ਤਵਾਰੀਖ਼ ਦੇ ਪੰਨਿਆਂ 'ਤੇ ਜੂਨ 1984 (ਭਾਗ -3)

ਤਵਾਰੀਖ਼ ਦੇ ਪੰਨਿਆਂ 'ਤੇ ਜੂਨ 1984  (ਭਾਗ -3)

ਦਰਬਾਰ ਸਾਹਿਬ ਤੇ ਹਮਲੇ ਲਈ ਚੁਣਨਾ ਸਰਕਾਰ ਦੀ ਅੱਤ ਘਿਨਾਉਣੀ ਜਾਲਮ ਨੀਤੀ

ਤਿੰਨ ਜੂਨ 1984 ਦਾ ਦਿਨ ਸ਼ਹੀਦਾਂ ਦੇ ਸਿਰਤਾਜ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਨ ਸੀ ,ਇਸ ਦਿਨ ਪੰਜਵੇਂ ਗੁਰੂ ਨੇ ਧਰਮ ਤੋਂ ਕੁਰਬਾਨ ਹੋਕੇ ਸ਼ਹਾਦਤ ਦੀ ਨੀਂਹ ਰੱਖੀ ਸੀ, ਜਿਉਣਾ ਸਫ਼ਲ ਕਰਨ ਲਈ ਮੌਤ ਦੀ ਜਾਚ ਸਿਖਾਈ ਸੀ, ਖੂਨ ਦੇਕੇ ਲਾਜ ਰੱਖਣ ਦਾ ਸਬਕ ਅੱਜ ਦੇ ਦਿਨ ਦੀ ਪ੍ਰੇਰਨਾ ਸੀ ,ਇਹ ਦਿਨ ਤੂਫ਼ਾਨ ਤੋਂ ਪਹਿਲਾਂ ਦੀ ਸ਼ਾਂਤੀ ਦਾ ਦਿਨ ਸੀ , ਸਭ ਕਿਆਸਰਾਈਆਂ ਮੁੱਕ ਚੁੱਕੀਆਂ ਸਨ 2 ਜੂਨ ਦੀ ਰਾਤ ਨੂੰ ਪੰਜਾਬ ਨੂੰ ਸਭ ਸੰਸਾਰ ਨਾਲੋਂ ਕੱਟ ਕੇ ਭਾਰਤੀ ਫੌਜ ਦੇ ਹਵਾਲੇ ਕੀਤਾ ਜਾ ਚੁੱਕਾ ਸੀ ,ਹਿੰਦ ਦੀ ਅੜੀ ਦੇ ਸਾਹਮਣੇ ਪੰਜਾਬ ਦੀ ਸੂਰਮਗਤੀ ਮੋਰਚੇ ਸੰਭਾਲ ਬੈਠੀ ਸੀ ,ਸਰਕਾਰ ਦੇ ਮੋਰਚਿਆਂ ਵਿਚ ਬੈਠੇ ਫੌਜੀਆਂ ਦੇ ਮਨਾਂ ਵਿਚ ਹਾਈਕਮਾਂਡ ਵਲੋਂ ਨਫਰਤਾਂ ਦੀ ਬਾਰੂਦੀ ਜਵਾਲਾ ਉਬਾਲੇ ਮਾਰ ਰਹੀ ਸੀ ,ਫੌਜੀਆਂ ਦੇ ਕਈ ਸਾਲਾਂ ਦੇ ਜੰਗੀ ਤਜ਼ਰਬੇ ਦੀ ਪਰਖ ਹੋਣੀ ਸੀ ,ਸਾਲਾਂ ਤੋਂ ਨਿਸ਼ਾਨੇਬਾਜੀ ਦੀ ਟਰੇਨਿੰਗ ਦੀ ਪਰਖਣ ਦਾ ਸਮਾਂ ਸੀ, ਸੰਸਾਰ ਦੇ ਸਰਵੋਤਮ ਜੰਗੀ ਸਾਜ਼ੋ ਸਾਮਾਨ ਅਤੇ ਹਥਿਆਰਾਂ ਨਾਲ ਲੈਸ ਦੁਨੀਆਂ ਦੀ ਤੀਜੀ ਵੱਡੀ ਫੌਜੀ ਤਾਕਤ ਹੋਣ ਦਾ ਹੰਕਾਰ ਫੁੰਕਾਰੇ ਮਾਰ ਰਿਹਾ ਸੀ,ਫੌਜੀਆਂ ਨੂੰ ਆਪਣੇ ਕਈ ਜੰਗਾਂ ਦੇ ਜੇਤੂ ਜਰਨੈਲਾਂ ਦੀਆਂ ਜੰਗੀ ਤਕਨੀਕਾਂ ਤੇ ਵੀ ਪੂਰਾ ਮਾਣ ਸੀ , ਦੂਜੇ ਪਾਸੇ ਹਰਿਮੰਦਰ ਦੇ ਜਾਂਬਾਜ ਰਾਖੇ ਕੁਰਬਾਨੀ ਦੇ ਫੌਲਾਦੀ ਜਜ਼ਬਿਆਂ ਨਾਲ ਵੈਰੀਆਂ ਤੇ ਟੁੱਟ ਪੈਣ ਲਈ ਕੌਮੀ ਜਰਨੈਲ ਦੇ ਹੁਕਮ ਦੀ ਉਡੀਕ ਕਰ ਰਹੇ ਸਨ,  ਮਾਲਾ ਵਾਲੇ ਹੱਥ ਅਜੇ ਕੁਝ ਦਿਨਾਂ ਤੋਂ ਹੀ ਅਗਨ ਸ਼ਾਸਤਰਾਂ ਤੋਂ ਵਾਕਫ਼ ਹੋਏ ਸਨ, ਦੇਗਾਂ ਵਿਚ ਖੁਰਪਾ ਫੇਰਦੇ ਹੱਥ ,ਕਾਰਸੇਵਾ ਦੀਆਂ ਕਹੀਆਂ ਟੋਕਰੀਆਂ ਚੁੱਕਦੇ ਹੱਥਾਂ ਵਿੱਚ ਸਰਕਾਰੀ ਫੌਜੀਆਂ ਬਰਾਬਰ ਮਾਮੂਲੀ ਹਥਿਆਰ ਤੇ ਜੰਗੀ ਸਾਜੋ ਸਾਮਾਨ ਸੀ , ਚੋਲਿਆਂ ਦੀਆਂ ਜੇਬ੍ਹਾਂ ਵਿਚ ਮੁੱਠ ਮੁੱਠ ਭੁੱਜੇ ਛੋਲੇ ਸਨ ,ਨਾਮ ਬਾਣੀ ਦੇ ਰੰਗ ਵਿਚ ਰੱਤੀਆਂ ਰੂਹਾਂ ਦੇ ਰੂਹਾਨੀ ਜਜ਼ਬਾਤ ਅਡੋਲ ਸਨ ਹਰ ਸਾਹ ਨਾਲ ਵਾਹਿਗੁਰੂ ਵਾਹਿਗੁਰੂ ਜੱਪਦੇ ਜੰਗਜੂਆਂ ਨੂੰ ਖੰਡੇ ਦੀ ਧਾਰ ਵਿਚੋਂ ਪੀਤੇ ਅੰਮ੍ਰਿਤ ਦੇ ਘੁੱਟਾਂ ਤੇ ਪੂਰਨ ਭਰੋਸਾ ਸੀ ,ਰਗਾਂ ਵਿਚ ਸ਼ਹੀਦਾਂ ਦੇ ਲਹੂ ਦੀ ਤਾਸੀਰ ਕੌਮੀ ਪੱਤ ਦੀ ਰਾਖੀ ਲਈ ਵਧੇਰੇ ਗਰਮ ਤੇ ਤੇਜ ਹੋ ਚੁੱਕੀ ਸੀ, ਕੌਮੀ ਜਰਨੈਲ ਦੇ ਬੋਲ ' ਧਰਮ ਸਿਰ ਦਿੱਤਿਆਂ ਬਾਝ ਨਹੀਂ ਰਹਿਣਾ ,ਧਰਮ ਸਿਰ ਦਿੱਤਿਆਂ ਬਾਝ ਨਹੀਂ ਰਹਿਣਾ ਨਿਰੰਤਰ ਕੰਨਾਂ ਵਿਚ ਗੂੰਜ ਰਹੇ ਸਨ ,ਦਰਬਾਰ ਸਾਹਿਬ ਤੋਂ ਗੁਰਬਾਣੀ ਦੀ ਗੂੰਜ ਸਰੋਵਰ ਦੀਆਂ ਲਹਿਰਾਂ ਨਾਲ ਟਾਕਰਾ ਕੇ ਸਾਰੀ ਫਿਜ਼ਾ ਵਿਚ 'ਅਬ ਜੂਝਨ ਕੋ ਦਾਉ' ਦਾ ਜੰਗੀ ਬੋਲਾ ਘੋਲ ਰਹੀ ਸੀ ਅੱਤ ਦੀ ਗਰਮੀਂ ਦੇ ਇਸ ਮੌਸਮ ਵਿਚ ਵੀ ਨੀਲਿਆਂ,ਕੇਸਰੀ ਖਾਲਸਾਈ ਬਾਣਿਆਂ ਵਿਚ ਧਰਮਯੁੱਧ ਦੇ ਜੰਗਜੂ ਤੱਤੀ ਲੋਹ ਤੇ ਬੈਠੇ ਗੁਰੂ ਅਰਜਨ ਸਾਹਿਬ ਜੀ ਨੂੰ ਯਾਦ ਕਰ ਕੇ ਹਿਰਦਿਆਂ ਨੂੰ ਠੰਡਕ ਦੇ ਰਹੇ ਸਨ |
               1 ਜੂਨ ਦੀ ਗੋਲੀਬਾਰੀ ਅਤੇ ਦੋ ਜੂਨ ਨੂੰ ਪੰਜਾਬ ਦੇ ਫੌਜ ਹਵਾਲੇ ਹੋਣ ਅਤੇ  ਖ਼ਤਰਨਾਕ ਕਰਫਿਊ ਦੇ ਹਾਲਾਤਾਂ ਵਿਚ ਵੀ ਸੰਗਤਾਂ ਦਾ ਦਰਬਾਰ ਸਾਹਿਬ ਵਿਚ ਸ਼ਹੀਦੀ ਪੁਰਬ ਮੰਨਾਉਣ ਆਉਣਾ ਕਿਸੇ ਵੀ ਦੁਨਿਆਵੀ ਕਲਮ ਜਾਂ ਸੋਚ ਤੋਂ ਬਹੁਤ ਉੱਤੇ ਦੀ ਬਾਤ ਹੈ , ਸੰਗਤ ਦੇ ਗੁਰੂ ਪਿਆਰ ਦਾ ਰੂਹਾਨੀ ਅਥਾਹ ਸਾਗਰ ਮਾਪਿਆ ਨਹੀਂ ਜਾ ਸਕਦਾ ,ਪਰ ਇਸ ਦਿਨ ਨੂੰ ਦਰਬਾਰ ਸਾਹਿਬ ਤੇ ਹਮਲੇ ਲਈ ਚੁਣਨਾ ਸਰਕਾਰ ਦੀ ਅੱਤ ਘਿਨਾਉਣੀ ਜਾਲਮ ਨੀਤੀ ਦੀ ਗਵਾਹੀ ਭਰਦਾ ਹੈ | ਇਸ ਦਿਨ ਜਥੇਦਾਰ ਟੋਹੜਾ ਅਤੇ ਸੰਤ ਲੰਗੋਵਾਲ ਵਲੋਂ ਇਕ ਜੂਨ ਦੀ ਗੋਲੀਬਾਰੀ ਦੇ ਨਿਸ਼ਾਨਾ ਦੀ  ਲਾਲ ਰੰਗ ਨਾਲ ਨਿਸ਼ਾਨਦੇਹੀ ਕਰਵਾਈ ਗਈ ਤੇ ਵੱਡੀ ਤਾਦਾਦ ਵਿੱਚ ਆਈ ਨੈਸ਼ਨਲ ਇੰਟਰਨੈਸ਼ਨਲ ਮੀਡੀਆ ਦੀ ਟੀਮ ਨੂੰ ਵਿਖਾਈ ਗਈ | ਮੀਡੀਆ ਰਾਹੀਂ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਗਈ, ਇਸ ਘਟਨਾ ਤੋਂ ਇੰਜ ਜਾਪਦਾ ਹੈ ਕਿ ਅਕਾਲੀ ਆਗੂ ਇੰਜ  ਕਰਕੇ ਸਰਕਾਰ ਤੇ ਦਬਾਅ ਬਣਾਉਣ ਦੀ ਕੋਸ਼ਿਸ ਕਰ ਰਹੇ ਸਨ ਪਰ ਅਕਾਲੀ ਦਲ ਦੇ ਲੈਟਰ ਪੈਡਾਂ ਤੇ ਇੰਦਰ ਨੂੰ ਚਿੱਠੀਆਂ ਲਿਖ ਲਿਖ ਕੇ ਹਮਲੇ ਲਈ ਆਪ ਫੌਜ ਸੱਦ ਕੇ ਹੁਣ ਫੋਕੇ ਫੈਂਟਰ ਮਾਰਨਾ ਬਹੁਤ ਬੇਥਵਾ ਤੇ ਅਰਥਹੀਣ ਲੱਗ ਰਿਹਾ ਸੀ | ਇਸ ਤੱਥ ਵਿੱਚ ਰੱਤੀ ਭਰ ਵੀ ਸ਼ੱਕ ਨਹੀਂ ਕੇ ਪੰਥ ਦੇ ਨਾਮ ਤੇ ਵੋਟਾਂ ਦੀ ਰਾਜਨੀਤੀ ਕਰਦੇ ਅਕਾਲੀ ਆਗੂਆਂ ਨੂੰ ਕੌਮੀ ਹੋਂਦ ,ਪੰਥਕ ਭਵਿੱਖ ,ਪੰਜਾਬ ਦੀਆ ਮੰਗਾਂ ਨਾਲ ਰੱਤੀ ਭਰ ਵੀ ਕੋਈ ਸਰੋਕਾਰ ਨਹੀਂ ਸੀ ਉਹ ਤਾਂ ਬੱਸ ਸਮੁੱਚੀ ਕੌਮ ਵਿੱਚ ਬੁਲੰਦੀਆਂ ਤੇ ਪਹੁੰਚੀ ਸੰਤ ਜਰਨੈਲ ਸਿੰਘ ਦੀ ਚੱੜਤ ਤੋਂ ਬਹੁਤ ਪਰੇਸ਼ਾਨ ਸਨ,ਓਹਨਾਂ ਨੂੰ ਆਪਣੀਆਂ ਕੁਰਸੀਆਂ ਗਵਾਚਣ ਦਾ ਡਰ ਪਿਆ ਸੀ ,ਇਸ ਲਈ ਅਕਾਲੀ ਆਗੂ ਅੰਦਰ ਖਾਤੇ ਸਰਕਾਰ ਨੂੰ ਅਰਜੋਈਆਂ ਕਰਦੇ ਸੀ ਕਿ ਆਹ ਸਾਧ ਨੂੰ ਸਾਡੇ ਗਲੋਂ ਲਾਹੋ |
