ਵਾਤਾਵਰਨ ਵਿਚ ਵਿਗਾੜ ਮਨੁੱਖਤਾ ਲਈ ਖ਼ਤਰਾ

ਵਾਤਾਵਰਨ ਵਿਚ ਵਿਗਾੜ ਮਨੁੱਖਤਾ ਲਈ ਖ਼ਤਰਾ

ਸਮੁੱਚੇ ਖਣਿਜਾਂ ਦੀ ਪੁਟਾਈ 60 ਲੱਖ ਟਨ ਪ੍ਰਤੀ ਸਾਲ ਵਧ ਜਾਵੇਗੀ

ਪ੍ਰਿਥਵੀ ਦੇ ਬੁਨਿਆਦੀ ਵਸੀਲੇ ਜਿਨ੍ਹਾਂ ਸਹਾਰੇ ਅਸੀਂ ਦੂਰ ਅੰਬਰਾਂ ਤੱਕ ਗਏ, ਉਹ ਵਸੀਲੇ ਜਿਨ੍ਹਾਂ ਦੀ ਦੁਨੀਆ ਉੱਪਰੋਂ ਭੁੱਖ ਵਰਗੀ ਬਿਮਾਰੀ ਕੱਢਣ ਦੀ ਜ਼ਾਮਨੀ ਹੈ, ਅਰਥਾਤ ਭੌਂ, ਜੰਗਲ, ਜਲ-ਸੋਮੇ ਅਤੇ ਖਣਿਜ ਪਦਾਰਥ ਜਿਹੜੇ ਸਾਡੀ ਸਾਰੀ ਸਮਾਜਿਕਤਾ, ਆਰਥਿਕਤਾ ਅਤੇ ਰਾਜਨੀਤਕਤਾ ਦੇ ਆਧਾਰ ਹਨ, ਮਰ-ਮੁੱਕ ਰਹੇ ਹਨ। ਸਾਡੀ ਪ੍ਰਿਥਵੀ ਕੋਲ ਕੁਝ ਤਾਂ ਅਜਿਹੇ ਸੋਮੇ ਹਨ ਜਿਹੜੇ ਮੁੜ ਗੇੜੇ ਵਿਚ ਆ ਕੇ ਵਾਰ-ਵਾਰ ਸਾਡੇ ਭੰਡਾਰੇ ਭਰਦੇ ਰਹਿੰਦੇ ਹਨ ਜਿਵੇਂ ਪਾਣੀ, ਹਵਾ, ਰੌਸ਼ਨੀ ਅਤੇ ਲਹਿਰਾਂ ਆਦਿ। ਪਰ ਇਨ੍ਹਾਂ ਸਾਧਨਾਂ ਨੂੰ ਵੀ ਅਜੇ ਅਸੀਂ ਵਿਕਸਿਤ ਨਹੀਂ ਕੀਤਾ ਜਾਂ ਅਜੇ ਸਾਨੂੰ ਲੋੜ ਹੀ ਨਹੀਂ ਪਈ। ਹਾਂ, ਜਲ-ਸਰੋਤਾਂ ਨੂੰ ਜ਼ਰੂਰ ਅਸੀਂ ਕਾਫੀ ਹੱਦ 'ਉੱਨਤ' ਪਰ ਹੂੰਝ-ਖਰਚ ਕਰ ਲਿਆ ਹੈ। ਦੂਜੇ ਉਹ ਰਵਾਇਤੀ ਸਾਧਨ ਹਨ, ਜਿਨ੍ਹਾਂ ਦੇ ਜਖੀਰੇ ਘਟ ਰਹੇ ਹਨ। ਜੇ ਕੁਦਰਤੀ/ਧਰਤੀ ਦੀਆਂ ਬਰਕਤਾਂ ਵੱਲ ਨਜ਼ਰ ਮਾਰੀਏ ਤਾਂ ਭੰਡਾਰੇ ਬੜੇ ਵੱਡੇ ਲਗਦੇ ਹਨ ਪਰ ਜਿਸ ਬੇਕਿਰਕੀ ਨਾਲ ਇਨ੍ਹਾਂ ਦੀ ਵਰਤੋਂ ਹੋ ਰਹੀ ਹੈ, ਅੰਤ ਬੜਾ ਦੁਖਦਾਈ ਹੋਵੇਗਾ।

