ਸਾਵਣੁ  ਦਾ ਮਹੀਨਾ ਖੇੜਿਆਂ ਦਾ ਤਿਉਹਾਰ

ਸਾਵਣੁ  ਦਾ ਮਹੀਨਾ ਖੇੜਿਆਂ ਦਾ ਤਿਉਹਾਰ

ਤਿਉਹਾਰ

ਸਾਰੀ ਗੁਰਬਾਣੀ ਪਿਆਰ ਤੇ ਪਿਆਰੇ ਦੇ ਵਲਵਲਿਆਂ ਨਾਲ ਸੁਗੰਧਿਤ ਹੈ। ਬਾਹਰਲੀਆਂ ਰੁੱਤਾਂ ਸਾਡੇ ਮਨ ਦੀਆਂ ਰੁੱਤਾਂ 'ਤੇ ਵੀ ਅਸਰ ਪਾਉਂਦੀਆਂ ਹਨ। ਜੇਠ, ਹਾੜ੍ਹ ਦੀ ਤਪਦੀ ਲੂੰਹਦੀ ਗਰਮੀ ਤੋਂ ਬਾਅਦ ਸਾਵਣ ਦੀਆਂ ਠੰਢੀਆਂ ਫੁਹਾਰਾਂ ਮਨੁੱਖਾਂ, ਜੀਵਾਂ, ਬਨਸਪਤੀਆਂ ਤੇ ਰੋਹੀਆਂ ਬੀਆਬਾਨਾਂ ਵਿਚ ਵੀ ਅਨੰਦ ਦੀਆਂ ਤਰੰਗਾਂ ਛੇੜ ਦਿੰਦੀਆਂ ਹਨ।  ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ:

ਮੋਰੀ ਰੁਣ ਝੁਣ ਲਾਇਆ॥

ਭੈਣੇ ਸਾਵਣੁ ਆਇਆ॥

 ਗੁਰੂ ਅਰਜਨ ਦੇਵ ਜੀ ਆਤਮਾ ਦੇ ਖੇੜੇ ਨੂੰ ਇਸ ਤਰ੍ਹਾਂ ਬਿਆਨ ਕਰਦੇ ਹਨ:

ਸਾਵਣਿ ਸਰਸੀ ਕਾਮਣੀ

ਚਰਨ ਕਮਲ ਸਿਉ ਪਿਆਰੁ॥

ਸੱਭਿਆਚਾਰ ਦੇ ਪੱਖੋਂ ਵੀ ਪੰਜਾਬ ਵਿਚ ਸਾਵਣ ਮਹੀਨੇ ਦੀ ਖਾਸ ਮਹਾਨਤਾ ਹੈ। ਇਸ ਮਹੀਨੇ ਦਾ ਹਰੇਕ ਦਿਨ ਪੰਜਾਬੀਆਂ ਲਈ ਈਦ ਵਰਗਾ ਹੈ। ਬਨਸਪਤੀ ਮੌਲਦੀ ਹੈ, ਨਵੀਆਂ ਕਰੂੰਬਲਾਂ ਫੁਟਦੀਆਂ ਹਨ, ਮੋਰ-ਪਪੀਹੇ ਖ਼ੁਸ਼ੀ ਵਿਚ ਨੱਚਦੇ ਗਾਉਂਦੇ ਹਨ, ਕੋਇਲਾਂ ਕੂਕਦੀਆਂ ਹਨ। ਕੁੜੀਆਂ-ਚਿੜੀਆਂ ਤੀਆਂ ਮਨਾਉਣ ਪੇਕੀਂ ਆ ਜੁੜਦੀਆਂ ਹਨ। ਥਾਂ-ਥਾਂ 'ਤੇ ਮੇਲੇ ਲਗਦੇ ਹਨ, ਗਿੱਧੇ-ਭੰਗੜੇ ਦੇ ਪਿੜ ਬੱਝਦੇ ਹਨ, ਪੂੜੇ ਪੱਕਦੇ ਹਨ, ਖੀਰਾਂ ਰਿਝਦੀਆਂ ਹਨ ਅਤੇ ਵਾਤਾਵਰਨ ਨੂੰ ਮਸਤੀ ਚੜ੍ਹ ਜਾਂਦੀ ਹੈ। ਸਾਵਣ ਦੀਆਂ ਫੁਹਾਰਾਂ ਮੁਟਿਆਰਾਂ ਨੂੰ ਲਟਬੌਰੀਆਂ ਕਰ ਦਿੰਦੀਆਂ ਹਨ ਅਤੇ ਉਹ ਪੁਕਾਰ ਉਠਦੀਆਂ ਹਨ:

ਸੌਣ ਮਹੀਨਾ ਦਿਨ ਗਿੱਧੇ ਦੇ,

ਸਭੇ ਸਹੇਲੀਆਂ ਆਈਆਂ

ਭਿੱਜ ਗਈ ਰੂਹ ਮਿੱਤਰਾ,

ਸੌਣ ਘਟਾਂ ਚੜ੍ਹ ਆਈਆਂ।

ਜੇਠ-ਹਾੜ੍ਹ ਦੀਆਂ ਧੁੱਪਾਂ ਨਾਲ ਸੜੇ ਘਾਹ-ਬੂਟੇ ਹਰੇ-ਭਰੇ ਹੋ ਜਾਂਦੇ ਹਨ। ਮੱਝਾਂ-ਗਊਆਂ ਵੀ ਸੰਤੁਸ਼ਟ ਹੋ ਜਾਂਦੀਆਂ ਹਨ। ਪਿੱਪਲ-ਬਰੋਟੇ ਵੀ ਆਪਣੇ ਧੰਨ ਭਾਗ ਸਮਝਦੇ ਹਨ:

ਥੜ੍ਹਿਆਂ ਬਾਝ ਨਾ ਸੋਂਹਦੇ ਪਿੱਪਲ,

ਬਾਗਾਂ ਬਾਝ ਫਲਾਹੀਆਂ।

ਹੱਸਾਂ ਨਾਲ ਹਮੇਲਾਂ ਸੋਂਹਦੀਆਂ,

ਬੰਦਾਂ ਨਾਲ ਗਜਰਾਈਆਂ।

ਧੰਨ ਭਾਗ ਮੇਰੇ ਆਖੇ ਪਿੱਪਲ,

ਕੁੜੀਆਂ ਨੇ ਪੀਂਘਾਂ ਪਾਈਆਂ।

ਸੌਣ ਵਿਚ ਕੁੜੀਆਂ ਨੇ,

ਪੀਂਘਾਂ ਅਸਮਾਨ ਚੜ੍ਹਾਈਆਂ।

ਪਿਆਰ ਪਰੁੱਤੇ ਦਿਲਾਂ ਵਿਚ ਸੁੱਤੀਆਂ ਕਲਾ ਜਾਗ ਉਠਦੀਆਂ ਹਨ। ਉਹ ਖੀਵੇ ਹੋ ਕੇ ਗਾ ਉਠਦੇ ਹਨ:

ਗੱਜੇ ਬੱਦਲ ਚਮਕੇ ਬਿਜਲੀ,

ਮੋਰਾਂ ਪੈਲਾਂ ਪਾਈਆਂ।

ਹੀਰ ਨੇ ਰਾਂਝੇ ਨੂੰ,

ਦਿਲ ਦੀਆਂ ਖੋਲ੍ਹ ਸੁਣਾਈਆਂ।

ਪਰ ਅੱਜ ਦਾ ਸਮਾਂ ਕਿਸਾਨੀ ਸੰਕਟ, ਆਰਥਿਕ ਮੰਦਹਾਲੀ ਅਤੇ ਸੰਘਰਸ਼ ਨਾਲ ਗ੍ਰਹਿਣਿਆ ਹੋਇਆ ਹੈ। ਲੱਕ ਤੋੜਵੀਂ ਮਹਿੰਗਾਈ ਨਾਲ ਜੂਝਦੀ ਗ਼ਰੀਬੀ ਮਨ ਨੂੰ ਉਪਰਾਮ ਕਰ ਜਾਂਦੀ ਹੈ:

ਤੇਲ ਹੋਵੇ ਤਾਂ ਪੂੜੇ ਤਲੀਏ,

ਗੁੜ ਨੂੰ ਲਈਏ ਉਧਾਰਾ।

ਘਰ ਵਿਚ ਤਾਂ ਪਰ ਆਟਾ ਹੈ ਨੀ,

ਸਾਵਣਾ ਤੂੰ ਕਿਉਂ ਆਇਆ?

ਸੋਸ਼ਲ ਮੀਡੀਆ, ਮੋਬਾਈਲਾਂ ਦੇ ਕਲਚਰ ਨੇ ਸਾਵਣ ਦੇ ਰੰਗ ਫਿੱਕੇ ਪਾ ਦਿੱਤੇ ਹਨ। ਫਿਰ ਵੀ ਜ਼ਿੰਦਾਦਿਲ ਪੰਜਾਬੀਆਂ ਦੇ ਦਿਲਾਂ ਵਿਚ ਸਾਵਣ ਮਹੀਨਾ ਧੜਕਦਾ, ਮਟਕਦਾ ਅਤੇ ਗੁਟਕਦਾ ਰਹੇਗਾ। ਪੰਛੀਆਂ ਦੇ ਨਾਚ ਅਤੇ ਗਾਇਨ ਗੂੰਜਦੇ ਰਹਿਣਗੇ। ਬਨਸਪਤੀਆਂ ਮੌਲਦੀਆਂ ਰਹਿਣਗੀਆਂ। ਰੂਹਾਂ ਰੂਹਾਨੀ ਇਸ਼ਕ ਵਿਚ ਭਿੱਜੀਆਂ ਰਹਿਣਗੀਆਂ। ਕੁੜੀਆਂ ਜਾਂਦੇ ਹੋਏ ਸਾਉਣ ਨੂੰ ਵੀਰ ਵਾਂਗ ਅਸੀਸ ਦਿੰਦੀਆਂ ਗਾਉਂਦੀਆਂ ਰਹਿਣਗੀਆਂ:

ਸੌਣ ਵੀਰ 'ਕੱਠੀਆਂ ਕਰੇ,ਭਾਦੋਂ ਚੰਦਰੀ ਵਿਛੋੜੇ ਪਾਵੇ।

ਸਰਬਜੋਤ ਕੌਰ