ਸਿੰਘ ਸਭਾ ਲਹਿਰ ਦੇ ਪ੍ਰਮੁਖ ਪ੍ਰਚਾਰਕ ਗਿਆਨੀ ਦਿੱਤ ਸਿੰਘ

 ਸਿੰਘ ਸਭਾ ਲਹਿਰ ਦੇ ਪ੍ਰਮੁਖ ਪ੍ਰਚਾਰਕ ਗਿਆਨੀ ਦਿੱਤ ਸਿੰਘ

"ਜਿਹਦਾ ਨਾਮ ਲੈਂਦਿਆਂ ਹੀ ਦਿਲ ਵਿਚ ਜੋਸ਼ ਉਠੇ,
ਝੁਕ ਜਾਵੇ ਧੌਣ ਵੱਡੇ ਵੱਡੇ ਅਭਿਮਾਨੀ ਦੀ।
ਸੁੱਤੀ ਹੋਈ ਘੂਕ ਕੌਮ ਆਣ ਕੇ ਜਗਾਈ ਜੀਹਨੇ,
ਅਜ ਤਕ ਧੁੰਮ ਪਈ ਹੋਈ ਜਿਹਦੀ ਕਾਨੀ ਦੀ।
ਐਸਾ ਕੌਣ ਬੀਰ ਜੀਹ ਨੇ ਭਰਮ ਲੀਰ ਲੀਰ ਕੀਤੇ,
ਆਈ ਅਜ ਯਾਦ ਉਸ ਸਿੰਘ ਸਭਾ ਬਾਨੀ ਦੀ।
ਭਾਵੇਂ ਉਹ ਦੀ ਪਾਈ ਨਾ ਕਦਰ ਪੂਰੀ ਪੰਥ ਨੇ ਹੈ,
ਭਾਸੇ ਅਜ ਲੋੜ ਫੇਰ ਦਿਤ ਸਿੰਘ ਗਿਆਨੀ ਦੀ।"

 



        ਸਿੰਘ ਸਭਾ ਲਹਿਰ ਦੀ ਜਿਥੇ ਪੰਜਾਬ ਦੀ ਧਰਤੀ ´ਤੇ ਸਿੱਖੀ ਦੇ ਫੈਲਾਅ ਵਿੱਚ ਵਿਸ਼ੇਸ਼ ਭੂਮਿਕਾ ਹੈ, ਉੱਥੇ ਭਾਰਤ ਤੋਂ ਬਾਹਰ ਵਿਦੇਸ਼ਾਂ ਵਿੱਚ ਸਿੱਖ ਸਿਧਾਂਤਾਂ ਦੇ ਪ੍ਰਸਾਰ ਵਿਚ ਵੀ ਇਸ ਦੀ ਵਡਮੁਲੀ ਦੇਣ ਹੈ। ਸਿੰਘ ਸਭਾ ਲਹਿਰ ਦੇ ਪ੍ਰਮੁਖ ਪ੍ਰਚਾਰਕ ਗਿਆਨੀ ਦਿੱਤ ਸਿੰਘ ਦਾ ਜਨਮ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਨੰਦਪੁਰ ਕਲੌੜ ਦੇ ਮੂਲਨਿਵਾਸੀ ਦੀਵਾਨ ਸਿੰਘ ਦੇ ਘਰ ਮਾਈ ਰਾਮ ਕੌਰ ਦੀ ਕੁੱਖੋਂ 21 ਅਪ੍ਰੈਲ 1853 ਈ. (ਦੂਜਾ ਸਰੋਤ 1850 ਈ.) ਵਿਚ ਹੋਇਆ। ਨਿੱਕੀ ਉਮਰੇ ਆਪ ਜੀ ਨੇੇ ਗੁਲਾਬਦਾਸੀ ਮਹਾਤਮਾ ਸੰਤ ਗੁਰਬਖਸ਼ ਦੇੇ ਡੇਰੇ ਤੋਂ ਸ੍ਵੈ ਅਧਿਐਨ ਸਦਕਾ ਗੁਰਬਾਣੀ ਸਮੇਤ ਹੋਰ ਗਿਆਨ ਹਾਸਲ ਕੀਤਾ। ਭਾਈ ਦਿੱਤ ਸਿੰਘ ਦਾ ਵਿਆਹ 1872 ਵਿੱਚ ਸਿੱਖ ਮਰਿਆਦਾ ਅਨੁਸਾਰ ਸੰੰਤ ਭਾਗ ਸਿੰਘ ਦੀ ਸਪੁੱਤਰੀ ਬਿਸ਼ਨ ਕੌਰ ਨਾਲ ਹੋਇਆ। ਬੀਬੀ ਬਿਸ਼ਨ ਕੌਰ ਦੇ ਜਿਮੀਂਦਾਰ ਪਰਿਵਾਰ ਅਤੇ ਗਿਆਨੀ ਦਿੱਤ ਸਿੰਘ ਦਾ ਮੂਲ ਨਿਵਾਸੀ (ਅਖੌਤੀ ਨੀਵੀਂ ਜਾਤ) ਦੇ ਪਰਿਵਾਰ ਦਾ, ਵਿਆਹ ਦੇ ਰੂਪ ਵਿੱਚ ਮੇਲ ਇਤਿਹਾਸਕ ਇਨਕਲਾਬ ਸੀ, ਜਿਸ ਦਾ ਉਸ ਵੇਲੇ ਵੀ ਕਾਫੀ ਵਿਰੋਧ ਹੋਇਆ।
ਸਿੰਘ ਸਭਾ ਲਾਹੌਰ ਦੇ ਮੋਢੀ ਅਤੇ ਉੱਘੇ ਵਿਦਵਾਨ ਪਰੋਫੈਸਰ ਗੁਰਮੁਖ ਸਿੰਘ ਦੀ ਪ੍ਰੇਰਨਾ ਨਾਲ ਗਿਆਨੀ ਦਿੱਤ ਸਿੰਘ ਅੰਮ੍ਰਿਤ ਛੱਕ ਕੇ ਸਿੰਘ ਸਜੇ। ਇੱਕ ਸਾਲ ਵਿੱਚ ਪੰਜਾਬ ਯੂੂਨੀਵਰਸਿਟੀ ਲਾਹੌਰ ਤੋਂ ਗਿਆਨੀ ਦਾ ਇਮਤਿਹਾਨ ਪਹਿਲੇ ਸਥਾਨ 'ਤੇ ਰਹਿ ਕੇ ਪਾਸ ਕੀਤਾ। ਗਿਆਨੀ ਦਿੱਤ ਸਿੰਘ ਅਤੇ ਬੀਬੀ ਬਿਸ਼ਨ ਕੌਰ ਦੇ ਘਰ ਪੁੱਤਰ ਬਲਦੇਵ ਸਿੰਘ ਅਤੇ ਧੀ ਬੀਬਾ ਵਿਦਿਆਵੰਤੀ ਕੌਰ ਨੇ ਜਨਮ ਲਿਆ। ਗਿਆਨੀ ਦਿੱਤ ਸਿੰਘ ਜੀ ਨੇ ਜੀਵਨ ਭਰ ਸਿੰਘ ਸਭਾ ਲਹਿਰ ਦੇ ਉਦੇਸ਼ਾਂ ਨੂੰ ਪ੍ਰਚਾਰਿਆ ਤੇ ਪ੍ਰਸਾਰਿਆ। ਉਨ੍ਹਾਂ ਸਿੱਖ ਸਿਧਾਂਤਾਂ ਨੂੰ ਬਿਆਨ ਕਰਦਿਆਂ ਬਹੁਤ ਸਾਰੀਆਂ ਵਡਮੁੱਲੀਆਂ ਕਿਤਾਬਾਂ ਲਿਖੀਆਂ।
          ਗਿਆਨੀ ਦਿੱਤ ਸਿੰਘ ਤੇ ਪ੍ਰੋ. ਗੁਰਮੁਖ ਸਿੰਘ ਨੇ 10 ਨਵੰਬਰ 1880 ਨੂੰ ਲਾਹੌਰ ਤੋਂ ਹਫ਼ਤਾਵਾਰੀ ਗੁਰਮੁਖੀ ਅਖ਼ਬਾਰ, ਸ਼ੁੱਧ ਪੰਜਾਬੀ 'ਚ ਆਰੰਭ ਕਰਕੇ, ਨਾ ਸਿਰਫ਼ ਧਾਰਮਿਕ ਅਤੇ ਸਮਾਜਿਕ ਸੁਧਾਰ ਲਹਿਰ ਨੂੰ ਪ੍ਰਚੰਡ ਕੀਤਾ, ਸਗੋਂ ਪੰਜਾਬੀ ਦੇ ਵਿਕਾਸ 'ਚ ਵਿਚ ਵੀ ਵਡਮੁੱਲਾ ਯੋਗਦਾਨ ਪਾਇਆ। ਆਪ 'ਖ਼ਾਲਸਾ ਅਖ਼ਬਾਰ' ਲਾਹੌਰ ਦੇ ਸੰਪਾਦਕ ਰਹੇ ਅਤੇ ਅਖਬਾਰ ਜ਼ਰੀਏ ਵੀ ਲੋਕਾਂ ਨੂੰ ਅੰਧ-ਵਿਸ਼ਵਾਸ, ਜਾਦੂ- ਟੂਣੇ, ਫੋਕਟ ਕਰਮ-ਕਾਂਡ ਤੋਂ ਸੁਚੇਤ ਕੀਤਾ। ਗਿਆਨੀ ਦਿੱਤ ਸਿੰਘ ਜੀ ਦੇ ਜ਼ਿਕਰ ਤੋਂ ਬਗੈਰ ਪੰਜਾਬੀ ਪੱਤਰਕਾਰੀ ਦਾ ਇਤਿਹਾਸ ਅਧੂਰਾ ਹੈ, ਪਰ ਦੁੱਖ ਇਸ ਗੱਲ ਦਾ ਹੈ ਕਿ ਪੰਜਾਬੀ ਪੱਤਰਕਾਰੀ ਦੇ ਇਤਿਹਾਸਕਾਰਾਂ ਅਤੇ ਖੋਜੀਆਂ ਵੱਲੋਂ ਸਿੰਘ ਸਭਾ ਲਹਿਰ ਦੀ ਪੰਜਾਬੀ ਪੱਤਰਕਾਰੀ ਨੂੰ ਦੇਣ ਦਾ ਜ਼ਿਕਰ ਕਰਨਾ ਵੀ ਮੁਨਾਸਬ ਨਹੀਂ ਸਮਝਿਆ ਜਾਂਦਾ। ਪੰਜਾਬੀ ਪੱਤਰਕਾਰੀ ਦੀ ਇਤਿਹਾਸਕਾਰੀ ਵਿੱਚ ਸਿੰਘ ਸਭਾ ਲਹਿਰ ਨਾਲ ਅਜਿਹਾ ਵਿਤਕਰਾ ਬੌਧਿਕ ਦੀਵਾਲੀਆਪਣ ਅਤੇ ਸਾਹਿਤਕ ਕੰਗਾਲੀ ਦਾ ਪ੍ਰਗਟਾਵਾ ਕਰਦਾ ਹੈ।
          ਗਿਆਨੀ ਦਿੱਤ ਸਿੰਘ ਨੇ 'ਸਿੰਘ ਸਭਾ ਲਹਿਰ' ਰਾਹੀਂ ਪਖੰਡ ਖਤਮ ਕਰਨ ਲਈ ਦ੍ਰਿੜ੍ਹਤਾ ਨਾਲ ਲੰਮਾ ਸੰਘਰਸ਼ ਕੀਤਾ। ਆਪ ਜੀ ਦੇ ਮਹਾਨ ਗੁਣਾਂ ਵਿੱਚ ਇਹ ਅਹਿਮ ਪਹਿਲੂ ਸ਼ਾਮਲ ਹਨ ਕਿ ਇਕਵੰਜਾ ਸਾਲ ਦੀ ਉਮਰ 'ਚ 70 ਤੋਂ ਵੱਧ ਕਿਤਾਬਾਂ ਅਤੇ ਟਰੈਕਟਰ ਲਿਖੇ। ਆਪ ਖ਼ਾਲਸਾ ਕਾਲਜ ਅੰਮ੍ਰਿਤਸਰ ਸਾਹਿਬ ਦੇ ਮੋਢੀ ਮੈਂਬਰ ਬਣੇ। ਇਨ੍ਹਾਂ ਪੱਖਾਂ ਤੋਂ ਇਲਾਵਾ ਹੋਰਨਾਂ ਮਹੱਤਵਪੂਰਨ ਵਿਸ਼ੇਸ਼ਤਾਵਾਂ; ਜਾਤ -ਪਾਤ ਅਤੇ ਊਚ- ਨੀਚ ਦੇ ਸਿੱਖ ਸਮਾਜ 'ਚ ਵੀ ਵਿਤਕਰੇ ਖ਼ਿਲਾਫ਼ ਜ਼ੋਰਦਾਰ ਆਵਾਜ਼ ਉੱਠਾਉਣ ਸਮੇਤ ਅਨੇਕਾਂ ਖੇਤਰਾਂ ਵਿੱਚ ਗਿਆਨੀ ਦਿੱਤ ਸਿੰਘ ਜੀ ਦੀ ਇਤਿਹਾਸਕ ਭੂਮਿਕਾ ਰਹੀ। 