲਈ ਨਹੀਂ। ਅਸੀਂ ਆਪਣਾ ਇਤਿਹਾਸ/ਵਿਰਸਾ ਸਿਰਜ ਸਕਦੇ ਹਾਂ ਪਰ ਸੰਭਾਲ ਪੱਖੋਂ ਉਦਾਸੀਨ ਅਤੇ ਸੰਵੇਦਨਾਹੀਣ ਹਾਂ। 'ਅੱਗਾ ਦੌੜ, ਪਿੱਛਾ ਚੌੜ' ਵਾਲੀ ਗੱਲ ਹੈ। ਮੈਨੂੰ ਯਾਦ ਆ ਰਿਹੈ ਬੰਗਲੌਰ (ਕਰਨਾਟਕ) ਦਾ ਸਨਅਤੀ ਤੇ ਤਕਨੀਕੀ ਅਜਾਇਬਘਰ ਜੋ ਮੈਂ ਦੋ ਵਾਰ ਵੇਖਿਆ ਹੈ।
 
ਪੁਰਾਣਾ ਰੂਪ ਵੀ ਅਤੇ ਨਵੀਨ ਵੀ। ਭਾਰਤ ਦੇ ਪ੍ਰਥਮ ਪ੍ਰਧਾਨ ਮੰਤਰੀ ਨੇ 1962 'ਚ ਇਸ ਦਾ ਉਦਘਾਟਨ ਕੀਤਾ ਸੀ। ਇਹ ਭਾਰਤ ਰਤਨ ਸਰ ਵਿਸਵੇਸਵਾਰੱਈਆ ਨੂੰ ਸਮਰਪਿਤ ਹੈ। ਇਸ ਦੀ ਇਕ ਗੈਲਰੀ 1965 ਤੋਂ ਬਿਜਲੀ ਦੀ ਉਤਪਾਦਨ-ਪ੍ਰਕਿਰਿਆ ਨੂੰ ਸਮਝਾਉਣ ਹਿਤ ਰਾਖਵੀਂ ਹੈ। ਥਰਮਲ ਪਲਾਂਟ ਬਠਿੰਡਾ ਪੰਜਾਬੀਆਂ ਲਈ ਅੱਧੀ ਸਦੀ ਦੀ ਆਧੁਨਿਕ ਧਰੋਹਰ ਹੈ। ਗੁਰੂ ਨਾਨਕ ਬਾਬੇ ਦੇ ਨਾਮ ਲੇਵਾ ਪੰਜਾਬੀਆਂ ਦੀਆਂ ਸਰਕਾਰਾਂ ਪਲਾਂਟ ਦੀਆਂ ਝੀਲਾਂ, ਕਾਲੋਨੀ ਤੇ ਹੋਰ ਥਾਵਾਂ ਵੇਚ ਕੇ ਖ਼ਜ਼ਾਨੇ ਭਰ ਲੈਂਦੀਆਂ ਹਨ ਪਰ ਪਲਾਂਟ ਦਾ ਤਕਨੀਕੀ ਵਜੂਦ ਵਿਰਾਸਤ ਦੇ ਤੌਰ 'ਤੇ ਬਰਕਰਾਰ ਰੱਖਦੀਆਂ ਹਨ ਮਸਲਨ “ਗੁਰੂ ਨਾਨਕ ਦੇਵ ਥਰਮਲ ਪਲਾਂਟ ਅਜਾਇਬਘਰ (ਜੀਐੱਨਡੀਟੀਪੀ ਮਿਊਜ਼ੀਅਮ ਬਠਿੰਡਾ)।
 
ਅਗਲੇਰੀ ਪੀੜ੍ਹੀ ਮਾਣ ਨਾਲ ਅਸਾਂ ਦੀ ਤਕਨੀਕੀ ਤਰੱਕੀ ਤੇ ਸੋਚ ਨੂੰ ਵੇਖ ਕੇ ਦਗ-ਦਗ ਹੁੰਦੀ। ਅਧਿਆਪਕ ਬਿਜਲੀ ਦੇ ਉਤਪਾਦਨ-ਅਮਲ ਨੂੰ ਸਮਝਾਉਣ ਲਈ ਵਿਦਿਆਰਥੀਆਂ ਦੇ ਟੋਲੇ ਲੈ ਕੇ ਆਉਂਦੇ। ਅਸੀਂ ਭੰਗੜੇ-ਗਿੱਧੇ, ਰਥ, ਬਲਦ, ਊਠ, ਭੱਤਾ ਲੈ ਕੇ ਜਾਂਦੀਆਂ ਸੁਆਣੀਆਂ, ਕਲੀਆਂ ਲਾਉਂਦੇ, ਹਲ ਵਾਹੁੰਦੇ ਗੱਭਰੂ, ਬੰਦੂਕ ਦਾ ਨਿਸ਼ਾਨਾ ਸੇਧੀ ਫ਼ੌਜੀ ਆਦਿ ਬਹੁਤ ਸੰਭਾਲੇ ਹੋਏ ਹਨ ਪਰ ਆਧੁਨਿਕ ਪੰਜਾਬ ਦੀਆਂ ਝਲਕਾਂ ਵੀ ਜੀਵਤ ਰੱਖਣੀਆਂ ਚਾਹੀਦੀਆਂ ਹਨ। ਅਸੀਂ ਪਦਾਰਥਕ ਤਰੱਕੀ ਪੱਖੋਂ ਬੜੇ ਅਗਾਂਹਵਧੂ ਹਾਂ ਪਰ ਸੱਭਿਆਚਾਰਕ ਪੱਖੋਂ ਬੜੇ ਦਕੀਆਨੂਸੀ। ਇਤਿਹਾਸ ਓਪਰੋਕਤ ਸੁਝਾਏ ਅਜਾਇਬਘਰ ਬਣਉਣ ਵਾਲੀ ਸਰਕਾਰ ਨੂੰ ਆਪਣੇ ਪੰਨਿਆਂ 'ਤੇ ਅੰਕਿਤ ਕਰੇਗਾ ਨਾ ਕਿ ਅਸਮਾਨ ਛੂੰਹਦੇ ਦਸ ਮੰਜ਼ਿਲੀ ਫਲੈਟਾਂ, ਬਿੱਗ ਬਾਜ਼ਾਰੀ ਮਾਲਜ਼ ਆਦਿ ਖੜ੍ਹੇ ਕਰਨ ਵਾਲੀ ਸਰਕਾਰ ਨੂੰ।