ਕੈਨੇਡਾ ਦੇ ਜੰਗਲਾਂ ‘ਚ ਭਿਆਨਕ ਅੱਗ ਦਾ ਤਾਂਡਵ

ਕੈਨੇਡਾ ਦੇ ਜੰਗਲਾਂ ‘ਚ ਭਿਆਨਕ ਅੱਗ ਦਾ ਤਾਂਡਵ

ਵੈਨਕੂਵਰ/ਬਿਊਰੋ ਨਿਊਜ਼ :

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਨੇ ਰਿਕਾਰਡ ਤੋੜ ਦਿੱਤਾ ਹੈ।530 ਜੰਗਲਾਂ ‘ਚ ਅੱਗ ਲੱਗੀ ਹੋਈ ਹੈ ਜਿਸ ਨੂੰ ਹਾਲ ਦੀ ਘੜੀ ਕਾਬੂ ਤੋਂ ਬਾਹਰ ਦੱਸਿਆ ਜਾ ਰਿਹਾ ਹੈ। ਇਥੇ ਘਰ ਖਾਲੀ ਕਰਨ ਦੇ ਨਿਰਦੇਸ਼ਾਂ ਤੋਂ ਬਾਅਦ 3,000 ਦੇ ਕਰੀਬ ਲੋਕ ਘਰ ਛੱਡਣ ਲਈ ਮਜਬੂਰ ਹੋਏ ਹਨ। ਇਸ ਤੋਂ ਇਲਾਵਾ ਕਰੀਬ 21,800 ਲੋਕ ਘਰ ਖਾਲੀ ਕਰਨ ਦੀ ਚੇਤਾਵਨੀ ਦਾ ਸਾਹਮਣਾ ਕਰ ਰਹੇ ਹਨ। ਜੰਗਲਾਂ ਦੀ ਅੱਗ ਕਾਰਨ ਹੋਏ ਨੁਕਸਾਨ ਦੇ ਮਾਮਲੇ ਵਿੱਚ ਇਸ ਵਾਰ ਦੇ ਅੰਕੜੇ ਪਿਛਲੇ ਸਾਲ ਨੂੰ ਵੀ ਟੱਪ ਗਏ ਹਨ। ਹੁਣ ਤਕ ਸੂਬੇ ਦੇ 12,984 ਸਕੁਏਅਰ ਕਿਲੋਮੀਟਰ ਦੇ ਇਲਾਕੇ ਜੰਗਲਾਂ ਦੀ ਅੱਗ ਕਾਰਨ ਨੁਕਸਾਨੇ ਗਏ ਹਨ। ਅੰਕੜਿਆਂ ਅਨੁਸਾਰ ਬੀਤੇ ਸਾਲ ਦੀ ਜੰਗਲਾਂ ਦੀ ਅੱਗ ਨੂੰ ਸੂਬੇ ਦੇ ਇਤਿਹਾਸ ਦੀ ਸਭ ਤੋਂ ਭਿਆਨਕ ਅੱਗ ਮੰਨਿਆ ਗਿਆ ਸੀ। ਉਸ ਦੌਰਾਨ 12,161 ਸਕੁਏਅਰ ਕਿਲੋਮੀਟਰ ਇਲਾਕਾ ਅੱਗ ਦੀ ਲਪੇਟ ਵਿਚ ਆਇਆ ਸੀ।
ਇਸੇ ਦੌਰਾਨ ਬ੍ਰਿਟਿਸ਼ ਕੋਲੰਬੀਆ ਦੀ ਸੂਬਾ ਸਰਕਾਰ ਨੇ ਜੰਗਲਾਂ ਦੀ ਅੱਗ ਕਾਰਨ ਐਲਾਨੀ ਸਟੇਟ ਆਫ ਐਮਰਜੈਂਸੀ ਵਿਚ ਵਾਧਾ ਕਰ ਦਿੱਤਾ ਹੈ। ਸਟੇਟ ਆਫ ਐਮਰਜੈਂਸੀ12 ਸਤੰਬਰ ਤਕ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ। ਇਸ ਐਲਾਨ ਤੋਂ ਬਾਅਦ ਹੁਣ ਸੂਬੇ ਵਿੱਚ ਅੱਗ ‘ਤੇ ਕਾਬੂ ਪਾਉਣ ਲਈ ਰਾਹਤ ਕਾਰਜਾਂ ਵਿੱਚ ਜੁਟੀਆਂ ਟੀਮਾਂ ਕੋਲ ਪੂਰੇ ਅਧਿਕਾਰ ਹਨ ਕਿ ਜੰਗਲਾਂ ਦੀ ਅੱਗ ਨਾਲ ਨਜਿੱਠਣ ਤੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਉਹ ਹਰ ਜ਼ਰੂਰੀ ਕਦਮ ਚੁੱਕ ਸਕਦੇ ਹਨ।