ਅਕਾਲ ਤਖ਼ਤ ਸਾਹਿਬ ਦੀ ਉਪਰਲੀ ਮੰਜਿਲ ਤੇ 3 ਜੂਨ ਨੂੰ ਬਾਬਾ ਜਰਨੈਲ ਸਿੰਘ ਪਲ ਪਲ ਤੇਜੀ ਨਾਲ ਜੰਗ ਵੱਲ ਵੱਧ ਰਹੇ ਹਾਲਾਤਾਂ ਦਾ ਬਹੁਤ ਗੰਭੀਰਤਾ ਨਾਲ ਚਿੰਤਨ ਕਰ ਰਹੇ ਸਨ ,ਦਰਬਾਰ ਸਾਹਿਬ ਸਮੂਹ ਵਿੱਚ ਆਇਆ ਮੀਡੀਆ ਦਾ ਵੱਡਾ ਵਫਦ ਸੰਤ ਜੀ ਨੂੰ ਵੀ ਆ ਕੇ ਮਿਲਿਆ ਜਿਸ ਦੇ ਹਰ ਸਵਾਲ ਦਾ ਵਿਸਥਾਰ ਇੰਟਰਨੇਟ ਸਾਧਨਾਂ ਵਿੱਚ ਮੌਜੂਦ ਹੈ (ਇਸ ਸਾਰੀ ਵਾਰਤਾਲਾਪ ਨੂੰ ਜ਼ਰੂਰ ਵਿਚਾਰੋ) ਸੰਤ ਜੀ ਵਲੋਂ ਕੀਤੀ ਇਸ ਆਖਰੀ ਪ੍ਰੈਸ ਵਾਰਤਾ ਦਾ ਸਾਰ ਅੰਸ਼ ਸੀ ਕਿ ਜੇ ਭਾਰਤ ਸਰਕਾਰ ਪੰਜਾਬ ਦੀਆਂ ਮੰਗਾਂ ਮੰਨਣ ਦਾ ਰਾਹ ਛੱਡ ਕੇ ਤੋਪਾਂ ਟੈਂਕਾਂ ਨਾਲ ਹਮਲਾ ਕਰਕੇ ਸਿੱਖ ਕੌਮ ਨੂੰ ਝੁਕਾਉਣਾ ਚਾਹੁੰਧੀ ਹੈ ਤਾਂ ਇਹ ਰਾਹ ਸਿੱਧਾ ਖਾਲਿਸਤਾਨ ਤੱਕ ਜਾਵੇਗਾ ,ਕਿਉਂਕਿ ਰਾਹ ਦੋ ਹੀ ਹਨ ਇਕ ਹੱਕੀ ਮੰਗਾਂ ਮੰਨ ਲਵੋ ਤੇ ਦੂਜਾ ਸਾਨੂੰ ਵੱਖ ਕਰ ਦਿਓ, ਸੋ ਜੇ ਸਰਕਾਰ ਨੇ ਪਹਿਲਾ ਰਾਹ ਨਹੀਂ ਚੁਣਨਾ ਤਾਂ ਅਕਾਲ ਤਖ਼ਤ ਤੇ ਡਿੱਗਾ ਪਹਿਲਾ ਬੰਬ ਖਾਲਿਸਤਾਨ ਦੀ ਨੀਂਹ ਰੱਖ ਦੇਵੇਗਾ | ਸੰਤ ਜੀ ਨੇ ਕਿਹਾ ਅਸੀਂ ਭਾਰਤ ਦੇ ਨਾਲ ਰਹਿਣਾ ਚਾਹੁੰਦੇ  ਹਾਂ  ਪਰ ਬਰਾਬਰ ਦੇ ਸ਼ਹਿਰੀ ਬਣ ਕੇ ਨਾ ਕਿ ਗੁਲਾਮਾਂ ਵਾਂਗ | ਇਸ ਮੌਕੇ ਸੰਤ ਜੀ ਨੇ ਸਿੱਖ ਕੌਮ ਦੇ ਨਾਮ ਆਪਣਾ ਆਖਰੀ ਸੰਦੇਸ਼ ਵੀ ਦਿੱਤਾ | ਸ਼ਾਮ ਤੱਕ ਭਾਰਤ ਸਰਕਾਰ ਹਮਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਚੁੱਕੀ ਸੀ ਪੰਜਾਬ ਨੂੰ ਪੂਰੀ ਤਰਾਂ ਭਾਰਤ ਤੋਂ ਕੱਟ ਦਿੱਤਾ ਗਿਆ ਲੈ.