ਖਾਲਸਾ ਜੀ ਨੇ ਜਦੋਂ ਦਿੱਲੀ ਫ਼ਤਹਿ ਕੀਤੀ

 ਖਾਲਸਾ ਜੀ ਨੇ ਜਦੋਂ ਦਿੱਲੀ ਫ਼ਤਹਿ ਕੀਤੀ

ਸੁਖਚੈਨ ਸਿੰਘ ਲਾਇਲਪੁਰੀ

ਸਰਦਾਰ ਬਘੇਲ ਸਿੰਘ ਦਾ ਜਨਮ ਅੰਮਿ੍ਰਤਸਰ ਜ਼ਿਲ੍ਹੇ ਦੇ ਪਿੰਡ ਜੁਬਾਲ ਵਿਚ ਹੋਇਆ ਸੀ। ਉਹ ਧਾਰੀਵਾਲ ਜੱਟ ਸਿੱਖ ਪਰਿਵਾਰ ਤੋਂ ਸੀ। ਛੋਟੀ ਉਮਰ ਵਿਚ ਹੀ ਬਘੇਲ ਸਿੰਘ ਦਲ ਖ਼ਾਲਸਾ ਵਿਚ ਕਰਮ ਸਿੰਘ ਦੀ ਸਰਪੰਚੀ ਹੇਠ ਚਲਾ ਗਿਆ ਸੀ। ਉਸੇ ਵੇਲੇ ਦਲ ਖ਼ਾਲਸਾ ਵੱਲੋਂ ਪੰਜਾਬ ’ਚ 12 ਮਿਸਲਾਂ ਤਿਆਰ ਹੋਈਆਂ ਜਿਨ੍ਹਾਂ ਵਿਚੋਂ ਇਕ ਵਿਚ ਕਰਮ ਸਿੰਘ ਮਿਸ਼ਨਰੀ ਨਿਯੁਕਤ ਹੋਏ। ਉਨ੍ਹਾਂ ਦੀ ਮੌਤ ਤੋਂ ਬਾਅਦ ਕਰੋੜਾ ਸਿੰਘ ਉਸ ਮਿਸਲ ਦੇ ਆਗੂ ਬਣੇ। ਉਨ੍ਹਾਂ ਦੇ ਨਾਮ ’ਤੇ ਹੀ ਇਸ ਮਿਸਲ ਦਾ ਨਾਮ ਕਰੋੜ ਸਿੰਘੀਆ ਮਿਸਲ ਪਿਆ। ਉਨ੍ਹਾਂ ਦੀ ਮੌਤ ਤੋਂ ਬਾਅਦ ਬਘੇਲ ਸਿੰਘ ਨੂੰ ਕਰੋੜ ਸਿੰਘੀਆ ਮਿਸਲ ਦਾ ਆਗੂ ਥਾਪਿਆ ਗਿਆ। ਇਸ ਮਿਸਲ ਵਿਚ ਹੁਸ਼ਿਆਰਪੁਰ, ਜਲੰਧਰ ਲਾਗੇ ਦਾ ਇਲਾਕਾ ਆਉਂਦਾ ਸੀ। ਇਸ ਮਿਸਲ ਦਾ ਹੈੱਡਕੁਆਰਟਰ ਹੁਸ਼ਿਆਰਪੁਰ-ਦਸੂਹਾ ਰੋਡ ’ਤੇ ਪੈਂਦੇ ਪਿੰਡ ਹਰਿਆਣਾ ਵਿਚ ਬਣਾਇਆ ਗਿਆ ਸੀ। ਬਘੇਲ ਸਿੰਘ ਬਹੁਤ ਦਲੇਰ ਤੇ ਸੂਝਵਾਨ ਵਿਅਕਤੀ ਸੀ। ਉਸ ਨੇ ਆਪਣੀ ਮਿਸਲ ਨੂੰ ਉੱਤਰੀ ਭਾਰਤ ਵਿਚ ਬਹੁਤ ਵਧਾਇਆ ਸੀ। ਪੰਜਾਬ ਤੋਂ ਦਿੱਲੀ ਵਿਚਕਾਰ ਉਸ ਦੀ ਮਿਸਲ ਫੈਲੀ ਹੋਈ ਸੀ। ਜਦੋਂ ਮਰਹੱਟਿਆਂ ਨੇ ਦਿੱਲੀ ’ਤੇ ਹਮਲਾ ਕੀਤਾ, ਓਦੋਂ ਦਿੱਲੀ ਦਾ ਬਾਦਸ਼ਾਹ ਸ਼ਾਹ ਆਲਮ ਸੀ।

ਉਹ ਬਹੁਤ ਹੀ ਕਮਜ਼ੋਰ ਤਬੀਅਤ ਦਾ ਮਾਲਕ ਸੀ। ਉਹ ਕਿਲ੍ਹਾ ਖ਼ਾਲੀ ਕਰ ਕੇ ਭੱਜ ਗਿਆ। ਜਦੋਂ ਇਹ ਖ਼ਬਰ ਅੰਗਰੇਜ਼ ਕਮਾਂਡਰ ਦੇ ਕੰਨਾਂ ਵਿਚ ਪਈ ਤਾਂ ਉਸ ਨੇ ਉਸੇ ਵੇਲੇ ਆਪਣੀ ਫ਼ੌਜ ਸਮੇਤ ਦਿੱਲੀ ’ਤੇ ਚੜ੍ਹਾਈ ਕਰ ਦਿੱਤੀ। ਅੰਗਰੇਜ਼ਾਂ ਨੂੰ ਆਉਂਦਾ ਸੁਣ ਕੇ ਮਰਹੱਟੇ ਕਿਲ੍ਹਾ ਛੱਡ ਕੇ ਭੱਜ ਗਏ। ਸ਼ਾਹ ਆਲਮ ਵਾਸਤੇ ਇਹ ਬਹੁਤ ਚੰਗੀ ਖਬਰ ਸੀ। ਉਸ ਦੇ ਸਾਥੀਆਂ ਨੇ ਸਲਾਹ ਦਿੱਤੀ ਕਿ ਅੰਗਰੇਜ਼ਾਂ ਨੂੰ ਭਜਾਉਣ ਵਾਸਤੇ ਸਿੱਖ ਜਰਨੈਲ ਤੋਂ ਮਦਦ ਮੰਗੀ ਜਾਵੇ। ਇਸ ਲਈ ਸ਼ਾਹ ਆਲਮ ਵੱਲੋਂ ਉਸ ਦੇ ਤਿੰਨ ਸਲਾਹਕਾਰ ਬਘੇਲ ਸਿੰਘ ਕੋਲ ਮਦਦ ਦੀ ਫਰਿਆਦ ਲੈ ਕੇ ਪਹੁੰਚੇ।  ਜਦੋਂ ਬਘੇਲ ਸਿੰਘ ਨੇ ਆਪਣੀ 40 ਹਜ਼ਾਰ ਫ਼ੌਜ ਸਮੇਤ ਦਿੱਲੀ ’ਤੇ ਕੂਚ ਕੀਤਾ ਤਾਂ ਅੰਗਰੇਜ਼ ਜਰਨੈਲ ਰਸਤੇ ’ਚੋਂ ਹੀ ਵਾਪਸ ਚਲਾ ਗਿਆ। ਇੰਜ ਸ਼ਾਹ ਆਲਮ ਨੇ ਲਾਲ ਕਿਲ੍ਹੇ ਨੂੰ ਫਿਰ ਫਤਿਹ ਕਰ ਲਿਆ। ਇਸ ਤੋਂ ਪਹਿਲਾਂ ਕਿ ਉਹ ਬਘੇਲ ਸਿੰਘ ਦਾ ਧੰਨਵਾਦ ਕਰਦਾ ਉਸ ਨੇ ਇਕ ਚਿੱਠੀ ਦੇ ਕੇ ਆਪਣਾ ਦੂਤ ਬਘੇਲ ਸਿੰਘ ਵੱਲ ਭੇਜਿਆ। ਜਿਸ ਵੇਲੇ ਚਿੱਠੀ ਪਹੁੰਚਾਈ ਗਈ ਉਸ ਵੇਲੇ ਬਘੇਲ ਸਿੰਘ ਸਾਰੇ ਲਸ਼ਕਰ ਸਮੇਤ ਕਰਨਾਲ ਪਹੁੰਚ ਚੁੱਕਾ ਸੀ।

