ਬਹਾਰਾਂ ਗੀਤ ਨੇ ਗਾਉਂਦੀਆਂ ਜਿੱਥੇ ਔਰਤ ਦਾ ਸਨਮਾਨ 

ਬਹਾਰਾਂ ਗੀਤ ਨੇ ਗਾਉਂਦੀਆਂ ਜਿੱਥੇ ਔਰਤ ਦਾ ਸਨਮਾਨ 

ਸਮਾਜ ਦੇ ਹਰੇਕ ਨਾਗਰਿਕ ਨੂੰ ਔਰਤ ਦਾ ਸਨਮਾਨ ਕਰਨਾ ਚਾਹੀਦਾ ਹੈ,

ਸਮਾਂ ਲਗਾਤਾਰ ਆਪਣੀ ਚਾਲੇ ਚਲਦਾ ਰਹਿੰਦਾ ਹੈ,ਇਸ ਦੇ ਨਾਲ ਹੀ ਸਮਾਜ ਵਿੱਚ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ, ਸਮੇਂ ਦੇ ਇਸ ਗੇੜ ਨਾਲ ਭਾਵੇਂ ਸਮਾਜ ਭੌਤਿਕ ਤੌਰ ਤੇ ਤਰੱਕੀ ਕਰੇ ਪਰ ਜੇਕਰ ਉਸਦੀ ਸੋਚ ਵਿੱਚ ਤਬਦੀਲੀ ਨਾ ਆਵੇ ਤਾਂ ਸਿੱਟੇ ਕੁਝ ਕਾਰਗਰ ਨਹੀਂ ਨਿਕਲਦੇ।

ਜੇਕਰ ਸਮੇਂ ਦੇ ਚਲਦੇ ਇਸ ਚੱਕਰਵਿਊ ਵਿੱਚ ਔਰਤ ਦੀ ਗੱਲ ਕੀਤੀ ਜਾਂਵੇ ਤਾਂ ਯੁੱਗ ਭਾਵੇਂ ਕੋਈ ਵੀ ਹੋਵੇ ਔਰਤ ਦਾ ਨਾਮ ਲੈਂਦਿਆਂ ਹੀ ਤਿਆਗ, ਸ਼ਹਿਣਸ਼ੀਲਤਾ ਅਤੇ ਬਲੀਦਾਨ ਦੀ ਤਸਵੀਰ ਸਾਡੇ ਸੋਚ ਦੇ ਵਿਹੜੇ ਮਲ ਲੈਂਦੀ ਹੈ। ਔਰਤ ਦੀ ਮਹਾਨਤਾ ਨੂੰ ਦਰਸਾਉਂਦਿਆਂ ਨਾਨਕ ਸਿੰਘ ਲਿਖਦਾ ਹੈ,‘‘ਓ ਇਸਤਰੀ! ਤੂੰ ਐਡੀ ਉੱਚਤਾ, ਐਡੀ ਵਿਸ਼ਾਲਤਾ ਕਿੱਥੋਂ ਪ੍ਰਾਪਤ ਕਰ ਲਈ? ਸਹਿਣਸ਼ੀਲਤਾ ਦੇ ਸੋਮੇ ਤੇਰੇ ਅੰਦਰ, ਮਮਤਾ ਦੀਆਂ ਕਾਂਗਾਂ ਤੇਰੇ ਵਿੱਚ,ਤਿਆਗ ਦੇ ਅਟੁੱਟ ਪਹਾੜ ਤੇਰੇ ਵਿੱਚ, ਪਿਆਰ ਦੇ ਅਥਾਹ ਸਮੁੰਦਰ ਤੇਰੇ ਵਿੱਚ। ਇਹ ਸਭ ਕੁਝ, ਹੇ ਇਸਤਰੀ! ਤੂੰ ਕਿੱਥੋਂ ਪ੍ਰਾਪਤ ਕਰ ਲਿਆ?’’ ਪਰ ਇਸ ਸਭ ਦੇ ਚਲਦਿਆਂ ਔਰਤ ਬਚਪਨ ਤੋਂ ਬਹੁਤ ਸਾਰੇ ਵਿਤਕਰਿਆ ਦਾ ਸ਼ਿਕਾਰ ਹੁੰਦੀ ਆਈ ਹੈ। 

ਭਾਰਤੀ ਸਮਾਜ ਸ਼ੁਰੂ ਤੋਂ ਹੀ ਮਰਦ ਪ੍ਰਧਾਨ ਦੇਸ਼ ਰਿਹਾ ਹੈ। ਔਰਤ, ਜੋ ਕਿ ਸਮਾਜ ਦਾ 50 ਫ਼ੀਸਦੀ ਹਿੱਸਾ ਹੈ, ਨੂੰ ਸਮਾਜ ਨੇ ਉਹ ਮਾਣ-ਸਨਮਾਨ ਨਹੀਂ ਦਿਤਾ ਜਿਸ ਦੀ ਉਹ ਹੱਕਦਾਰ ਹੈ। ਜਦਕਿ ਸਾਰੇ ਰਿਸ਼ਤਿਆਂ ਦੀ ਬੁਨਿਆਦ ਖ਼ੁਦ ਔਰਤ ਹੈ। ਆਦਮੀ ਔਰਤ ਦੀ ਕੁੱਖ ਵਿਚੋਂ ਹੀ ਜਨਮ ਲੈਂਦਾ ,ਉਸ ਦੀ ਬੁੱਕਲ ਦਾ ਨਿੱਘ ਮਾਣਦਾ ਹੀ ਪਲਦਾ ਤੇ ਜਵਾਨ ਹੁੰਦਾ ਹੈ। ਪਰ ਅਫਸੋਸ ਦੀ ਗੱਲ ਹੈ ਕਿ ਆਦਿ ਕਾਲ ਤੋਂ ਲੈਕੇ ਅੱਜ ਤੱਕ ਔਰਤ ਆਪਣੀ ਹੌਂਦ ਲਈ ਲੜਦੀ ਆ ਰਹੀ ਹੈ।ਹਰ ਸਮਾਜ ਵਿੱਚ ਹਰ ਸਮੇਂ ਵਿੱਚ ਇਸ ਕਿਰਦਾਰ ਨੂੰ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ ਹੈ। ਮਮਤਾ ਦੀ ਮੂਰਤ, ਰੱਬ ਦਾ ਦੂਜਾ ਨਾਂ ਕਹੀ ਜਾਣ ਵਾਲੀ ਔਰਤ ਨੂੰ ਪੈਰ ਦੀ ਜੁੱਤੀ ਵੀ ਸਮਝਿਆ ਜਾਂਦਾ ਹੈਂ।ਬੇਸ਼ਕ ਅੱਜ ਦੇ ਦੌਰ 'ਚ ਅਸੀਂ ਦਾਅਵਾ ਕਰਦੇ ਹਾਂ ਕਿ ਔਰਤ ਸਮਾਨਤਾ ਦਾ ਅਧਿਕਾਰ ਮਾਣ ਰਹੀ ਹੈ। ਪਰ ਅਸੀ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਹਾਂ। ਅਖਬਾਰਾਂ, ਖਬਰਾਂ, ਟੀ. ਵੀ, ਫਿਲਮਾਂ ਦੇ ਕੈਮਰਿਆਂ ਦੀ ਅੱਖ ਤੋਂ ਦੂਰ ਘਰਾਂ ਦੀਆਂ ਚਾਰ ਦਿਵਾਰੀਆਂ ਵਿੱਚ ਬੈਠੀਆਂ ਬਹੁਤ ਸਾਰੀਆਂ ਔਰਤਾਂ ਅੱਜ ਵੀ ਜੀਣ ਦਾ ਚਾਅ ਮਾਰ ਕੇ ਦੱਬੀ ਘੁੱਟੀ ਜ਼ਿੰਦਗੀ ਜੀਅ ਰਹੀਆਂ ਹਨ। ਮੈਂ ਉਹਨਾਂ ਔਰਤਾਂ ਦੀ ਗੱਲ ਕਰ ਰਹੀਂ ਹਾਂ, ਜੋ ਕੈਮਰਿਆਂ ਦੀਆਂ ਨਜ਼ਰਾਂ ਤੋਂ ਉਹਲੇ ਹਨ, ਜੋ ਨਿੱਤ ਤਸ਼ੱਦਦ ਸਹਿੰਦੀਆਂ ਪਤੀ ਦੀ ਕੁੱਟ ਦਾ ਸ਼ਿਕਾਰ ਹੁੰਦੀਆਂ ਹਨ,ਆਪਣੇ ਹੱਡਾ ਨੂੰ ਕੱਠਿਆਂ ਕਰ ਵਿਲਕਦੀਆਂ ਸੌਂ ਜਾਂਦੀਆਂ ਤੇ ਫਿਰ ਉਸੇ ਦਰਦ ਭਰੀ ਦੇਹ ਨਾਲ ਸਵੇਰੇ ਉੱਠ ਅੰਨ ਪਾਣੀ ਕਰਦੀਆਂ, ਮੈਂ ਗੱਲ ਕਰ ਰਹੀਂ ਹਾਂ ਅਨੇਕਾਂ ਉਹਨਾਂ ਫੁੱਟਦੀਆ ਕਰੂਬਲਾਂ ਦੀ ਜਿੰਨਾ ਨੂੰ ਖਿੜਣ ਤੋਂ ਪਹਿਲਾਂ ਮਰਦ ਆਪਣੀ ਹਵਸ਼ ਦੇ ਭਾਰ ਹੇਠ ਦਰੜ ਦਿੰਦਾ ਹੈ, ਤੇ ਉਸ ਦਰੜੀ ਕਰੂੰਬਲ ਦੀ ਅਵਾਜ਼ ਅਸਮਾਨ ਤੇ ਧਰਤੀ ਦੋਨਾਂ ਦਾ ਸੀਨਾ ਪਾੜ ਦਿੰਦਾ ਹੈ। ਮੈਂ ਉਹਨਾਂ ਔਰਤਾਂ ਦਾ ਜ਼ਿਕਰ ਕਰ ਰਹੀਂ ਹਾਂ ਜਿੰਨਾਂ ਦੇ ਹੱਥ ਵਿੱਚ ਅੱਜ ਵੀ ਪੈੱਨ,ਪੈੱਨਸਿਲ ,ਕਿਤਾਬਾਂ ,ਕਾਪੀਆਂ ਦੀ ਥਾਂ ਦਾਤੀ, ਰੰਬੇ ਕਹੀਆਂ ਹਨ..... ਸੱਚਮੁੱਚ ਅਜਿਹੀਆਂ ਲੱਖਾਂ ਕਰੋੜਾਂ ਔਰਤਾਂ ਹਨ ਜੋ ਆਪਣੀ ਜੂਨ ਪੂਰੀ ਕਰ ਇਸ ਧਰਤੀ ਤੋਂ ਕੂਚ ਕਰ ਜਾਂਦੀਆਂ ਹਨ। 

ਭਾਵੇਂ ਸਮਾਜ ਵਿਚ ਔਰਤ ਨੂੰ ਬਰਾਬਰ ਦਾ ਸਥਾਨ ਦੇਣ ਲਈ ਸਮੇਂ-ਸਮੇਂ 'ਤੇ ਅਨੇਕਾਂ ਯਤਨ ਕੀਤੇ ਗਏ ਹਨ।ਪਰ ਇਸ ਵਿੱਚ ਕੋਈ ਦੋਰਾਇ ਨਹੀਂ ਕਿ ਮਰਦ ਦੀ ਪ੍ਰਧਾਨਗੀ ਦਾ ਪਰਛਾਵਾਂ ਹਮੇਸ਼ਾ ਔਰਤ ਦੇ ਅਕਸ ਤੇ ਭਾਰੂ ਪੈਂਦਾ ਰਿਹਾ ਹੈ।ਔਰਤ ਆਪਣੀ ਜ਼ਿੰਦਗੀ 'ਚ ਕਈ ਕਿਰਦਾਰ ਅਦਾ ਕਰਦੀ ਹੈ ਕਦੇ ਬੇਟੀ, ਕਦੇ ਭੈਣ, ਕਦੇ ਨੂੰਹ, ਕਦੇ ਸੱਸ ਤੇ ਕਦੇ ਪਤਨੀ ਪਰ ਇਹ ਕਿਰਦਾਰ ਨਿਭਾਉਂਦੇ ਹੋਏ ਨਾ ਚਾਹੁੰਦੇ ਹੋਏ ਵੀ ਆਪਣੇ ਸੁਪਨਿਆਂ ਦਾ ਗਲਾ ਘੁੱਟ ਦਿੰਦੀ ਹੈ ਤਾਂ ਜੋ ਉਹ ਪਰਿਵਾਰ ਤੇ ਸਮਾਜ ਦੀਆਂ ਦੂਸ਼ਣਬਾਜ਼ੀਆਂ ਤੋਂ ਬਚ ਸਕੇ।