ਤਵਾਰੀਖ਼ ਦੇ ਪੰਨਿਆਂ 'ਤੇ ਜੂਨ 1984 (ਭਾਗ -4)

ਤਵਾਰੀਖ਼ ਦੇ ਪੰਨਿਆਂ 'ਤੇ ਜੂਨ 1984 (ਭਾਗ -4)

4 ਜੂਨ ਸਵੇਰੇ 4 ਵੱਜ ਕੇ 40 ਮਿੰਟ ਤੇ ਤੋਪ ਦਾ ਗੋਲਾ ਅਕਾਲ ਤਖ਼ਤ ਸਾਹਿਬ ਦੇ ਸੁਨਹਿਰੀ ਗੁੰਬਦ ਤੇ..

3 ਜੂਨ ਤੱਕ ਦੇ ਵਰਤਾਰੇ ਵਿਚ ਅਸੀਂ ਪੜ੍ਹ ਚੁਕੇ ਹਾਂ ਕਿ ਇਹ ਦਿੱਲੀਓਂ ਤੁਰੀ ਜੰਗ ਕਿਵੇਂ ਸਿੱਖ ਕੌਮ ਦੇ ਆਣ ਗਲ ਪਈ ਸੀ , ਇਸ ਤੋਂ ਅੱਗੇ ਦੀ ਗਾਥਾ ਇਸ ਨੁਕਤੇ ਤੇ ਅਧਾਰਿਤ ਹੋਵੇਗੀ ਕਿ ਸਿੱਖ ਫੇਰ ਕਿਵੇਂ ਲੜੇ ਸੀ, ਦਿੱਲੀ ਦੇ ਹਾਕਮ ਪਤਾ ਨਹੀਂ ਕਿਵੇਂ ਭੁੱਲ ਗਏ ਕਿ ਖੰਡੇ ਦੀ ਧਾਰ ਵਿੱਚੋਂ ਪੈਦਾ ਹੋਈ ਕੌਮ ਲਈ ਜੰਗ ਦਾ ਵਰਤਾਰਾ ਤਾਂ ਧਰਮ ਯੁੱਧ ਦਾ ਰੂਪ ਹੈ, 
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥੧॥ ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥੨॥
ਗੁਰਬਾਣੀ ਦਾ ਇਹ ਗੁਰਵਾਕ ਤਾਂ ਸਿੱਖ ਕੌਮ ਦੇ ਖੂਨ ਵਿਚ ਡੀ ਐਨ ਏ ਵਾਂਗ ਹੈ ,ਜਿਹੜੀ ਕੌਮ ਮੁਗਲਾਂ ,ਅਫਗਾਨਾਂ, ਅੰਗਰੇਜ ਹਕੂਮਤਾਂ ਨੂੰ ਲੋਹੇ ਦੇ ਚਣੇ ਚਬਾ ਚੁੱਕੀ ਸੀ ਉਹ ਟੈਂਕਾਂ ਤੋਪਾਂ ਦੇ ਗੋਲਿਆਂ ਤੋਂ ਕਿਥੋਂ ਡਰਨ ਵਾਲੀ ਸੀ , ਨਾਲੇ ਹੁਣ ਤੱਕ ਸਿੱਖਾਂ ਦੀ ਟੱਕਰ ਬੇਗਾਨੇ ਵਿਦੇਸ਼ੀ ਧਾੜਵੀਆਂ ਨਾਲ ਹੋਈ ,ਇਸ ਵਾਰ ਤਾਂ ਆਖਣ ਨੂੰ ਨਹੁੰ ਮਾਸ ਦੇ ਰਿਸ਼ਤੇ ਵਾਲਿਆਂ ਨਾਲ ਟੱਕਰ ਸੀ ਜਿਨ੍ਹਾਂ ਦੀ ਜੰਗਜੂ ਔਕਾਤ ਬਾਰੇ ਸਿੱਖ ਕੌਮ ਭਲੀ ਭਾਂਤ ਜਾਣੂ ਸੀ ,ਪਰ ਹਿੰਦ ਹਕੂਮਤ ਦਿੱਲੀ ਤਖ਼ਤ ਦੀ ਕੁਰਸੀ ਦੇ ਨਸ਼ੇ ਵਿਚ ਸਿੱਖ ਕੌਮ ਦੀਆਂ ਕੁਰਬਾਨੀਆਂ ਤੇ ਰਵਾਇਤਾਂ ਭੁੱਲ ਕੇ 4 ਜੂਨ ਸਵੇਰੇ 4 ਵੱਜ ਕੇ 40 ਮਿੰਟ ਤੇ ਤੋਪ ਦਾ ਗੋਲਾ ਅਕਾਲ ਤਖ਼ਤ ਸਾਹਿਬ ਦੇ ਸੁਨਹਿਰੀ ਗੁੰਬਦ ਤੇ ਸੁੱਟ ਕੇ ਜੰਗ ਦਾ ਆਗਾਜ ਕਰਦੀ ਹੈ | ਭਾਰਤੀ ਫੌਜ ਦੀ ਅਗਵਾਈ ਮੇਜਰ ਜਰਨਲ ਕੁਲਦੀਪ ਬਰਾੜ ਕਰ ਰਿਹਾ ਸੀ ,ਜਿਸ ਦਾ ਚੀਫ ਕਮਾਂਡਿੰਗ ਅਫਸਰ ਜਰਨਲ ਅਰੁਣ ਵੈਦਿਆ ਸੀ ਅਤੇ ਨਾਲ ਲੈ.ਜਰਨਲ ਰਣਜੀਤ ਦਿਆਲ ,ਤੇ ਲੈ. ਜਰਨਲ ਸੁੰਦਰਜੀ ਸੀ | ਏਧਰ ਕੌਮੀ ਜੰਗਜੂਆਂ ਦੀ ਖਾਲਸਈ ਜੁਝਾਰੂ ਫੌਜ ਜਿਸ ਦੀ ਗਿਣਤੀ ਕੇਵਲ 200 ਤੋਂ 250 ਸੀ ਇਸ ਦੀ ਅਗਵਾਈ ਬਾਬਾ ਜਰਨੈਲ ਸਿੰਘ ਕਰ ਰਹੇ ਸੀ ,ਤੇ ਕਮਾਂਡ ਜਰਨਲ ਸ਼ੁਬੇਗ ਸਿੰਘ ਕਰ ਰਹੇ ਸਨ , ਜਰਨਲ ਸ਼ੁਬੇਗ ਸਿੰਘ ਜੀ ਦਾ ਖਾਨਦਾਨੀ ਪਿਛੋਕੜ ਸ਼ਹੀਦ ਭਾਈ ਮਹਿਤਾਬ ਸਿੰਘ ਮੀਰਾਂਕੋਟ ਦੀ ਅੰਸ ਬੰਸ ਹੈ ਜਿਨ੍ਹਾਂ ਨੇ ਹਰਿਮੰਦਰ ਸਾਹਿਬ ਦੀ ਅਜਮਤ ਦੀ ਰਾਖੀ ਲਈ ਮੱਸੇ ਰੰਘੜ ਦਾ ਸਿਰ ਵੱਢਿਆ ਸੀ | ਪੇਸ਼ੇ ਦੇ ਤੋਰ ਤੇ ਉਹ ਭਾਰਤੀ ਫੌਜ ਦੇ ਜਰਨਲ ਸਨ ਤੇ ਉਹਨਾਂ ਦੀ ਜੰਗੀ ਮੁਹਾਰਤ ਚੋਟੀ ਦੀ ਸੀ , ਸੰਤ ਜਰਨੈਲ ਸਿੰਘ ਦੇ ਹੁਕਮ ਅਨੁਸਾਰ ਕਿ 'ਜੇ ਫੌਜ ਹਮਲਾ ਕਰੇਗੀ ਤਾਂ ਐਸੀ ਧੂੜ ਚਟਾਈ ਜਾਵੇਗੀ ਕਿ ਰਹਿੰਦੀ ਦੁਨੀਆਂ ਤੱਕ ਇਹ ਲੜਾਈ ਯਾਦ ਕੀਤੀ ਜਾਵੇਗੀ ' ਇਹ ਮਹਿਜ ਇਕ ਬਿਆਨ ਨਹੀਂ ਸੀ ਇਸ ਆਸ਼ੇ ਦੀ ਪੂਰਤੀ ਲਈ ਜਰਨਲ ਸ਼ੁਬੇਗ ਸਿੰਘ ਨੇ ਆਹਲਾ ਦਰਜੇ ਦੀ ਜੰਗੀ ਤਿਆਰੀ ਕੀਤੀ ਸੀ ਉਹਨਾਂ ਕੋਲ ਭਾਵੇਂ ਬਿਨਾ ਕਿਸੇ ਫੌਜੀ ਟਰੇਨਿੰਗ ਤੋਂ ਮੁੱਠੀ ਭਰ ਯੋਧੇ ਸਨ ਪਰ ਉਹਨਾਂ ਨੇ ਕਮਾਲ ਦੀ ਮੋਰਚਾਬੰਦੀ ਕੀਤੀ ਹੋਈ ਸੀ , ਜਨਰਲ ਸਾਹਿਬ ਦੀ ਮੋਰਚਾਬੰਦੀ ਅਤੇ ਕੌਮੀ ਜੰਗਜੂਆਂ ਦੀ ਯੁੱਧ ਕਲਾ ਦਾ ਅੰਦਾਜਾ ਇਸ ਗੱਲ ਤੋਂ ਲੱਗ ਸਕਦਾ ਹੈ ਕਿ ਦੁਨੀਆਂ ਦੀ ਤੀਜੀ ਵੱਡੀ ਜੰਗੀ ਤਾਕਤਵਰ ਭਾਰਤੀ ਫੌਜ ਨੂੰ ਹਾਰ ਹੁੰਦੀ ਵੇਖਕੇ ਅਜੰਤਾ ਟੈਂਕ ਦੇ 105 ਐੱਮ ਐੱਮ ਦੇ ਬੰਬ ਸਿੱਟ ਕੇ ਜੰਗ ਦਾ ਫੈਸਲਾ ਨਬੇੜਨਾ ਪਿਆ , ਦਰਬਾਰ ਸਾਹਿਬ ਸਮੂਹ ਦੇ ਬਾਹਰਵਾਰ ਉੱਚੀਆਂ ਇਮਾਰਤਾਂ ਤੇ 17 ਮੋਰਚੇ ਸਨ , ਲੰਗਰ ,ਬੁੰਗਾ ਰਾਮਗੜੀਆ ਦੀ ਬੇਸਮੇਂਟ ਤੇ ਦੋਵੇਂ ਬੁੰਗੇ, ਸਰਾਂ ਵਾਲੇ ਪਾਸੇ ਪਾਣੀ ਦੀ ਟੈਂਕੀ ,ਅਖਾੜਾ ਬ੍ਰਹਮ ਬੂਟਾ , ਗੁਰੂ ਨਾਨਕ ਨਿਵਾਸ , ਗੁਰਦੁਆਰਾ ਬਾਬਾ ਅਟੱਲ ਰਾਏ , ਆਦਿਕ ਬਾਹਰਵਾਰ ਦੇ ਮੋਰਚੇ ਸਨ ,ਦਰਬਾਰ ਸਾਹਿਬ ਅੰਦਰ ਆ ਰਹੇ ਸਾਰੇ ਰਸਤਿਆਂ ਤੇ ਮੋਰਚੇ ਸਨ , ਅਕਾਲ ਤਖ਼ਤ ਸਾਹਿਬ ਦੇ ਦੁਆਲੇ ਅੰਗਰੇਜ਼ੀ ਅੱਖਰ ਡੀ (D) ਦੇ ਆਕਾਰ ਵਿਚ ਮੁੱਖ ਮੋਰਚਾ ਸੀ ਜਿਸ ਦੀ ਡਿਫੈਂਸ ਲਾਈਨ ਟੈਂਕਾਂ ਦੇ ਅੰਦਰ ਆਉਣ ਤੱਕ ਫੌਜ ਤੋਂ ਨਹੀਂ ਟੁੱਟ ਸਕੀ | ਜੰਗਜੂ ਜੱਥਿਆਂ ਵਿਚ ਦਮਦਮੀ ਟਕਸਾਲ ਤੋਂ ਇਲਾਵਾ ਸਿੱਖ ਸਟੂਡੈਂਟ ਫੈਡਰੇਸ਼ਨ ,ਬੱਬਰ ਖਾਲਸਾ, ਅਕਾਲ ਫੈਡਰੇਸ਼ਨ ,ਕਾਰ ਸੇਵਾ ਵਾਲੇ ਕੌਮੀਂ ਯੋਧੇ ਦਰਬਾਰ ਸਾਹਿਬ ਦੀ ਅਜਮਤ ਲਈ ਜੂਝ ਰਹੇ ਸਨ |  

3 ਜੂਨ ਦੀ ਆਖਰੀ ਪ੍ਰੈਸ ਵਾਰਤਾ ਵਿਚ ਸੁਭਾਸ਼ ਕਿਰਪੇਕਾਰ ਨੇ ਸੰਤ ਜੀ ਨੂੰ ਪੁੱਛਿਆ ਕਿ ਭਾਰਤੀ ਫੌਜ ਦੇ ਮੁਕਾਬਲੇ ਤੁਹਾਡੀ ਗਿਣਤੀ ਨਾ ਮਾਤਰ ਹੈ ਤਾਂ ਸੰਤ ਜੀ ਨੇ ਹੱਸ ਕੇ ਜੁਆਬ ਦਿੱਤਾ ਕਿ ਹਜਾਰਾਂ ਭੇਡਾਂ ਦੇ ਵੱਡੇ ਵੱਗ ਤੇ ਇਕੱਲਾ ਸ਼ੇਰ ਹੀ ਭਾਰੂ ਹੁੰਦਾ ਹੈ , ਇਸ ਬਿਆਨ ਨੇ ਵਾਕਿਆ ਹੀ ਇਤਿਹਾਸ ਸਿਰਜ ਦਿੱਤਾ , 4 ਜੂਨ ਦੀ ਸਵੇਰ ਨੂੰ ਭਾਰਤੀ ਫੌਜ , ਸੀ ਆਰ ਪੀ , ਐਸ ਐਫ ਐਫ ਅਤੇ ਬੀ ਐਸ ਐੱਫ ਨੇ ਸਾਂਝੇ ਤੋਰ ਤੇ ਇਸ ਅਸਾਵੀਂ ਜੰਗ ਨੂੰ ਆਪ੍ਰੇਸ਼ਨ ਬਲਿਊ ਸਟਾਰ ਕੋਡ ਦੇਕੇ ਦਰਬਾਰ ਸਾਹਿਬ ਤੇ ਚੌਤਰਫਾ ਹਮਲਾ ਕੀਤਾ ,ਹਮਲੇ ਲਈ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਨ ਨੂੰ ਚੁਣਨਾ ਭਾਰਤੀ ਫੌਜ ਦੇ ਜ਼ੁਲਮ ਦੀ ਸਿਖਰ ਸੀ, ਪਰ ਇਸ ਦਿਨ ਦੀ ਮਹੱਤਤਾ ਸਿੱਖ ਜੰਗਜੂਆਂ ਲਈ ਵੱਡੀ ਪ੍ਰੇਰਨਾ ਦਾ ਮਰਕਜ਼ ਸੀ | ਫੌਜੀ ਜਰਨੈਲਾਂ ਨੇ ਸੂਹੀਆ ਵਿਭਾਗ ਤੋਂ 200 ਜੁਝਾਰੂਆਂ ਦੀ ਗਿਣਤੀ ਸੁਣਕੇ ਕਿਆਫ਼ਾ ਲਗਾਇਆ ਸੀ ਕਿ ਵੱਧ ਤੋਂ ਵੱਧ 2 ਘੰਟਿਆਂ ਦੇ ਮੁਕਾਬਲੇ ਵਿਚ ਜੰਗ ਜਿੱਤ ਲਈ ਜਾਵੇਗੀ ਪਰ 6 ਜੂਨ ਦੀ ਸਵੇਰ ਤੱਕ ਲੜਦਿਆਂ ਲੜਦਿਆਂ ਸੈਂਕੜੇ ਫੌਜੀਆਂ ਦੀ ਜਾਨ ਮਾਲ ਦਾ ਬਹੁਤ ਭਾਰੀ ਨੁਕਸਾਨ ਕਰਵਾ ਕੇ ਵੀ ਭਾਰਤੀ ਫੌਜ ਪਰਿਕਰਮਾਂ ਦੇ ਨੇੜੇ ਤੱਕ ਵੀ ਨਹੀਂ ਜਾ ਸਕੀ ਸੀ ,ਬਾਹਰਵਾਰ ਦੀਆਂ ਉੱਚੀਆਂ ਇਮਾਰਤਾਂ ਤੋਂ ਹੀ ਗੋਲੀਬਾਰੀ ਕੀਤੀ ਜਾ ਰਹੀ ਸੀ ,ਜਰਨਲ ਕੁਲਦੀਪ ਬਰਾੜ ਜੰਗੀ ਪੈਂਤੜੇ ਬਦਲ ਬਦਲ ਕੇ ਅੱਕ ਗਿਆ ਸੀ ,ਹਰ ਹੀਲਾ ਵਰਤ ਕੇ ਵੀ ਪਿਆਦਾ ਫੌਜ ਕਿਸੇ ਇਕ ਪਾਸਿਓਂ ਵੀ ਅੰਦਰ ਨਹੀਂ ਲੰਘ ਸਕੀ ਸੀ, ਖਾਲਸਾਈ ਜਜ਼ਬਿਆਂ ਨੇ ਇਤਿਹਾਸ ਸਿਰਜਦਿਆਂ ਹੋਇਆਂ ਭਾਰਤੀ ਫੌਜ ਨੂੰ ਮੁੰਹਤੋੜ ਜੁਆਬ ਦਿੱਤਾ ਜਿਸ ਦਾ ਜਰਨਲ ਬਰਾੜ ਨੇ ਸੁਪਨੇ ਵਿਚ ਵੀ ਅੰਦਾਜਾ ਨਹੀਂ ਲਗਾਇਆ ਸੀ ,ਅਖੀਰ ਨੂੰ ਹਾਰਕੇ  ਕਮਾਂਡੋ ਯੂਨਿਟ ਨੂੰ ਪਰਿਕਰਮਾਂ ਵਿਚ ਉਤਾਰਨ ਦੀ ਵਿਉਂਤ ਬਣਾਈ ਗਈ , ਪਰ ਸੰਤ ਜੀ ਦੇ ਜੰਗਜੂਆਂ ਨੂੰ ਸਖ਼ਤ ਹੁਕਮ ਸੀ ਕਿ ਜਿਉਂਦਾ ਫੌਜੀ ਪਰਿਕਰਮਾਂ ਵਿਚ ਨਹੀਂ ਆਉਣਾ ਚਾਹੀਦਾ ,ਜੰਗਜੂਆਂ ਨੇ ਇਸ ਹੁਕਮ ਤੇ ਫੁੱਲ ਚਾੜੇ ਤੇ ਸੁਪਰ ਕਮਾਂਡੋ ਦਸਤੇ ਦਾ ਇਕ ਵੀ ਜਵਾਨ ਜਿਉਂਦਾ ਪਰਿਕਰਮਾਂ ਵਿਚ ਪੈਰ ਨਹੀਂ ਰੱਖ ਸਕਿਆ ਬਚੇ ਹੋਏ ਜਿਓਂਦਿਆਂ ਨੂੰ ਵਾਪਸ ਮੁੜਨਾ ਪਿਆ ..........ਚਲਦਾ 


ਪਰਮਪਾਲ ਸਿੰਘ ਸਭਰਾਅ
981499 1699