ਇਕ ਅੰਦਾਜ਼ੇ ਅਨੁਸਾਰ ਖੇਤੀਬਾੜੀ ਲਈ ਪਾ੍ਪਤ ਭੂਮੀ ਦਾ ਕਰੀਬ 70 ਫ਼ੀਸਦੀ, ਦਰਿਆਵਾਂ ਦਾ ਲਗਭਗ 60 ਫ਼ੀਸਦੀ ਅਤੇ ਜੰਗਲਾਂ ਦਾ ਤਕਰੀਬਨ 50 ਫ਼ੀਸਦੀ ਅਸੀਂ ਹੁਣ ਵਰਤ-ਹੂੰਝ ਰਹੇ ਹਾਂ। ਮੱਛੀਆਂ ਦੇ ਮੂਲ ਜ਼ਖੀਰਿਆਂ ਦਾ ਵੀ ਅਸੀਂ 40 ਫ਼ੀਸਦੀ ਵਿਕਾਸ ਕਰ ਲਿਆ ਹੈ। ਇਹ ਮੁੜ-ਨਵਿਆਉਣ ਯੋਗ ਸਾਧਨ ਹਨ, ਜਿਨ੍ਹਾਂ ਦੀ ਵਰਤੋਂ ਵਿਚ ਅਸੀਂ ਸਿਖਰਾਂ ਛੂਹ ਰਹੇ ਹਾਂ। ਇਸ ਤੋਂ ਅੱਗੇ ਨੀਵਾਣ ਹੈ, ਡੂੰਘੀ ਖਾਈ, ਗਰਕ ਜਾਵਾਂਗੇ। ਸੋਵੀਅਤ ਖੋਜੀ ਮਿ.ਕੋਵਕਾ ਅਨੁਸਾਰ ਵਰਤਮਾਨ ਦੁਨੀਆ 150 ਕਰੋੜ ਹੈਕਟਰ (11 ਫ਼ੀਸਦੀ) ਜ਼ਮੀਨ ਵਿਚ ਖੇਤੀ ਕਰ ਰਹੀ ਹੈ। ਜੇ ਇਸ ਵਿਚ ਚਰਾਂਦਾਂ ਵੀ ਸ਼ਾਮਿਲ ਕਰ ਲਈਆਂ ਜਾਣ ਤਾਂ ਇਹ 23 ਤੋਂ 30 ਫ਼ੀਸਦੀ ਬਣ ਜਾਂਦਾ ਹੈ। ਹੁਣ ਜੰਗਲਾਂ ਨੂੰ ਵੀ ਖੇਤੀ ਦਾ ਅੰਗ ਹੀ ਮੰਨਿਆ ਗਿਆ ਹੈ। ਭੌਂ-ਉਪਯੋਗ ਵਿਚ ਇਸ ਦੀ ਵਿਸ਼ੇਸ਼ ਮਹੱਤਤਾ ਹੈ, ਜੇ ਇਹ ਹਿੱਸਾ ਵੀ ਸ਼ਾਮਿਲ ਕਰ ਲਿਆ ਜਾਵੇ ਤਾਂ ਅੰਕੜੇ 50-55 ਫ਼ੀਸਦੀ ਬਣ ਜਾਣਗੇ। ਸਾਡੀ ਭੂਮੀ ਦਾ ਕਰੀਬ 50 ਫ਼ੀਸਦੀ ਖਿੱਤਾ ਅਣਉਪਜਾਊ ਹੈ। ਇਹ ਭੂਮੀ ਤੀਖਣ ਜਲਵਾਯੂ ਵਿਚ ਯਖ ਠੰਢੀ, ਅਤੀ ਖੁਸ਼ਕ ਜਾਂ ਗਰਮ ਹੈ। ਮਨੁੱਖ ਇਸ ਗ੍ਰਹਿ ਦੀ ਖੁਸ਼ਕ ਪਰਤ ਨੂੰ ਪੂਰੀ ਤਰ੍ਹਾਂ ਵਰਤ ਰਿਹਾ ਹੈ, ਇਸ ਵਿਚ ਹੁਣ ਹੋਰ ਬਹੁਤੀ ਗੁੰਜਾਇਸ਼ ਨਹੀਂ।

ਇਸੇ ਤਰ੍ਹਾਂ ਖਣਿਜ ਪਦਾਰਥਾਂ ਦੀ ਵੀ ਖਪਤ ਵਧੀ ਹੈ। ਮਾਹਰਾਂ ਅਨੁਸਾਰ ਇਸ ਸਦੀ ਦੇ ਅੰਤ ਤੱਕ ਸਮੁੱਚੇ ਖਣਿਜਾਂ ਦੀ ਪੁਟਾਈ 60 ਲੱਖ ਟਨ ਪ੍ਰਤੀ ਸਾਲ ਵਧ ਜਾਵੇਗੀ। ਇਸ ਸਮੇਂ ਇਹ ਦਰ ਕਰੀਬ 20 ਲੱਖ ਟਨ ਹੈ। ਇਹ ਅਬਦਲ ਸਾਧਨ ਹੋਰ ਕਿੰਨਾ ਕੁ ਚਿਰ ਸਾਡਾ ਸਾਥ ਦੇ ਸਕਦੇ ਹਨ? ਸਾਰੇ ਸੰਭਾਵੀ ਸਾਧਨਾਂ ਦੀ ਪ੍ਰਾਪਤੀ ਅਤੇ ਵਰਤੋਂ ਦੇ ਕੱਢੇ ਗਏ ਅੰਕੜਿਆਂ ਅਨੁਸਾਰ ਐਲੂਮੀਨੀਅਮ 570 ਸਾਲ, ਕੱਚਾ ਲੋਹਾ 250 ਵਰ੍ਹੇ, ਕਲਈ 35, ਤਾਂਬਾ 29, ਜਿਸਤ 23 ਅਤੇ ਸਿੱਕਾ 19 ਸਾਲ ਤੀਕ ਹੀ ਮਿਲਣ ਯੋਗ ਹੈ। ਕੁਝ ਵਿਗਿਆਨੀਆਂ ਅਨੁਸਾਰ ਸੰਨ 2500 ਤੱਕ ਸਾਰੀਆਂ ਧਾਤਾਂ ਦੇ ਖੋਜੇ ਗਏ ਜ਼ਖੀਰੇ ਖ਼ਤਮ ਹੋ ਜਾਣਗੇ। ਜਦੋਂ ਕਿ ਸਿੱਕਾ, ਜਿਸਤ, ਕਲੀ, ਚਾਂਦੀ, ਸੋਨਾ ਤੇ ਪਲਾਟੀਨਮ ਦੀਆ ਖਾਨਾਂ ਏਸੇ ਸਦੀ ਵਿਚ ਮੁੱਕ ਜਾਣਗੀਆਂ। ਨਿਕਲ ਅਤੇ ਤਾਂਬਾ 21 ਵੀਂ ਸਦੀ ਦੇ ਤੀਜੇ ਦਹਾਕੇ ਤੀਕ ਅਤੇ ਮੈਗਨੀਜ਼ ਅਤੇ ਐਲੂਮੀਨੀਅਮ 22ਵੀਂ ਸਦੀ ਤੀਕ। ਕਹਿਣ ਨੂੰ ਸਾਡੇ ਕੋਲ ਰਸਾਇਣ ਬਾਲਣਾਂ ਦੇ ਬੜੇ ਵੱਡੇ ਭੰਡਾਰ ਹਨ, ਪ੍ਰੰਤੂ ਮੌਜੂਦਾ ਖਪਤ ਅਨੁਸਾਰ ਸਾਡੇ ਕੋਲ ਸਿਰਫ 150 ਵਰ੍ਹਿਆਂ ਲਈ ਹੀ ਰਸਾਇਣਕ ਬਾਲਣ ਹੈ। ਬੀਤੀ ਸਦੀ ਦੇ ਅੱਧ ਮਗਰੋਂ, ਊਰਜਾ ਖਪਤ ਵਿਚ ਇਕ ਹੋਰ ਤਬਦੀਲੀ ਵੀ ਆਈ ਹੈ। ਅਸੀਂ ਬਾਲਣ, ਕੋਲੇ ਤੋਂ ਹਟ ਕੇ ਤੇਲ ਅਤੇ ਗੈਸ ਵੱਲ ਜ਼ਿਆਦਾ ਹੋ ਗਏ ਹਾਂ। ਸਿੱਟਾ; ਇਨ੍ਹਾਂ ਦੀ ਖਪਤ ਵਿਚ ਹਜ਼ਾਰਾਂ ਫ਼ੀਸਦੀ ਵਾਧਾ ਹੋ ਗਿਆ ਹੈ। ਇਸ ਸਮੇਂ ਬਾਲਣ ਊਰਜਾ ਲੋੜਾਂ ਵਿਚ ਤੇਲ 54 ਫ਼ੀਸਦੀ, ਕੋਲਾ 30 ਫ਼ੀਸਦੀ ਅਤੇ ਕੁਦਰਤੀ ਗੈਸ 20 ਫ਼ੀਸਦੀ ਹੈ। ਇਹ ਅੰਕੜੇ ਕੁੱਲ ਦੁਨੀਆ ਦੀ ਔਸਤ ਹਨ। ਜੇ ਮੰਨ ਲਈਏ ਕਿ ਊਰਜਾ ਦੀ ਪ੍ਰਤੀ ਜੀਅ ਖਪਤ ਵਰਤਮਾਨ ਪੱਧਰ 'ਤੇ ਹੀ ਰਹੇਗੀ, ਤਦ ਵੀ 'ਜੀਆਂ' ਦੀ ਗਿਣਤੀ ਵਿਚ ਵਾਧਾ ਕਈ ਗੁਣਾ ਵੱਧ ਊੁਰਜਾ ਦੀ ਮੰਗ ਕਰੇਗਾ। ਇਸ ਰੁਝਾਨ ਸਦਕਾ ਹੀ ਤੇਲਕਸ਼ੀ ਚਰਮ-ਸੀਮਾ 'ਤੇ ਪੁੰਹਚ ਗਈ ਹੈ। ਇੰਜ ਕੁਝ-ਇਕ ਸਦੀਆਂ ਮਗਰੋਂ ਸੰਸਾਰ ਭਰ ਦੇ ਤੇਲ ਅਤੇ ਗੈਸ ਦੇ ਸਾਧਨ ਪੂਰਨ ਰੂਪ 'ਚ ਸੱਖਣੇ ਹੋ ਜਾਣਗੇ। ਨਿਕਾਸੀ ਜਾਂ ਪੁੱਟ-ਪਟਾਈ ਨਾਲ ਜੰਗਲ-ਪਹਾੜ ਖ਼ਤਮ ਅਤੇ ਧਰਤੀ ਖੋਖਲੀ-ਪੋਲੀ ਵੀ ਹੋ ਰਹੀ ਹੈ, ਮੋੜਵੇਂ ਰੂਪ ਵਿਚ ਧਰਤੀ ਦਾ ਸੰਤੁਲਨ, ਜਲ-ਸੋਮੇ ਅਤੇ ਪਰਿਆਵਣ ਬੁਰੀ ਤਰ੍ਹਾਂ ਵਿਗੜ ਰਿਹਾ ਹੈ।

ਵਡੇਰੇ ਸੰਦਰਭ 'ਚ ਅਸੀਂ ਮੌਜੂਦਾ ਸਿਸਟਮ, ਧਨ-ਕੁਬੇਰਾਂ ਅਤੇ ਧੜਵੈਲ ਮੁਲਕਾਂ ਨੂੰ ਵੱਡੇ ਦੋਸ਼ੀ ਠਹਿਰਾ ਸਕਦੇ ਹਾਂ ਜਿਹੜੇ ਕੁਦਰਤੀ ਵਸੀਲਿਆਂ ਅਤੇ ਵਾਤਾਵਰਨ ਨੂੰ ਆਪਣੇ ਹਿਤਾਂ ਖ਼ਾਤਰ ਮਧੋਲ ਰਹੇ ਹਨ। ਪ੍ਰੰਤੂ ਮਨੁੱਖ ਦੀਆਂ ਅਚੇਤ-ਸੁਚੇਤ ਸਰਗਰਮੀਆਂ ਦੀ ਸਿਫ਼ਤੀ ਭੂਮਿਕਾ ਨੂੰ ਵੀ ਦਰ-ਕਿਨਾਰ ਨਹੀਂ ਕੀਤਾ ਜਾ ਸਕਦਾ ਜਿਹੜੀ ਕੁਦਰਤ/ਧਰਤੀ ਦੇ ਸਾਰੇ ਵਸੀਲੇ ਮੁਕਾਉਣ ਤੁਰ ਪਈ ਹੈ। ਭੌਤਿਕ ਵਿਗਿਆਨੀ ਆਈਨਸਟਾਇਨ ਨੇ ਵੀਹਵੀਂ ਸਦੀ ਦੇ ਦੂਜੇ ਦਹਾਕੇ 'ਚ ਹੀ ਚਿਤਾਵਨੀ ਦਿੱਤੀ ਸੀ, 'ਜੇਕਰ ਮਨੁੱਖ ਨੇ ਬਚਣਾ ਹੈ ਤਾਂ ਸਾਨੂੰ ਬੜੇ ਵੱਡੇ ਪੈਮਾਨੇ ਉੱਤੇ ਸੋਚਣ ਦੀ ਨਵੀਂ ਸ਼ੈਲੀ ਵਿਕਸਿਤ ਕਰਨੀ ਹੋਵੇਗੀ। ਜਿਹੜੀ ਸਾਨੂੰ ਕੁਦਰਤ ਨਾਲ ਨਵਾਂ ਨਾਤਾ ਤੇ ਸਾਵਾਂ ਵਤੀਰਾ ਅਪਣਾਉਣ ਲਈ ਕਹੇਗੀ।' ਸ਼ਾਇਦ ਇਸੇ ਗੱਲ ਨੂੰ ਹੀ ਅੱਗੇ ਤੋਰਦੇ ਹੋਏ ਓਸ਼ੋ ਰਜਨੀਸ਼ ਨੇ ਕਿਹਾ ਹੋਵੇਗਾ, 'ਇਸ ਸਮੇਂ ਸੰਸਾਰ ਵਿਚ ਪਰਿਆਵਣ ਉੱਤੇ ਜਿਹੜੀ ਬਹਿਸ ਹੋ ਰਹੀ ਹੈ ਉਹ ਇਕ ਗ਼ਲਤਫ਼ਹਿਮੀ ਉੱਪਰ ਆਧਾਰਿਤ ਹੈ। ਜਦੋਂ ਵੀ ਵਾਤਾਵਰਨੀ ਸੰਕਟ ਦੀ ਗੱਲ ਹੁੰਦੀ ਹੈ ਤਾਂ ਲੋਕ ਰੁੱਖਾਂ ਦੀ ਕਟਾਈ, ਜੰਗਲੀ ਜੀਵਾਂ ਦੀ ਨਸਲਕੁਸ਼ੀ ਅਤੇ ਵਧਦੇ ਪ੍ਰਦੂਸ਼ਣ ਅਦਿ ਦੀ ਹੀ ਗੱਲ ਕਰਦੇ ਹਨ। ਇਹ ਕੋਈ ਨਹੀਂ ਕਹਿੰਦਾ ਕਿ ਇਸ ਸਾਰੀ ਭੂਗੋਲਿਕ ਬਿਪਤਾ ਦਾ ਕੇਂਦਰ ਬਿੰਦੂ ਖ਼ੁਦ ਮਨੁੱਖ ਹੈ।'

