ਬਾਇਡਨ ਵੱਲੋਂ ਵਿਦਿਆਰਥੀ ਵੀਜ਼ਾ 4 ਸਾਲ ਤੱਕ ਸੀਮਿਤ ਕਰ ਦੇਣ ਦੀ ਟਰੰਪ ਦੀ ਤਜਵੀਜ਼ ਰੱਦ

ਬਾਇਡਨ ਵੱਲੋਂ ਵਿਦਿਆਰਥੀ ਵੀਜ਼ਾ 4 ਸਾਲ ਤੱਕ ਸੀਮਿਤ ਕਰ ਦੇਣ ਦੀ ਟਰੰਪ ਦੀ ਤਜਵੀਜ਼ ਰੱਦ

* ਭਾਰਤੀ ਤੇ ਹੋਰ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਵੱਡੀ ਰਾਹਤ * ਪੱਤਰਕਾਰਾਂ ਨੂੰ ਵੀ ਮਿਲੀ ਰਾਹਤ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਰਾਸ਼ਟਰਪਤੀ ਜੋ ਬਾਇਡਨ ਪ੍ਰਸ਼ਾਸਨ ਨੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਉਸ ਤਜਵੀਜ਼ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ ਜਿਸ ਤਹਿਤ ਭਾਰਤੀ ਤੇ ਹੋਰ ਦੇਸ਼ਾਂ ਦੇ ਵਿਦਿਆਰਥੀਆਂ ਲਈ ਵੀਜ਼ਾ 4 ਸਾਲ ਤੱਕ ਸੀਮਿਤ ਕਰ ਦੇਣ ਦੀ ਵਿਵਸਥਾ ਹੈ। ਬਾਇਡਨ ਪ੍ਰਸ਼ਾਸਨ ਨੇ ਇਸ ਦੇ ਨਾਲ ਹੀ ਪੱਤਰਕਾਰਾਂ ਦੇ ਵੀਜ਼ੇ ਦੀ ਮਿਆਦ ਸੀਮਿਤ ਕਰਨ ਦਾ ਪ੍ਰਸਤਾਵ ਵੀ ਰੱਦ ਕਰ ਦਿੱਤਾ ਹੈ। ਹੋਮਲੈਂਡ ਸਕਿਉਰਿਟੀ ਵਿਭਾਗ ਨੇ ਕਿਹਾ ਹੈ ਕਿ ਉਸ ਨੂੰ ਆਮ ਲੋਕਾਂ ਦੀਆਂ 32000 ਟਿੱਪਣੀਆਂ ਮਿਲੀਆਂ ਹਨ ਜਿਨਾਂ ਵਿਚੋਂ 99% ਨੇ ਪਿਛਲੇ ਸਾਲ ਸਤੰਬਰ ਵਿਚ ਟਰੰਪ ਪ੍ਰਸ਼ਾਸਨ ਵੱਲੋਂ ਲਿਆਂਦੀਆਂ ਤਜਵੀਜ਼ਾਂ ਦੀ ਅਲੋਚਨਾ ਕੀਤੀ ਹੈ ਇਸ ਲਈ ਉਹ ਵੀਜ਼ੇ ਸਬੰਧੀ ਪ੍ਰਸਤਾਵਿਤ ਤਬਦੀਲੀਆਂ ਵਾਪਿਸ ਲੈ ਰਿਹਾ ਹੈ।

