ਅਖੀ ਡਿਠਾ ਦਿ੍ਸ਼, ਦਰਬਾਰ ਸਾਹਿਬ ਬਾਰੇ ਅਸਟਰੇਲੀਅਨ ਯਾਤਰੀ ਦਾ ਸਵਾਲ

ਅਖੀ ਡਿਠਾ ਦਿ੍ਸ਼, ਦਰਬਾਰ ਸਾਹਿਬ ਬਾਰੇ ਅਸਟਰੇਲੀਅਨ ਯਾਤਰੀ ਦਾ ਸਵਾਲ

ਵਿਦੇਸ਼ੀ ਮਹਿਮਾਨ  ਹਰਿਮੰਦਰ ਸਾਹਿਬ ਅਤੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਲੈ ਕੇ ਬਹੁਤ ਪ੍ਰਭਾਵਿਤ ਹੋਏ।

ਆਸਟਰੇਲੀਆ ਰਹਿੰਦੇ ਆਪਣੇ ਬੱਚਿਆਂ ਦੇ ਆਸਟਰੇਲੀਅਨ ਮਹਿਮਾਨਾਂ ਨੂੰ  ਹਰਿਮੰਦਰ ਸਾਹਿਬ ਦੇ ਦਰਸ਼ਨ ਕਰਵਾ ਕੇ, ਲੰਗਰ ਛਕਾ ਕੇ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਚ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਤੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਲਈ ਪੁੱਜੇ ਤਾਂ ਉਨ੍ਹਾਂ ਇਤਿਹਾਸ ਜਾਣਨ ਤੋਂ ਪਹਿਲਾਂ ਹੀ ਸਵਾਲ ਕਰ ਦਿੱਤਾ। ਉਨ੍ਹਾਂ ਦਾ ਸਵਾਲ ਸੁਣ ਕੇ ਉੱਥੇ ਬੈਠੇ ਹੋਰ ਸ਼ਰਧਾਲੂ ਵੀ ਹੈਰਾਨ ਹੋ ਗਏ। ਇਕ ਗੋਰੀ ਨੇ ਕਿਹਾ ਕਿ ਹਰਿਮੰਦਰ ਸਾਹਿਬ ਦੀ ਭਵਨ ਉਸਾਰੀ ਬਹੁਤ ਕਮਾਲ ਹੈ, ਪ੍ਰਬੰਧ ਵੀ ਬਾਕਮਾਲ ਹੈ। ਇਤਿਹਾਸ ਬਾਅਦ ਵਿਚ ਦੱਸਣਾ, ਪਹਿਲਾਂ ਇਹ ਦੱਸੋ ਕਿ ਕੀ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਮੁਕੰਮਲ ਹੋਣ ਤੋਂ ਬਾਅਦ ਇਸ ਨੂੰ ਉਸਾਰਨ ਵਾਲਿਆਂ ਦੇ ਹੱਥ ਵੀ ਵੱਢ ਦਿੱਤੇ ਗਏ ਸਨ ਜਿਵੇਂ ਬਾਦਸ਼ਾਹ ਸ਼ਾਹਜਹਾਂ ਨੇ ਤਾਜਮਹੱਲ ਉਸਾਰਨ ਵਾਲਿਆਂ ਦੇ ਹੱਥ ਵਢਵਾ ਦਿੱਤੇ ਸਨ? ਅਜਿਹਾ ਸਵਾਲ ਕਿਸੇ ਸ਼ਰਧਾਲੂ ਨੇ ਕੀਤਾ ਹੋਵੇ, ਕਦੇ ਸੁਣਿਆ ਨਹੀਂ ਸੀ।

ਸਾਡੇ ਆਸਟਰੇਲੀਅਨ ਮਹਿਮਾਨਾਂ ਵਿਚ ਇਕ ਮੀਆਂ ਬੀਵੀ ਅਤੇ ਇਕ ਉਸ ਦੀ ਭੈਣ ਸਨ। ਉਹ ਸ੍ਰੀ ਹਰਿਮੰਦਰ ਸਾਹਿਬ ਅਤੇ ਤਾਜਮਹੱਲ ਬਾਰੇ ਸੁਣ ਕੇ ਵਿਸ਼ੇਸ਼ ਤੌਰ ’ਤੇ ਇਹ ਦੋਵੇਂ ਥਾਵਾਂ ਵੇਖਣ ਲਈ ਇੱਥੇ ਪੁੱਜੇ ਸਨ। ਅਸੀਂ ਦਿੱਲੀ ਹਵਾਈ ਅੱਡੇ ਤੋਂ ਲੈ ਕੇ ਪਹਿਲਾਂ ਉਨ੍ਹਾਂ ਨੂੰ ਤਾਜਮਹੱਲ ਵਿਖਾਉਣ ਆਗਰੇ ਲੈ ਕੇ ਗਏ ਸਾਂ। ਤਾਜਮਹੱਲ ਪੁੱਜ ਕੇ ਜਦੋਂ ਅਸੀਂ ਟਿਕਟਾਂ ਲੈਣ ਲੱਗੇ ਤਾਂ ਇੱਥੋਂ ਦੇ ਲੋਕਾਂ ਲਈ ਕੇਵਲ ਦਸ ਰੁਪਏ ਦੀ ਟਿਕਟ ਸੀ ਜਦੋਂਕਿ ਵਿਦੇਸ਼ੀਆਂ ਵਾਸਤੇ ਸੌ ਰੁਪਏ ਸੀ। ਟਿਕਟਾਂ ਲੈਣ ਲੱਗਿਆਂ ਉਨ੍ਹਾਂ ਰੋਕ ਦਿੱਤਾ। ਉਦੋਂ ਉਨ੍ਹਾਂ ਦਾ ਗੁੱਸਾ ਵੀ ਵੇਖਣ ਵਾਲਾ ਸੀ। ਉਨ੍ਹਾਂ ਟਿਕਟ ਦੇਣ ਵਾਲੇ ਨੂੰ ਖਰੀਆਂ-ਖਰੀਆਂ ਸੁਣਾਈਆਂ। ਉਨ੍ਹਾਂ ਕਿਹਾ ਕਿ ਭਾਰਤੀਆਂ ਦਾ ਇਹ ਵਿਤਕਰਾ ਬਰਦਾਸ਼ਤ ਕਰਨ ਯੋਗ ਨਹੀਂ। ਉਹ ਆਸਟਰੇਲੀਆ ਤੋਂ ਲੱਖਾਂ ਰੁਪਏ ਖਰਚ ਕੇ, ਵਿਸ਼ੇਸ਼ ਤੌਰ ’ਤੇ ਪਿਆਰ ਦੀ ਨਿਸ਼ਾਨੀ ਦੱਸੇ ਜਾਂਦੇ ਤਾਜਮਹੱਲ ਨੂੰ ਵੇਖਣ ਆਏ ਹਨ। ਵਿਦੇਸ਼ੀਆਂ ਨਾਲ ਇਹ ਵਿਤਕਰਾ ਕਿਉਂ? ਇਕ ਨੇ ਕਿਹਾ ਕਿ ਉਹ ਦਿੱਲੀ ਹੋਟਲ ਵਿਚ ਠਹਿਰੇ, ਉੱਥੇ ਪੈਸਾ ਖਰਚਿਆ। ਇੱਥੇ ਰਹਾਂਗੇ ਤਾਂ ਹੋਟਲ ਦਾ ਖਰਚਾ ਕਰਾਂਗੇ। ਤੁਸੀਂ ਟਿਕਟ ਜ਼ਰੂਰ ਲਾਉ, ਪਰ ਟਿਕਟ ਲਾਉਣ ਵਿਚ ਵਿਤਕਰਾ ਨਾ ਕਰੋ। ਉਨ੍ਹਾਂ ਦਾ ਇਹ ਵੀ ਤਰਕ ਸੀ ਕਿ ਉਨ੍ਹਾਂ ਵਾਪਸ ਜਾ ਕੇ ਆਪਣੇ ਰਿਸ਼ਤੇਦਾਰਾਂ, ਮਿੱਤਰਾਂ, ਸੱਜਣਾਂ ਤੇ ਵਾਕਫ਼ ਸੱਜਣਾਂ ਨੂੰ ਦੱਸਣਾ ਸੀ ਕਿ ਤਾਜਮਹੱਲ ਬਹੁਤ ਖ਼ੂਬਸੂਰਤ ਹੈ, ਜ਼ਰੂਰ ਵੇਖਣਾ ਚਾਹੀਦਾ ਹੈ। ਪਰ ਹੁਣ ਅਸੀਂ ਜਾ ਕੇ ਇਹ ਦੱਸਾਂਗੇ ਕਿ ਭਾਰਤੀ ਲੋਕ ਵਿਦੇਸ਼ੀਆਂ ਨਾਲ ਵਿਤਕਰਾ ਕਰਦੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਗੱਲ ਸੌ ਰੁਪਏ ਦੀ ਨਹੀਂ ਸਗੋਂ ਤੁਹਾਡੇ ਵੱਲੋਂ ਵਿਦੇਸ਼ੀਆਂ ਨਾਲ ਕੀਤੇ ਜਾ ਰਹੇ ਵਿਤਕਰੇ ਦੀ ਹੈ। ਵਿਤਕਰੇ ਬਾਰੇ ਉੱਥੇ ਜਾ ਕੇ ਦੱਸਾਂਗੇ ਤਾਂ ਉਹ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਇਕ ਗੱਲ ਹੋਰ ਵੀ ਆਖੀ ਕਿ ਆਸਟਰੇਲੀਆ ਵਿਚ ਵੀ ਵੇਖਣ ਵਾਲੀਆਂ ਥਾਵਾਂ ਦੀ ਕੋਈ ਕਮੀ ਨਹੀਂ, ਪਰ ਉੱਥੇ ਵਿਦੇਸ਼ੀਆਂ ਲਈ ਵੀ ਉਨੀ ਹੀ ਟਿਕਟ ਹੈ ਜਿੰਨੀ ਉੱਥੋਂ ਦੇ ਵਾਸੀਆਂ ਵਾਸਤੇ। ਇਕ ਨੇ ਇਹ ਵੀ ਗੱਲ ਕਰ ਦਿੱਤੀ ਕਿ ਸ਼ਾਹਜਹਾਂ ਨੇ ਇਸ ਮਹੱਲ ਨੂੰ ਆਪਣੀ ਪਤਨੀ ਦੀ ਯਾਦ ਵਿਚ ਪਤਾ ਨਹੀਂ ਕਿੰਨਾ ਕੁ ਪੈਸਾ ਖਰਚ ਕੇ ਬਣਾਇਆ ਹੋਵੇਗਾ ਅਤੇ ਇਹ ਵੀ ਨਹੀਂ ਸੋਚਿਆ ਹੋਵੇਗਾ ਕਿ ਉਹ ਜਾਂ ਫਿਰ ਉਸ ਤੋਂ ਅੱਗੋਂ ਆਉਣ ਵਾਲੀਆਂ ਪੀੜ੍ਹੀਆਂ ਜਾਂ ਰਾਜ ਕਰਨ ਵਾਲੇ ਤਾਜਮਹੱਲ ਨੂੰ ਆਪਣੀ ਆਮਦਨ ਦਾ ਸਾਧਨ ਬਣਾਉਣਗੇ।

ਟਿਕਟ ਖਿੜਕੀ ’ਤੇ ਬੈਠੇ ਦੋ ਸੱਜਣਾਂ ਨੂੰ ਉਨ੍ਹਾਂ ਦੀ ਕੋਈ ਗੱਲ ਸਮਝ ਵੀ ਆਈ ਹੋਵੇਗੀ ਜਾਂ ਨਹੀਂ, ਪਰ ਕਿਸੇ ਨੇ ਅੱਗੋਂ ਕੋਈ ਬਹਿਸ ਨਹੀਂ ਸੀ ਕੀਤੀ।ਅਸੀਂ ਟਿਕਟਾਂ ਲਈਆਂ ਅਤੇ ਅੰਦਰ ਚਲੇ ਗਏ। ਉਨ੍ਹਾਂ ਵੀ ਤਾਜਮਹੱਲ ਵੇਖਿਆ, ਉਸ ਦੀ ਉਸਾਰੀ ਨੂੰ ਸਲਾਹਿਆ। ਇਕ ਗਾਈਡ ਨੇ ਹੋਰ ਜਾਣਕਾਰੀ ਦੇਣ ਦੇ ਨਾਲ ਨਾਲ ਇਹ ਗੱਲ ਵੀ ਦੱਸੀ ਕਿ ਸ਼ਾਹਜਹਾਂ ਨੇ ਇਸ ਮਹੱਲ ਦੀ ਉਸਾਰੀ ਮੁਕੰਮਲ ਹੋਣ ਤੋਂ ਬਾਅਦ ਉਸਾਰੀ ਕਰਨ ਵਾਲੇ ਕਾਰੀਗਰਾਂ ਦੇ ਹੱਥ ਵੱਢ ਦਿੱਤੇ ਸਨ ਤਾਂ ਜੋ ਭਵਿੱਖ ਵਿਚ ਕੋਈ ਵੀ ਬਾਦਸ਼ਾਹਅਜਿਹੀ ਇਮਾਰਤ ਨਾ ਬਣਵਾ ਸਕੇ।ਕਾਰੀਗਰਾਂ ਦੇ ਹੱਥ ਵੱਢਣ ਵਾਲੀ ਗੱਲ ਮਹਿਮਾਨਾਂ ਦੇ ਮਨ ਵਿਚ ਘਰ ਕਰ ਗਈ ਸੀ। ਇਸੇ ਲਈ ਜਦੋਂ ਉਨ੍ਹਾਂ  ਹਰਿਮੰਦਰ ਸਾਹਿਬ ਦੀ ਭਵਨ ਨਿਰਮਾਣ ਕਲਾ ਨੂੰ ਵੇਖਿਆ ਤਾਂ ਉਹ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਅੰਦਰ ਇਹ ਸ਼ੰਕਾ ਪੈਦਾ ਹੋਣਾ ਕੁਦਰਤੀ ਸੀ ਕਿ ਕਿਧਰੇ  ਹਰਿਮੰਦਰ ਸਾਹਿਬ ਦੀ ਉਸਾਰੀ ਮਗਰੋਂ ਇਸ ਨੂੰ ਉਸਾਰਨ ਵਾਲੇ ਕਾਰੀਗਰਾਂ ਦੇ ਵੀ ਹੱਥ ਵੱਢ ਦਿੱਤੇ ਗਏ ਸਨ?ਸੂਚਨਾ ਕੇਂਦਰ ਵਿਚ ਸੂਚਨਾ ਅਧਿਕਾਰੀ ਨੇ  ਹਰਿਮੰਦਰ ਸਾਹਿਬ ਬਾਰੇ ਸਪੱਸ਼ਟ ਕੀਤਾ ਕਿ ਇਹ ਕਿਸੇ ਰਾਜੇ-ਮਹਾਰਾਜੇ ਦਾ ਬਣਾਇਆ ਭਵਨ ਨਹੀਂ ਸਗੋਂ ਇਹ ਤਾਂ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਆਦੇਸ਼ਾਂ ਅਨੁਸਾਰ ਇਕ ਧਾਰਮਿਕ ਸਥਾਨ ਵਜੋਂ ਉਸਾਰਿਆ ਸੀ। ਇਸ ਬਾਰੇ ਗੁਰੂ ਅਰਜਨ ਦੇਵ ਜੀ ਨੇ ਆਖਿਆ ਸੀ ‘ਡਿਠੇ ਸਭੇ ਥਾਵ ਨਹੀਂ ਤੁਧੁ ਜੇਹਿਆ’। ਇਸ ਦੀ ਉਸਾਰੀ ਸੇਵਾ-ਭਾਵਨਾ ਨਾਲ ਹੋਈ ਸੀ ਜਿਸ ਨੂੰ ਕਾਰ ਸੇਵਾ ਵੀ ਆਖਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਮੁੱਖ ਦਰਵਾਜ਼ੇ ’ਤੇ ਇਹ ਸ਼ਬਦ ਉੱਕਰੇ ਹੋਏ ਹਨ।

ਸੂਚਨਾ ਅਧਿਕਾਰੀ ਨੇ ਜਿਸ ਭਾਵਪੂਰਤ ਢੰਗ ਨਾਲ ਦੱਸਿਆ, ਉਸ ਤੋਂ ਉਨ੍ਹਾਂ ਨੂੰ ਪੂਰਨ ਤਸੱਲੀ ਹੋ ਗਈ ਸੀ। ਅਧਿਕਾਰੀ ਨੇ ਤਾਜਮਹੱਲ ਤੇ  ਹਰਿਮੰਦਰ ਸਾਹਿਬ ਵਿਚਾਲੇ ਬੁਨਿਆਦੀ ਅੰਤਰ ਬਾਰੇ ਪੂਰੇ ਵੇਰਵੇ ਸਹਿਤ ਜਾਣਕਾਰੀ ਦਿੱਤੀ। ਫਿਰ ਮਹਿਮਾਨਾਂ ਨੇ  ਹਰਿਮੰਦਰ ਸਾਹਿਬ ਦੇ ਪੂਰਨ ਇਤਿਹਾਸ ਬਾਰੇ ਪੂਰੀ ਨਿਸ਼ਠਾ ਨਾਲ ਜਾਣਕਾਰੀ ਲਈ ਅਤੇ ਹੋਰ ਸਵਾਲ ਕਰਕੇ ਹੋਰ ਵੀ ਜਾਣਕਾਰੀ ਲਈ।  ਹਰਿਮੰਦਰ ਸਾਹਿਬ ਨੂੰ ਉੱਚੀ ਥਾਂ ਦੀ ਬਜਾਏ ਨੀਵੀਂ ਥਾਂ ’ਤੇ ਬਣਾਉਣ, ਇਹਦੇ ਨਾਲ ਸਰੋਵਰ ਦੀ ਸਥਾਪਨਾ, ਚਹੁੰ ਵਰਣਾਂ ਲਈ ਚਾਰ ਮੁੱਖ ਗੇਟ, ਲੰਗਰ ਦੀ ਪਰੰਪਰਾ ਦੀ ਸ਼ੁਰੂਆਤ ਬਾਰੇ ਵੇਰਵੇ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਨੂੰ ਉੱਥੇ ਠਹਿਰਨ ਦੀ ਸਹੂਲਤ ਲਈ ਸਰਾਵਾਂ ਦੇ ਪ੍ਰਬੰਧ ਬਾਰੇ ਵੀ ਦੱਸਿਆ। ਉਨ੍ਹਾਂ ਦੱਸਿਆ ਕਿ ਚਾਰ ਦਰਵਾਜ਼ੇ ਚਹੁੰ ਵਰਣਾਂ ਦੇ ਸਾਂਝੇ ਹਨ ਜਿਹੜੇ ਸਭਨਾਂ ਲਈ ਹਮੇਸ਼ਾਂ ਖੁੱਲ੍ਹੇ ਰਹਿੰਦੇ ਹਨ। ਇਹ ਦਰਵਾਜ਼ੇ ਰਾਤੀਂ ਦੇਰ ਰਾਤ ਕੇਵਲ ਅੰਦਰ ਸਾਫ਼ ਸਫਾਈ ਲਈ ਕੁਝ ਸਮੇਂ ਲਈ ਬੰਦ ਹੁੰਦੇ ਹਨ। ਵਿਦੇਸ਼ੀ ਮਹਿਮਾਨ  ਹਰਿਮੰਦਰ ਸਾਹਿਬ ਅਤੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਲੈ ਕੇ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਵਿਚ ਸ਼ਾਮਲ ਏਂਜਲਾ ਨੇ ਕਿਹਾ, ‘‘ਸਾਨੂੰ ਹੈਰਾਨੀ ਹੋ ਰਹੀ ਹੈ ਕਿ ਕਿਸੇ ਨੇ ਸਾਨੂੰ ਇਹ ਨਹੀਂ ਕਿਹਾ ਕਿ ਅੰਦਰ ਜਾਣ ਦੀ ਟਿਕਟ ਦੇ ਪੈਸੇ ਦਿਉ। ਲੰਗਰ ਛਕ ਕੇ ਆਏ ਹਾਂ, ਬਹੁਤ ਅਨੰਦ ਆਇਆ ਸੀ, ਕਿਸੇ ਨੇ ਪੈਸੇ ਨਹੀਂ ਮੰਗੇ। ਸੂਚਨਾ ਕੇਂਦਰ ਵਿਚ ਚਾਹ ਵੀ ਪਿਆਈ ਗਈ, ਸਨਮਾਨ ਵੀ ਦਿੱਤਾ ਗਿਆ। ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਇਹ ਸਭ ਕਿੱਦਾਂ ਹੋ ਰਿਹਾ ਹੈ? ਇਹ ਕਿਹੋ ਜਿਹਾ ਵੱਖਰੀ ਕਿਸਮ ਦਾ ਧਰਮ ਹੈ, ਇਸ ਬਾਰੇ ਅੱਜ ਪਤਾ ਲੱਗਾ ਹੈ। ਆਸਟਰੇਲੀਆ ਵਿਚ ਵਸਦੇ ਸਿੱਖਾਂ ਨੇ ਗੁਰਦੁਆਰੇ ਬਣਾ ਲਏ ਹਨ ਜਿੱਥੇ ਮੁਫ਼ਤ ਲੰਗਰ ਚਲਦੇ ਹਨ। ਜਿੱਥੇ ਵੀ ਕੋਈ ਮੁਸੀਬਤ ਆਉਂਦੀ ਹੈ, ਸਿੱਖ ਹਰ ਤਰ੍ਹਾਂ ਦੀ ਮੱਦਦ ਲਈ ਆਪੇ ਪਹੁੰਚ ਜਾਂਦੇ ਹਨ।’’ ਉਸ ਦਾ ਇਹ ਵੀ ਕਹਿਣਾ ਸੀ ਕਿ ਉਹ ਵਿਦਿਆਰਥੀ, ਜਿਹੜੇ ਉੱਥੇ ਪੜ੍ਹਨ ਗਏ ਹਨ, ਉਹ ਵੀ ਲੰਗਰ ਵਿਚ ਹਿੱਸਾ ਪਾਉਂਦੇ ਹਨ, ਲੋਕਾਂ ਦੀ ਮੁਸ਼ਕਲ ਵੇਲੇ ਮੱਦਦ ਕਰਦੇ ਹਨ।ਸੂਚਨਾ ਅਧਿਕਾਰੀ ਨੇ ਉਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਹਰ ਸਿੱਖ ਆਪਣੀ ਕਮਾਈ ਵਿਚੋਂ ਦਸਵੰਧ ਵੀ ਕੱਢਦਾ ਹੈ।ਏਂਜਲਾ ਦਾ ਕਹਿਣਾ ਸੀ ਕਿ ਅਸੀਂ ਹੈਰਾਨ ਹਾਂ ਇਸ ਧਰਮ ਨੂੰ ਸਾਰੇ ਧਰਮਾਂ ਦੇ ਲੋਕੀਂ ਮੰਨਦੇ ਹਨ ਤੇ ਇੱਥੇ ਸਿੱਖ, ਮੁਸਲਿਮ, ਹਿੰਦੂ, ਇਸਾਈ ਸਾਰਿਆਂ ਲਈ ਦਰਵਾਜ਼ੇ ਖੁੱਲ੍ਹੇ ਹਨ। ਕਿਸੇ ਨੇ ਪੁੱਛਿਆ ਨਹੀਂ ਕਿ ਤੁਸੀਂ ਕੌਣ ਹੋ, ਕਿੱਥੋਂ ਆਏ ਹੋ, ਕਿਸ ਧਰਮ ਨਾਲ ਸਬੰਧਤ ਹੋ। ਅਸੀਂ ਬਹੁਤ ਦੇਸ਼ ਘੁੰਮੇ ਹਾਂ, ਪਰ ਅਜਿਹਾ ਵਰਤਾਰਾ ਨਹੀਂ ਵੇਖਿਆ, ਅਜਿਹਾ ਧਰਮ ਨਹੀਂ ਵੇਖਿਆ।ਸਿੱਖ ਧਰਮ ਬਾਰੇ ਜਾਣਕਾਰੀ ਲੈ ਕੇ ਉਹ ਬਹੁਤ ਹੈਰਾਨ ਤੇ ਪ੍ਰਸੰਨ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਆਸਟਰੇਲੀਆ ਵਿਚ ਕਦੇ ਵੀ ਕਿਸੇ ਗੁਰਦੁਆਰੇ ਵਿਚ ਨਹੀਂ ਗਏ। ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਇਕ ਵੱਖਰਾ ਵਰਤਾਰਾ ਹੈ। ਇਹ ਸਭ ਕੁਝ ਸਾਡੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ ਸਾਨੂੰ ਇੱਥੇ ਆ ਕੇ ਬਹੁਤ ਮਾਣ ਮਿਲਿਆ ਹੈ ਅਤੇ ਇਕ ਵੱਖਰੇ ਧਰਮ ਦੇ ਲੋਕਾਂ ਅਤੇ ਉਨ੍ਹਾਂ ਦੇ ਧਰਮ ਤੇ ਸਭਿਆਚਾਰ ਬਾਰੇ ਜਾਣਨ ਦਾ ਮੌਕਾ ਵੀ ਮਿਲਿਆ ਹੈ।

ਮਹਿਮਾਨਾਂ ਨੂੰ ਅਸੀਂ ਇੱਥੇ ਹੋਟਲ ਵਿਚ ਠਹਿਰਾਇਆ ਸੀ। ਉਹ ਰੋਜ਼ ਸਵੇਰੇ  ਹਰਿਮੰਦਰ ਸਾਹਿਬ ਚਲੇ ਜਾਂਦੇ ਸਨ। ਪਰਿਕਰਮਾ ਵਿਚ ਵੀ ਬੈਠਦੇ।  ਹਰਿਮੰਦਰ ਸਾਹਿਬ ਵਿਚ ਕੀਰਤਨ ਸੁਣਦੇ (ਭਾਵੇਂ ਉਨ੍ਹਾਂ ਦੀ ਸਮਝ ਵਿਚ ਵੀ ਕੁਝ ਨਹੀਂ ਸੀ ਆਉਂਦਾ), ਪਰ ਇਕ ਸਕੂਨ ਜਿਹਾ ਮਹਿਸੂਸ ਹੁੰਦਾ ਸੀ।ਤਿੰਨ ਦਿਨ ਮਗਰੋਂ ਉਨ੍ਹਾਂ ਜਾਣ ਬਾਰੇ ਦੱਸਿਆ। ਅਸੀਂ ਉਨ੍ਹਾਂ ਨੂੰ ਦਿੱਲੀ ਜਾਣ ਲਈ ਟੈਕਸੀ ਕਰਕੇ ਦਿੱਤੀ। ਉਹ ਬਹੁਤ ਖ਼ੁਸ਼ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਤਿੰਨ ਦਿਨ ਕੇਵਲ ਦਰਬਾਰ ਸਾਹਿਬ ਵਿਚ ਹੀ ਗੁਜ਼ਾਰੇ ਹਨ ਅਤੇ ਜੋ ਕੁਝ ਇੱਥੇ ਮਹਿਸੂਸ ਕੀਤਾ, ਉਹਦੇ ਬਾਰੇ ਉਨ੍ਹਾਂ ਲਈ ਬਿਆਨ ਕਰਨਾ ਬਹੁਤ ਮੁਸ਼ਕਲ ਹੈ। ਹਰਿਮੰਦਰ ਸਾਹਿਬ ਦੇ ਦਰਸ਼ਨ ਉਨ੍ਹਾਂ ਲਈ ਬਹੁਤ ਸੁਖਦ ਅਤੇ ਯਾਦਗਾਰੀ ਸਾਬਤ ਹੋਏ ਹਨ। ਅਸੀਂ ਬਹੁਤ ਧੰਨਵਾਦੀ ਹਾਂ ਤੇ ਇਹ ਯਾਤਰਾ ਯਾਦ ਵੀ ਰੱਖਾਂਗੇ, ਹੋਰ ਮਿੱਤਰਾਂ ਨੂੰ ਵੀ ਦੱਸਾਂਗੇ

ਮਨਮੋਹਨ ਸਿੰਘ ਢਿੱਲੋਂ