ਚਿੱਠੀ ਵਿਚ ਲਿਖਿਆ ਸੀ ਕਿ ਬਘੇਲ ਸਿੰਘ ਜੀ, ਅੰਗਰੇਜ਼ ਵਾਪਸ ਚਲੇ ਗਏ ਹਨ। ਤੁਸੀਂ ਵੀ ਵਾਪਸ ਮੁੜ ਜਾਓ। ਇਹ ਪੜ੍ਹ ਕੇ ਬਘੇਲ ਸਿੰਘ ਨੂੰ ਬੜਾ ਗੁੱਸਾ ਆਇਆ। ਉਸ ਨੇ ਜਵਾਬੀ ਚਿੱਠੀ ਭੇਜੀ ਕਿ ਬਾਦਸ਼ਾਹ ਜੀ, ਤੁਸੀਂ ਆਪਣੇ ਵਾਅਦੇ ਮੁਤਾਬਕ ਮੇਰੀ ਫ਼ੌਜ ਦਾ ਖ਼ਰਚਾ ਮੈਨੂੰ ਭੇਜੋ। ਅਸੀਂ ਵਾਪਸ ਚਲੇ ਜਾਵਾਂਗੇ। ਚਿੱਠੀ ਪੜ੍ਹ ਕੇ ਸ਼ਾਹ ਆਲਮ ਨੇ ਕੋਈ ਜਵਾਬ ਦੇਣਾ ਠੀਕ ਨਾ ਸਮਝਿਆ। ਬਘੇਲ ਸਿੰਘ ਨੇ ਦਿੱਲੀ ਪਹੁੰਚ ਕੇ ਮਜਨੂੰ ਦੇ ਟਿੱਲੇ ਕੋਲ ਜਾ ਕੇ ਇਕ ਹੋਰ ਚਿੱਠੀ ਭੇਜੀ ਕਿ ਅਸੀਂ ਦਿੱਲੀ ਪਹੁੰਚ ਗਏ ਹਾਂ। ਸਾਨੂੰ ਸ਼ਰਤ ਮੁਤਾਬਕ ਫ਼ੌਜ ਦਾ ਖ਼ਰਚਾ ਦਿੱਤਾ ਜਾਵੇ, ਨਹੀਂ ਤਾਂ ਲੜਨ ਲਈ ਤਿਆਰ ਹੋ ਜਾਓ। ਇਹ ਚਿੱਠੀ ਪੜ੍ਹ ਕੇ ਸ਼ਾਹ ਆਲਮ ਨੇ ਦਿੱਲੀ ਦੇ ਸਾਰੇ ਦਰਵਾਜ਼ੇ ਬੰਦ ਕਰਵਾ ਦਿੱਤੇ। ਜਰਨੈਲਾਂ ਨੇ ਬੰਦ ਦਰਵਾਜ਼ੇ ਵੇਖ ਕੇ ਸਲਾਹ ਬਣਾਈ ਕਿ ਦੀਵਾਰ ਤੋੜ ਦਿੱਤੀ ਜਾਵੇ। ਉਨ੍ਹਾਂ ਨੇ ਦੀਵਾਰ ’ਚੋਂ ਮੋਰੀ ਕਰ ਕੇ ਸਾਰੀ ਫ਼ੌਜ ਅੰਦਰ ਲੰਘਾ ਦਿੱਤੀ। ਫਿਰ ਉਨ੍ਹਾਂ ਨੇ ਗੁਰਮਤਾ ਕੀਤਾ ਕਿ ਦਿੱਲੀ ਦੇ ਤਖਤ ’ਤੇ ਕਿਸ ਨੂੰ ਬਿਠਾਇਆ ਜਾਵੇ। ਬਘੇਲ ਸਿੰਘ ਦੀ ਸਲਾਹ ਸੀ ਕਿ ਤਖਤ ’ਤੇ ਜੱਸਾ ਸਿੰਘ ਆਹਲੂਵਾਲੀਆ ਨੂੰ ਬਿਠਾਇਆ ਜਾਵੇ ਪਰ ਜੱਸਾ ਸਿੰਘ ਆਹਲੂਵਾਲੀਆ, ਗੁਰਬਖ਼ਸ਼ ਸਿੰਘ ਤੇ ਜੱਸਾ ਸਿੰਘ ਰਾਮਗੜ੍ਹੀਆ ਦੀ ਸਲਾਹ ਸੀ ਕਿ ਤਖਤ ਸਿੰਘਾਸਨ ਦਾ ਮਾਲਕ ਤਾਂ ਅਕਾਲ ਪੁਰਖ ਹੈ। ਅਸੀਂ ਤਾਂ ਸੇਵਾਦਾਰ ਹਾਂ। ਇੰਜ ਦਿੱਲੀ ਦੇ ਉਸ ਤਖਤ ਦੀਆਂ ਸਿੱਲ੍ਹਾਂ ਪੁੱਟ ਕੇ, ਕੁਝ ਤੋਪਾਂ ਲੈ ਕੇ ਜੱਸਾ ਸਿੰਘ ਰਾਮਗੜ੍ਹੀਆ ਅੰਮਿ੍ਰਤਸਰ ਪੁੱਜ ਗਿਆ ਤੇ ਜੱਸਾ ਸਿੰਘ ਆਹਲੂਵਾਲੀਆ, ਗੁਰਬਖਸ਼ ਸਿੰਘ ਆਦਿ ਦਿੱਲੀ ਫਤਹਿ ਦੀ ਵਧਾਈ ਦੇ ਕੇ ਅਤੇ ਲਾਲ ਕਿਲ੍ਹੇ ’ਤੇ ਨਿਸ਼ਾਨ ਸਾਹਿਬ ਝੁਲਾ ਕੇ ਵਾਪਸ ਚਲੇ ਗਏ।

