ਸ਼ਿਕਾਗੋ ਵਿਚ ਦੋ ਥਾਵਾਂ 'ਤੇ ਹੋਈ ਗੋਲੀਬਾਰੀ ਵਿਚ 2 ਮੌਤਾਂ ਤੇ 15 ਜ਼ਖਮੀ

ਸ਼ਿਕਾਗੋ ਵਿਚ ਦੋ ਥਾਵਾਂ 'ਤੇ ਹੋਈ ਗੋਲੀਬਾਰੀ ਵਿਚ 2 ਮੌਤਾਂ ਤੇ 15 ਜ਼ਖਮੀ
ਸ਼ਿਕਾਗੋ ਵਿਚ ਗੋਲੀਬਾਰੀ ਉਪੰਰਤ ਮੌਕੇ 'ਤੇ ਪੁੱਜੀ ਪੁਲਿਸ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ :ਹੁਸਨ ਲੜੋਆ ਬੰਗਾ)-ਸ਼ਿਕਾਗੋ ਦੀ ਇਕ ਹੋਰ ਰਾਤ ਹਿੰਸਾ ਦੀ ਭੇਟ ਚੜ ਗਈ। ਦੋ ਥਾਵਾਂ ਉਪਰ ਹੋਈ ਗੋਲੀਬਾਰੀ ਵਿਚ 2 ਵਿਅਕਤੀਆਂ ਦੀ ਮੌਤ ਹੋ ਗਈ ਤੇ ਘੱਟੋ ਘੱਟ 15 ਹੋਰ ਜ਼ਖਮੀ ਹੋ ਗਏ। ਪੁਲਿਸ ਵਿਭਾਗ ਅਨੁਸਾਰ ਪਹਿਲੀ ਘਟਨਾ ਵਿਚ ਤਿੰਨ ਵਿਅਕਤੀਆਂ ਨੇ ਸਾਊਥ ਆਰਟਏਸ਼ੀਅਨ ਐਵਨਿਊ ਖੇਤਰ ਵਿਚ ਭੀੜ ਉਪਰ ਗੋਲੀਆਂ ਚਲਾਈਆਂ ਜਿਸ ਵਿਚ ਇਕ ਔਰਤ ਮਾਰੀ ਗਈ ਤੇ 4 ਹੋਰ ਔਰਤਾਂ ਸਮੇਤ 10 ਹੋਰ ਵਿਅਕਤੀ ਜ਼ਖਮੀ ਹੋਏ ਹਨ ਜਿਨਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਇਨਾਂ ਵਿਚ ਸ਼ਾਮਿਲ 21 ਤੋਂ 42 ਸਾਲ ਦੇ 6 ਵਿਅਕਤੀਆਂ ਦੀਆਂ ਲੱਤਾਂ ਤੇ ਧੜ ਵਿਚ ਗੋਲੀਆਂ ਵੱਜੀਆਂ ਹਨ। ਇਨਾਂ ਵਿਚੋਂ ਕਈਆਂ ਦੀ ਹਾਲਤ ਗੰਭੀਰ ਹੈ। ਗੋਲੀਬਾਰੀ ਦੀ ਇਕ ਹੋਰ ਘਟਨਾ ਵਿਚ ਇਕ ਔਰਤ ਮਾਰੀ ਗਈ ਤੇ 15 ਤੋਂ 21 ਸਾਲ ਦੇ 5 ਨੌਜਵਾਨ ਜ਼ਖਮੀ ਹੋਏ ਹਨ ਜਿਨਾਂ ਦੀ ਹਾਲਤ ਸਥਿੱਰ ਹੈ।। ਔਰਤ ਦੇ 6 ਗੋਲੀਆਂ ਵੱਜੀਆਂ ਜੋ ਯੁਨੀਵਰਸਿਟੀ ਆਫ ਸ਼ਿਕਾਗੋ ਮੈਡੀਕਲ ਸੈਂਟਰ ਵਿਚ ਦਮ ਤੋੜ ਗਈ। ਪੁਲਿਸ ਅਨੁਸਾਰ ਅਜੇ ਤੱਕ ਗੋਲੀਬਾਰੀ ਦੀਆਂ ਇਨਾਂ ਘਟਨਾਵਾਂ ਲਈ ਜਿੰਮੇਵਾਰ ਕਿਸੇ ਸ਼ੱਕੀ ਵਿਅਕਤੀ ਦੀ ਪਛਾਣ ਨਹੀਂ ਹੋਈ ਤੇ ਨਾ ਹੀ ਗੋਲੀਬਾਰੀ ਦੇ ਮੰਤਵ ਬਾਰੇ ਸਪਸ਼ਟ ਹੋ ਸਕਿਆ ਹੈ।  ਮੇਅਰ ਲੌਰੀ ਲਾਈਟਫੁੱਟ ਨੇ ਕਿਹਾ ਹੈ ਕਿ ਸ਼ੁਰੂਆਤੀ ਸੂਚਨਾ ਵਿਚ ਪਤਾ ਲੱਗਾ ਹੈ ਕਿ ਗੋਲੀਬਾਰੀ ਦੀਆਂ ਇਹ ਘਟਨਾਵਾਂ ਗਿਰੋਹ ਵਿਚਲੇ ਆਪਸੀ ਟਕਰਾਅ ਦਾ ਸਿੱਟਾ ਹਨ। ਮੇਅਰ ਅਨੁਸਾਰ ਸਾਡੇ ਸਮਾਜ ਵਿਚ ਕੁਝ ਅਜਿਹੇ ਅਨਸਰ ਹਨ ਜਿਨਾਂ ਵਿਚ ਬਦਲਾ ਲੈਣ ਦੀ ਪ੍ਰਵਿਰਤੀ ਪਾਈ ਜਾਂਦੀ ਹੈ ਤੇ ਉਹ ਬਦਲਾ ਲੈਣ ਲਈ ਕਦਰਾਂ ਕੀਮਤਾਂ ਦੀ ਪਰਵਾਹ ਨਹੀਂ ਕਰਦੇ। ਇਹ ਬਹੁਤ ਚਿੰਤਾ ਦਾ ਵਿਸ਼ਾ ਹੈ। ਪੁਲਿਸ ਅਨੁਸਾਰ ਪਿਛਲੇ ਇਕ ਹਫਤੇ ਦੌਰਾਨ ਸ਼ਹਿਰ ਵਿਚ ਗੋਲੀਬਾਰੀ ਦੀਆਂ 46 ਘਟਨਾਵਾਂ ਵਾਪਰੀਆਂ ਹਨ ਜਿਨਾਂ ਵਿਚ 74 ਲੋਕਾਂ ਨੂੰ ਗੋਲੀਆਂ ਮਾਰੀਆਂ ਗਈਆਂ ਹਨ। 6 ਲੋਕਾਂ ਦੀ ਮੌਤ ਹੋਈ ਹੈ।