ਉਧਰ ਵਾਹੀ ਯੋਗ ਭੂਮੀ ਘਟ ਰਹੀ ਹੈ। ਕੁੱਲ ਦੁਨੀਆ ਦੇ ਸੰਦਰਭ ਵਿਚ, ਆਓ ਪੰਜਾਬ ਦੀ ਉਦਾਹਰਨ ਦੇਈਏ: ਜਿਥੇ ਹਰ ਵਰ੍ਹੇ ਕਰੀਬ 10,000 ਏਕੜ ਰਕਬਾ ਕੰਕਰੀਟ-ਕਲਚਰ/ਉਸਾਰੀਆਂ ਹੇਠ ਆ ਰਿਹਾ ਹੈ। ਜੇ ਅਨਾਜ ਕੋਠੜੀ ਦਾ ਇਹ ਹਾਲ ਹੈ ਤਾਂ ਹੋਰਾਂ ਤੋਂ ਵੀ ਭਲੀ ਨਹੀਂ ਸੋਚੀ ਜਾ ਸਕਦੀ। ਇਕ ਖ਼ਤਰਨਾਕ ਪ੍ਰਵਿਰਤੀ ਹੋਰ, ਅਸੀਂ ਹਰ ਸਾਲ ਸੰਸਾਰ ਦੀ 70 ਲੱਖ ਹੈਕਟਰ ਭੂਮੀ ਹੜ੍ਹਾਂ ਤੇ ਖੋਰ ਕਾਰਨ ਗਵਾ ਰਹੇ ਹਾਂ। ਜ਼ਮੀਨ ਦੇ ਕੇਵਲ ਉਪਜਾਊ ਅੰਸ਼ ਹੀ ਨਹੀਂ ਰੁੜ੍ਹ ਰਹੇ ਸਗੋਂ ਹਰ ਸਾਲ ਢਾਹ ਲੱਗਣ ਕਰਕੇ ਲੱਖਾਂ ਹੈਕਟਰ ਉਪਜਾਊ ਭੂਮੀ ਉੱਕਾ-ਪੁੱਕਾ ਰੁੜ੍ਹ ਕੇ ਸਾਡੇ ਹੱਥੋਂ ਖਿਸਕ ਰਹੀ ਹੈ। ਮਿੱਟੀ ਦੀ ਇਕ ਪਰਤ ਤਿਆਰ ਹੋਣ ਨੂੰ ਇਕ ਹਜ਼ਾਰ ਵਰ੍ਹਾ ਲੱਗ ਜਾਂਦਾ ਹੈ ਅਤੇ ਕੁਦਰਤਰਨ ਜਰਖੇਜ਼ ਹੋਣ ਨੂੰ ਤਿੰਨ ਸਦੀਆਂ। ਜੰਗਲ ਮਿੱਟੀ ਨੂੰ ਸਾਂਭਣ ਅਤੇ ਘੜਨ ਵਾਲੇ ਕਾਰਖਾਨੇ ਹਨ। ਇਹ ਵਰਖਾ ਅਤੇ ਜਲ-ਸਰੋਤਾਂ ਦੇ ਵੀ ਬਾਨਣੂੰ ਹਨ। ਲੱਖਾਂ ਹੈਕਟਰ ਭੂਮੀ ਹਰ ਸਾਲ ਜੰਗਲਾਂ ਕੋਲੋਂ ਖੋਹੀ ਜਾ ਰਹੀ ਹੈ। ਸਿੱਟੇ ਵਜੋਂ, ਮਾਰੂਥਲੀਕਰਨ ਵਿਰਾਟ ਰੂਪ ਧਾਰਨ ਅਤੇ ਰੁੱਤ ਵਿਗਾੜ ਭੈੜੇ ਸਿੱਟੇ ਦੇਣ ਲੱਗ ਪਿਆ ਹੈ। ਇਹ ਸਾਰਾ ਕੁਝ ਉਸ ਸਮੇਂ ਵਾਪਰ ਰਿਹਾ ਹੈ ਜਦੋਂ ਸੰਸਾਰ 50 ਕਰੋੜ ਲੋਕਾਂ ਨੂੰ ਢਿੱਡ ਭਰਵਾਂ ਭੋਜਨ ਵੀ ਨਹੀਂ ਦੇ ਰਿਹਾ। ਦਹਿ-ਹਜ਼ਾਰਾਂ ਬੱਚੇ ਪੌਸ਼ਟਿਕ ਅਹਾਰ ਅਤੇ ਮਿਆਰੀ ਰੱਖ-ਰਖਾਅ ਤੋਂ ਵਾਂਝੇ ਰਹਿਣ ਕਾਰਨ ਮੌਤ ਦਾ ਸ਼ਿਕਾਰ ਹੋ ਰਹੇ ਹਨ। ਦੁਨੀਆ ਦੀ ਸ਼ਹਿਰੀ ਵਸੋਂ ਦਾ ਅੱਧ, ਵਾਤਾਵਰਨ ਪੱਖੋਂ ਨਿਰੇ ਨਰਕ ਵਿਚ ਰਹਿ ਰਿਹਾ ਹੈ।

ਖੇਤੀ ਅਰਥ-ਸ਼ਾਸਤਰੀ ਐਮ.ਐਸ. ਸਵਾਮੀਨਾਥਨ ਅਨੁਸਾਰ, 'ਹਰ ਵੇਲੇ ਇਹ ਹੀ ਧਿਆਨ ਵਿਚ ਨਾ ਰੱਖੋ ਕਿ ਅਸੀਂ ਧਰਤੀ ਤੋਂ ਕੀ ਹਾਸਲ ਕਰ ਸਕਦੇ ਹਾਂ, ਸਗੋਂ ਇਹ ਵੀ ਕਿ ਅਸੀਂ ਉਸ ਨੂੰ ਮੋੜ ਕੀ ਰਹੇ ਹਾਂ। ਉਦੇਸ਼ ਸਿਰਫ ਕੁਦਰਤ ਦੀ ਅਜੋਕੀ ਸਥਿਤੀ ਅਤੇ ਰੱਖ-ਰਖਾਅ ਦਾ ਹੀ ਨਹੀਂ ਸਗੋਂ ਮੁੜ-ਭਰਪਾਈ, ਸੁਰਜੀਤੀਕਰਨ ਅਤੇ ਨਵਿਆਉਣ ਦਾ ਵੀ ਹੈ, ਜਿਸ ਨਾਲ ਧਰਤੀ ਦੀ ਖੂਬਸੂਰਤੀ ਦੀ ਸੁਰੱਖਿਆ ਕੀਤੀ ਜਾ ਸਕੇ। 21ਵੀਂ ਸਦੀ ਵਿਚ ਦੋ ਚੁਣੌਤੀਆਂ ਉੱਭਰਨਗੀਆਂ, ਖੁਰਾਕੀ-ਆਰਥਿਕਤਾ ਤੇ ਇਕਲੌਜੀ। ਇਕ ਪਾਸੇ ਲੋਕਾਂ ਕੋਲ ਖ਼ਰੀਦਣ ਦੀ ਸਮਰੱਥਾ ਨਹੀਂ ਹੋਵੇਗੀ, ਦੂਜੇ ਪਾਸੇ ਵਾਤਾਵਰਨੀ ਨਿਘਾਰ ਹੋ ਰਿਹਾ ਹੋਵੇਗਾ।' ਮੌਜੂਦਾ ਸਿਸਟਮ ਦੀ ਦੁਸ਼ਵਾਰੀ ਹੈ ਇਹ। ਧਨ ਕੁਬੇਰੀ ਸੱਭਿਅਤਾ, ਅਣਸਾਵੀਆਂ ਯੋਜਨਾਵਾਂ ਅਤੇ ਪਦਾਰਥੀ ਸਹੂਲਤਾਂ ਦੀ ਹਾਫਲੀ-ਦੌੜ ਵਿਚ ਕੁਦਰਤ/ਧਰਤੀ ਨੂੰ ਭੁੱਲ-ਭਲਾਅ ਜਾਣਾ ਫਿਰ ਵਧਦੀ ਵਸੋਂ ਕਾਰਨ, ਮੁੱਕਦੇ ਸਾਧਨਾਂ ਦੀ ਕਹਾਣੀ ਦਾ ਦੁਖਦਾਈ ਅੰਤ ਇਸੇ ਤਰ੍ਹਾਂ ਹੀ ਹੁੰਦਾ ਹੈ।