ਹੋਮਲੈਂਡ ਵਿਭਾਗ ਨੇ ਕਿਹਾ ਹੈ ਕਿ ਪ੍ਰਸਤਾਵਿਤ ਤਬਦੀਲੀਆਂ ਬਿਨਾਂ ਕਾਰਨ ਇਮੀਗ੍ਰੇਸ਼ਨ ਲਾਭ ਲੈਣ ਵਿਚ ਅੜਿਕਾ ਬਣਦੀਆਂ ਹਨ। ਇਸ ਤਰਾਂ ਹੁਣ ਮੌਜੂਦਾ ਨਿਯਮਾਂ ਅਨੁਸਾਰ ਐਫ ਤੇ ਜੇ ਵੀਜ਼ੇ ਵਾਲੇ ਵਿਦਿਆਰਥੀ ਅਮਰੀਕਾ ਵਿਚ ਆਪਣੀ ਪੜਾਈ ਮੁਕੰਮਲ ਕਰਨ ਤੱਕ ਰਹਿ ਸਕਣਗੇ ਤੇ ਪੱਤਰਕਾਰ ਵੀ ਆਪਣੀ ਨੌਕਰੀ ਜਾਰੀ ਰਖ ਸਕਣਗੇ। ਇਥੇ ਜਿਕਰਯੋਗ ਹੈ ਕਿ ਜੇਕਰ ਟਰੰਪ ਪ੍ਰਸ਼ਾਸਨ ਦੀਆਂ ਪ੍ਰਸਤਾਵਿਤ ਤਜਵੀਜ਼ਾਂ ਨੂੰ ਮੰਨ ਲਿਆ ਜਾਂਦਾਂ ਤਾਂ ਵਿਦਿਆਰਥੀਆਂ ਤੇ ਪੱਤਰਕਾਰਾਂ ਨੂੰ ਆਪਣਾ ਵੀਜ਼ਾ ਵਧਾਉਣ ਲਈ ਯੂ ਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸ ਨੂੰ   ਦਰਖਾਸਤ ਦੇਣੀ ਪੈਣੀ ਸੀ ਜਾਂ ਫਿਰ ਦੇਸ਼ ਛੱਡਣਾ ਪੈਣਾ ਸੀ। ਇਸ ਤੋਂ ਇਲਾਵਾ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਏਜੰਸੀ ਨੂੰ ਵੀ ਦੇਸ਼ ਵਿਚ ਦੁਬਾਰਾ ਦਾਖਲੇ ਲਈ ਬੇਨਤੀ ਕਰਨੀ ਪੈਣੀ ਸੀ। ਇਥੇ ਇਹ ਵੀ ਦਸਣਯੋਗ ਹੈ ਕਿ ਟਰੰਪ ਪ੍ਰਸ਼ਾਸਨ ਉਨਾਂ ਕੁਝ ਵਿਸ਼ੇਸ਼ ਦੇਸ਼ਾਂ ਜਿਨਾਂ ਦੇ ਵੱਡੀ ਗਿਣਤੀ ਵਿਚ ਸ਼ਹਿਰੀ ਅਮਰੀਕਾ ਵਿਚ ਤੈਅ ਸਮੇ ਤੋਂ ਵਧ ਸਮੇ ਤੋਂ ਠਹਿਰੇ ਹੋਏ ਹਨ, ਦੇ ਵਿਦਿਆਰਥੀਆਂ ਦੇ ਵੀਜ਼ੇ ਦੀ ਮਿਆਦ ਦੋ ਸਾਲ ਤੱਕ ਸੀਮਿਤ ਕਰਨਾ ਚਹੁੰਦਾ ਸੀ। ਅਜਿਹੇ ਦੇਸ਼ਾਂ ਵਿਚ ਭਾਰਤ ਵਰਗੇ ਦੇਸ਼ ਵੀ ਆਉਂਦੇ ਹਨ। ਬਾਇਡਨ ਪ੍ਰਸ਼ਾਸਨ ਵੱਲੋਂ ਟਰੰਪ ਪ੍ਰਸ਼ਾਸਨ ਦੀਆਂ ਤਜਵੀਜ਼ਾਂ ਰੱਦ ਕਰ ਦੇਣ ਨਾਲ ਹਜਾਰਾਂ ਭਾਰਤੀ ਵਿਦਿਆਰਥੀਆਂ ਸਮੇਤ ਦੁਨੀਆਂ ਭਰ ਦੇ ਲੱਖਾਂ ਵਿਦਿਆਰਥੀਆਂ ਨੇ ਰਾਹਤ ਮਹਿਸੂਸ ਕੀਤੀ ਹੈ।