ਨਨਕਾਣਾ ਸਾਹਿਬ ਸਾਕੇ ਦਾ ਬਾਲ ਸ਼ਹੀਦ ਦਰਬਾਰਾ ਸਿੰਘ

 ਨਨਕਾਣਾ ਸਾਹਿਬ ਸਾਕੇ ਦਾ ਬਾਲ ਸ਼ਹੀਦ ਦਰਬਾਰਾ ਸਿੰਘ

ਇਤਿਹਾਸ                                                 

ਨਨਕਾਣਾ ਸਾਹਿਬ ਦੇ ਪ੍ਰਬੰਧ ਤੇ ਮਹੰਤ ਨਰੈਣੂ ਕਾਬਜ਼ ਸੀ। ਇਤਿਹਾਸਕ ਅਸਥਾਨ ਨੂੰ ਭ੍ਰਿਸ਼ਟ ਤੇ ਦੁਰਾਚਾਰੀ ਮਹੰਤ ਦੇ ਕਬਜ਼ੇ ਤੋਂ ਮੁਕਤ ਕਰਵਾਉਣ ਲਈ ਸਥਾਨਕ ਤੇ ਕੇਂਦਰੀ ਸਿੱਖ ਆਗੂਆਂ ਨੇ ਫ਼ੈਸਲਾ ਕਰ ਲਿਆ। ਜਥੇਦਾਰ ਕਰਤਾਰ ਸਿੰਘ ਝੱਬਰ ਤੇ ਭਾਈ ਲਛਮਣ ਸਿੰਘ ਧਾਰੋਵਾਲੀ ਨੇ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕਰ ਦਿੱਤੀ ਸੀ। ਭਾਈ ਲਛਮਣ ਸਿੰਘ ਧਾਰੋਵਾਲੀ ਤੇ ਭਾਈ ਦਲੀਪ ਸਿੰਘ ਸਾਹੋਵਾਲ ਆਪਣੇ ਲਾਗਲੇ ਪਿੰਡ ਡੱਲਾ ਚੰਦਾ ਸਿੰਘ ਨੰਬਰ 85 (ਜ਼ਿਲ੍ਹਾ ਸ਼ੇਖੂਪੁਰਾ, ਪਾਕਿਸਤਾਨ) ਵਿਖੇ ਸ਼ਹੀਦੀ ਲਾਟ ਤੋਂ ਸਵੈ-ਇੱਛਤ ਕੁਰਬਾਨ ਹੋਣ ਵਾਲੇ ਪਰਵਾਨਿਆਂ ਦੇ ਨਾਵਾਂ ਦੀ ਸੂਚੀ ਤਿਆਰ ਕਰਨ ਲਈ ਆਏ।ਸਭ ਤੋਂ ਪਹਿਲਾਂ ਸਾਬਕਾ ਫ਼ੌਜੀ ਹਵਾਲਦਾਰ ਭਾਈ ਕੇਹਰ ਸਿੰਘ ਨੇ ਆਪਣਾ ਨਾਂ ਪੇਸ਼ ਕੀਤਾ ਤਾਂ ਉਨ੍ਹਾਂ ਦਾ ਨੌਂ ਸਾਲ ਦਾ ਭੁਝੰਗੀ ਦਰਬਾਰਾ ਸਿੰਘ ਕਹਿ ਰਿਹਾ ਸੀ,“ਬਾਪੂ ਜੀ, ਮੇਰਾ ਨਾਂ ਵੀ ਸ਼ਹੀਦੀ ਜਥੇ ਵਿਚ ਲਿਖਾਵੋ। ਮੈਂ ਵੀ ਬਾਪੂ ਨਾਲ ਸ਼ਹੀਦ ਹੋਵਾਂਗਾ।ਜਥੇਦਾਰਾਂ ਤੇ ਸੰਗਤ ਵੱਲੋਂ ਉਸ ਨੂੰ ਸਮਝਾਉਣ ਦੀ ਸਿਰਤੋੜ ਕੋਸ਼ਿਸ਼ ਕੀਤੀ ਗਈ ਕਿ ਪੁੱਤਰਾ ਤੇਰੀ ਉਮਰ ਅਜੇ ਛੋਟੀ ਹੈ, ਤੇਰਾ ਨਾਂ ਸ਼ਹੀਦੀ ਜਥੇ ਚ ਸ਼ਾਮਲ ਨਹੀਂ ਹੋ ਸਕਦਾ ਪਰ ਉਸ ਦੇ ਸਿਦਕੀ ਹੌਸਲੇ ਤੇ ਦ੍ਰਿੜ੍ਹ ਇਰਾਦੇ ਅੱਗੇ ਜਥੇਦਾਰਾਂ ਦੀਆਂ ਸਭ ਦਲੀਲਾਂ ਵਿਅਰਥ ਗਈਆਂ।

ਸੰਨ 1912 ਵਿਚ ਦਰਬਾਰਾ ਸਿੰਘ ਦਾ ਜਨਮ ਹੋਇਆ। ਉਹ ਅਜੇ ਇੱਕੀ ਦਿਨਾਂ ਦਾ ਹੀ ਸੀ ਕਿ ਮਾਂ ਬੀਬੀ ਰਤਨ ਕੌਰ ਪਰਲੋਕ ਸਿਧਾਰ ਗਈ। ਉਸ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਦਾਦੀ ਸਿਰ ਪੈ ਗਈ। ਗੁਰਦੁਆਰਾ ਜਨਮ ਅਸਥਾਨ ਦਾ ਪ੍ਰਬੰਧ ਸਿੱਖ ਪੰਥ ਦੇ ਹੱਥਾਂ ਵਿਚ ਦੇਣ ਲਈ ਸਲਾਹ ਮਸ਼ਵਰੇ ਉਪਰੰਤ ਜਥੇਦਾਰ ਕਰਤਾਰ ਸਿੰਘ ਝੱਬਰ ਤੇ ਭਾਈ ਲਛਮਣ ਸਿੰਘ ਨੇ ਫ਼ੈਸਲਾ ਕਰ ਲਿਆ ਕਿ 19 ਤੇ 20 ਫਰਵਰੀ 1921 ਦੀ ਵਿਚਕਾਰਲੀ ਰਾਤ ਨੂੰ ਸ਼ਹੀਦੀ ਜਥੇ ਨਨਕਾਣਾ ਸਾਹਿਬ ਤੋਂ ਤਕਰੀਬਨ ਸੱਤ ਮੀਲ ਦੂਰ ਚੰਦਰਕੋਟ ਦੀ ਝਾਲ ਤੇ ਇਕੱਠੇ ਹੋਣਗੇ, ਜਿੱਥੋਂ ਉਹ ਨਨਕਾਣਾ ਸਾਹਿਬ ਨੂੰ ਚਾਲੇ ਪਾਉਣਗੇ।ਕੇਹਰ ਸਿੰਘ ਦੇ ਰੋਮ- ਰੋਮ ਵਿਚ ਸ਼ਹਾਦਤ ਦਾ ਚਾਅ ਚੜ੍ਹ ਗਿਆ। ਵਾਹਿਗੁਰੂ ਦਾ ਧਿਆਨ ਧਰਦਿਆਂ ਦਸਤਾਰ ਸਜਾ ਕੇ ਸ਼ਹੀਦੀ ਬਾਣਾ ਪਹਿਨ ਕੇ ਮਾਤਾ ਦੇ ਚਰਨਾਂ ਤੇ ਸੀਸ ਝੁਕਾਇਆ। ਦਰਬਾਰਾ ਸਿੰਘ ਘਰ ਵਿਚ ਹੀ ਸੀ। ਪਿਤਾ ਦੇ ਚਿਹਰੇ ਤੇ ਲਾਲੀਆਂ ਚੜ੍ਹਦੀਆਂ ਵੇਖ ਕੇ ਉਸ ਦੇ ਦਿਲ ਚ ਵੀ ਜਜ਼ਬਾਤ ਅੰਗੜਾਈਆਂ ਲੈਣ ਲੱਗੇ। ਭੇਦ ਤਾਂ ਖੁੱਲ੍ਹ ਚੁੱਕਿਆ ਸੀ। ਕੇਹਰ ਸਿੰਘ ਇਕਲੌਤੇ ਲਾਡਲੇ ਪੁੱਤ ਦਾ ਮੂੰਹ- ਮੱਥਾ ਚੁੰਮ ਕੇ ਹਿੱਕ ਨਾਲ ਲਾ ਕੇ ਤੁਰਨ ਹੀ ਲੱਗਾ ਸੀ ਕਿ ਦਰਬਾਰਾ ਸਿੰਘ ਪਿਓ ਨੂੰ ਘੁੱਟ ਕੇ ਗਲਵੱਕੜੀ ਪਾ ਕੇ ਚਿੰਬੜ ਗਿਆ। ਬਾਲਕ ਨੇ ਪੂਰੀ ਦਿ੍ਰੜਤਾ ਨਾਲ ਸਪੱਸ਼ਟ ਕਹਿ ਦਿੱਤਾ, ‘ਬਾਪੂ ਮੈਂ ਤੁਹਾਡੇ ਨਾਲ ਹੀ ਜਾਵਾਂਗਾ ਤੇ ਨਾਲ ਹੀ ਸ਼ਹੀਦ ਹੋਵਾਂਗਾ।’’ ਦਾਦੀ ਜੀ, ਪਿਤਾ ਤੇ ਬਾਕੀ ਪਰਿਵਾਰ ਵੱਲੋਂ ਲੱਖ ਸਮਝਾਉਣ ਤੇ ਵੀ ਬਾਲਕ ਜਦ ਆਪਣੇ ਇਰਾਦੇ ਤੇ ਦਿ੍ਰੜ ਰਿਹਾ ਤਾਂ ਕੇਹਰ ਸਿੰਘ ਨੇ ਆਤਮਿਕ ਅਨੁਭਵ ਰਾਹੀਂ ਕਰਤਾਰ ਦੇ ਹੁਕਮ ਨੂੰ ਸਮਝਿਆ ਕਿ ਦਰਬਾਰਾ ਸਿੰਘ ਗੁਰੂ ਲੇਖੇ ਲੱਗਣ ਲਈ ਉਸ ਤੋਂ ਅੱਗੇ ਤੇ ਉੱਚਾ ਪਹੁੰਚ ਚੁੱਕਿਆ ਹੈ। ਉੁਹ ਧੀਰਜ ਨਾਲ ਬੋਲਿਆ,“ਪਿਆਰੇ ਪੁੱਤਰ ਦਰਬਾਰਾ ਸਿੰਘ, ਜੱਫਾ ਛੱਡ ਤੇ ਝਟਪਟ ਤਿਆਰ ਹੋ ਜਾ। ਚੱਲ ਦੋਵੇਂ ਪਿਓ-ਪੁੱਤ ਇਕੱਠੇ ਹੀ ਚੱਲੀਏ।’’ ਕੇਹਰ ਸਿੰਘ ਨੇ ਅਰਦਾਸ ਕੀਤੀ ਤੇ ਦੋਵੇਂ ਪਿਓ-ਪੁੱਤ ਘਰੋਂ ਬਾਹਰ ਨਿਕਲੇ। ਪਿੰਡ ਦੇ ਹੋਰ ਸ਼ਹੀਦੀ ਪਰਵਾਨੇ ਨਾਲ ਰਲ ਗਏ। ਪਿੰਡੋ-ਪਿੰਡੀ ਵਧਦਾ ਜਥਾ ਦੋ ਸੌ ਸਿੰਘਾਂ ਦਾ ਹੋ ਗਿਆ।

ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁਸ਼ਬਦ ਪੜ੍ਹਦਾ ਹੋਇਆ ਜਥਾ ਪਿੰਡ ਕੋਟਲਾ ਕਾਹਲਵਾਂ ਚ ਜਥੇਦਾਰ ਲਛਮਣ ਸਿੰਘ ਧਾਰੋਵਾਲੀ ਦੇ ਜਥੇ ਨਾਲ ਜਾ ਰਲਿਆ। ਸਾਰਾ ਜਥਾ ਮਿੱਥੇ ਵਕਤ ਚੰਦਰਕੋਟ ਦੀ ਝਾਲ ਤੇ ਪਹੁੰਚ ਗਿਆ। ਸ਼ਹੀਦੀ ਬਾਣੇ ਪਹਿਨੀ ਤੇ ਸਿਰਾਂ ਤੇ ਕਫਨ ਸਜਾਈ ਜਥਾ ਤੜਕੇ ਪੌਣੇ ਪੰਜ ਵਜੇ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਵਿਚ ਦਾਖ਼ਲ ਹੋ ਗਿਆ। ਮਹੰਤ ਨੂੰ ਉਸ ਦੇ ਸੂਹੀਆਂ ਪਾਸੋਂ ਕੁਝ ਹਫ਼ਤੇ ਪਹਿਲਾਂ ਹੀ ਅਕਾਲੀ ਜਥਿਆਂ ਵੱਲੋਂ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਆਪਣੇ ਹੱਥਾਂ ਵਿਚ ਲੈਣ ਸਬੰਧੀ ਪ੍ਰੋਗਰਾਮ ਬਾਰੇ ਪਤਾ ਲੱਗ ਗਿਆ ਸੀ। ਫਿਰੰਗੀ ਸਰਕਾਰ ਦੀ ਸ਼ਹਿ ਹੋਣ ਕਾਰਨ ਉਸ ਨੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਆਪਣੇ ਹੱਥਾਂ ਵਿਚ ਲੈਣ ਆਏ ਸਾਰੇ ਸਿੰਘਾਂ ਨੂੰ ਸ਼ਹੀਦ ਕਰਨ ਲਈ ਬੰਦੂਕਾਂ, ਤਲਵਾਰਾਂ, ਛਵੀਆਂ, ਕੁਹਾੜੀਆਂ, ਮਿੱਟੀ ਦੇ ਤੇਲ ਦੇ ਪੀਪੇ, ਲੱਕੜਾਂ ਦੇ ਗੱਡੇ ਆਦਿ ਦੇ ਵੱਡੇ ਭੰਡਾਰ ਇਕੱਠੇ ਕਰ ਲਏ। ਇਲਾਕੇ ਦੇ ਬਦਮਾਸ਼ਾਂ, ਕਾਤਲਾਂ ਤੇ ਕੁਝ ਪਠਾਣਾਂ ਨੂੰ ਵੀ ਉਸ ਨੇ ਭਾੜੇ ਤੇ ਇਕੱਠਾ ਕੀਤਾ ਹੋਇਆ ਸੀ, ਜੋ ਦਿਨ- ਰਾਤ ਸ਼ਰਾਬ ਕੱਢਦੇ ਤੇ ਪੀਂਦੇ ਰਹਿੰਦੇ।

ਜਥੇ ਦੇ ਸਿੰਘਾਂ ਨੇ ਗੁਰਦੁਆਰਾ ਸਾਹਿਬ ਅੰਦਰ ਦਾਖ਼ਲ ਹੋ ਕੇ ਦਰਸ਼ਨੀ ਡਿਉਢੀ ਦਾ ਬੂਹਾ ਅੰਦਰੋਂ ਬੰਦ ਕਰ ਲਿਆ। ਭਾਈ ਲਛਮਣ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਆਸਾ ਦੀ ਵਾਰ ਦਾ ਪਾਠ ਕਰਨਾ ਆਰੰਭ ਕਰ ਦਿੱਤਾ। ਭਾਈ ਕੇਹਰ ਸਿੰਘ, ਦਰਬਾਰਾ ਸਿੰਘ ਤੇ ਕੁਝ ਹੋਰ ਗਿਣਤੀ ਦੇ ਗੁਰਸਿੱਖ ਵੀ ਚੌਖੰਡੀ (ਉਹ ਅਸਥਾਨ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ) ਵਿਚ ਬਿਰਾਜਮਾਨ ਹੋ ਕੇ ਭਾਈ ਲਛਮਣ ਸਿੰਘ ਪਾਸੋਂ ਪਾਠ ਸਰਵਣ ਕਰ ਰਹੇ ਸਨ। ਬਾਕੀ ਸਿੰਘ ਬਰਾਂਡੇ ਵਿਚ ਬੈਠੇ ਸਨ। ਮਹੰਤ ਨੇ ਗੁਰਦੁਆਰਾ ਸਾਹਿਬ ਦੇ ਆਲੇ- ਦੁਆਲੇ ਮਕਾਨਾਂ ਦੀਆਂ ਛੱਤਾਂ ਤੇ ਬੰਦੂਕਾਂ ਦੇ ਕੇ ਕਾਤਲ ਬਿਠਾਏ ਹੋਏ ਸਨ। ਸਿੰਘਾਂ ਦੇ ਬੈਠਦਿਆਂ ਹੀ ਗੋਲੀਆਂ ਦੀ ਬੁਛਾੜ ਸ਼ੁਰੂ ਹੋ ਗਈ। ਮਹੰਤ ਨੇ ਪੱਕਾ ਇਰਾਦਾ ਕੀਤਾ ਹੋਇਆ ਸੀ ਕਿ ਇਕ ਵੀ ਸਿੰਘ ਜਿਊਂਦਾ ਨਹੀਂ ਛੱਡਿਆ ਜਾਵੇਗਾ। ਚੌਖੰਡੀ ਅੰਦਰ ਬੈਠੇ ਸਿੰਘਾਂ ਨੇ  ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਾਇਮ ਰੱਖਣ ਲਈ ਸਾਰੇ ਦਰਵਾਜ਼ੇ ਅੰਦਰੋਂ ਬੰਦ ਕਰ ਦਿੱਤੇ। ਅੰਦਰਲੇ ਸਿੰਘਾਂ ਨੇ ਭੁਝੰਗੀ ਦਰਬਾਰਾ ਸਿੰਘ ਨੂੰ ਬੁਖਾਰਚੀ (ਅਲਮਾਰੀ) ਵਿਚ ਬੰਦ ਕਰ ਕੇ ਕੁੰਡੀ ਲਾ ਦਿੱਤੀ। ਸਿੰਘ ਪੂਰੀ ਤਰ੍ਹਾਂ ਸ਼ਾਂਤਮਈ ਸਨ। ਜ਼ਖ਼ਮੀ ਤੇ ਤੜਫਦੇ ਸਿੰਘ ਵਾਹਿਗੁਰੂ ਵਾਹਿਗੁਰੂਉਚਾਰ ਰਹੇ ਸਨ।ਕਾਤਲਾਂ ਨੇ ਬਾਹਰਲੇ ਸਾਰੇ ਸਿੰਘ ਸ਼ਹੀਦ ਕਰ ਕੇ ਉਨ੍ਹਾਂ ਦੀਆਂ ਦੇਹਾਂ ਦੇ ਟੁਕੜੇ- ਟੁਕੜੇ ਕਰ ਕੇ ਅਗਨ ਭੇਂਟ ਕਰ ਦਿੱਤੇ। ਫਿਰ ਚੌਖੰਡੀ ਦੇ ਪਹਾੜ ਵਾਲੇ ਪਾਸੇ ਦੇ ਬੂਹੇ ਦੀ ਚੂਥੀ ਪੁੱਟ ਕੇ ਹਵਾਲਦਾਰ ਕੇਹਰ ਸਿੰਘ ਸਮੇਤ ਅੰਦਰਲੇ ਸਿੰਘਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਭਾਈ ਲਛਮਣ ਸਿੰਘ ਧਾਰੋਵਾਲੀ ਨੂੰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਬੈਠਿਆਂ ਗੋਲ਼ੀ ਵੱਜੀ ਤੇ ਉਹ ਡਿੱਗ ਪਿਆ। ਗੋਲ਼ੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਵੱਜੀਆਂ। ਭਾਈ ਗੁਰਬਖ਼ਸ਼ ਸਿੰਘ ਸ਼ਮਸ਼ੇਰਝੁਬਾਲੀਆ ਰਚਿਤ ਸ਼ਹੀਦੀ ਜੀਵਨਵਿਚ ਬਿਰਤਾਂਤ ਹੈ ਕਿ ਜ਼ਖ਼ਮੀਆਂ ਨੂੰ ਛਵੀਆਂ ਨਾਲ ਟੋਟੇ-ਟੋਟੇ ਕਰ ਕੇ ਬਲਦੀਆਂ ਚਿਖਾਵਾਂ ਵਿਚ ਸੁੱਟ ਕੇ ਫੂਕ ਦਿੱਤਾ।

ਬੁਖਾਰਚੀ ਵਿਚੋਂ ਦਰਬਾਰਾ ਸਿੰਘ ਦੀ ਆਵਾਜ਼ ਆ ਰਹੀ ਸੀ ਕਿ ਮੈਂ ਵੀ ਆਪਣੇ ਬਾਪੂ ਨਾਲ ਸ਼ਹੀਦ ਹੋਣਾ ਹੈ, ਜਿਸ ਨੂੰ ਸੁਣ ਕੇ ਕਪੂਰ ਸਿੰਘ ਤੇ ਲੱਧੂ ਭੱਜ ਕੇ ਅੰਦਰ ਗਏ। ਕਪੂਰ ਸਿੰਘ ਨੇ ਤਾਕੀ ਖੋਲ੍ਹ ਕੇ ਬੱਚੇ ਨੂੰ ਧੌਣੋਂ ਫੜ੍ਹ ਕੇ ਬਾਹਰ ਧੂਅ ਲਿਆ। ਮਾਸੂਮ ਬਾਲਕ ਗਲਵੱਕੜੀ ਪਾ ਕੇ ਉਸ ਦੀ ਧੌਣ ਨਾਲ ਚਿੰਬੜ ਗਿਆ ਤੇ ਆਖਣ ਲੱਗਾ, ‘‘ਮੈਨੂੰ ਏਦਾਂ ਨਾ ਮਾਰੋ ਮੈਂ ਬਾਪੂ ਨਾਲ ਛ੍ਹੀਦ (ਸ਼ਹੀਦ) ਹੋਣਾ ਹੈ।’’ ਉਸ ਚੰਦਰੇ ਕਾਤਲ ਨੇ ਝੰਜੋੜ ਕੇ ਆਪਣੇ ਗਲ ਨਾਲੋਂ ਲਾਹ ਕੇ ,ਇਕ ਹੱਥ ਲੱਤਾਂ ਨੂੰ ਤੇ ਦੂਜਾ ਹੱਥ ਬਾਹਵਾਂ ਨੂੰ ਪਾ ਕੇ, ਹੁਲਾਰਾ ਦੇ ਕੇ ਉਸੇ ਬਲਦੇ ਭਾਂਬੜ ਵਿਚ ਸੁੱਟ ਦਿੱਤਾ, ਜਿਸ ਵਿਚ ਉਸ ਦੇ ਪਿਤਾ ਕੇਹਰ ਸਿੰਘ ਦੀ ਮਿ੍ਰਤਕ ਦੇਹ ਦੇ ਟੋਟੇ ਬਲ ਰਹੇ ਸਨ। ਮਾਸੂਮ ਤੇ ਭੋਲਾ- ਭਾਲਾ ਭੁਝੰਗੀ ਆਪਣੀ ਤੋਤਲੀ ਜ਼ੁਬਾਨ ਨਾਲ ਕੀਤੇ ਕੌਲ ਨੂੰ ਪੁਗਾਉਂਦਿਆਂ ਸ਼ਹੀਦ ਹੋ ਚੁੱਕੇ ਪਿਤਾ ਨਾਲ ਸ਼ਹੀਦ ਹੋ ਗਿਆ।

 

ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