ਪਰ ਆਪਣੇ ਸੁਪਨਿਆਂ ਨੂੰ ਮਾਰਨ ਦੇ ਬਾਵਜ਼ੂਦ ਵੀ ਉਸਦੇ ਪੱਲੇ ਸਿਰਫ਼ ਜਲੀਲਤਾ, ਤੇ ਲਾਚਾਰਤਾ ਆਉਂਦੀ ਹੈ। ਮਰਦ ਪ੍ਰਧਾਨ ਸਮਾਜ ਨੇ ਔਰਤਾਂ ਪ੍ਰਤੀ ਅਜਿਹੀ ਮਾਨਸਿਕਤਾ ਬਣਾ ਦਿੱਤੀ ਹੈ ਕਿ ਉਨ੍ਹਾਂ ਦੀ ਸਮਝ ਅਧੂਰੀ ਹੈ, ਉਹ ਆਪਣੇ ਫ਼ੈਸਲੇ ਆਪ ਨਹੀਂ ਲੈ ਸਕਦੀਆਂ। ਇਸ ਸਭ ਦੇ ਚੱਲਦੇ ਹੋਏ ਕੁਝ ਚੇਤਨ ਔਰਤਾਂ ਨੇ ਆਪਣੀ ਦ੍ਰਿੜ੍ਹ ਨਿਸ਼ਚੈ ਦੇ ਬਲਬੂਤੇ ਤੇ ਪਛਾਣ ਬਣਾਈ ਹੈ। ਅੱਜ ਔਰਤਾਂ ਦੇਸ਼ ਦੀ ਪ੍ਰਗਤੀ ਵਿਚ ਅਹਿਮ ਹਿੱਸਾ ਪਾ ਰਹੀਆਂ ਹਨ। ਅੱਜ ਦੀ ਔਰਤ ਬੱਸ ਕੰਡਕਟਰ ਤੋਂ ਲੈ ਕੇ ਚੰਨ ਤਕ ਹਰ ਪਾਸੇ ਅੱਗੇ ਵਧ ਰਹੀ ਹੈ। ਹਰ ਕੰਮ 'ਚ ਮਰਦਾਂ ਦੇ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਚਲ ਰਹੀਆਂ ਹਨ। ਭਾਵੇਂ ਗੱਲ ਹੋਵੇ ਮਦਰ ਟਰੇਸਾ, ਕਲਪਨਾ ਚਾਵਲਾ, ਇੰਦਰਾ ਗਾਂਧੀ, ਕਿਰਨ ਬੇਦੀ, ਸਾਇਨਾ ਨੇਹਵਾਲ ਹਰ ਖੇਤਰ 'ਚ ਔਰਤਾਂ ਨੇ ਆਪਣਾ ਇੱਕ ਮੁਕਾਮ ਹਾਸਿਲ ਕੀਤਾ ਹੈ। ਘਰ ਦੀ ਚਾਰਦੀਵਾਰੀ ਤੋਂ ਬਾਹਰ ਆ ਕੇ ਅੱਜ ਦੀ ਔਰਤ ਬੁਲੰਦੀ ਦੀ ਪਰਵਾਜ਼ ਭਰ ਰਹੀ ਹੈ। ਪਰ ਬਹੁਤ ਸਾਰੀਆਂ ਔਰਤਾਂ ਹਨ ਜੋ ਪੱਛਮ ਦੇ ਨਾਰੀਵਾਦੀ ਸਿਧਾਂਤਾਂ ਨੂੰ ਅਪਣਾਉਣ ਦੀ ਕੋਸ਼ਿਸ਼ ਕਰਦੀਆਂ ਹੋਈਆਂ ਆਪਣੀ ਸਥਿਤੀਆਂ ਨੂੰ ਸੁਧਾਰਨ ਬਾਬਤ ਸੋਚਦੀਆਂ ਹਨ ਪਰ ਔਰਤ ਦੀ ਬੁਲੰਦੀ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਇਹ ਜ਼ਾਲਿਮ ਸਮਾਜ ਆਪਣੀ ਪੱਛੜੀ ਹੋਈ ਸੋਚ ਨਾਲ ਕੁਤਰ ਦਿੰਦਾ ਹੈ ਤੇ ਔਰਤ ਦੇ ਸੁਪਨਿਆਂ ਦੀ ਮੌਤ ਹੋ ਜਾਂਦੀ ਹੈ।ਭਾਵੇਂ ਅਸੀਂ ਅੱਜ ਤਰੱਕੀ ਦੇ ਵੱਡੇ-ਵੱਡੇ ਦਾਅਵੇ ਕਰਦੇ ਨਹੀਂ ਥੱਕਦੇ ਤੇ ਦੁਨੀਆ ਦੇ ਪਿਛਲੇ ਸਭ ਮਨੁੱਖਾਂ ਤੋਂ ਖ਼ੁਦ ਨੂੰ ਅਵੱਲ ਤੇ ਸੱਭਿਅਕ ਕਹਾਉਣ ਵਿਚ ਮਾਣ ਮਹਿਸੂਸ ਕਰਦੇ ਹਾਂ ਪਰ ਐਨੀ ਤਰੱਕੀ ਕਰ ਲੈਣ ਦੇ ਬਾਵਜੂਦ ਸਾਡੇ ਸਮਾਜ ਵਿਚ ਅੱਜ ਔਰਤ ਦੀ ਇੱਜ਼ਤ ਤਕ ਮਹਿਫ਼ੂਜ਼ ਨਹੀਂ ਹੈ। ਨਿੱਕੀਆਂ ਬੱਚੀਆਂ ਤੋਂ ਲੈਕੇ ਅੱਧਖੜ ਉਮਰ ਦੀਆਂ ਔਰਤਾਂ ਨਿੱਤ ਜਿਸਮਾਨੀ ਸ਼ੋਸ਼ਣ ਦਾ ਸ਼ਿਕਾਰ ਹੁੰਦੀਆਂ ਹਨ।ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਅਸੀਂ ਇੱਕ ਚੰਗਾ ਅਤੇ ਸੱਭਿਅਕ ਸਮਾਜ ਸਿਰਜਣ ਵਿੱਚ ਅਸਫ਼ਲ ਰਹੇ ਹਾਂ । ਔਰਤਾਂ ਦੀ ਸਥਿਤੀ ਤੇ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ 2011 ਵਿਚ ਇੱਕ ਸਰਵੇਖਣ ਕਰਵਾਇਆ ਗਿਆ ਜਿਸ ਵਿਚ ਭਾਰਤ ਚੌਥੇ ਸਥਾਨ ਉੱਤੇ ਸੀ। ਥਾਮਸਨ ਰਈਟਰਜ਼ ਫ਼ਾਊਂਡੇਸ਼ਨ ਦਾ ਉਕਤ ਸਰਵੇ ਸੰਸਾਰ ਦੇ ਕੁਲ 193 ਦੇਸ਼ਾਂ ਦੀਆਂ ਔਰਤਾਂ ਦੇ ਹਾਲਾਤ 'ਤੇ ਆਧਾਰਤ ਹੈ। ਇਸ ਸਰਵੇ ਵਿਚ ਭਾਰਤ ਨੂੰ ਔਰਤਾਂ ਲਈ ਸਭ ਤੋਂ ਵੱਧ ਗ਼ੈਰ-ਮਹਿਫ਼ੂਜ਼ ਕਰਾਰ ਦਿੰਦਿਆਂ ਪਹਿਲੇ ਸਥਾਨ ਉੱਤੇ ਰੱਖਿਆ ਗਿਆ ਹੈ। ਸਰਵੇਖਣ ਵਿਚ ਇਕੱਲਾ ਜਿਨਸੀ ਸ਼ੋਸ਼ਣ ਜਾਂ ਛੇੜ-ਛਾੜ ਦੇ ਹੀ ਮੁੱਦੇ ਨਹੀਂ ਹਨ ਸਗੋਂ ਇਸ ਦੇ ਨਾਲ-ਨਾਲ ਔਰਤਾਂ ਦੀ ਸਿਹਤ, ਸੱਭਿਆਚਾਰਕ ਰਵਾਇਤਾਂ, ਭੇਦ-ਭਾਵ, ਕੁੱਟਮਾਰ ਤੇ ਮਨੁੱਖੀ ਜਿਸਮ ਦੀ ਸਮਗਲਿੰਗ ਦੇ ਮਾਮਲੇ ਵੀ ਸ਼ਾਮਲ ਕੀਤੇ ਗਏ ਹਨ ਫ਼ਾਊਂਡੇਸ਼ਨ ਨੇ ਅਪਣੀ ਰਿਪੋਰਟ ਵਿਚ ਭਾਰਤ ਦਾ ਜ਼ਿਕਰ ਕਰਦਿਆਂ ਲਿਖਿਆ ਹੈ 'ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਬਾਦੀ ਵਾਲੇ ਦੇਸ਼ ਜਿਥੇ 1.3 ਬਿਲੀਅਨ ਲੋਕ ਰਹਿੰਦੇ ਹਨ, ਉਹ ਤਿੰਨ ਮਾਮਲਿਆਂ ਵਿਚ ਦੁਨੀਆਂ ਦਾ ਸਭ ਤੋਂ ਖ਼ਤਰਨਾਕ ਦੇਸ਼ ਹੈ ਤੇ ਇਹ ਹਨ, ਔਰਤਾਂ ਦੇ ਵਿਰੁਧ ਜਿਨਸੀ ਤਸ਼ੱਦਦ, ਸੱਭਿਆਚਾਰਕ ਤੇ ਰਵਾਇਤੀ ਮਾਮਲੇ ਅਤੇ ਇਨਸਾਨੀ ਸਮਗਲਿੰਗ ਆਦਿ। 2019 ’ਚ ਜਦੋਂ ਨੋਬਲ ਪੁਰਸਕਾਰ ਲੈਣ ਵਾਲਿਆਂ ਦੇ ਨਾਂ ਸਾਹਮਣੇ ਆਉਂਦੇ ਹਨ ਤਾਂ ਉਸ ਸੂਚੀ ਨੂੰ ਦੇਖ ਕੇ ਲੱਗਦਾ ਹੈ ਜਿਵੇਂ ਵਰ੍ਹਿਆਂ ਦਾ ਇਹ ਸਫਰ ਸਿਰਫ ਸਮੇਂ ਨੇ ਤੈਅ ਕੀਤਾ ਪਰ ਔਰਤਾਂ ਕਿਤੇ ਪਿੱਛੇ ਹੀ ਛੁੱਟ ਗਈਆਂ। ਸ਼ਾਇਦ ਇਸੇ ਲਈ 2018 ’ਚ ਪਿਛਲੇ 55 ਸਾਲਾਂ ਚ ਭੌਤਿਕ ਸ਼ਾਸਤਰ ਲਈ ਨੋਬਲ ਪੁਰਸਕਾਰ ਜਿੱਤਣ ਵਾਲੀ ਮਹਿਲਾ ਵਿਗਿਆਨੀ ਡੋਨਾ ਸਟ੍ਰਿਕਲੈਂਡ ਨੇ ਕਿਹਾ ਸੀ, ‘‘ਮੈਨੂੰ ਹੈਰਾਨੀ ਨਹੀਂ ਹੈ ਕਿ ਆਪਣੇ ਵਿਸ਼ੇ ਚ ਨੋਬਲ ਜਿੱਤਣ ਵਾਲੀ 1901 ਤੋਂ ਲੈ ਕੇ ਹੁਣ ਤਕ ਮੈਂ ਤੀਜੀ ਔਰਤ ਹਾਂ। ਆਖਿਰ ਅਸੀਂ ਜਿਸ ਦੁਨੀਆ ਵਿਚ ਰਹਿੰਦੀਆਂ ਹਾਂ, ਉਥੇ ਮਰਦ ਹੀ ਮਰਦ ਨਜ਼ਰ ਆਉਂਦੇ ਹਨ।’’ ਅਜਿਹੀਆਂ ਹੋਰ ਪਤਾ ਨਹੀਂ ਕਿੰਨੀਆਂ ਕੁ ਉਦਹਾਰਣਾਂ ਨਿੱਤ ਬਣਦੀਆਂ ਹਨ । 