ਮੁੱਕਦੀ ਗੱਲ; ਮਨੁੱਖੀ ਹੋਂਦ ਦੀ ਗਾਰੰਟੀ, ਕੁਦਰਤੀ ਵਸੀਲਿਆਂ ਦੀ ਸੁਰੱਖਿਆ ਅਤੇ ਇਸ ਦੀ ਸੰਜਮੀ ਵਰਤੋਂ ਵਿਚ ਹੀ ਹੈ। ਸਾਨੂੰ ਬਦਲ ਵੀ ਲੱਭਣੇ ਪੈਣਗੇ ਅਤੇ ਮੁੜ-ਭਰਪਾਈ ਵੀ ਕਰਨੀ ਪਵੇਗੀ। ਤੁਸੀਂ ਕੁਦਰਤ/ਧਰਤੀ ਪਾਸੋਂ ਓਨਾ ਚਿਰ ਹੀ ਲੈ ਸਕਦੇ ਹੋ, ਜਦੋਂ ਤੱਕ ਤੁਸੀਂ ਉਸ ਨੂੰ ਮੋੜਦੇ ਰਹੋਂਗੇ ਬੇਸ਼ਰਤ ਕਿ ਉਹ ਸਾਵਾਂ ਅਤੇ ਨਰੋਆ ਵੀ ਹੋਵੇ। ਤਦੇ ਹੀ ਚੌਗਿਰਦੇ ਅਤੇ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਜਾ ਸਕਦੀ ਹੈ। ਹਾਂ, ਬਰਕਤਾਂ ਤਦ ਹੀ ਬਰਕਰਾਰ ਰਹਿਣਗੀਆਂ, ਜੇ ਕੁਦਰਤੀ ਸਾਧਨਾਂ ਉੱਪਰ ਸਭ ਦੀ ਮਾਲਕੀ ਮੰਨ ਲਈ ਜਾਵੇ ਅਤੇ ਹਰ ਕੌਮ ਨੂੰ ਆਪਣੇ ਅਰਥਚਾਰੇ ਦੀ ਵਿਉਂਤਬੰਦੀ ਭੂਗੋਲਿਕੀ ਅਤੇ ਵਾਤਾਵਰਨੀ ਪਿੱਠ-ਭੂਮੀ ਉੱਪਰ ਕਰਨ ਦਿੱਤੀ ਜਾਵੇ। ਇਸ ਵਿਚ ਵੀ ਸਮੁੱਚੇ ਸੰਸਾਰ ਦਾ ਭਲਾ ਲੁਕਿਆ ਹੋਇਆ ਹੈ। ਪਰ, ਇਸ ਖ਼ਾਤਰ ਸਾਨੂੰ ਮੌਜੂਦਾ ਸੰਸਾਰ-ਨਿਜ਼ਾਮ ਵੀ ਨਕਾਰਨਾ ਪਵੇਗਾ ਜਿਹੜਾ ਆਮ ਮਨੁੱਖ ਵਿਰੁੱਧ ਹੀ ਨਹੀਂ ਕੁਦਰਤ (ਧਰਤੀ) ਵਿਰੁੱਧ ਵੀ ਭੁਗਤਦਾ ਹੈ। ਧਰਤੀ (ਕੁਦਰਤ) ਪ੍ਰਤੀ ਨਾਂਹ-ਪੱਖੀ ਵਤੀਰਾ ਅੰਤ ਸਭ ਨੂੰ ਲੈ ਬੈਠੇਗਾ। ਇਹੀ, ਉਹ ਗੱਲ ਹੈ ਜਿਹੜੀ ਹਾਕਮ ਜਮਾਤਾਂ ਅਤੇ ਧਨ-ਕੁਬੇਰਾਂ ਦੇ ਚੇਤੇ ਵਿਚ ਨਹੀਂ ਹੈ।

 

 ਵਿਜੈ ਬੰਬੋਲੀ