ਅਮਰੀਕਾ ਦੇ ਮੇਨ ਰਾਜ ਵਿਚ ਆਪਣੇ ਮਾਤਾ-ਪਿਤਾ ਸਮੇਤ 4 ਹੱਤਿਆਵਾਂ ਕਰਨ ਵਾਲਾ ਸ਼ੱਕੀ ਦੋਸ਼ੀ ਕੁਝ ਦਿਨ ਪਹਿਲਾਂ ਹੀ ਆਇਆ ਸੀ ਜੇਲ ਕਟਕੇ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ, ਕੈਲਫੋਰਨੀਆ (ਹੁਸਨ ਲੜੋਆ ਬੰਗਾ) ਅਮਰੀਕਾ ਦੇ ਮੇਨ ਰਾਜ ਦੇ ਛੋਟੇ ਜਿਹੇ ਕਸਬੇ ਬੋਅਡੋਇਨ ਦੇ ਪੋਰਟਲੈਂਡ ਖੇਤਰ ਵਿਚ ਬੀਤੇ ਦਿਨ ਆਪਣੇ ਮਾਪਿਆਂ ਸਮੇਤ 4 ਹੱਤਿਆਵਾਂ ਕਰਨ ਉਪਰੰਤ ਇੰਟਰਸਟੇਟ ਮਾਰਗ ਉਪਰ ਜਾ ਰਹੇ ਵਾਹਣਾਂ 'ਤੇ ਗੋਲੀਬਾਰੀ ਕਰਕੇ 3 ਜਣਿਆਂ ਨੂੰ ਜ਼ਖਮੀ ਕਰਨ ਦੇ ਮਾਮਲੇ ਵਿਚ ਪੁਲਿਸ ਵੱਲੋਂ ਸ਼ੱਕੀ ਦੋਸ਼ੀ ਜੋਸਫ ਈਟੋਨ (34) ਨੂੰ ਗ੍ਰਿਫਤਾਰ ਕਰਨ ਦੀ ਖਬਰ ਹੈ। ਪੁਲਿਸ ਦਾ ਕਹਿਣਾ ਹੈ ਕਿ ਬੋਅਡੋਇਨ ਦੇ ਇਕ ਘਰ ਵਿਚੋਂ 4 ਲਾਸ਼ਾਂ ਬਰਾਮਦ ਕਰਨ ਦੇ ਕੁਝ ਘੰਟਿਆਂ ਬਾਅਦ ਹੀ ਸ਼ੱਕੀ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਅਨੁਸਾਰ ਈਟੋਨ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਉਸ ਵਿਰੁੱਧ ਅਰੰਭ ਵਿੱਚ 4 ਹੱਤਿਆਵਾਂ ਦੇ ਦੋਸ਼ ਆਇਦ ਕੀਤੇ ਗਏ ਹਨ। ਬਾਅਦ ਵਿਚ ਹੋਰ ਦੋਸ਼ ਵੀ ਆਇਦ ਕੀਤੇ ਜਾ ਸਕਦੇ ਹਨ। ਮੇਨ ਸਟੇਟ ਪੁਲਿਸ ਕਰਨਲ ਬਿਲ ਰੋਸ ਨੇ ਕਿਹਾ ਹੈ ਕਿ ਉਹ ਜਾਂਚ ਕਰ ਹਨ ਕਿ ਇਹ ਕਾਂਡ ਕਿਉਂ ਵਾਪਰਿਆ। ਪੁਲਿਸ ਨੇ ਮ੍ਰਿਤਕਾਂ ਦੀ ਪਛਾਣ ਸ਼ੱਕੀ ਦੋਸ਼ੀ ਦੇ ਮਾਤਾ-ਪਿਤਾ ਸਿਨਥਿਆ ਤੇ ਡੇਵਿਡ ਈਟੋਨ ਅਤੇ ਉਨਾਂ ਦੇ ਮਿਤਰ ਜੋੜੇ ਰੌਬਰਟ ਤੇ ਪਟੀ ਈਗਰ ਵਜੋਂ ਕੀਤੀ ਹੈ। ਇੰਟਰਸਟੇਟ ਮਾਰਗ ਉਪਰ ਗੋਲੀਆਂ ਲੱਗਣ ਕਾਰਨ ਜ਼ਖਮੀ ਹੋਏ ਇਕ ਪਰਿਵਾਰ ਦੇ 3 ਮੈਂਬਰਾਂ ਵਿਚ ਸੀਨ ਹੇਲਸੇਅ (51), ਜਸਟਿਨ (29) ਤੇ ਪੇਜ (25) ਸ਼ਾਮਿਲ ਹਨ। ਈਟੋਨ 14 ਅਪ੍ਰੈਲ ਨੂੰ ਹੀ ਹਮਲਾ ਕਰਨ ਦੇ ਇਕ ਮਾਮਲੇ ਵਿਚ ਤਕਰੀਬਨ 2 ਸਾਲ ਦੀ ਕੈਦ ਕਟਕੇ ਜੇਲ ਵਿਚੋਂ ਬਾਹਰ ਆਇਆ ਸੀ ਤੇ ਮੇਨ ਸਟੇਟ ਦੇ ਕਾਨੂੰਨ ਅਨੁਸਾਰ ਉਸ ਉਪਰ ਹਥਿਆਰ ਰੱਖਣ ਦੀ ਪਾਬੰਦੀ ਲਾਗੂ ਸੀ।
Comments (0)