ਸਿਰੜ, ਸਿਦਕ ਤੇ ਮਿਹਨਤ ਨਾਲ ਜਿੰਨੇ ਆਪ ਬਣਾਏ ਰਾਹ :ਡਾ. ਨਵਜੀਤ ਕੌਰ ਸਰਾਂ

ਸਿਰੜ, ਸਿਦਕ ਤੇ ਮਿਹਨਤ ਨਾਲ ਜਿੰਨੇ ਆਪ ਬਣਾਏ ਰਾਹ :ਡਾ. ਨਵਜੀਤ ਕੌਰ ਸਰਾਂ

ਤੁਹਾਡੇ ਆਦਰਸ਼ ਕੋਈ ਟਿਕ-ਟਾਕ ਜਾਂ ਫਿਲਮ ਸਟਾਰ ਨਹੀਂ

ਨਿਤ ਸਕੂਲ ਜਾਂਦੇ ਬੰਨਆਲੇ ਦੇ ਲਾਗੇ-ਤਾਗੇ ਆਪਣੀ ਗੱਡੀ 'ਚ ਪੰਜਾਬੀ ਪਹਿਰਾਵੇ 'ਚ ਦਿਸਦੀ ਇਕ ਖਾਸ ਹਸਤੀ, ਜਿਸ ਨੂੰ ਦੇਖ ਮੇਰੇ ਭਰਾ ਸ਼੍ਰੀਕਾਂਤ ਨੇ ਕਈ ਵਾਰ ਕਿਹਾ ਏ,"ਇਹ ਹੁੰਦੀ ਏ ਸ਼ਖਸੀਅਤ, ਕਹਾਣੀ ਤਾਂ ਇੰਨਾਂ ਦੀ ਲਿਖਣ ਆਲੀ ਏ, ਇੰਨਾਂ ਬਾਰੇ ਲਿਖ"। ਰਾਜਸਥਾਨ ਦੇ ਕਰਨਪੁਰ ਦੇ 4 ਡਬਲਿਉ ਚੱਕ 'ਚ ਲਾਹੌਰ ਲਾਗਿਓਂ ਆਏ ਮਝੈਲ ਜੱਟਾਂ ਦੀਆਂ ਢਾਣੀਆਂ ਦੇ ਸਰਦਾਰ ਸਰੂਪ ਸਿੰਘ ਢਿੱਲੋਂ ਦੇ ਪੁੱਤਰ ਬਲਦੇਵ ਸਿੰਘ ਤੇ ਨੂੰਹ ਅਮਰਜੀਤ ਕੌਰ ਦੇ ਘਰ ਇਕ ਪੁੱਤਰ ਤੋਂ ਬਾਅਦ 9 ਫਰਵਰੀ 1975 ਨੂੰ ਚੰਨ੍ਹ ਵਰਗੀ ਧੀ ਨੇ ਜਨਮ ਲਿਆ, ਨਾਮ ਰੱਖਿਆ, ਨਵਜੀਤ। ਨਵਜੀਤ ਦੀ ਨਾਨੀ ਜੰਗੀਰ ਕੌਰ ਨੂੰ ਆਪਣੀ ਦੋਹਤੀ ਦਾ ਬਹੁਤ ਜਿਆਦਾ ਮੋਹ ਸੀ, ਉਹਨਾਂ ਨਵਜੀਤ ਨੂੰ ਆਪਣੇ ਕੋਲ ਈ ਜੈਤੋ ਮੰਡੀ ਰੱਖਕੇ ਸਕੂਲ ਪੜ੍ਹਨੇ ਪਾ ਦਿੱਤਾ। ਨਾਨਕਿਆਂ ਦੇ ਪੜ੍ਹਦੇ ਜਵਾਕ ਲਾਡ-ਪਿਆਰ ਕਾਰਨ ਆਮ ਈ ਪੜ੍ਹਾਈ 'ਚ ਪਿੱਛੇ ਰਹਿ ਜਾਂਦੇ ਨੇ ਪਰ ਨਵਜੀਤ ਬਚਪਨ ਤੋਂ ਈ ਪੜ੍ਹਨ 'ਚ ਹੁਸ਼ਿਆਰ ਤੇ ਸਖਤ ਮਿਹਨਤੀ ਸੀ। ਨਵਜੀਤ ਦੇ ਸਾਰੇ ਹੀ ਨਾਨਕਿਆਂ ਨੇ ਜਿੱਥੇ ਪੂਰੇ ਮੋਹ ਨਾਲ ਨਵਜੀਤ ਦਾ ਹਰ ਸ਼ੌਂਕ ਪੂਰਾ ਕਰਦੇ ਹੋਏ, ਯੂਨੀਵਰਸਟੀ ਤੱਕ ਉਚ ਸਿਖਿਆ ਹਾਸਲ ਕਰਵਾਈ, ਉੱਥੇ ਹੀ ਨਵਜੀਤ ਨੂੰ ਆਪਣੇ ਅਮੀਰ ਪੰਜਾਬੀ ਵਿਰਸੇ ਤੇ ਅਸਲ ਸਭਿਆਚਾਰ ਦੀ ਅਨਮੋਲ ਤਾਲੀਮ ਵੀ ਦਿੱਤੀ ਪਰ ਉਸਦੇ ਸਿਰੜੀ ਹੋਣ ਪਿੱਛੇ ਜਿਸਦਾ ਖਾਸ ਪ੍ਰਭਾਵ ਸੀ ਉਹ ਸੀ, ਵੱਡੀ ਮਾਮੀ ਗੁਰਜੀਤ ਕੌਰ। ਉਹਨਾਂ ਨਵਜੀਤ ਨੂੰ ਆਪਣੀ ਕੁੱਖੋਂ ਤਾਂ ਜਨਮ ਭਾਵੇਂ ਨ੍ਹੀਂ ਦਿੱਤਾ ਸੀ ਪਰ ਅਸਲ 'ਚ ਜਿੰਨਾ ਉਹਨਾਂ ਨਵਜੀਤ ਦਾ ਕੀਤਾ, ਹੋ ਸਕਦਾ ਏ, ਅਸਲ ਮਾਂ ਵੀ ਨਾ ਕਰ ਸਕਦੀ।

