ਵਾਤਾਵਰਨ ਦਾ ਘਾਣ ਤੇ ਕੁਦਰਤੀ ਆਫਤਾਂ

ਵਾਤਾਵਰਨ ਦਾ ਘਾਣ ਤੇ ਕੁਦਰਤੀ ਆਫਤਾਂ

ਵਿਸ਼ੇਸ਼ ਮੁਦਾ                                            

ਧਰਤੀ ਦੀ ਅਤੇ ਆਸ-ਪਾਸ ਵਾਤਾਵਰਨ ਦੀ ਮੌਜੂਦਾ ਸਥਿਤੀ ਸਾਨੂੰ ਸੋਚਣ ਨੂੰ ਮਜਬੂਰ ਕਰਦੀ ਹੈ ਕਿ ਕੁਝ ਨਾ ਕੁਝ ਤਾਂ ਅਸੀਂ ਗ਼ਲਤ ਜ਼ਰੂਰ ਕੀਤਾ ਹੈ ਅਤੇ ਗ਼ਲਤ ਕਰੀ ਵੀ ਜਾ ਰਹੇ ਹਾਂ। ਕਿਸੇ ਕੁਦਰਤੀ ਆਫ਼ਤ ਦੇ ਦੌਰਾਨ ਅਸੀਂ ਬੜੇ ਚੌਕਸ ਤੇ ਫ਼ਿਕਰਮੰਦ ਹੁੰਦੇ ਹਾਂ, ਤੇ ਅਸੀਂ ਸਾਰੇ ਇਹੀ ਆਸ ਕਰ ਲੈਂਦੇ ਹਾਂ ਕਿ ਹੁਣ ਤੋਂ ਬਾਅਦ ਮਨੁੱਖ ਜ਼ਰੂਰ ਬਦਲੇਗਾ, ਸਭ ਕੁਝ ਜ਼ਰੂਰ ਬਦਲੇਗਾ,ਪਰ ਮੁੜ ਫਿਰ ਅਸੀਂ ਅਵੇਸਲੇ, ਸੁਸਤ ਤੇ ਘੋਗਲਕੰਨੇ ਹੋ ਜਾਂਦੇ ਹਾਂ। ਉਂਜ ਕੁਦਰਤੀ ਆਫ਼ਤ ਨਹੀ ਕਹਿਣਾ ਚਾਹੀਦਾ ਕਿਉਂਕਿ ਕੁਦਰਤ ਮਨੁੱਖ ਲਈ ਆਫ਼ਤਾਂ ਨਹੀਂ ਘੜਦੀ, ਕਿਤੇ ਨਾ ਕਿਤੇ ਮਨੁੱਖ ਦਾ ਹੀ ਕਸੂਰ ਹੁੰਦਾ ਹੈ। ਚਲੋ ਮੰਨ ਲੈਂਦੇ ਹਾਂ ਕਿ ਮਨੁੱਖ ਨੇ ਅੰਤਾਂ ਦੀ ਖੋਜ ਕਰ ਲਈ, ਬਹੁਤ ਤਰੱਕੀ ਕਰ ਲਈ ਅਤੇ ਕਰੀ ਵੀ ਜਾ ਰਿਹਾ ਹੈ, ਪਰ ਜ਼ਰਾ ਸੋਚੋ ਕਿ ਸਾਡੇ ਪਾਣੀ ਦੇ ਸੋਮਿਆਂ ਦਾ ਕੀ ਹਾਲ ਹੈ, ਸਾਡੇ ਕੋਲ ਪੀਣਯੋਗ ਪਾਣੀ ਦੇ ਸੋਮੇ ਕਿੰਨੇ ਕੁ ਬਚੇ ਨੇ, ਕੀ ਪੀਣ ਵਾਲਾ ਪਾਣੀ ਪੀਣਯੋਗ ਹੈ, ਕੀ ਸਾਡੇ ਦਰਿਆ ਸਾਫ਼-ਸੁਥਰੇ ਨੇ, ਕੀ ਹਵਾ ਸਾਹ ਲੈਣ ਲਈ ਸਾਫ਼-ਸੁਥਰੀ ਹੈ, ਕੀ ਮਨੁੱਖ ਨੂੰ ਕਦਰਾਂ-ਕੀਮਤਾਂ ਯਾਦ ਨੇ, ਕੀ ਸੱਚਮੁੱਚ ਅਸੀਂ ਵਿਨਾਸ਼ ਦੇ ਰਾਹ ਤੇ ਤਾਂ ਨਹੀਂ ਤੁਰ ਪਏ, ਘਰਾਂ 'ਚ ਕੁੱਤ-ਕਲੇਸ਼ ਕਿਉਂ ਰਹਿੰਦੇ ਨੇ, ਇਨ੍ਹਾ ਗੱਲਾਂ ਦਾ ਜਵਾਬ ਮਨੁੱਖ ਨੂੰ ਆਪਣੇ ਆਪ ਕੋਲੋਂ ਪੁੱਛਣਾ ਪਵੇਗਾ। ਸਾਨੂੰ ਇਸ ਕੌੜੇ ਸੱਚ ਨੂੰ ਕਬੂਲ ਕਰ ਲੈਣਾ ਚਾਹੀਦਾ ਹੈ, ਕਿ ਜਿਸ ਨੂੰ ਅਸੀਂ ਤਰੱਕੀਆਂ ਸਮਝੀ ਬੈਠੇ ਹਾਂ ਅਸਲ 'ਚ ਉਹ ਸਭ ਉਜਾੜਾ ਹੀ ਹੈ। ਆਪਣੇ ਭਵਿੱਖ ਵੱਲ ਵੇਖੀਏ ਤਾਂ ਤਬਾਹੀ ਲੁਕ-ਲੁਕ ਕੇ ਝਾਤੀਆਂ ਮਾਰ ਰਹੀ ਹੈ, ਉਂਜ ਉਹ ਐਨੀ ਦੂਰ ਵੀ ਨਹੀਂ।ਜਦੋਂ ਸਾਡੀ ਧਰਤੀ ਉੱਜੜ ਗਈ, ਜਦੋਂ ਸਾਡਾ ਪਾਣੀ ਮੁੱਕ ਗਿਆ, ਜਦੋਂ ਹਰ ਸ਼ੈਅ ਜ਼ਹਿਰੀ ਹੋ ਗਈ, ਜਦੋਂ ਬੰਦੇ ਦਾ ਬੰਦੇ ਤੋਂ ਪੂਰੀ ਤਰਾਂ ਵਿਸ਼ਵਾਸ ਉੱਠ ਗਿਆ ਤਾਂ ਉਸ ਵਕਤ ਅਸੀਂ ਆਪਣੇ ਹੱਥਾਂ ਨੂੰ ਦੰਦੀਆਂ ਵੱਢਾਂਗੇ। ਜੇ ਅੱਜ ਸੰਭਲ ਗਏ ਤਾਂ ਸ਼ਾਇਦ ਕੁਝ ਬਚ ਜਾਵੇ ਨਹੀਂ ਤਾਂ ਕੇਵਲ ਪਛਤਾਵਾਂਗੇ ਹੀ, ਇੱਦਾਂ ਦੇ ਕੰਮ ਨਾ ਹੀ ਕਰੀਏ ਜਿਨ੍ਹਾਂ ਨਾਲ ਸਾਨੂੰ ਅੰਤ ਨੂੰ ਪਛਤਾਉਣਾ ਪਵੇ। ਅਜੇ ਆਪਾਂ ਬਸ ਗੁਨਾਹ ਕਰਨ 'ਚ ਮਸਤ ਹਾਂ, ਪਛਤਾਵਾ ਅਜੇ ਥੋੜ੍ਹਾ ਦੂਰ ਹੈ।

ਸਾਨੂੰ ਖੇਤੀਬਾੜੀ ਨੂੰ ਪੈਰਾਂ ਸਿਰ ਕਰਨਾ ਪਵੇਗਾ, ਇਹ ਸਾਡਾ ਮੁੱਖ ਕਿੱਤਾ ਹੈ। ਪਹਿਲੀ ਗੱਲ ਅੱਜ ਬਹੁਤੇ ਕਿਸਾਨ ਕਰਜ਼ਈ ਹਨ, ਪਰ ਅਸੀਂ ਹੱਲ ਲੱਭਣ ਦੀ ਬਜਾਏ ਖ਼ੁਦਕੁਸ਼ੀਆਂ ਕਰ ਰਹੇ ਹਾਂ, ਹੱਲ ਤੋਂ ਪਹਿਲਾਂ ਕਾਰਨ ਵੀ ਸਵੀਕਾਰ ਕਰਨੇ ਪੈਣਗੇ। ਜ਼ਮੀਨਾਂ ਵਹਿਲਿਆਂ ਬੈਠਿਆਂ ਕੁਝ ਨਹੀਂ ਦਿੰਦੀਆਂ, ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਹੈ। ਜੇ ਮਿੱਟੀ 'ਚ ਪਸੀਨਾ ਡੋਲ੍ਹਾਂਗੇ ਤਾਂ ਉਹ ਤੁਹਾਡੇ ਤੇਨ 'ਚੋਂ ਰੱਤ ਮੁੱਕਣ ਨਹੀਂ ਦਿੰਦੀ, ਤੁਹਾਡੀ ਪਿੱਠ ਨਹੀਂ ਲੱਗਣ ਦਿੰਦੀ। ਮਿੱਟੀ ਪਾਣੀ ਦੀ ਸੇਵਾ/ਕਦਰ ਕਰਾਂਗੇ ਤਾਂ ਫਲ ਵੀ ਮਿਲੇਗਾ। ਅਸੀਂ ਪਾਣੀ (ਪਿਤਾ), ਧਰਤੀ (ਮਾਤਾ), ਹਵਾ (ਗੁਰੂ) ਦੀ ਕਦਰ ਕਰਨੀ ਛੱਡ ਦਿੱਤੀ, ਬੇਕਦਰੀ ਕੀਤੀ, ਤਾਂ ਹੀ ਅਸੀਸਾਂ ਤੋਂ ਹੀਣੇ ਹਾਂ, ਤਾਂ ਹੀ ਸਾਡੀ ਦੁਰਦਸ਼ਾ ਹੋ ਰਹੀ ਹੈ, ਅਤੇ ਹੋਰ ਹੋਵੇਗੀ। ਜੇ ਪਾਣੀ ਹੀ ਨਾ ਰਿਹਾ, ਰਹਿੰਦਾ ਦੂਸ਼ਿਤ ਹੋ ਗਿਆ, ਹਵਾ ਸਾਹ ਲੈਣ ਲਾਇਕ ਨਹੀਂ ਰਹੀ, ਧਰਤੀ ਬੰਜਰ ਹੋ ਗਈ, ਤਾਂ ਸਾਡਾ ਜਨਮ ਲਿਆ ਵਿਅਰਥ ਹੋਵੇਗਾ। ਸਾਨੂੰ ਉਹ ਫ਼ਸਲਾਂ ਬੀਜਣੀਆਂ ਪੈਣਗੀਆਂ ਜਿਹੜੀਆਂ ਪਾਣੀ ਦੀਆਂ ਦੁਸ਼ਮਣਾਂ ਨਹੀ, ਸਾਨੂੰ ਉਹ ਹਰ ਕਦਮ ਚੁੱਕਣਾ ਪਵੇਗਾ ਜਿਸ ਨਾਲ ਸਾਡਾ ਪਾਣੀ ਬਚ ਜਾਵੇ। ਸਾਨੂੰ ਨਹਿਰੀ ਪਾਣੀ, ਬਰਸਾਤੀ ਪਾਣੀ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ। ਸਾਨੂੰ ਘਰੇਲੂ ਕੰਮਾਂ 'ਚ ਵੀ ਪਾਣੀ ਬਚਾਉਣ ਲਈ ਕਈ ਉਪਰਾਲੇ ਕਰਨੇ ਪੈਣਗੇ, ਜੋ ਅਸੀਂ ਬਿਲਕੁਲ ਹੀ ਨਹੀਂ ਕਰ ਰਹੇ। ਹਰੇਕ ਉਦਯੋਗ 'ਚ, ਸੀਵਰੇਜ ਦੀ ਨਿਕਾਸੀ ਵੇਲੇ ਪਾਣੀ ਸਾਫ਼ ਕਰਨ ਲਈ ਯੂਨਿਟ ਲੱਗੇ ਹੋਣੇ ਚਾਹੀਦੇ ਹਨ। ਪਿੰਡਾਂ 'ਚ ਛੱਪੜਾਂ ਵੱਲ ਧਿਆਨ ਦੇਣ ਦੀ ਲੋੜ ਹੈ, ਉਨ੍ਹਾਂ ਨੂੰ ਸਾਫ਼ ਕਰਨ ਦੇ ਅਤੇ ਸਾਫ਼-ਸੁਥਰੇ ਰੱਖਣ ਦੇ ਉਪਰਾਲੇ ਕਰਨੇ ਚਾਹੀਦੇ ਹਨ। ਹਰ ਘਰ, ਦਫ਼ਤਰ, ਬਿਲਡਿੰਗ 'ਚ ਰੇਨ ਹਾਰਵੇਸਟਿੰਗ ਸਿਸਟਮ ਲਾਜ਼ਮੀ ਹੋਣਾ ਚਾਹੀਦਾ ਹੈ। ਕੁਦਰਤੀ ਖੇਤੀ ਵੱਲ ਕਦਮ ਵਧਾਉਣੇ ਚਾਹੀਦੇ ਹਨ, ਜਿਸ ਨਾਲ ਅਸੀਂ ਆਪਣੇ ਪਰਿਵਾਰ, ਅਤੇ ਹੋਰਨਾਂ ਦਾ ਭਲਾ ਕਰ ਸਕਦੇ ਹਾਂ। ਮਨੁੱਖ ਨੂੰ ਬੇਈਮਾਨੀ ਵਾਲੇ ਰਾਹ ਛੱਡਣੇ ਪੈਣਗੇ, ਤਾਂ ਹੀ ਉਹ ਉੱਤਮ ਅਖਵਾਉਣ ਦਾ ਹੱਕਦਾਰ ਹੋਵੇਗਾ।

ਅੱਜ ਦੀ ਦੁਨੀਆ 'ਚ ਬਹੁਤੇ ਲੋਕ ਪੜ੍ਹੇ-ਲਿਖੇ ਨੇ, ਪਰ ਫਿਰ ਵੀ ਅਸੀਂ ਸਭ ਭਿਆਨਕ ਭਵਿੱਖ ਵੱਲ ਹੀ ਜਾ ਰਹੇ ਹਾਂ। ਅੱਜ ਆਪਾਂ ਕੋਈ ਬਹੁਤੀ ਚੰਗੀ ਸਥਿਤੀ 'ਚ ਨਹੀਂ ਹਾਂ, ਸਾਡੇ ਨਾਲੋਂ ਤਾਂ ਜਾਨਵਰਾਂ ਨੇ ਬਿਹਤਰ ਰੋਲ ਨਿਭਾਇਆ ਹੈ। ਸਾਨੂੰ ਆਪਣੇ ਸਿੱਖਣ ਸਿਖਾਉਣ, ਪੜ੍ਹਨ ਪੜ੍ਹਾਉਣ ਦੇ ਸਥਾਪਤ ਤਰੀਕਿਆਂ ਦੀ ਮੁੜ ਪੜਤਾਲ ਕਰਨੀ ਹੋਵੇਗੀ, ਚਾਹੇ ਉਹ ਸਿੱਖਿਆ ਦਾ ਜ਼ਰੀਆ ਸਮਾਜ ਹੋਵੇ, ਸੰਸਥਾਵਾਂ ਹੋਣ, ਧਾਰਮਿਕ ਸਥਾਨ ਹੋਣ, ਘਰ ਹੋਣ। ਪੜਤਾਲ ਕਰਾਂਗੇ ਤਾਂ ਅਸੀਂ ਦੇਖਾਂਗੇ ਕਿ ਕੁਝ ਨਾ ਕੁਝ, ਕਿਤੇ ਨਾ ਕਿਤੇ ਨੁਕਸ ਜ਼ਰੂਰ ਹੈ। ਹਰ ਮਨੁੱਖ ਨੂੰ ਆਪਣਾ ਫ਼ਰਜ਼ ਸਮਝਣਾ ਪਵੇਗਾ, ਤਬਾਹੀ ਦੇ ਰਸਤੇ ਤਿਆਗਣੇ ਪੈਣਗੇ, ਤਾਂ ਹੀ ਸਭ ਦਾ ਭਵਿੱਖ ਸੁਰੱਖਿਅਤ ਤੇ ਖੁਸ਼ਹਾਲ ਹੋਵੇਗਾ। ਕੁਦਰਤ ਬੇਅੰਤ ਹੈ, ਕੁਦਰਤ ਵਿਚਲੀ ਹਰ ਸ਼ੈਅ ਇਕ ਦੂਜੀ ਨਾਲ ਬੱਝੀ ਹੋਈ ਹੈ, ਹਰ ਇਕ ਸ਼ੈਅ ਦਾ ਹਰ ਦੂਜੀ ਸ਼ੈਅ ਨਾਲ ਕੋਈ ਨਾ ਕੋਈ ਰਿਸ਼ਤਾ ਜ਼ਰੂਰ ਹੈ, ਸਾਨੂੰ ਕੁਦਰਤ ਵਿਚਲੀ ਹਰ ਹਰਕਤ ਨੂੰ ਕਿਸੇ ਸਮੁੱਚੇ ਢਾਂਚੇ 'ਚ ਹੀ ਵੇਖਣਾ ਹੋਵੇਗਾ। ਅਸੀਂ ਅਕਾਲ-ਪੁਰਖ ਨੂੰ, ਸ੍ਰਿਸ਼ਟੀ ਦੇ ਮਾਲਕ ਨੂੰ ਕੁਦਰਤ ਰਾਹੀਂ ਦੇਖ ਸਕਦੇ ਹਾਂ, ਬਸ ਸਾਨੂੰ ਆਪਣੀ ਅੱਖ ਵੇਖਣ ਵਾਲੀ ਕਰਨੀ ਪਵੇਗੀ। ਸਾਨੂੰ ਆਪਣੀ ਅੰਤਰਦ੍ਰਿਸ਼ਟੀ ਘੜਨੀ ਪਵੇਗੀ, ਸਾਨੂੰ ਵੱਖ-ਵੱਖ ਸਮਿਆਂ ਚੋਂ, ਵਿਸ਼ਿਆਂ 'ਚੋਂ, ਖੇਤਰਾਂ 'ਚੋਂ ਗਿਆਨ ਦੇ ਸਾਂਝੇ ਸੋਮੇ ਲੱਭਣੇ ਪੈਣਗੇ, ਕਿਉਂਕਿ ਅਸਲੀ ਗਿਆਨ ਸਾਂਝੇ ਤੇ ਡੂੰਘੇ ਸੱਚ 'ਚੋਂ ਹੀ ਉਪਜਦੇ ਹਨ, ਅਤੇ ਇਹ ਗਿਆਨ ਹੀ ਸਦੀਵੀ ਹੈ, ਜੋ ਸਰਬਤ ਦੇ ਭਲੇ ਲਈ ਹੀ ਉਪਜਦਾ ਤੇ ਪਲਦਾ ਹੈ। ਸਮਾਜ, ਸਿੱਖਿਆ, ਧਰਮ, ਸਾਇੰਸ ਅਤੇ ਵੱਖ-ਵੱਖ ਹੋਰ ਕਈ ਦਾਰਸ਼ਨਿਕ ਸਿਧਾਂਤ, ਇਹ ਸਭ ਇਕ ਸਾਂਝੇ ਤੇ ਵਿਸ਼ਾਲ ਬਿਰਖ ਦੀਆਂ ਸ਼ਾਖਾਵਾਂ ਹੀ ਹਨ, ਜੋ ਇਕ ਹੈ, ਜੋ ਅਸਲ ਹੈ, ਤੇ ਸਦੀਵੀ ਸੱਚ ਹੈ। ਅਸੀਂ ਗਿਆਨ ਦੇ ਸਾਰੇ ਵਸੀਲਿਆਂ ਦਰਮਿਆਨ ਕੰਧਾਂ ਉਸਾਰ ਲਈਆਂ ਹਨ, ਤਾਂ ਹੀ ਅਸੀਂ ਉੱਚੇ ਤੇ ਸੱਚੇ-ਸੁੱਚੇ ਗਿਆਨ ਤੋਂ ਵਾਂਝੇ ਹਾਂ। ਹਰ ਮਨੁੱਖ ਨੂੰ ਵਿਗਿਆਨ ਦੀ, ਸਮਾਜ ਸ਼ਾਸਤਰ ਦੀ, ਸਾਹਿਤ ਦੀ, ਸੰਗੀਤ ਦੀ ਅਤੇ ਕੁਦਰਤ ਦੀ ਸਹੀ ਸੋਝੀ ਹੋਣੀ ਜ਼ਰੂਰੀ ਹੈ। ਵਿਗਿਆਨ ਅਤੇ ਧਰਮ 'ਚ, ਵਿਗਿਆਨ ਅਤੇ ਹੋਰਨਾਂ ਵਿਸ਼ਿਆਂ 'ਚ, ਧਰਮਾਂ 'ਚ ਕੋਈ ਮਤਭੇਦ ਨਹੀ ਹੋਣਾ ਚਾਹੀਦਾ, ਕਿਉਂ ਕਿ ਹਰ ਇਕ ਦਾ ਟੀਚਾ ਸਿਰਫ ਉਸ ਅਗੰਮੀ ਸੱਚ ਨੂੰ ਪਾਉਣਾ ਹੀ ਹੈ, ਇਸ ਗਿਆਨ ਨਾਲ ਹੀ ਸ੍ਰਿਸ਼ਟੀ ਦਾ ਭਲਾ ਹੈ, ਮਤਭੇਦ ਸਹੀ ਗਿਆਨ ਦੀ ਘਾਟ ਕਾਰਨ ਹੀ ਉਪਜਦੇ ਹਨ । ਧਰਮ ਅਤੇ ਕੁਦਰਤ ਦੇ ਤਜਰਬੇ, ਮਨੁੱਖ ਨੂੰ, ਵਿਗਿਆਨ ਨੂੰ ਅਤੇ ਹੋਰ ਵਿਸ਼ਿਆਂ ਨੂੰ ਨਵੀਆਂ ਦਿਸ਼ਾਵਾਂ ਦਿਖਾ ਸਕਦੇ ਹਨ। ਆਧੁਨਿਕ ਸਾਇੰਸ ਵਿਚ ਨਵੀਆਂ ਅਤੇ ਡੂੰਘੀਆਂ ਕਾਢਾਂ ਸਾਨੂੰ ਉਸ ਅਗੰਮੀ ਇਕ ਦੇ ਹੋਰ ਕੋਲ ਹੋਣ ਦਾ ਅਹਿਸਾਸ ਕਰਾਉਂਦੀਆਂ ਹਨ। ਅਧੁਨਿਕ ਸਾਇੰਸ ਅਤੇ ਪੂਰਬੀ ਫਲਸਫ਼ੇ 'ਚ ਬਹੁਤ ਸਮਾਨਤਾਵਾਂ ਹਨ, ਸਾਨੂੰ ਸਾਇੰਸ ਤਕਨਾਲੋਜੀ ਤੋਂ ਅੱਗੇ ਲੰਘ ਕੇ ਵਿਚਾਰਾਂ, ਫਲਸਫ਼ਿਆਂ, ਧਰਮਾਂ, ਸੱਭਿਆਚਾਰਾਂ ਅਤੇ ਕੁਦਰਤ ਦੀ ਦੁਨੀਆ 'ਚ ਉਤਰ ਕੇ ਸਮਝਣੀ ਚਾਹੀਦੀ ਹੈ। ਸਾਡੇ ਲਈ ਜਿੰਨੀ ਅਬਜੈਕਟਿਵ ਸਾਇੰਸ ਜ਼ਰੂਰੀ ਹੈ ਓਨੀ ਹੀ ਸਬਜੈਕਟਿਵ ਸਾਇੰਸ ਜ਼ਰੂਰੀ ਹੈ। ਆਉ ਆਪਣੇ ਗੁਨਾਹ ਕਬੂਲ ਕਰਦੇ ਹੋਏ, ਕੁਦਰਤ ਨੂੰ ਬਚਾਈਏ, ਧਰਤੀ ਨੂੰ ਬਚਾਈਏ, ਸਿੱਖਣ ਸਿਖਾਉਣ ਦੇ ਤਰੀਕਿਆਂ ਨੂੰ ਬਦਲੀਏ।

ਡਾਕਟਰ ਮੋਹਨ ਸਿੰਘ