ਦੂਜੇ ਪਾਸੇ ਮੁਗਲ ਬਾਦਸ਼ਾਹ ਸ਼ਾਹ ਆਲਮ ਸਿੰਘਾਂ ਕੋਲੋਂ ਕਿਲ੍ਹਾ ਵਾਪਸ ਲੈਣ ਦੀਆਂ ਜੁਗਤਾਂ ਲੜਾਉਣ ਲੱਗਾ। ਉਸ ਵਿਚ ਇੰਨੀ ਹਿੰਮਤ ਨਹੀਂ ਸੀ ਕਿ ਉਹ ਬਘੇਲ ਸਿੰਘ ਨੂੰ ਹਰਾ ਕੇ ਉਸ ਕੋਲੋਂ ਕਿਲ੍ਹਾ ਵਾਪਸ ਲੈ ਲੈਂਦਾ। ਦੋਨਾਂ ਵਿਚ ਸਮਝੌਤਾ ਕਰਵਾਉਣ ਲਈ ਇਕ ਬੇਗਮ ਸਮੂਹ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਸਮਝੌਤੇ ਦੀਆਂ ਸ਼ਰਤਾਂ ਇਹ ਸਨ ਕਿ ਉਹ ਗੁਰੂ ਸਾਹਿਬਾਨ ਨਾਲ ਸਬੰਧਤ ਅਸਥਾਨ ਦੀ ਨਿਸ਼ਾਨਦੇਹੀ ਕਰਵਾ ਕੇ ਉਸ ਜਗ੍ਹਾ ਗੁਰਦੁਆਰਾ ਸਾਹਿਬਾਨ ਉਸਾਰੇ ਜਾਂ ਉਸ ਦਾ ਖ਼ਰਚਾ ਖ਼ਾਲਸਾ ਲਵੇਗਾ ਤੇ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ ਜਾਵੇਗੀ। ਉਸ ਤੋਂ ਬਾਅਦ ਬਘੇਲ ਸਿੰਘ ਵਾਪਸ ਚਲਾ ਜਾਵੇਗਾ। ਓਨੀ ਦੇਰ ਉਹ 5000 ਫ਼ੌਜੀ ਲੈ ਕੇ ਦਿੱਲੀ ਵਿਚ ਹੀ ਰਹੇਗਾ। ਬਾਕੀ 36000 ਫ਼ੌਜ ਵਾਪਸ ਭੇਜ ਦੇਵੇਗਾ। ਜੁਰਮਾਨੇ ਵਜੋਂ ਉਸ ਨੂੰ ਫ਼ੌਜ ਦਾ ਖ਼ਰਚਾ ਦੇਣਾ ਪਵੇਗਾ। ਇਸ ਦੇ ਬਦਲੇ ਲਾਲ ਕਿਲ੍ਹਾ ਦਿੱਲੀ ਦੇ ਬਾਦਸ਼ਾਹ ਸ਼ਾਹ ਆਲਮ ਨੂੰ ਵਾਪਸ ਕੀਤਾ ਜਾਵੇਗਾ। ਦੋਨਾਂ ਧਿਰਾਂ ਨੂੰ ਸ਼ਰਤਾਂ ਮਨਜ਼ੂਰ ਹੋ ਗਈਆਂ। ਬਘੇਲ ਸਿੰਘ ਨੇ 3 ਲੱਖ ਨਕਦ ਲੈ ਕੇ ਗੁਰੂਧਾਮਾਂ ਦੀ ਉਸਾਰੀ ਕਰਵਾਈ। -