ਪੰਜਾਬੀ ਯੂਨੀਵਰਸਿਟੀ ; ਅਤੀਤ ,ਵਰਤਮਾਨ ਅਤੇ ਭਵਿੱਖ

ਪੰਜਾਬੀ ਯੂਨੀਵਰਸਿਟੀ ; ਅਤੀਤ ,ਵਰਤਮਾਨ ਅਤੇ ਭਵਿੱਖ

 30 ਅਪ੍ਰੈਲ ਸਥਾਪਨਾ ਦਿਵਸ ਤੇ ਵਿਸ਼ੇਸ਼ 

(ਵਿੱਦਿਆ ਵਿਚਾਰੀ ਤਾਂ ਪਰਉਪਕਾਰੀ)

ਪੰਜਾਬੀ ਯੂਨੀਵਰਸਿਟੀ ਪਟਿਆਲਾ ਇਜ਼ਰਾਈਲ ਦੀ ਹਿਬਰੋ ਭਾਸ਼ਾ ਦੇ ਨਾਮ ਤੇ ਬਣੀ ਯੂਨੀਵਰਸਿਟੀ ਤੋਂ ਬਾਅਦ ਵਿਸ਼ਵ ਦੀ  ਦੂਸਰੀ  ਅਜਿਹੀ ਯੂਨੀਵਰਸਿਟੀ ਹੈ ਜੋ ਕਿਸੇ ਭਾਸਾ਼ ਯਾਨੀ ਪੰਜਾਬੀ ਭਾਸ਼ਾ ਦੇ ਨਾਮ ਤੇ ਬਣੀ ਹੋਈ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਥਾਪਨਾ 1961 ਦੇ ਪੰਜਾਬ ਐਕਟ ਨੰਬਰ 35 ਅਧੀਨ ਪੰਜਾਬੀ ਭਾਸ਼ਾ ਦੇ ਪ੍ਰਚਾਰ/ਪਸਾਰ ਹਿੱਤ  30 ਅਪ੍ਰੈਲ 1962 ਨੂੰ ਕੀਤੀ ਗਈ ਸੀ ।ਯੂਨੀਵਰਸਿਟੀ ਦਾ ਨੀਂਹ ਪੱਥਰ ਉਸ ਸਮੇਂ ਦੇ ਮਾਨਯੋਗ ਰਾਸ਼ਟਰਪਤੀ ਡਾ.ਐਸ.ਰਾਧਾ ਕਿ੍ਸ਼ਨਨ ਜੀ ਨੇ 24 ਜੂਨ 1962 ਨੂੰ ਰੱਖਿਆ ਸੀ।ਪੰਜਾਬੀ ਯੂਨੀਵਰਸਿਟੀ ਪਟਿਆਲਾ  ਵਿੱਚ ਦੇਸ਼ ਵਿਦੇਸ ਤੋਂ ਵਿਸ਼ੇਸ਼ ਤੌਰ ਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਪੜਨ ਲਈ ਇੱਥੇ ਆਉਂਦੇ ਹਨ । ਮਾਲਵੇ ਇਲਾਕੇ ਦੇ ਤਕਰੀਬਨ ਨੌਂ ਜਿਲ੍ਹਿਆਂ ਦੇ ਪੌਣੇ ਤਿੰਨ ਸੌ ਦੇ ਲੱਗਭੱਗ ਕਾਲਜ ਇਸ ਯੂਨੀਵਰਸਿਟੀ ਨਾਲ ਜੁੜੇ ਹੋੲੇ/ਸੰਬੰਧਤ ਹਨ । ਪੰਜਾਬੀ ਯੂਨੀਵਰਸਿਟੀ ਵਿੱਚ ਜਿਆਦਾਤਰ ਕਿਰਤੀ ਤੇ ਗਰੀਬ ਪਰਿਵਾਰਾਂ ਦੇ ਬੱਚੇ ਹੀ ਪੜਦੇ ਹਨ ।ਪੰਜਾਬੀ ਯੂਨੀਵਰਸਿਟੀ ਵਿੱਚ ਪੜਨਾ ਹਰ ਕੋਈ ਆਪਣੇ ਲਈ ਬਹੁਤ ਮਾਣ/ਫਖਰ ਵਾਲੀ ਗੱਲ ਸਮਝਦਾ ਹੈ,ਪ੍ਰੰਤੂ ਸਰਕਾਰੀ ਬੇਰੁਖੀ ਅਤੇ ਯੂਨੀਵਰਸਿਟੀ ਦੇ ਪ੍ਰਬੰਧਕੀ ਬਲਾਕ ਚ ਗੁੰਝਲਦਾਰ ਪ੍ਰਕਿਰਿਆ ਹੋਣ ਕਰਕੇ ਸਰਟੀਫਿਕੇਟ ਲੈਣ ਖਾਤਰ ਕਈ- ਕਈ ਸਾਲਾਂ ਤੱਕ ਧੱਕੇ ਖਾਣ ਕਰਕੇ ਵੱਡੀ ਗਿਣਤੀ ਵਿਦਿਆਰਥੀਆਂ ਦਾ ਯੂਨੀਵਰਸਿਟੀ ਤੋਂ ਮੋਹ ਭੰਗ ਹੋ ਰਿਹਾ ਹੈ। ਯੂਨੀਵਰਸਿਟੀ ਦਾ ਬਹੁਤ ਹੀ ਮਨਮੋਹਕ ਤੇ ਹਰਿਆਣਾ ਭਰਿਆ ਵਾਤਾਵਰਣ ਹਰ ਕਿਸੇ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਨਜ਼ਰ ਆਉਂਦਾ ਹੈ। ਪੰਜਾਬੀ ਯੂਨੀਵਰਸਿਟੀ ਨੇ ਕਿਸੇ ਸਮੇਂ ਵੱਡੇ ਵੱਡੇ ਵਿਦਵਾਨ ,ਫਨਕਾਰ, ਤੇ ਨੇਤਾ ਪੈਦਾ ਕੀਤੇ ਹਨ, ਜੋ ਅੱਜ ਦੇਸਾਂ ਵਿਦੇਸ਼ਾਂ ਵਿੱਚ ਬੈਠੇ ਹੋਣ ਦੇ ਬਾਵਜੂਦ ਵੀ ਪੰਜਾਬੀ ਯੂਨੀਵਰਸਿਟੀ ਦੀਆਂ ਯਾਦਾਂ ਧੁਰ ਅੰਦਰ ਤੱਕ ਦਿਲ ਵਿੱਚ ਸਮੋਈ ਬੈਠੇ ਹਨ।ਪੰਜਾਬੀ ਯੂਨੀਵਰਸਿਟੀ ਦੀਆਂ ਲਾਇਬ੍ਰੇਰੀਆਂ ਵਿੱਚ ਅਜਿਹਾ ਇਤਿਹਾਸਕ ਤੇ ਸਾਹਿਤਕ ਖਜਾਨਾ ਪਿਆ ਹੈ ਜੋ ਹੋਰ ਕਿਧਰੇ ਵੀ ਨਹੀਂ ਮਿਲਦਾ।

ਯੂਨੀਵਰਸਿਟੀ ਵਿੱਚ ਵੱਖ - ਵੱਖ ਖੇਡਾਂ ਦੇ ਖੇਡ ਮੈਦਾਨ ,ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਅਜਾਇਬ ਘਰ,ਕਲਾ ਭਵਨ,ਪੰਜਾਬੀ ਭਵਨ ,ਡਾ. ਗੰਡਾ ਸਿੰਘ ਪੰਜਾਬੀ ਰੈਫਰੈੰਸ  ਲਾਇਬ੍ਰੇਰੀ , ਭਾਈ ਕਾਹਨ ਸਿੰਘ ਨਾਭਾ ਲਾਇਬ੍ਰੇਰੀ  ਜਿਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਕਿਤਾਬਾਂ ਦਾ ਵੱਡਾ ਖਜ਼ਾਨਾ ਤੇ ਗੁਰ ਗੋਬਿੰਦ ਸਿੰਘ ਭਵਨ ਯੂਨੀਵਰਸਿਟੀ ਦੀ ਸੋਭਾ/ਸਾਨ ਵਧਾਉਣ ਵਿੱਚ ਵਡਮੁੱਲਾ ਯੋਗਦਾਨ ਪਾਉਂਦੇ ਹਨ । ਪੰਜਾਬੀ ਯੂਨੀਵਰਸਿਟੀ ਦੇ ਵਿਹੜੇ ਵਿੱਚ ਬਣੇ ਗੁਰੂ ਗੋਬਿੰਦ ਸਿੰਘ ਭਵਨ ਨੇ ਤਾਂ ਪੰਜਾਬੀ ਯੂਨੀਵਰਸਿਟੀ ਦੀ ਪੂਰੇ ਜਗਤ ਵਿੱਚ ਵਿਸ਼ੇਸ਼ ਪਹਿਚਾਣ ਹੀ ਬਣਾਕੇ ਰੱਖ ਦਿੱਤੀ ਹੈ। ਗੁਰੂ  ਗੋਬਿੰਦ ਸਿੰਘ ਜੀ ਭਵਨ ਦਾ ਨੀਂਹ ਪੱਥਰ ਉਸ ਸਮੇਂ ਦੇ ਮਾਨਯੋਗ ਰਾਸ਼ਟਰਪਤੀ ਜੀ ਡਾ.ਜ਼ਾਕਿਰ ਹੁਸੈਨ ਜੀ ਨੇ 27 ਦਸੰਬਰ 1967 ਈਸਵੀ ਨੂੰ ਰੱਖਿਆ ਸੀ।ਖੇਡਾਂ ਦੇ ਖੇਤਰ ਵਿੱਚ ਵੀ ਪੰਜਾਬੀ ਯੂਨੀਵਰਸਿਟੀ ਦੇ ਖੇਡ ਵਿਭਾਗ ਨੇ ਕਾਬਲੇ ਤਾਰੀਫ਼ ਮੱਲਾਂ ਮਾਰਦੇ ਹੋੲੇ ਅਨੇਕਾਂ ਵਾਰ ਮਾਕਾ ਟਰਾਫ਼ੀ  ਜਿੱਤ ਕੇ ਪੰਜਾਬੀ ਯੂਨੀਵਰਸਿਟੀ ਦੀ ਝੋਲੀ ਵਿੱਚ ਪਾਕੇ ਵਿਸੇਸ਼ ਨਾਮਣਾ/ਮਾਣ ਖੱਟਿਆ ਹੈ।ਕਿਸੇ ਸਮੇਂ ਇਸ ਯੂਨੀਵਰਸਿਟੀ ਦਾ ਨਾਮ ਪੂਰੀ ਦੁਨੀਆਂ ਵਿੱਚ ਧਰੂ ਤਾਰੇ ਵਾਂਗ ਚਮਕਦਾ ਸੀ ਪਰ ਹੇਠਲੀਆਂ ਤੇ ਉਪਰਲੀਆਂ ਸਰਕਾਰਾਂ ਦੀ ਉੱਚ ਸਿੱਖਿਆ ਦੇ ਵਪਾਰੀਕਰਨ ਦੀ ਨੀਤੀ ਅਤੇ ਨੀਅਤ ਕਰਕੇ ਲੋਕ ਦਿਲਾਂ ਵਿੱਚ ਵਸੀ ਇਸ ਯੂਨੀਵਰਸਿਟੀ ਨੂੰ ਹੁਣ ਗ੍ਰਹਿਣ ਲੱਗ ਚੁੱਕਾ ਹੈ।ਇਸ ਸਮੇਂ ਯੂਨੀਵਰਸਿਟੀ ਵੱਡੇ ਪੱਧਰ ਤੇ ਸਰਕਾਰੀ ਬੇਰੁਖੀ ਦਾ ਸਿਕਾਰ ਹੋਣ ਕਰਕੇ ਵੱਡੇ ਵਿੱਤੀ ਸੰਕਟ ਵਿੱਚੋ ਗੁਜਰ ਰਹੀ ਹੈ ।ਯੂਨੀਵਰਸਿਟੀ ਨੂੰ ਮਿਲਦੀ ਸਰਕਾਰੀ ਗਰਾਂਟ ਨੂੰ ਵੱਡਾ ਬੰਨ/ਕੱਟ ਮਾਰਿਆ ਹੋਇਆ ਹੈ। ਪੰਜਾਬੀ ਯੂਨੀਵਰਸਿਟੀ ਨੂੰ ਢਾਅ ਲਗਾਉਣ ਲਈ ਇਸਦੇ ਬਰਾਬਰ ਹੋਰ ਨਿੱਜੀ ਯੂਨੀਵਰਸਿਟੀਆਂ ਬਣਾਈਆਂ ਜਾ ਰਹੀਆਂ ਹਨ ਤਾਂ ਕਿ ਕਿਸੇ ਬਹਾਨੇ ਇਸ ਯੂਨੀਵਰਸਿਟੀ ਤੋਂ ਵਿਦਿਆਰਥੀਆਂ ਦਾ ਮੋਹ ਭੰਗ ਕੀਤਾ ਜਾ ਸਕੇ। ਪਿੱਛੇ ਜਿਹੇ ਯੂਨੀਵਰਸਿਟੀ ਵਿੱਚੋਂ ਕਈ ਕੋਰਸ ਬੰਦ ਕਰ ਦਿੱਤੇ ਗੲੇ ਹਨ। ਕਾਬਲੇਗੌਰ ਗੱਲ ਤਾਂ ਇਹ ਹੈ ਕਿ ਯੂਨੀਵਰਸਿਟੀਆਂ ਵਿੱਚ ਅਸਲ ਵਿੱਚ ਕੰਮ ਤਾਂ ਖੋਜ ਅਤੇ ਪੋਸਟ ਗ੍ਰੈਜੂਏਸ਼ਨ ਦੀ ਸਿੱਖਿਆ/ਵਿੱਦਿਆ  ਮੁਹੱਈਆ ਕਰਵਾਉਣਾ ਹੁੰਦਾ ਹੈ, ਪ੍ਰੰਤੂ  ਇੱਥੇ ਵੀ ਹੁਣ ਖੋਜ ਦੀ ਕੀਮਤ ਤੇ ਅੰਡਰ ਗ੍ਰੈਜੂਏਸ਼ਨ ਕੋਰਸ ਕਰਵਾੲੇ ਜਾ ਰਹੇ ਹਨ।ਯੂਨੀਵਰਸਿਟੀ ਵਿੱਚ ਵੱਡੇ ਪੱਧਰ ਤੇ ਅਸਾਮੀਆਂ ਲੰਮੇ ਸਮੇਂ ਤੋਂ ਖਾਲੀ ਪਈਆਂ ਹਨ ।

ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ  ਹਰ ਸਾਲ ਹੀ ਹੋਸਟਲਾਂ ਲਈ ਬਹੁਤ ਹੀ ਜਿਆਦਾ ਸੰਘਰਸ਼ ਕਰਨਾ ਪੈਂਦਾ ਹੈ ਜਾਂ ਮਜਬੂਰੀ ਵੱਸ ਬਾਹਰ ਮਹਿੰਗੇ ਪੀ.ਜੀ. ਵਿੱਚ ਰਹਿਣਾ ਪੈਂਦਾ ਹੈ।ਵੱਡੇ ਆਰਥਿਕ ਸੰਕਟ ਕਰਕੇ ਯੂਨੀਵਰਸਿਟੀ ਦੇ ਮੁਲਾਜ਼ਮ ਤਨਖਾਹਾਂ ਨੂੰ ਵੀ ਤਰਸਦੇ ਰਹੇ ਹਨ। ਵੱਖ-ਵੱਖ ਵਿਭਾਗਾਂ ਵਿੱਚ ਆਸਾਮੀਆਂ ਖਾਲੀ ਹੋਣ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਹੋਰ ਦੂਸਰੇ  ਕੰਮਕਾਜ ਦਾ ਵੀ ਵੱਡਾ ਨੁਕਸਾਨ ਹੋ ਰਿਹਾ ਹੈ । ਯੂਨੀਵਰਸਿਟੀ ਦੇ ਪ੍ਰਬੰਧਕੀ ਬਲਾਕ ਵਿੱਚ ਸਰਟੀਫਿਕੇਟ ਲੈਣ ਲਈ ਵਿਦਿਆਰਥੀਆਂ ਬਿਨ੍ਹਾਂ ਕਸੂਰੋਂ ਹੀ ਸੈਂਕੜੇ ਕਿਲੋਮੀਟਰ ਤੋਂ ਚੱਲਕੇ ਕਈ ਕਈ ਸਾਲ ਇੱਥੇ ਧੱਕੇ ਖਾਂਦੇ ਰਹਿਦੇ ਹਨ ਜਿਸ ਕਰਕੇ ਅੰਤ ਨੂੰ ਉਹ ਦੁਖੀ ਹੋ ਕੇ ਯੂਨੀਵਰਸਿਟੀ ਨੂੰ ਛੱਡਣਾ ਹੀ ਜਿਆਦਾ ਬਿਹਤਰ ਸਮਝਦੇ ਹਨ ।ਬੀਤੇ ਸਮੇਂ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕਲਾ , ਸਾਹਿਤ ,ਸੱਭਿਆਚਾਰ ਤੇ ਖੇਡਾਂ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰਨ ਦੇ ਨਾਲ ਨਾਲ  ਹੋਰ ਵੀ ਕਈ ਖੇਤਰਾਂ ਵਿੱਚ ਅਸਮਾਨੀ ਬੁਲੰਦੀਆਂ ਨੂੰ ਫਤਿਹ ਕੀਤਾ ਹੈ ।ਪੰਜਾਬੀ ਯੂਨੀਵਰਸਿਟੀ ਪਟਿਆਲਾ ਹੀ ਮਾਲਵਾ ਖੇਤਰ ਦੇ ਬਹੁ ਗਿਣਤੀ ਕਿਰਤੀ ਅਤੇ ਗਰੀਬ ਪਰਿਵਾਰਾਂ ਦੇ  ਬੱਚਿਆਂ ਲਈ ਉੱਚ ਸਿੱਖਿਆ ਦੇ ਗਿਆਨ ਦਾ ਚਾਨਣ ਮੁਨਾਰਾ ਤੇ ਊਮੀਦ ਦੀ ਕਿਰਨ ਵੀ ਹੈ। ਯੂਨੀਵਰਸਿਟੀ ਦੇ ਪ੍ਰਕਾਸ਼ਨ ਬਿਉੂਰੋਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੀਆਂ ਹੋਰ ਸਾਰੀਆਂ ਯੂਨੀਵਰਸਿਟੀਆਂ ਤੋਂ ਜਿਆਦਾ /ਵੱਧ ਕਿਤਾਬਾਂ ਦੀ ਪ੍ਰਕਾਸ਼ਨਾ ਪੰਜਾਬੀ ਯੂਨੀਵਰਸਿਟੀ ਦੇ ਪ੍ਰਕਾਸ਼ਨ ਬਿਊਰੋਂ ਨੇ ਹੀ ਕੀਤੀ ਹੈ ।ਪੰਜਾਬੀ ਭਾਸਾ਼ ਦੇ ਪ੍ਰਚਾਰ /ਪਸਾਰ ਹਿੱਤ ਹੋੰਦ ਵਿੱਚ ਆਈ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਪਿਛਲੇ ਵਰੇ/ਸਾਲ ਡਾ. ਸੁਰਜੀਤ ਸਿੰਘ ਦੇ ਵਿਸ਼ੇਸ਼ ਯੋਗਦਾਨ ਸਦਕਾ ਯੂਨੀਵਰਸਿਟੀ ਨੂੰ ਦਿਲੋਂ ਚਾਹੁਣ ਵਾਲਿਆਂ ਨਾਲ ਮਿਲਕੇ ਯੂਨੀਵਰਸਿਟੀ ਵਿੱਚ ਪੰਜਾਬੀ ਭਾਸ਼ਾ ਦਿਵਸ ਵੱਡੇ ਪੱਧਰ ਤੇ ਮਨਾਇਆ ਗਿਆ । ਜਿਸ ਨਾਲ ਇੱਕ ਵਾਰ ਮੁੜ ਯੂਨੀਵਰਸਿਟੀ ਦੀ ਪੰਜਾਬੀ ਭਾਸ਼ਾ ਪ੍ਰਤੀ ਪਹਿਲਾਂ ਵਾਲੀ ਸਾਨਦਾਰ ਗੁਆਚੀ ਹੋਈ ਸਾਖ ਮੁੜ ਬਹਾਲ/ ਸੁਰਜੀਤ ਹੋਣ ਦੀ ਆਸ ਬੱਝੀ ਹੈ । ਮਾਣਮੱਤਾ ਇਤਿਹਾਸ ਸਿਰਜਨ ਵਾਲੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਰਤਮਾਨ ਸਮੇਂ ਸਥਿਤੀ ਬਹੁਤ ਹੀ ਡਾਵਾਂਡੋਲ ਬਣੀ ਹੋਈ ਹੈ ਜੋ ਇੱਕ ਸੋਚੀ ਸਮਝੀ ਸਾਜਿਸ਼ ਹੀ ਕਿਹਾ ਜਾ ਸਕਦਾ ਹੈ ਅਤੇ ਜਿਸ ਕਰਕੇ ਇਸ ਨੂੰ  ਭਵਿੱਖ ਵਿੱਚ ਬਹੁਤ ਵੱਡੀਆਂ ਚੁਨੌਤੀਆਂ/ਅੌਕੜਾਂ ਦਾ ਵੀ ਸਾਹਮਣਾ ਕਰਨ ਲਈ ਅੱਜ ਤੋਂ ਹੀ ਤਿਆਰ ਹੋਣਾ ਪਵੇਗਾ। ਜਿਸ ਨੂੰ ਬਚਾਉਣ ਲਈ ਹਰ ਪੰਜਾਬੀ ਨੂੰ ਰਲ ਮਿਲਕੇ ਵੱਡਾ ਹੰਭਲਾ ਮਾਰਨ ਦੀ ਸਖਤ ਜਰੂਰਤ ਹੈ।ਸਮੇਂ ਦੀਆਂ ਹਕੂਮਤਾਂ ਵੱਲੋ ਯੂਨੀਵਰਸਿਟੀ ਨੂੰ ਆਪਣੇ ਵਿੱਤੀ ਸਾਧਨ ਆਪ ਜੁਟਾਉਣ ਦੀਆਂ ਜੁਗਤਾਂ/ਸਲਾਹਾ ਦੇਣਾ ਅਸਿੱਧੇ ਤਰੀਕੇ ਨਾਲ ਫੀਸਾਂ ਵਿੱਚ ਵਾਧਾ ਕਰਵਾਉਣਾ ਹੀ ਕਿਹਾ ਜਾ ਸਕਦਾ ਹੈ। ਜਿਸ ਨਾਲ ਵਿਦਿਆਰਥੀਆਂ ਦੇ ਸਿਰ ਮੋਟੀਆਂ ਫੀਸਾਂ ਮੜ ਕੇ ਉਹਨਾਂ ਨੂੰ ਵਿੱਦਿਆ /ਸਿੱਖਿਆ ਪ੍ਰਾਪਤੀ ਤੋਂ ਵਾਂਝੇ ਕਰਨਾ ਹੀ ਹੈ। ਪਿਛਲੇ ਕਾਫੀ ਸਮੇਂ ਤੋਂ ਲੈ ਕੇ  ਯੂਨੀਵਰਸਿਟੀ ਵੱਡੇ ਪੱਧਰ ਤੇ ਸੰਘਰਸ਼ਾਂ ਦਾ ਪਿੜ ਬਣੀ ਰਹੀ ਹੈ । ਪ੍ਰੰਤੂ ਫਿਰ ਵੀ ਸਥਿਤੀ ਵਿੱਚ ਕੋਈ ਸੁਧਾਰ ਦੀ ਬਜਾਏ ਹੋਰ ਨਿਘਾਰ ਹੀ ਆਇਆ ਹੈ।ਪੰਜਾਬੀ  ਯੂਨੀਵਰਸਿਟੀ ਦੀ ਸ਼ਥਾਪਨਾ ਸਮੇਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੀ ਮੋਹਰੀ ਭੂਮਿਕਾ ਰਹੀ ਸੀ।ਪ੍ਰੰਤੂ ਫਿਰ ਵੀ ਉਹ ਆਪਣੇ ਮੁੱਖ ਮੰਤਰੀ ਦੇ ਕਾਰਜਕਾਲ ਸਮੇਂ ਵੀ ਯੂਨੀਵਰਸਿਟੀ ਨੂੰ ਪੈਰਾਂ ਸਿਰ ਨਹੀਂ ਕਰ ਸਕੇ। ਇੱਥੇ ਪੜ੍ਹਨ ਵਾਲੇ ਜਿਆਦਾਤਰ ਬੱਚੇ ਆਮ ਕਿਰਤੀਅਾਂ ਅਤੇ ਦਲਿਤ ਪਰਿਵਾਰਾਂ ਨਾਲ ਸੰਬੰਧਿਤ ਹੀ ਪੜ ਰਹੇ  ਹਨ ।  ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਆਖਦੇ ਸਨ ਕਿ ਪੰਜਾਬ ਸਰਕਾਰ ਬਜਟ ਦਾ ਤੀਹ ਫੀਸਦੀ ਹਿੱਸਾ ਦਲਿਤਾਂ ਲਈ ਭਲਾਈ ਸਕੀਆਂ ਤੇ ਖਰਚਿਆਂ ਜਾਵੇਗਾ ਤਾਂ ਇਸ ਤੋਂ ਵੱਡੀ ਵਿੱਦਿਆ ਰੂਪੀ ਦਲਿਤਾਂ ਦੀ ਹੋਰ ਭਲਾਈ ਭਲਾ ਕੀ ਹੋ ਸਕਦੀ ਸੀ ? ਪਰ  ਉਨ੍ਹਾਂ ਦਾ ਕਿਹਾ ਵੀ ਕੋਈ ਰੰਗ ਨਾ ਲਿਆ ਸਕਿਆ। ਪੰਜਾਬੀ ਯੂਨੀਵਰਸਿਟੀ ਦੇ 61ਵੇਂ ਸਥਾਪਨਾ ਦਿਹਾੜੇ ਤੇ ਉਪ ਕੁਲਪਤੀ ਡਾ.ਅਰਵਿੰਦ ਜੀ ਨੂੰ ਵੀ ਅਹੁਦਾ ਸੰਭਾਲਿਆ ਇੱਕ ਸਾਲ ਹੋ ਚੁੱਕਾ ਹੈ,ਜਿੰਨ੍ਹਾਂ ਦੀ ਸਖਤ ਮਿਹਨਤ ਸਦਕਾ ਯੂਨੀਵਰਸਿਟੀ ਵਿੱਚ ਕਾਫੀ ਜਿਆਦਾ ਸੁਧਾਰ ਵੇਖਣ ਨੂੰ ਨਜ਼ਰ ਆ ਰਿਹਾ ਹੈ।ਪ੍ਰੰਤੂ ਵੱਡੇ ਆਰਥਿਕ ਸੰਕਟ ਸਮੇਤ ਹੋਰ ਵੀ ਅਨੇਕਾਂ ਚੁਨੌਤੀਆਂ ਦਾ ਨਵੇ ਉਪ ਕੁਲਪਤੀ ਸਾਹਿਬ ਕਿਵੇਂ ਸਾਹਮਣਾ ਕਰਨਗੇ ਇਹ ਤਾਂ ਆਉਣ ਵਾਲਾ ਭਵਿੱਖ/ਸਮਾਂ ਹੀ ਦੱਸੇਗਾ।ਫਿਰ ਵੀ ਹਰ ਪੰਜਾਬ ਵਾਸੀ ਤੇ ਮੌਜੂਦਾ  ਪੰਜਾਬ ਸਰਕਾਰ ਨੂੰ ਨਵੇਂ ਉਪ ਕੁਲਪਤੀ ਸਾਹਿਬ ਦਾ ਨੇਕ ਨੀਅਤ ਨਾਲ ਹਰ ਤਰ੍ਹਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਯੂਨੀਵਰਸਿਟੀ ਦੀ ਗੁਆਚੀ ਹੋਈ ਸਾਖ ਨੂੰ ਮੁੜ ਬਹਾਲ ਕੀਤਾ ਜਾ ਸਕੇ । ਤਾਂ ਜੋ ਗਰੀਬ ਤੇ ਕਿਰਤੀ ਪਰਿਵਾਰਾਂ ਦੇ ਵਿਦਿਆਰਥੀ ਵੀ ਉੱਚ ਵਿੱਦਿਆ ਪ੍ਰਾਪਤ ਕਰਨ ਦਾ ਆਪਣਾ ਸੁਪਨਾ ਸਾਕਾਰ ਕਰ ਸਕਣ। ਲੋਕ ਪੱਖੀ ਹੋਣ ਦਾ ਪ੍ਰਮਾਣ ਪੰਜਾਬ ਸਰਕਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਪਹਿਲਾਂ ਵਾਂਗ ਸਿਖਰਾਂ/ਬੁਲੰਦੀਆਂ ਤੇ ਲਿਜਾਕੇ ਹੀ ਦੇ ਸਕਦੀ ਹੈ,ਤੇ ਸਰਕਾਰ ਕੋਲ ਹੁਣ ਢੁੱਕਵਾਂ ਮੌਕਾ ਵੀ ਹੈ।

ਅੰਗਰੇਜ ਸਿੰਘ ਵਿੱਕੀ
ਪਿੰਡ + ਡਾਕ. ਕੋਟ ਗੁਰੂ (ਬਠਿੰਡਾ)
ਮੋਬਾਇਲ 98888 70822
ਈਮੇਲ -
 Vickytribunebti@gmail.com