ਨਵਜੀਤ ਲਗਾਤਾਰ ਪੜ੍ਹਾਈ ਦੀ ਪੌੜੀਆਂ ਚੜ੍ਹਦੀ ਗਈ। ਜੈਤੋਂ ਤੋਂ ਬੀਏ ਕਰਨ ਤੋਂ ਬਾਅਦ ਉਸਨੇ ਲੋਪੋਂ ਕਾਲਜ ਮੋਗਾ ਤੋਂ ਬੀਐਡ ਕੀਤੀ, ਇਸੇ ਦੌਰਾਨ ਪਿਤਾ ਦੀ ਮੌਤ ਕਾਰਨ ਉਸਨੂੰ ਡੂੰਘੀ ਸੱਟ ਪਹੁੰਚੀ ਪਰ ਹੌਂਸਲੇ ਦੀ ਪੱਕੀ ਤੇ ਸਿਰੜੀ ਨਵਜੀਤ ਨੇ ਇਸ ਦੁੱਖ ਨੂੰ ਆਪਣੇ ਉਪਰ ਹਾਵੀ ਨ੍ਹੀਂ ਹੋਣ ਦਿੱਤਾ। ਉਸਨੇ ਪੰਜਾਬ ਯੂਨੀਵਰਸਿਟੀ ਕੈਂਪਸ ਤੋਂ ਐਮਏ ਹਿੰਦੀ ਕਰਨ ਤੋਂ ਬਾਅਦ ਫਰੀਦਕੋਟ ਸਰਕਾਰੀ ਕਾਲਜ ਤੋਂ ਐਮਏਡ ਦੀ ਡਿਗਰੀ ਹਾਸਲ ਕੀਤੀ। ਇਸ ਦੌਰਾਨ ਯੂਥ ਫੇਸਟਿਵਲਾਂ 'ਚ ਕਈ ਆਫ-ਸਟੇਜ ਆਈਟਮਾਂ 'ਚ ਇਨਾਮ ਜਿੱਤਣ ਦੇ ਨਾਲ-ਨਾਲ ਗਿੱਧੇ ਵਿੱਚ ਵੀ ਉਸਦੀ ਝੰਡੀ ਰਹੀ। ਸੂਰਤ ਦੀ ਈ ਨਹੀਂ ਸੀਰਤ ਦੀ ਵੀ ਬੇਹੱਦ ਖੂਬਸੂਰਤ ਨਵਜੀਤ ਜਿਵੇਂ-ਜਿਵੇਂ ਪੜ੍ਹਦੀ ਗਈ ਉਵੇਂ-ਉਵੇਂ ਉਸਦੀ ਨੇਕ ਸੋਚ, ਹੋਰ ਪਵਿੱਤਰ ਹੁੰਦੀ ਗਈ, ਉਸਦਾ ਮੰਨਣਾ ਏ ਕਿ ਉਚ ਸਿੱਖਿਅਤ ਜਾਂ ਆਧੁਨਿਕ ਹੋਣ ਦਾ ਅਰਥ ਨੰਗੇਜ ਜਾਂ ਚਰਿੱਤਰਹੀਣਤਾ ਨੂੰ ਜਾਇਜ ਠਹਿਰਾਉਣਾ ਨ੍ਹੀਂ ਹੁੰਦਾ ਸਗੋਂ ਸਾਡੇ ਆਪਣੇ ਸੱਚੇ-ਸੁੱਚੇ ਚਰਿੱਤਰ ਰਾਹੀਂ ਪਵਿੱਤਰ ਸਭਿਆਚਾਰ ਨੂੰ ਸਾਂਭਣਾ ਹੁੰਦਾ ਹੈ। ਇਸ ਪੰਜਾਬੀ ਜੱਟਾਂ ਦੀ ਧੀ ਨੇ ਗੁਰੂ ਨਾਨਕ ਦੇਵ ਯੂਨੀਵਰਸਟੀ ਅਮ੍ਰਿਤਸਰ ਵਿਖੇ ਜਿਸ ਵਿਸ਼ੇ ਦੀ ਐਮਫਿਲ 'ਚ ਦਾਖਲਾ ਹਾਸਲ ਕੀਤਾ ਉਹ ਵਿਸ਼ਾ ਸੀ, ਹਿੰਦੀ, ਜੀ ਹਾਂ, ਹਿੰਦੀ, ਤੇ ਤੁਸੀਂ ਹੈਰਾਨ ਰਹਿ ਜਾਵੋਗੇ ਇਹ ਜਾਣਕੇ ਕਿ ਆਪਣੇ ਆਦਰਸ਼ ਤੇ ਬੇਹੱਦ ਅਨੁਭਵੀ ਰਾਸ਼ਟਰਪਤੀ ਅਵਾਰਡ ਤੋਂ ਸਨਮਾਨਿਤ ਗਾਈਡ ਅਧਿਆਪਕ ਸ਼੍ਰੀ ਹਰਮਹਿੰਦਰ ਸਿੰਘ ਬੇਦੀ ਦੀ ਖਾਸ ਤਾਲੀਮ ਹੇਠ ਨਵਜੀਤ ਨੇ ਪੂਰੀ ਯੂਨੀਵਰਸਿਟੀ 'ਚ ਟਾੱਪ ਕੀਤਾ। ਫੇਰ ਬੇਦੀ ਸਾਬ੍ਹ ਦੀ ਹੀ ਗਾਈਡੈਂਸ 'ਚ ਨਵਜੀਤ ਹਿੰਦੀ ਵਿਸ਼ੇ ਵਿੱਚ ਪੀ ਐਚ ਡੀ ਕਰਕੇ ਡਾ. ਨਵਜੀਤ ਬਣ ਗਈ ਪਰ ਨਵਜੀਤ ਨੇ ਯੂਨੀਵਰਸਟੀਆਂ 'ਚ ਸਿਰਫ ਡਿਗਰੀਆਂ ਦਾ ਥੱਬਾ ਈ ਇਕੱਠਾ ਨ੍ਹੀਂ ਕੀਤਾ ਸਗੋਂ ਉਸਦੀ ਵਿਦਿਅਕ ਯੋਗਤਾ ਉਸਦੀ ਨਿਮਰਤਾ ਤੇ ਉਸਦੀ ਸ਼ਖਸੀਅਤ ਤੋਂ ਸਾਫ ਝਲਕਦੀ ਏ, ਇੰਨਾ ਪੜ੍ਹਨ ਤੋਂ ਬਾਅਦ ਵੀ ਹੰਕਾਰ ਰਹਿਤ ਹੋਣਾ ਉਸਦੀ ਖਾਸਿਅਤ ਹੈ। 

ਆਪਣੀ ਖਾਸ ਸਹੇਲੀ ਬੋਦੀ ਵਾਲਾ ਪੀਥਾ ਦੀ ਪ੍ਰੋਫੈਸਰ ਸਵਾਤੀ ਦਾ ਭਰਾ ਰਮਾਕਾਂਤ ਸ਼ਰਮਾ, ਨਵਜੀਤ ਨੂੰ ਵੀ ਭੈਣ ਮੰਨਦਾ ਸੀ। ਰਮਾਕਾਂਤ ਦਾ ਪਿੰਡ ਆਜਮਵਾਲੇ ਦੇ ਸ਼ਰੀਫ, ਸਾਉ, ਮਿਹਨਤੀ ਤੇ ਸਿਆਣੇ ਐਡਵੋਕੇਟ ਮਨਿੰਦਰ ਸਿੰਘ ਸਰਾਂ ਦੇ ਪਰਿਵਾਰ ਨਾਲ ਆਉਣ-ਜਾਣ ਜੀ। ਰਮਾਕਾਂਤ ਨੇ ਵਿਚੋਲਾ ਬਣ ਦੋ ਜਿੰਦੜੀਆਂ ਨੂੰ ਇਕ ਜਾਨ ਕਰਤਾ, ਜਿਸ ਕਰਕੇ ਇਹ ਦੋਵੇਂ ਜੀਅ ਅੱਜ ਵੀ ਰਮਾਕਾਂਤ ਦਾ ਬਹੁਤ ਵੱਡਾ ਅਹਿਸਾਨ ਮੰਨਦੇ ਨੇ। ਮਾਪਿਆਂ ਵਰਗੇ ਸੱਸ-ਸਹੁਰੇ ਸਰਦਾਰ ਕਾਲਾ ਸਿੰਘ ਤੇ ਮਾਤਾ ਛਿੰਦਰਪਾਲ ਕੌਰ ਦੇ ਸਾਥ ਨਾਲ, ਜਿੱਥੇ ਨਵਜੀਤ ਨੇ ਅਬੋਹਰ ਦੇ ਨਿਜੀ ਭਾਗ ਸਿੰਘ ਕਾਲਜੀਏਟ 'ਚ ਲਗਾਤਾਰ 10 ਸਾਲ ਤਨਦੇਹੀ ਨਾਲ ਅਧਿਆਪਕ ਵਜੋਂ ਸੇਵਾ ਨਿਭਾਈ ਉੱਥੇ ਈ ਦੋ ਪਿਆਰੀ ਬੇਟੀਆਂ ਰਿਪੂਦਮਨ ਤੇ ਅਨਹਦ ਕੌਰ ਦੀ ਮਾਂ ਬਣੀ। ਪਤੀ ਮਨਿੰਦਰ, ਪੂਰਾ ਸਹੁਰਾ ਪਰਿਵਾਰ ਤੇ ਨਵਜੀਤ ਆਪ ਦੋ ਧੀਆਂ ਤੋਂ ਬਾਅਦ ਖੁਸ਼ੀ-ਖੁਸ਼ੀ ਆਪਣੇ ਪਰਿਵਾਰ ਨੂੰ ਪੂਰਾ ਈ ਨਹੀਂ ਮੰਨਦੇ ਸਗੋਂ ਪੂਰਾ ਪਰਿਵਾਰ ਦੋਵਾਂ ਧੀਆਂ ਨੂੰ ਰੱਬ ਦੀ ਦਾਤ ਸਮਝਦਾ ਏ। ਨਵਜੀਤ ਨੇ ਕਈ ਸਰਕਾਰੀ ਨੌਕਰੀਆਂ ਛੱਡਣ ਤੋਂ ਬਾਅਦ 2014 ਵਿੱਚ ਸਿਖਿਆ ਵਿਭਾਗ ਵਿੱਚ ਰਮਸਾ ਅਧੀਨ ਬਤੌਰ ਮੁੱਖ ਅਧਿਆਪਕ ਦੀ ਨੌਕਰੀ ਤੇ ਪਿੰਡ ਹੀਰਾਂਵਾਲੀ ਦੇ ਸਕੂਲ ਵਿੱਚ ਹਾਜ਼ਰ ਹੋ ਸਖਤ ਮਿਹਨਤ ਨਾਲ ਪਹਿਲੇ ਦਿਨ ਤੋਂ ਈ ਸਕੂਲ ਦੇ ਹਾਲਾਤ ਬਦਲਣ ਲਈ ਦਿਨ-ਰਾਤ ਇਕ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਕਈਆਂ ਨੂੰ ਲੱਗਿਆ ਕਿ ਨਵਾਂ ਮੁਸਲਮਾਨ ਅੱਲਾ-ਅੱਲਾ ਜਿਆਦਾ ਕਰਨ ਆਲੀ ਗੱਲ ਏ, ਸਮੇਂ ਦੇ ਨਾਲ ਤੇ ਪੱਕੇ ਹੋਣ ਤੋਂ ਬਾਅਦ ਇਹਨੇ ਅੱਕ ਕੇ ਥੱਕ ਜਾਣਾ ਏ ਪਰ ਨਵਜੀਤ ਦੀ ਸਿਰੜ, ਮਿਹਨਤ ਤੇ ਕੁੱਝ ਕਰਨ ਦਾ ਜਜ਼ਬਾ ਸਮੇਂ ਨਾਲ ਵੱਧਦਾ ਈ ਗਿਆ।  

ਨਵਜੀਤ ਨੇ ਆਪਣੀ ਪ੍ਰਤਿਭਾ, ਯੋਗਤਾ, ਸਮਰੱਥਾ ਤੇ ਕਾਬਲੀਅਤ ਰਾਹੀਂ ਆਪਣੇ ਸਟਾਫ, ਪਿੰਡ ਵਾਸੀਆਂ ਤੇ ਵਿਭਾਗ ਦੇ ਖਾਸ ਸਾਥ ਨਾਲ ਇਸ ਛੋਟੇ ਜਿਹੇ ਪਿੰਡ ਦੇ ਸਕੂਲ ਦੀ ਦਸ਼ਾ ਤੇ ਦਿਸ਼ਾ ਬਦਲ ਕੇ, ਇਸ ਸਕੂਲ ਨੂੰ ਪੂਰੇ ਪੰਜਾਬ ਦਾ ਨੰਬਰ 1 ਸਕੂਲ ਬਣਾ ਦਿੱਤਾ। ਸਰਕਾਰੀ ਹਾਈ ਸਕੂਲ ਹੀਰਾਂਵਾਲੀ ਨੇ ਲਗਾਤਾਰ ਦੋ ਸਾਲ ਪੰਜਾਬ ਦੇ ਨੰਬਰ 1 ਸਕੂਲ ਦਾ ਖਿਤਾਬ ਜਿੱਤਿਆ ਏ, ਇਸ ਤੋਂ ਇਲਾਵਾ ਸਕੂਲ ਨੇ ਕਈ ਰਾਸ਼ਟਰੀ ਪੱਧਰ ਦੇ ਤੇ ਬਹੁਤ ਸਾਰੇ ਪੰਜਾਬ ਪੱਧਰ ਦੇ ਇਨਾਮ ਜਿੱਤੇ ਨੇ। ਇਸੇ ਲਈ ਇਸ ਸਕੂਲ ਵਿੱਚ ਆਪਣੇ ਬੱਚਿਆਂ ਨੂੰ  ਦਾਖਲ ਕਰਵਾਉਣ ਲਈ ਦੂਜੇ ਪਿੰਡਾਂ ਦੇ ਲੋਕ ਵੀ ਪੱਬਾਂ ਭਾਰ ਨੇ। ਆਪਣੀਆਂ ਕਰਿਸ਼ਮਾਈ ਪ੍ਰਾਪਤੀਆਂ ਲਈ ਡਾ.ਨਵਜੀਤ ਕੌਰ ਸਰਾਂ ਨੂੰ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਏ। ਉਸਦਾ ਪੂਰਾ ਸਟਾਫ ਤੇ ਵਿਦਿਆਰਥੀ ਉਸਦੇ ਪਰਿਵਾਰ ਵਾਂਗ ਹੈ, ਉਸਨੂੰ ਗਲਤੀਆਂ ਲਈ ਝਿੜਕਣਾ ਈ ਨ੍ਹੀਂ ਆਉਂਦਾ, ਚੰਗੇ ਕੰਮਾਂ ਲਈ ਸਲਾਹੁਣਾ ਤੇ ਆਪਣੇ ਸਟਾਫ ਦੀ ਮਦਦ ਕਰਨਾ ਵੀ ਆਉਂਦਾ ਏ। ਆਮਤੌਰ ਤੇ ਸਾਰੇ ਅਧਿਆਪਕ ਤੇ ਵਿਦਿਆਰਥੀ, ਐਮ ਆਰ ਸਕੂਲ (ਮੁੱਖੀ ਰਹਿਤ ਸਕੂਲ) ਪਸੰਦ ਕਰਦੇ ਨੇ, ਪਰ ਇਹ ਸਾਰਾ ਸਕੂਲ ਈ ਮੁੱਖੀ ਦੇ ਸਕੂਲ ਆਉਂਦਿਆ ਈ ਖਿੜ ਜਾਂਦਾ ਏ। ਆਪਣੀ ਜ਼ਿੰਦਗੀ 'ਚ ਕਦੇ ਵੀ ਨੈਤਿਕਤਾ ਨਾਲ ਸਮਝੌਤਾ ਨਾ ਕਰਨ ਵਾਲੀ ਡਾ.ਨਵਜੀਤ ਕੌਰ ਸਰਾਂ, ਸਿਰਫ ਸਿਖਿਆ ਵਿਭਾਗ ਦਾ ਈ ਨਹੀਂ ਪੂਰੇ ਸਮਾਜ ਦਾ ਚਾਨਣ ਮੁਨਾਰਾ ਏ। ਮੇਰੀਆਂ ਧੀਆਂ-ਭੈਣਾਂ ਨੂੰ ਖਾਸਤੌਰ ਤੇ ਡਾ.ਨਵਜੀਤ ਦੀ ਕਹਾਣੀ ਤੋਂ ਸਿੱਖਣ ਦੀ ਲੋੜ ਏ ਕਿ ਤੁਹਾਡੇ ਆਦਰਸ਼ ਕੋਈ ਟਿਕ-ਟਾਕ ਜਾਂ ਫਿਲਮ ਸਟਾਰ ਨਹੀਂ ਸਗੋਂ ਅਜਿਹੀਆਂ ਨੈਤਿਕ ਸ਼ਖਸੀਅਤਾਂ ਹੋਣੀਆਂ ਚਾਹੀਦੀਆਂ ਹਨ। ਸ਼ਾਲਾ, ਪੰਜਾਬ ਦੇ ਹਰੇਕ ਸਰਕਾਰੀ ਸਕੂਲ, ਸਰਕਾਰੀ ਦਫਤਰ ਦਾ ਸੰਚਾਲਨ ਅਜਿਹੀਆਂ ਨੈਤਿਕ ਸ਼ਖਸੀਅਤਾਂ ਕਰਨ,,,,!

ਡਾ.ਨਵਜੀਤ ਕੌਰ ਸਰਾਂ ਜੀ, ਜੁਗ-ਜੁਗ ਜੀਓ,,,,, 

ਤੁਹਾਡਾ ਪਰਿਵਾਰ ਹਮੇਸ਼ਾ ਆਬਾਦ ਰਹੇ,,,,,,,,,,,,,,,!

 

ਅਸ਼ੋਕ ਸੋਨੀ, ਕਾਲਮਨਵੀਸ 

ਪਿੰਡ ਖੂਈ ਖੇੜਾ, ਫਾਜ਼ਿਲਕਾ 

9872705078