6 ਸਤੰਬਰ 1901 ਈ. ਨੂੰ ਧਰਮ-ਸੁਧਾਰ ਲਈ ਜੂਝਦਿਆਂ ਗਿਆਨੀ ਦਿੱਤ ਸਿੰਘ ਬੀਮਾਰੀ ਕਾਰਨ ਸਰੀਰਕ ਤੌਰ 'ਤੇ ਸਭ ਨੂੰ ਅਲਵਿਦਾ ਕਹਿ ਗਏ, ਪਰ ਵਿਚਾਰਧਾਰਕ ਪੱਖੋਂ ਉਹ ਹਮੇਸ਼ਾ ਹੀ ਜਿਉਂਦੇ ਹਨ।
        ਸਿੱਖੀ ਦੇ ਵਿਰੋਧੀਆਂ ਨਾਲ ਜ਼ਬਰਦਸਤ ਟੱਕਰ ਲੈਂਦਿਆਂ ਗਿਆਨੀ ਦਿੱਤ ਸਿੰਘ ਜੀ ਨੇ ਦਿਯਾ ਨੰਦ ਨੂੰ ਵੱਖ- ਵੱਖ ਸੰਵਾਦ ਦੌਰਾਨ ਹਾਰ ਦਿੱਤੀ ਅਤੇ ਉਸ ਦੇ ਪਾਖੰਡ ਨੂੰ ਜੱਗ ਜ਼ਾਹਰ ਕੀਤਾ। ਇੱਥੇ ਜ਼ਿਕਰਯੋਗ ਹੈ ਕਿ ਸਾਧੂ ਦਿਆਨੰਦ ਨੇ ਸਤਿਆਰਥ ਪ੍ਰਕਾਸ਼ ਵਿੱਚ ਅਪਮਾਨਿਤ ਸ਼ਬਦ ਲਿਖੇ ਸਨ;'ਨਾਨਕ ਸ਼ਾਹ ਫਕੀਰ ਨੇ ਨਿਯਾ ਚਲਾਇਆ ਪੰਥ। ਇਧਰ ਉਧਰ ਸੇ ਜੋੜ ਕਰ ਲਿਖ ਡਾਲਾ ਇੱਕ ਗ੍ਰੰਥ।'
      ਅੱਜ ਗਿਆਨੀ ਜੀ ਦਾ ਜਨਮ ਦਿਹਾੜਾ ਮਨਾਉਂਦੇ ਹੋਏ, ਉਨ੍ਹਾਂ ਦੁਆਰਾ ਦਿਆਨੰਦ ਦੇ ਗੁਰੂ ਸਾਹਿਬ ਖਿਲਾਫ ਕੀਤੇ ਭੰਡੀ ਪ੍ਰਚਾਰ ਨੂੰ ਰੱਦ ਕਰਨ ਲਈ ਉੱਦਮ ਨੂੰ ਜਾਰੀ ਰੱਖਦੇ ਹੋਏ, ਅਜਿਹੇ ਅਪਮਾਨਜਨਕ ਸ਼ਬਦ ਹਮੇਸ਼ਾ ਵਾਸਤੇ ਰੱਦ ਕੀਤੇ ਜਾਣ ਲਈ ਜ਼ੋਰਦਾਰ ਆਵਾਜ਼ ਉਠਾਉਣ ਦੀ ਲੋੜ ਹੈ। ਸਾਧੂ ਦਿਯਾ ਨੰਦ ਨੇ ਗੁਰੂ ਨਾਨਕ ਸਾਹਿਬ ਸਬੰਧੀ ਜੋ ਸ਼ਬਦ 'ਸਤਿਆਰਥ ਪ੍ਰਕਾਸ਼' ਵਿੱਚ ਲਿਖੇ ਹਨ, ਉਨ੍ਹਾਂ ਨੂੰ ਸਮੁੱਚੀ ਸਿੱਖ ਕੌਮ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕਰਨ ਲਈ ਇੱਕਮੁੱਠ ਹੋਵੇ ਅਤੇ ਅਪਮਾਨਜਨਕ ਟਿੱਪਣੀਆਂ ਨੂੰ ਆਰੀਆ ਸਮਾਜ ਦੀ ਅਖੌਤੀ ਲਿਖਤ ਵਿੱਚੋਂ ਰੱਦ ਕੀਤਾ ਕੀਤਾ ਜਾਏ। ਇਸ ਉੱਦਮ ਲਈ ਆਨਲਾਈਨ ਪਟੀਸ਼ਨ ਵੀ ਸ਼ੁਰੂ ਕੀਤੀ ਜਾਏ ਅਤੇ ਲਿਖਤੀ ਰੂਪ ਦੇ ਵਿੱਚ ਸਿੱਖਾਂ ਦੀਆਂ ਕੇਂਦਰੀ ਸੰਸਥਾਵਾਂ ਤੋਂ ਵੀ ਜ਼ੋਰਦਾਰ ਕਦਮ ਉਠਾਉਣ ਦੀ ਮੰਗ ਕੀਤੀ ਜਾਵੇ, ਜੋ ਕਿ ਮਨੂੰਵਾਦੀ ਅਤੇ ਸਨਾਤਨੀ ਪ੍ਰਭਾਵ ਹੇਠ ਸਿੱਖ ਵਿਰੋਧੀ ਤਾਕਤਾਂ ਪ੍ਰਤੀ ਕਦਮ ਉਠਾਉਣ ਤੋਂ ਕੰਨੀ ਕਤਰਾਉਂਦੀਆਂ ਆ ਰਹੀਆਂ ਹਨ।
       ਗਿਆਨੀ ਦਿੱਤ ਸਿੰਘ ਦੁਆਰਾ ਆਰੰਭੀ ਸਿੰਘ ਸਭਾ ਲਹਿਰ ਜਾਰੀ ਰੱਖਣ ਅਤੇ ਸਿੱਖ ਵਿਰੋਧੀ ਤਾਕਤਾਂ ਖਿਲਾਫ਼ ਡਟਣ ਲਈ ਅਜਿਹੇ ਉੱਦਮ ਦੀ ਸਖ਼ਤ ਜ਼ਰੂਰਤ ਹੈ। ਇਸ ਗੱਲ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਸਵਾਮੀ ਦਯਾਨੰਦ ਦੇ ਨਾਮ 'ਤੇ ਪੰਜਾਬ ਸਮੇਤ ਉੱਤਰੀ ਭਾਰਤ ਵਿਚ ਥਾਂ-ਥਾਂ ਸਕੂਲ, ਕਾਲਜ ਹਨ ਪਰ ਅੱਜ ਇਹ ਸਿੱਖ ਕੌਮ ਲਈ ਬਹੁਤ ਵੱਡੀ ਬੌਧਿਕ ਚੁਣੌਤੀ ਹੈ ਕਿ ਪੰਥ ਰਤਨ ਗਿਆਨੀ ਦਿੱਤ ਸਿੰਘ ਜੀ ਦੇ ਨਾਂ ਤੇ ਸਕੂਲ, ਕਾਲਜ ਤਾਂ ਕੀ ਹੋਣੇ ਹਨ, ਬਲਕਿ ਬਹੁਤੇ ਸਿੱਖ ਤਾਂ ਉਹਨਾਂ ਬਾਰੇ ਜਾਣਦੇ ਵੀ ਨਹੀਂ ਹਨ। ਦੁੱਖ ਦੀ ਗੱਲ ਇਹ ਹੈ ਕਿ ਜਿਹੜੇ ਸਿੱਖੀ ਦੇ ਅਸਲੀ ਅਨਮੋਲ ਰਤਨ ਸਨ, ਉਨ੍ਹਾਂ ਨੂੰ ਸਿੱਖਾਂ ਨੇ ਹੀ ਭੁਲਾ ਦਿਤਾ। ਸਿੰਘ ਸਭਾ ਲਹਿਰ ਚਲਾ ਕੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਪਰਵਾਹ ਨਾ ਕਰਦਿਆਂ ਸਿੱਖੀ ਦਾ ਬੇੜਾ ਬਚਾਇਆ ਸੀ, ਉਨ੍ਹਾਂ ਅਣਮੁੱਲੇ ਰਤਨਾਂ ਦੀ ਕੌਮ ਨੇ ਕੋਈ ਕਦਰ ਨਾ ਕੀਤੀ। ਪੰਥ ਰਤਨ ਗਿਆਨੀ ਦਿੱਤ ਸਿੰਘ ਸਮੇਤ ਇਹ ਸਾਰੇ ਉਹ ਯੋਧੇ ਹੋਏ ਨੇ ਜਿਨ੍ਹਾਂ ਨੇ ਸਿੱਖੀ ਨੂੰ ਮਨੂਵਾਦ ਅਤੇ ਬਿਪਰਵਾਦ ਦੇ ਦਲਦਲ ਵਿੱਚ ਧਸਣ ਤੋਂ ਬਚਾਇਆ ਸੀ, ਅੱਜ ਅਸੀਂ ਇਹਨਾਂ ਅਣਮੁਲੇ ਹੀਰਿਆਂ ਨੂੰ ਵਿਸਾਰ ਦਿਤਾ ਹੈ।
        ਡੇਢ ਸੌ ਸਾਲ ਪਹਿਲਾਂ ਪੈਦਾ ਹੋਈ ਸਿੰਘ ਸਭਾ ਲਹਿਰ ਰਾਹੀਂ ਗਿਆਨੀ ਦਿੱਤ ਸਿੰਘ ਨੇ ਆਪਣੇ ਸਮਿਆਂ ਵਿਚ ਈਸਾਈ ਮਿਸ਼ਨਰੀਆਂ ਅਤੇ ਆਰੀਆ ਸਮਾਜੀਆਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦਿਆਂ, ਸਿੱਖਾਂ ਨੂੰ ਆਪਣੇ ਇਤਿਹਾਸ, ਵਿਰਸੇ ਅਤੇ ਗੁਰਬਾਣੀ ਨਾਲ ਜੁੜਨ ਲਈ ਉਤਸ਼ਾਹਤ ਕੀਤਾ। ਆਉ! ਉਹਨਾਂ ਦੇ ਜਨਮ ਦਿਹਾੜੇ 'ਤੇ ਸਿੰਘ ਸਭਾ ਲਹਿਰ ਦੀ ਪੁਨਰ-ਸੁਰਜੀਤੀ ਲਈ ਲਾਮਬੰਦ ਹੋਈਏ ਅਤੇ ਸਿੱਖੀ ਪ੍ਰਚਾਰ ਪ੍ਰਸਾਰ ਪੰਜਾਬੀ ਬੋਲੀ ਦੀ ਤਰੱਕੀ ਲਈ ਵਚਨਬੱਧ ਹੋਈਏ। ਗਿਆਨੀ ਦਿੱਤ ਜੀ ਦੇ ਜਨਮ ਦਿਨ ਦੀਆਂ ਗਿਆਨੀ ਦਿੱਤ ਸਿੰਘ ਸਾਹਿਤ ਸਭਾ ਕੈਨੇਡਾ ਵੱਲੋਂ ਬਹੁਤ ਮੁਬਾਰਕਾਂ। ਇਸ ਤੋਂ ਇਲਾਵਾ ਮਨੂਵਾਦੀ ਵਿਰੋਧੀ ਫਰੰਟ ਕੈਨੇਡਾ ਵੱਲੋਂ ਗਿਆਨੀ ਜੀ ਦੇ ਉੱਚ ਜਾਤੀਆਂ ਦੀ ਨਫਰਤ ਵਿਰੋਧੀ ਸੰਘਰਸ਼ ਨੂੰ ਵਾਰ- ਵਾਰ ਪ੍ਰਣਾਮ!

 

 ਡਾ. ਗੁਰਵਿੰਦਰ ਸਿੰਘ,

ਗਿਆਨੀ ਦਿੱਤ ਸਿੰਘ ਸਾਹਿਤ ਸਭਾ, ਕੈਨੇਡਾ