ਬੇਸ਼ਰਤੇ ਅਸੀਂ ਬਹੁਤ ਤਰੱਕੀ ਕਰ ਲਈ ਹੈ, ਚੰਨ ਤੱਕ ਦੀ ਉਡਾਨ ਵੀ ਭਰ ਲਈ, ਉਸ ਵਿੱਚ ਔਰਤਾਂ ਨੇ ਵੀ ਯੋਗਦਾਨ ਪਾਇਆ ਹੈ ਪਰ ਉਹਨਾਂ ਲੱਖਾਂ ਕਰੋੜਾਂ ਔਰਤਾਂ ਦਾ ਕੀ ਜੋ ਲਾਚਾਰ, ਬੇਬਸੀ ਦਾ ਸ਼ਿਕਾਰ ਹੋਈ ਜ਼ਿੰਦਗੀ ਦਾ ਭਾਰ ਮੋਢਿਆਂ ਤੇ ਢੋਹਦੀਂ ਮੁੱਕ ਜਾਂਦੀ ਹੈ। ਹਰ ਇੱਕ ਔਰਤ ਸਨਮਾਨ ਦੀ ਹੱਕਦਾਰ ਹੈ, ਹਰ ਇੱਕ ਧੀ ਨੂੰ ਹੱਕ ਹੈ ਕਿ ਉਹ ਪੜ੍ਹ ਸਕੇ, ਹਰ ਧੀ ਨੂੰ ਹੱਸਣ ਦੀ ਖੁੱਲ੍ਹ ਹੈ,ਆਪਣੀ ਜ਼ਿੰਦਗੀ ਦੇ ਫ਼ੈਸਲੇ ਖੁਦ ਕਰਨ ਦਾ ਅਧਿਕਾਰ ਹੈ, ਇਸ ਸਮਾਜ ਕੋਲ ਕੋਈ ਹੱਕ ਨਹੀਂ ਕਿ ਆਪਣੇ ਸੁਪਨਿਆਂ ਦੀਆਂ ਪੈੜਾਂ ਨੱਪਦੀਆਂ ਧੀਆਂ ਦੇ ਖੰਭ ਕੱਟਣ ਲਈ ਉਹਨਾਂ ਨੂੰ ਚਰਿੱਤਰ ਸਰਟੀਫਿਕੇਟ ਫੜਾਵੇ ।ਸਮਾਜ ਦੇ ਹਰੇਕ ਨਾਗਰਿਕ ਨੂੰ ਔਰਤ ਦਾ ਸਨਮਾਨ ਕਰਨਾ ਚਾਹੀਦਾ ਹੈ, ਜਿਸ ਦੇਸ਼ ਵਿਚ ਔਰਤ ਮਹਿਫੂਜ਼ ਨਹੀਂ ਉਹ ਦੇਸ਼ ਇੱਕ ਚੰਗਾ ਦੇਸ਼ ਤੇ ਸੱਭਿਅਕ ਦੇਸ਼ ਕਹਿਲਾਉਂਣ ਦਾ ਹੱਕਦਾਰ ਨਹੀਂ। ਉੱਠੋ ਤੇ ਗੁਰੂ ਨਾਨਕ ਸਾਹਿਬ ਦੇ ਧੀਆਂ ਦੇ ਹੱਕ ਵਿੱਚ ਮਾਰੇ ਨਾਅਰੇ ਨੂੰ ਬਲੁੰਦ ਕਰੀਏ। ਤਾਂ ਹੀ ਅਸੀਂ ਇੱਕ ਚੰਗਾ ਸਮਾਜ ਸਿਰਜ ਸਕਦੇ ਹਾਂ, ਮਾਵਾਂ ਬਚਪਨ ਤੋਂ ਆਪਣੇ ਬੇਟਿਆਂ ਨੂੰ ਔਰਤਾਂ ਦੀ ਇੱਜ਼ਤ ਕਰਨਾ ਸਿਖਾਉਣ ਤਾਂ ਜੋ ਜਨਤਕ ਥਾਂ ਤੇ ਖਲੋਤੀ ਧੀ ਅਸੁੱਰਿਖਤ ਮਹਿਸੂਸ ਨਾ ਕਰੇ। ਸਰਕਾਰਾਂ ਔਰਤ ਦੀ ਨਿਰਾਦਰੀ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਵੇ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਦੀ ਸ਼ਿਕਾਰ ਹੋ ਚੁੱਕੀਂ ਧੀ ਨੂੰ ਇਨਸਾਫ਼ ਲਈ ਕਚਿਹਰੀਆਂ ਦੇ ਚੱਕਰ ਨਾ ਕੱਟਣੇ ਪੈਣ । 

   ਹਰਕੀਰਤ ਕੌਰ 

   9779118066