ਜਰਨਲ ਰਣਜੀਤ ਦਿਆਲ ਨੂੰ ਪੰਜਾਬ ਦੇ ਗਵਰਨਰ ਦਾ ਰੱਖਿਆ ਸਲਾਹਕਾਰ ਨਿਯੁਕਤ ਕਰ ਦਿੱਤਾ ਗਿਆ , ਪੰਜਾਬ ਦੀਆਂ ਸਾਰੀਆਂ ਸਰਹੱਦਾਂ ਸੀਲ ਕਰ ਦਿੱਤਿਆਂ ,ਪੰਜਾਬ ਵਿੱਚ ਮੁਕੰਮਲ ਕਰਫਿਊ ਲਾ ਦਿੱਤਾ ਗਿਆ ਬੈਲ ਗੱਡੀਆਂ ਅਤੇ ਸਾਈਕਲ ਚਲਾਉਣ ਤੇ ਵੀ ਪਾਬੰਦੀ ਲਾ ਦਿੱਤੀ ਗਈ , ਸਾਰੇ  ਰਾਸ਼ਟਰੀ ਅਤੇ ਅੰਤਰਾਸ਼ਟਰੀ ਪੱਤਰਕਾਰਾਂ ਨੂੰ ਪੰਜਾਬ ਛੱਡ ਦੇਣ ਦਾ ਹੁਕਮ ਹੋਇਆ ,ਸਾਰੀ ਪ੍ਰੈਸ ਤੇ ਸੈਂਸਰ ਲਾ ਦਿੱਤਾ ,ਅੰਮ੍ਰਿਤਸਰ ਸਾਹਿਬ ਪੂਰਨ ਤੋਰ ਤੇ ਫੌਜੀ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ , ਟੈਲੀਫੋਨ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ,ਇਥੋਂ ਤਕ ਕੇ ਪੰਜਾਬ ਉਪਰੋਂ ਲੰਘਣ ਵਾਲੇ ਹਵਾਈ ਜਹਾਜਾਂ ਤੇ ਵੀ ਪਾਬੰਦੀ ਲਾ ਦਿੱਤੀ ਗਈ ਦਰਬਾਰ ਸਾਹਿਬ ਕੰਪਲੈਕਸ ਦਾ ਬਿਜਲੀ ਅਤੇ ਪਾਣੀ ਕੱਟ ਦਿੱਤਾ ਗਿਆ , 
ਇਹ ਸਮਾਂ ਫੈਸਲਾ ਕੁਨ ਜੰਗ ਦੇ ਐਲਾਨ ਦਾ ਆਖਰੀ ਪਲ ਸੀ ਸੰਤ ਜੀ ਨੇ ਵਾਕੀ ਟਾਕੀ ਆਪਣੇ ਹੱਥ ਵਿੱਚ ਲਿਆ ਤੇ ਸਭ ਮੋਰਚਿਆਂ ਵਿੱਚ ਵੈਰੀਆਂ ਦੇ ਪਹਿਲ ਕਰਨ ਦੀ ਉਡੀਕ ਕਰ ਰਹੇ ਜੰਗਜੂਆਂ ਦਾ ਹਾਲ ਜਾਨਣ ਮਗਰੋਂ ਜੰਗੀ ਨੁਕਤੇ ਤੋਂ ਤਾਕੀਦ ਕੀਤੀ ਕੇ ਜਦ ਤਕ ਕੋਈ ਫੌਜੀ ਪਰਿਕਰਮਾਂ ਵਿੱਚ ਪੈਰ ਨਹੀਂ ਧਰਦਾ ਗੋਲੀ ਨਹੀਂ ਚਲਾਉਣੀ ,ਹਰ ਇਕ ਗੋਲੀ ਟਿਕਾਣੇ ਲਾਉਣੀ ਹੈ ਇਕ ਵੀ ਗੋਲੀ ਵਿਅਰਥ ਨਹੀਂ ਗੁਆਉਣੀ ,ਗੁਰਬਾਣੀ ਦੇ ਓਟ ਆਸਰੇ ਵਿੱਚ ਆਪਣੇ ਫੈਸਲੇ ਆਪ ਲਿਓ, ਬੱਸ ਇਕ ਗੱਲ ਦਾ ਖਿਆਲ ਰੱਖਣਾ ਤੁਹਾਡੇ ਜਿਉਂਦੇ ਜੀਅ ਇਕ ਵੀ ਜਿਉਂਦਾ ਫੌਜੀ ਪਵਿੱਤਰ ਪਰਿਕਰਮਾਂ ਵਿੱਚ ਪੈਰ ਨਹੀਂ ਰੱਖਣਾ ਚਾਹੀਦਾ ,ਇਹਨਾਂ ਵੈਰੀਆਂ ਨੂੰ ਐਸੀ ਧੂੜ ਚਟਾਇਓ ਕਿ ਰਹਿੰਦੀ ਦੁਨੀਆਂ ਤੱਕ ਇਸ ਅਸਾਵੀਂ ਜੰਗ ਦੇ ਚਰਚੇ ਹੁੰਦੇ ਰਹਿਣ ,ਚਮਕੌਰ ਦੀ ਕੱਚੀ ਗੜ੍ਹੀ ਯਾਦ ਰੱਖਕੇ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਦੇ ਵਾਰਿਸ ਬਣਕੇ ਮੁਕਾਬਲਾ ਕਰਿਓ, 
ਮੋਰਚਿਆਂ ਵਿੱਚ ਸ਼ਹੀਦੀ ਖੁਮਾਰੀਆਂ ਨਾਲ ਸ਼੍ਰਸ਼ਰਾਰ ਯੋਧੇ ਅਗਨ ਸ਼ਾਸ਼ਤਰਾਂ ਦੇ ਘੋੜੇ ਦੱਬਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ ,ਖਾਲਿਸਤਾਨ ਦੀ ਨੀਂਹ ਰੱਖਦੀ ਘੜੀ ਆਣ ਪਹੁੰਚੀ ਜਦ 4 ਜੂਨ ਦੇ ਤੜਕੇ ਚਾਰ ਵੱਜ ਕੇ ਚਾਲੀ ਮਿੰਟ ਤੇ ਤੋਪ ਦਾ ਪਹਿਲਾ ਗੋਲਾ ਮੀਰੀ ਪੀਰੀ ਦੇ ਮੁਕਾਮ ਅਕਾਲ ਤਖ਼ਤ ਸਾਹਿਬ ਦੇ ਸੁਨਿਹਰੀ ਗੁੰਬਦ ਉੱਤੇ ਆਣ ਡਿੱਗਾ ,ਇੱਕੋ ਝੱਟਕੇ ਵਿੱਚ ਜਮੀਨ ਅਸਮਾਨ ਕੰਬ ਗਿਆ ............ਚਲਦਾ 


ਪਰਮਪਾਲ ਸਿੰਘ ਸਭਰਾਅ 
981499 1699