ਤਵਾਰੀਖ਼ ਦੇ ਪੰਨਿਆਂ 'ਤੇ ਜੂਨ 1984 (ਭਾਗ -6)

ਤਵਾਰੀਖ਼ ਦੇ ਪੰਨਿਆਂ 'ਤੇ ਜੂਨ 1984 (ਭਾਗ -6)

ਧਰਮ ਸਿਰ ਦਿੱਤਿਆਂ ਬਾਝ ਨਹੀਂ ਰਹਿਣਾ ,ਧਰਮ ਸਿਰ ਦਿੱਤਿਆਂ ਬਾਝ ਨਹੀਂ ਰਹਿਣਾ "

ਚਮਕੌਰ ਦੀ ਕੱਚੀ ਗੜ੍ਹੀ ਵਿਚ ਜਦ ਸਿੰਘਾਂ ਦੇ ਨਾਲ ਨਾਲ ਦਸ਼ਮੇਸ਼ ਪਿਤਾ ਨੇ ਆਪਣੇ ਪੁੱਤ ਵੀ ਜੰਗ ਨੂੰ ਤੋਰੇ ਸੀ ਤੇ ਗੜ੍ਹੀ ਵਿੱਚੋਂ ਤੁਰਨ ਲੱਗਿਆਂ ਪੁੱਤਾਂ ਦੀ ਥਾਂ ਆਪਣੀ ਪੱਗ ਤੇ ਕਲਗੀ ਪੰਥ ਦੇ ਸਿਰ ਬੰਨ੍ਹ ਦਿੱਤੀ ਸੀ ,ਉਸ ਦਿਨ ਸਾਰੀਆਂ ਜਿੰਮੇਵਾਰੀਆਂ ਪੰਥਕ ਪੁੱਤਾਂ ਦੇ ਮੋਢਿਆਂ ਤੇ ਪਾ ਕੇ ਸੁਰਖਰੂ ਹੋ ਮਾਛੀਵਾੜੇ ਦੇ ਜੰਗਲ ਵਿਚ ਟਿੰਡ ਦਾ ਸਿਰਹਾਣਾ ਲੈਕੇ ਨਿਸਚਿੰਤ ਨੀਂਦ ਸੋਂ ਗਿਆ ,ਉਸ ਦਿਨ ਤੋਂ ਆਪਣੇ ਸਿਰ ਤੇ ਬੱਝੀ ਦਸਮੇਸ਼ ਪਿਤਾ ਦੀ ਬਖਸ਼ੀ ਜਿੰਮੇਵਾਰੀ ਦੀ ਪੱਗ ਮਹਿਸੂਸ ਕਰਦਾ ਹੋਇਆ ਹਰ ਸਿੰਘ ਦਸ਼ਮੇਸ਼ ਦੇ ਪੁੱਤਾਂ ਦਾ ਵੀਰ ਹੋਣ ਦਾ ਯਤਨ ਕਰਦਾ ਹੈ , ਇਸੇ ਯਤਨ ਵਿਚ ਹੀ ਤਾਂ ਅਕਾਲ ਤਖ਼ਤ ਦੇ ਕਿਲ੍ਹੇ ਨੂੰ ਚਮਕੌਰ ਦੀ ਗੜ੍ਹੀ ਦਾ ਰੂਪ ਦੇਕੇ ਸੰਤ ਜਰਨੈਲ ਸਿੰਘ ਤੇ ਉਸ ਦੇ ਕੌਮੀਂ ਜੰਗਜੂਆਂ ਨੇ ਭਾਰਤੀ ਫੌਜ ਦੇ ਆਹੂ ਲਾਹ ਦਿੱਤੇ, ਦਰਬਾਰ ਸਾਹਿਬ ਦੀ ਪਰਕਰਮਾ ਫੌਜੀਆਂ ਦੀ ਕਤਲਗਾਹ ਬਣ ਗਈ ,ਫੌਜੀਆਂ ਦੀਆਂ ਲਾਸ਼ਾਂ ਦੇ ਢੇਰ ਵੇਖਕੇ  ਲੜ  ਰਹੀ ਫੌਜ ਦਾ ਮਨੋਬਲ ਮੁਕਾ ਰਿਹਾ ਸੀ ,ਭਾਰਤੀ ਫੌਜ ਦੇ ਜਰਨਲ ਕੁਲਦੀਪ ਬਰਾੜ ਦੇ ਹੱਥੀਂ ਲਿਖੇ ਅਨੁਸਾਰ ਸਾਰੇ ਜੰਗੀ ਪੈਂਤੜੇ ਫੇਲ੍ਹ ਹੋਣ ਕਾਰਨ ਵਾਰ ਵਾਰ ਬਦਲਣੇ ਪਏ ਪਰ ਸੱਭ ਵਿਅਰਥ ਸੀ ਆਖਰ ਬੇਬੱਸ ਹੋਕੇ 6 ਜੂਨ ਸਵੇਰ 4 :30  ਵਜੇ ਇਕ ਬਕਤਰਬੰਦ ਗੱਡੀ ਵਿਚ 15 ਕੁਮਾਊਂ ਰੈਜੀਮੈਂਟ ਦੇ ਫੌਜੀ ਲੱਦ ਕੇ ਬਾਕੀ ਸਾਰੀ ਕੰਪਨੀ ਨੂੰ ਮਗਰ ਮਗਰ ਤੋਰ ਦਿੱਤਾ ਤਾਂਕਿ ਗੱਡੀ ਦੀ ਓਟ ਵਿਚ ਫੌਜੀ ਅਕਾਲ ਤਖ਼ਤ ਦੇ ਸਾਹਮਣੇ ਪੈਰ ਰੱਖ ਸਕਣ, ਅਕਾਲ ਦੀ ਓਟ ਵਾਲਿਆਂ ਨੇ ਟੈਂਕ ਨੁਮਾਂ ਗੱਡੀ ਦੀ ਓਟ ਵਾਲਿਆਂ ਨੂੰ ਗੱਡੀ ਸਮੇਤ  ,ਗੱਡੀ ਚਾੜ ਦਿੱਤਾ , ਬਰਾੜ ਦੀ ਰੂਹ ਕੰਬ ਗਈ ,ਉਹ ਲਿਖਦਾ ਹੈ ਕਿ ਮੈਂ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਇਸਤਰਾਂ ਵੀ ਹੋ ਸਕਦਾ ਹੈ ,ਭਾਰਤੀ ਫੌਜ ਦੇ ਜਰਨੈਲਾਂ ਨੂੰ ਹਾਰ ਦਾ ਸਾਹਮਣਾ ਹੋ ਚੁੱਕਾ ਸੀ, ਅਗਲੀ ਸਵੇਰ ਹੁਣ ਕੁਝ ਪਲਾਂ ਦੀ ਬਾਤ ਸੀ ,ਦਿੱਲੀ ਦੇ ਮਾਲਕਾਂ ਨੂੰ ਦੋ ਘੰਟਿਆਂ ਵਿੱਚ ਜੰਗ ਜਿੱਤਣ ਦੀ ਜੋ ਸ਼ੇਖੀ ਮਾਰਕੇ ਤੁਰੇ ਸੀ ਉਹ ਤਾਂ ਸਿੱਖ ਜੰਗਜੂਆਂ ਦੀ ਜੰਗੀ ਤਾਕਤ ਨੇ ਖਤਮ ਕਰ ਦਿੱਤੀ ਸੀ ,ਹੁਣ ਜਾਨ ਵੀ ਬਚਾਉਣੀ ਸੀ ਤੇ ਇੱਜਤ ਵੀ ਸੋ ਆਖਰੀ ਹਥਿਆਰ ਸੀ ਟੈਂਕ , 5 ਵਜੇ ਟੈਂਕਾਂ ਆਸਰੇ ਅੰਦਰ ਲੰਘਣ ਦੀ ਦਿੱਲੀਓਂ ਆਗਿਆ ਮੰਗੀ ਗਈ ਜੋ ਅੰਤਾਂ ਦੇ ਹੋਏ ਜਾਨੀ ਨੁਕਸਾਨ ਨੂੰ ਵੇਖਦਿਆਂ ਇਕ ਪਲ ਵਿਚ ਮਿਲ ਗਈ ,ਸਵੇਰੇ ਠੀਕ 5:21 ਤੇ ਟੈਕਾਂ ਨੂੰ ਹੁਕਮ ਹੋਇਆ ਕੇ ਹਾਰ ਨੂੰ ਜਿੱਤ ਵਿਚ ਬਦਲ ਕੇ ਹਿਸਾਬ ਬਰਾਬਰ ਕਰ ਦਿਓ, ਟੈਂਕਾਂ ਵਿਚੋਂ ਨਿਕਲਦੇ 105 ਐਮ ਐਮ ਦੇ ਗੋਲਿਆਂ ਦਾ ਮੀਂਹ ਅਕਾਲ ਤਖ਼ਤ ਸਾਹਿਬ ਦੀਆਂ ਨੀਹਾਂ ਹਿਲਾਉਣ ਦੀ ਜੁਰਅਤ ਕਰ ਰਿਹਾ ਸੀ , ਟੈਂਕ ਕੀ ਜਾਨਣ ਕਿ ਇਹ ਤਖ਼ਤ ਦੀ ਨੀਂਹ ਦੀਆਂ ਇੱਟਾਂ ਗੁਰੂ ਹਰਗੋਬਿੰਦ ਸਾਹਿਬ ਦੇ ਹੱਥਾਂ ਨਾਲ ਲੱਗੀਆਂ ਨੇ ,ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਮੀਰੀ ਤੇ ਪੀਰੀ ਦਾ ਸੁਮੇਲ ਕਰਦਾ ਇਹ ਥੜਾ ਹੱਥੀਂ ਬਣਾਇਆ ਸੀ , ਇਹ ਇਕ ਇਮਾਰਤ ਨਹੀਂ ਹੈ  ਇਹ ਤਾਂ ਸਿਧਾਂਤ ਹੈ,ਤੇ ਗੁਰੂ ਦੇ ਸਿਧਾਂਤ ਦੀ ਰਾਖੀ ਲਈ ਤਾਂ ਇਹ ਜੰਗਜੂ ਟੈਂਕਾਂ ਸਾਹਮਣੇ ਹਿੱਕਾਂ ਡਾਹ ਕੇ ਖਲੋਤੇ ਨੇ , ਸੰਸਾਰ ਦਾ ਜੰਗੀ ਇਤਿਹਾਸ ਗਵਾਹ ਹੈ ਕਿ ਬੰਦੇ ਤੇ ਟੈਂਕ ਦਾ ਕੋਈ ਮੁਕਾਬਲਾ ਨਹੀਂ ਹੋ ਸਕਦਾ ,ਟੈਂਕਾਂ ਦੇ ਗੋਲੇ ਜਮੀਨ ਅਸਮਾਨ ਇਕ ਕਰ ਰਹੇ ਸਨ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਕੁੱਝ ਪਲਾਂ ਵਿਚ ਹੀ ਖੰਡਰ ਹੋ ਗਈ ਸੀ , ਫੌਜ ਦੇ ਹੌਸਲੇ ਨੇ ਮੋੜਾ ਖਾਦਾ ਤੇ  ਮੇਜਰ ਬੀ ਕੇ ਮਿਸ਼ਰਾ ਆਪਣੀ ਫੌਜੀ ਟੁਕੜੀ ਨਾਲ ਅਕਾਲ ਤਖ਼ਤ ਵੱਲ ਵਧਿਆ ਪਰ ਤਖ਼ਤ ਸਾਹਿਬ ਦੀ ਅਜ਼ਮਤ ਲਈ ਜੂਝਦੇ ਜੰਗਜੂਆਂ ਨੇ ਟੈਂਕਾਂ ਦੇ ਵਰ੍ਹਦੇ ਗੋਲਿਆਂ ਵਿਚ ਵੀ ਇਸ ਟੁਕੜੀ ਨੂੰ ਥਾਂਹੀਂ ਢੇਰ ਕਰ ਦਿੱਤਾ , ਬਰਾੜ ਦਾ ਮੰਨਣਾ ਹੈ ਕਿ ਟੈਂਕ ਅੰਦਰ ਲੰਘਾਉਣ ਦੇ 3 ਫਾਇਦੇ ਸਨ ਇਕ ਵਧੇਰੇ ਮਾਰ ਕਰਨੀ ,ਦੂਜਾ ਟੈਂਕ ਦੇ ਬਲਬਾਂ ਦੀ ਰੋਸ਼ਨੀ ਵਿਚ ਜੰਗਜੂਆਂ ਨੂੰ ਅਨ੍ਹਿਆਂ ਕਰਨਾ ,ਤੀਜਾ ਜੰਗਜੂਆਂ ਦੇ ਮਨਾਂ ਵਿਚ ਬੰਬਾਂ ਦੇ ਧਮਾਕਿਆਂ ਨਾਲ ਡਰ ਪੈਦਾ ਕਰਨਾ ,ਬਰਾੜ ਨਹੀਂ ਜਾਣਦਾ ਸੀ ਕਿ ਇਹ ਉਹ ਨੇ ਜੋ ਜਲਾਦ ਨੂੰ ਆਪਣਾ ਬੰਦ ਬੰਦ ਕੱਟਣਾ ਆਪ ਸਿਖਾਉਂਦੇ ਹਨ, ਇਹਨਾਂ ਟੈਂਕਾਂ ਦੀ ਬੰਬਬਾਰੀ ਤੋਂ ਕੀ ਡਰਨਾ ,ਬਰਾੜ ਲਿਖਦਾ ਹੈ ਕੇ ਅਕਾਲ ਤਖ਼ਤ ਅਤੇ ਨਾਲਦੇ ਮੋਰਚਿਆਂ ਵਿਚੋਂ ਸਵੈਚਾਲਕ ਹਥਿਆਰਾਂ ਨੇ ਟੈਂਕਾਂ ਦੀ ਮਾਰ ਦੀ ਪ੍ਰਵਾਹ ਨਾ ਕਰਦਿਆਂ ਵੀ ਜੰਗ ਜਾਰੀ ਰੱਖੀ ਤੇ ਟੈਂਕਾਂ ਦੀ ਸੁਰੱਖਿਆ ਛਤਰੀ ਹੇਠ ਅੰਦਰ ਗਈ ਫੌਜ ਨੂੰ ਬਹੁਤ ਭਾਰੀ ਨੁਕਸਾਨ ਕਰਵਾਉਣਾ ਪਿਆ ,35 % ਫੌਜ ਇਥੇ ਫੇਰ ਮਾਰੀ ਗਈ

 6 :20 ਵਜੇ ਭਾਰੀ ਨੁਕਸਾਨ ਨੂੰ ਵੇਖਦਿਆਂ ਫੌਜ ਪਿਛਾਂਹ ਮੁੜੀ ,ਬਰਾੜ ਲਿਖਦਾ ਹੈ ਕਿ ਨੀਤੀ ਵਿਚ ਫੇਰ ਬਦਲਾਅ ਕੀਤਾ ਗਿਆ , ਤਖ਼ਤ ਸਾਹਿਬ ਦੇ ਪਾਸਿਆਂ ਤੋਂ ਮਸ਼ੀਨਗੰਨਾਂ ਦਾ ਵਰ੍ਹਦਾ ਮੀਂਹ ਰੋਕਣ ਲਈ ਦੋ ਸਪੈਸ਼ਲ ਫੌਜੀ ਟੁਕੜੀਆਂ ਬਣਾਈਆਂ ਗਈਆਂ, ਚੋਣਵੇਂ ਫੌਜੀ ਸ਼ਾਮਲ ਕੀਤੇ ਗਏ,ਪਰ ਜੰਗਜੂਆਂ ਵਲੋਂ ਜ਼ੋਰਦਾਰ ਗੋਲੀਆਂ ਦੇ ਛੜਾਕੇ ਨਾਲ ਸਿਰਫ 3 ਬੁਰੀ ਤਰਾਂ ਜਖਮੀਂ ਫੌਜੀ ਹੀ ਜਾਨ ਬਚਾਉਣ ਵਿਚ ਕਾਮਯਾਬ ਹੋਏ , ਸਵੇਰ ਦੇ 7:30 ਵੱਜ ਗਏ ਸਨ ਧੁੱਪ ਨਿਕਲ ਆਈ ਸੀ ਪਰ ਅਕਾਲ ਤਖ਼ਤ ਦੇ ਰਾਖੇ ਅਜੇ ਵੀ ਚੜ੍ਹਦੀਕਲਾ ਨਾਲ ਡਟੇ ਹੋਏ ਸਨ , ਜਰਨਲ ਜਗਜੀਤ ਸਿੰਘ ਜੀ ਅਰੋੜਾ ਨੇ ਮਗਰੋਂ ਤਖ਼ਤ ਸਾਹਿਬ ਦੇ ਹਾਲਤ ਵੇਖ ਕੇ ਦੱਸਿਆ ਕਿ ਟੈਂਕਾਂ ਦੇ ਲਗਭਗ 80 ਗੋਲੇ ਤਖ਼ਤ ਸਾਹਿਬ ਦੀ ਇਮਾਰਤ ਤੇ ਸੁੱਟੇ ਗਏ ਸਨ ,ਵੈਰੀਆਂ ਨੇ ਹਾਰ ਦਾ ਬਦਲਾ ਲੈਣ ਲਈ ਸਾਰੀ ਇਮਾਰਤ ਮਲਬਾ ਬਣਾ ਦਿੱਤੀ ਗਈ , ਓਧਰ ਕੌਮ ਦਾ ਜਰਨੈਲ ਵੀ ਹਾਲਾਤਾਂ ਨੂੰ ਬਾਰੀਕੀ ਨਾਲ ਜਾਣਦਿਆਂ ਹੋਇਆਂ ਫੈਸਲਾ ਕਰ ਚੁੱਕਾ ਸੀ ,ਉਸ ਨੂੰ ਯਾਦ ਆਇਆ ਕਿ ਗੁਰੂ ਗਰੰਥ ਸਾਹਿਬ ਦੇ ਸਿਧਾਂਤ ਦੀ ਰਾਖੀ ਲਈ ਸਾਡਾ ਪੰਜਵਾਂ ਗੁਰੂ ਆਪ ਚੱਲਕੇ ਤੱਤੀ ਤਵੀ ਤੇ ਬੈਠ ਗਿਆ ਸੀ ,ਉਸ ਨੂੰ ਯਾਦ ਆਇਆ ਕਿ ਸਾਡਾ ਨੌਵਾਂ ਗੁਰੂ ਧਰਮ ਦੀ ਆਜ਼ਾਦੀ ਲਈ ਅਨੰਦਪੁਰ ਤੋਂ ਆਪ ਚੱਲਕੇ ਦਿੱਲੀ ਚਾਂਦਨੀ ਚੌਂਕ ਸਿਰ ਦੇਣ ਗਿਆ ਸੀ ,ਉਸ ਨੂੰ ਯਾਦ ਆਇਆ ਕਿ ਧਰਮ ਯੁੱਧ ਲਈ ਕਲਗੀਧਰ ਦੇ ਪੁੱਤ ਸ਼ਹੀਦ ਹੋਣ ਆਪ ਚੱਲਕੇ ਗਏ ਸੀ ,ਉਸ ਨੂੰ ਯਾਦ ਆਇਆ ਕੇ ਪੰਥ ਦੀ ਜਿਸ ਮਿਸਲ ਦਾ ਉਹ ਹੁਣ ਜਥੇਦਾਰ ਹੈ ਉਸ ਦਾ ਮੋਢੀ ਬਾਬਾ ਦੀਪ ਸਿੰਘ ਦਰਬਾਰ ਸਾਹਿਬ ਦੀ ਅਜ਼ਮਤ ਲਈ ਤਲਵੰਡੀ ਸਾਬ੍ਹੋ  ਤੋਂ ਆਪ ਚੱਲਕੇ ਅੰਮ੍ਰਿਤਸਰ ਸ਼ਹੀਦ ਹੋਣ ਆਇਆ ਸੀ , ਸੰਤ ਜਰਨੈਲ ਸਿੰਘ ਨੂੰ ਲੱਗਾ ਕਿ ਮੇਰਾ ਤਾਂ ਪੈਂਡਾ ਹੀ ਨਹੀਂ ਹੈ , ਹੁਣ ਤਾਂ ਬੱਸ ਪੰਜ ਸੱਤ ਕਦਮਾਂ ਤੇ ਸ਼ਹਾਦਤ ਨੇ ਗਲਵਕੜੀ ਪਾ ਲੈਣੀ ਹੈ ,ਕੌਮੀਂ ਜਰਨੈਲ ਕੌਮ ਨੂੰ ਦਿੱਤਾ ਹੋਇਆ ਬਚਨ ਪੁਗਾਉਣਾ ਚਾਹੁੰਦਾ ਸੀ ਉਸ ਨੇ ਇਕ ਵਾਰ ਫੇਰ ਉੱਚੀ ਆਵਾਜ ਵਿੱਚ ਗਾਇਆ " ਧਰਮ ਸਿਰ ਦਿੱਤਿਆਂ ਬਾਝ ਨਹੀਂ ਰਹਿਣਾ ,ਧਰਮ ਸਿਰ ਦਿੱਤਿਆਂ ਬਾਝ ਨਹੀਂ ਰਹਿਣਾ " , ਉਹ ਉੱਠ ਕੇ ਖਲੋ ਗਿਆ 47 ਸਿੰਘ ਉਸ ਦੇ ਹੁਕਮ ਦੀ ਉਡੀਕ ਕਰ ਰਹੇ ਸਨ , ਉਸ ਬਿਫ਼ਰੇ ਸ਼ੇਰ ਜਹੀ ਅਵਾਜ ਵਿਚ ਆਖਿਆ ਮੇਰੇ ਮਗਰ ਓਹੀ ਆਇਓ ਜਿਨ੍ਹਾਂ ਸ਼ਹੀਦ ਹੋਣਾ , ਅਰਦਾਸ ਕਰ ਕੇ ਉਹ ਬਾਹਰ ਨੂੰ ਤੁਰ ਪਿਆ 35 ਜੰਗਜੂ ਉਸ ਦੇ ਮਗਰ ਤੁਰ ਪਏ  .........ਚਲਦਾ 
ਜਰੂਰੀ ਬੇਨਤੀ : ਜਨ. ਬਰਾੜ ਨੂੰ ਜਿਆਦਾ ਕੋਡ ਕਰਨ ਦਾ ਮਕਸਦ ਹੈ ਦੁਸ਼ਮਣ ਦਾ ਪ੍ਰਵਾਨ ਕੀਤਾ ਸੱਚ ,ਜੋ ਅਸਲ ਸੱਚਾਈ ਨਾਲੋਂ ਬਹੁਤ ਘਟਾ ਕੇ ਲਿਖਿਆ ਗਿਆ ਹੋਊ ,ਬੱਸ ਅੰਦਾਜਾ ਲਾ ਲੈਣਾ ਕਿ ਜੰਗ ਦੇ ਅਸਲ ਹਾਲਾਤ ਕੀ ਹੋਣਗੇ।  

ਪਰਮਪਾਲ ਸਿੰਘ ਸਭਰਾਅ 
981499 1699