ਹਾਕੀ ਨੂੰ ਉਤਸ਼ਾਹਿਤ ਕਰਨ ਵਿੱਚ ਸਿੱਖ ਖਿਡਾਰੀਆਂ ਦਾ ਯੋਗਦਾਨ

ਹਾਕੀ ਨੂੰ ਉਤਸ਼ਾਹਿਤ ਕਰਨ ਵਿੱਚ ਸਿੱਖ ਖਿਡਾਰੀਆਂ ਦਾ ਯੋਗਦਾਨ

ਅੱਜ ਦੀ ਪੀੜੀ ਨੂੰ ਆਪਣੇ ਪੁਰਖਿਆਂ ਵੱਲੋਂ ਵਿਸ਼ਵ ਪੱਧਰ ਤੇ ਹਾਕੀ ਦੇ ਸਿਰਜੇ ਇਤਹਾਸ ਦੀ ਗਾਥਾ ਦਾ ਪਤਾ ਹੀ ਨਹੀਂ ਹੈ

ਭਾਰਤੀ ਹਾਕੀ ਇਤਹਾਸ ਦੇ ਸੁਨਿਹਰੀ ਪੰਨੇ ਜੇ ਕਦੇ ਪਰਤ ਕੇ ਦੇਖੀਏ ਤਾਂ ਉਹਨਾਂ ਵਿਚੋਂ ਕੁਝ ਖਾਸ ਪੰਨੇ ਮੋੜਣ ਨੂੰ ਜੀਅ ਕਰਦਾ ਹੈ। ਇਹ ਉਹ ਨੇ ਜਿੰਨਾ ਤੇ ਪੰਜਾਬ ਦੇ ਮਾਣਮੱਤੇ, ਜੋਸ਼ੀਲੇ , ਅਣਖੀਲੇ ਅਤੇ ਹਾਕੀ ਖੇਡ ਦੇ ਮੈਦਾਨ ਵਿੱਚ ਆਪਣੀ ਜਿੰਦ ਜਾਨ ਲੁਟਾਉਣ ਵਾਲੇ ਸਿੱਖ ਹਾਕੀ ਖਿਡਾਰੀਆਂ ਦਾ ਗੌਰਵਮਈ ਜ਼ਿਕਰ ਹੈ, ਸਮੁੱਚੀ ਸਿੱਖ ਕੌਮ ਦੇ ਹੀਰੋਆਂ ਦੀ ਗਾਥਾ ਹੈ। ਇੱਕ ਅਜਿਹੀ ਬੇਮਿਸਾਲ ਕਹਾਣੀ ਹੈ ਸਿੱਖ ਕੌਮ ਦੀ ਜੋ ਅਸੀਂ ਸਮਝਦੇ ਹਾਂ ਕਿ ਭਵਿੱਖ ਵਿੱਚ ਵੀ ਸਿੱਖ ਬੱਚਿਆਂ ਲਈ ਪ੍ਰੇਰਨਾ ਅਤੇ ਇੱਕ ਉਤਸ਼ਾਹ ਬਣੀ ਰਹਿਣੀ ਚਾਹੀਦੀ ਹੈ। ਜਦੋਂ ਹਾਕੀ ਖੇਡ ਅਧਿਐਨੀਆਂ ਵੱਲੋਂ ਵੱਖਰੇ ਵੱਖਰੇ ਦੇਸ਼ਾਂ ਜਿਵੇਂ ਕਿ ਆਸਟ੍ਰੇਲੀਆ, ਜਰਮਨੀ, ਹਾਲੈਂਡ, ਸਪੇਨ, ਬੈਲਜੀਅਮ, ਕੀਨੀਆ, ਮਲੇਸ਼ੀਆ ਆਦਿ ਦੇਸ਼ਾਂ ਦੇ ਸਾਬਕਾ ਹਾਕੀ ਉਲੰਪੀਅਨਾਂ ਦੇ ਭਾਰਤੀ ਹਾਕੀ ਬਾਰੇ ਵਿਚਾਰ ਜਾਣੇ ਤਾਂ ਉਹਨਾਂ ਅਨੁਸਾਰ ਜੂੜੇ ਤੇ ਚਿੱਟੇ ਰੁਮਾਲ ਵਾਲੇ ਸਿੱਖ ਖਿਡਾਰੀਆਂ ਦੀ ਦਹਿਸ਼ਤ ਪੂਰੇ ਵਿਸ਼ਵ ਹਾਕੀ ਜਗਤ ਵਿੱਚ ਬਹੁਤ ਸੀ। ਵਿਸ਼ਵ ਭਰ ਦੇ ਹਾਕੀ ਪ੍ਰੇਮੀ ਸਿੱਖ ਹਾਕੀ ਖਿਡਾਰੀਆਂ ਦੀ ਖੇਡ ਨਾਲ ਡਾਹਢੇ ਅਨੰਦਿਤ ਅਤੇ ਰੁਮਾਂਚਿਤ ਹੋਇਆ ਕਰਦੇ ਸਨ। ਉਸ ਆਲਮ ਵਿੱਚ ਹਾਕੀ ਦੀ ਬਦੌਲਤ ਵੀ ਪੂਰੇ ਵਿਸ਼ਵ ਵਿੱਚ ਸਿੱਖ ਕੌਮ ਦਾ ਮਾਣ ਸਤਿਕਾਰ, ਸਿੱਖ ਜਗਤ ਲਈ ਨਿਹਾਇਤ ਫ਼ਖਰ ਤੇ ਸਨਮਾਨ ਵਾਲੀ ਗੱਲ ਸੀ।ਭਾਰਤੀ ਹਾਕੀ ਇਤਹਾਸ ਇਸ ਗੱਲ ਦਾ ਗਵਾਹ ਹੈ ਕਿ ਪੰਜਾਬ ਦਾ ਮਾਣ ਤੇ ਪੰਜਾਬ ਦੀ ਸ਼ਾਨ ਗੁਰਮੀਤ ਸਿੰਘ ਨੇ 1932 ਲਾਸ ਏਂਜਲਸ ਵਿਖੇ ਉਲੰਪਿਕ ਸੋਨ ਤਗਮਾ ਜੇਤੂ ਪਹਿਲਾਂ ਸਿੱਖ ਖਿਡਾਰੀ ਸੀ, ਜਿਸ ਨੇ ਇਹ ਵੀ ਸਾਬਿਤ ਕੀਤਾ ਕਿ ਜੋ ਜੋਸ਼, ਜੋ ਅਣਖ, ਜੋ ਬਹਾਦਰੀ ਸਿੱਖ ਕੌਮ ਦੇ ਖਿਡਾਰੀਆਂ ਵਿੱਚ ਹੈ, ਉਸਨੂੰ ਆਉਣ ਵਾਲਾ ਸਮਾਂ ਹੀ ਦੱਸੇਗਾ। ਫਿਰ ਆਏ ਤਿਰਲੋਚਨ ਸਿੰਘ, ਬਲਬੀਰ ਸਿੰਘ, ਧਰਮ ਸਿੰਘ, ਉਧਮ ਸਿੰਘ, ਬਖਸ਼ੀਸ਼ ਸਿੰਘ, ਗੁਰਦੇਵ ਸਿੰਘ, ਪਿ੍ਥੀਪਾਲ ਸਿੰਘ, ਚਰਨਜੀਤ ਸਿੰਘ, ਹਰਚਰਨ ਸਿੰਘ ਆਦਿ ਬੇਸ਼ੁਮਾਰ ਖਿਡਾਰੀ ਜਿੰਨਾ ਨੇ ਗੁਰਮੀਤ ਸਿੰਘ ਮਗਰੋਂ ਭਾਰਤੀ ਹਾਕੀ ਦੇ ਝੰਡੇ ਨੂੰ ਬੁਲੰਦ ਰੱਖਣ ਲਈ ਆਪਣੀ ਜਿੰਦ ਜਾਨ ਲੁਟਾਈ। ਅਸੀਂ ਮੰਨਦੇ ਹਾਂ ਕਿ ਇਹਨਾਂ ਖਿਡਾਰੀਆਂ ਨੇ ਭਾਰਤੀ ਹਾਕੀ ਦੇ ਨਾਲ ਨਾਲ ਸਿੱਖੀ ਦਾ ਝੰਡਾ ਵੀ ਬੁਲੰਦ ਕੀਤਾ। ਸਿੱਖ ਕੌਮ ਦੇ ਗੌਰਵ ਨੂੰ ਵੀ ਵਧਾਇਆ। 

ਇਸ ਉਪਰੰਤ ਹਜ਼ਾਰਾਂ ਖਿਡਾਰੀ ਸਿੰਘ ਨਾਂਅ ਅਧੀਨ ਭਾਰਤੀ ਹਾਕੀ ਟੀਮ ਲਈ ਖੇਡਦੇ ਰਹੇ ਪਰ ਅਫਸੋਸ ਬਹੁਤਿਆਂ ਦੇ ਕੇਸ ਕੱਟੇ ਹੋਏ ਸਨ। ਸਾਡੇ ਇਹਨਾਂ ਜੋਸ਼ੀਲੇ ਨੋਜਵਾਨ ਖਿਡਾਰੀਆਂ ਨੂੰ ਇਸ ਗੱਲ ਵੱਲ ਖਾਸ ਧਿਆਨ ਦੀ ਜਰੂਰਤ ਹੈ। ਸਾਬਕਾ ਸਿੱਖ ਹਾਕੀ ਖਿਡਾਰੀਆਂ ਦਾ ਕਹਿਣਾ ਹੈ ਕਿ ਭਾਰਤੀ ਹਾਕੀ ਟੀਮ ਵਿੱਚ ਹਰ ਸਿੱਖ ਹਾਕੀ ਖਿਡਾਰੀ ਜੂੜੇ ਤੇ ਚਿੱਟੇ ਰੁਮਾਲ ਨੂੰ ਯਕੀਨੀ ਬਣਾਏ, ਜੋ ਉਹਨਾਂ ਦੀ ਪੰਰਪਰਾ ਹੈ। ਇੱਥੇ ਇੱਕ ਗੱਲ ਹੋਰ ਚਿੰਤਾਜਨਕ ਹੈ ਕਿ ਅੱਜ ਬਹੁਤੀ ਸਿੱਖ ਪਨੀਰੀ ਹਾਕੀ ਵਰਗੀ ਜੋਸ਼ੀਲੀ ਅਤੇ ਤੇਜ਼ ਤਰਾਰ ਖੇਡ ਤੋਂ ਮੂੰਹ ਫੇਰ ਚੁੱਕੀ ਹੈ ਅਤੇ ਤੇਜ਼ੀ ਨਾਲ ਇਸ ਖੇਡ ਤੋਂ ਦੂਰ ਹੋ ਰਹੀ ਹੈ। ਅੱਜ ਦੀ ਪੀੜੀ ਨੂੰ ਆਪਣੇ ਪੁਰਖਿਆਂ ਵੱਲੋਂ ਵਿਸ਼ਵ ਪੱਧਰ ਤੇ ਹਾਕੀ ਦੇ ਸਿਰਜੇ ਇਤਹਾਸ ਦੀ ਗਾਥਾ ਦਾ ਪਤਾ ਹੀ ਨਹੀਂ ਹੈ। ਵਿਸ਼ਵ ਪੱਧਰ ਤੇ ਜਿੰਨੀਆਂ ਵੀ ਸਿੱਖ ਜਥੇਬੰਦੀਆਂ, ਸਿੱਖ ਸੰਸਥਾਵਾਂ ਸਿੱਖੀ ਗੌਰਵ ਨੂੰ ਬਰਕਰਾਰ ਰੱਖਣ ਲਈ ਯਤਨਸ਼ੀਲ ਹਨ, ਉਹਨਾਂ ਨੂੰ ਸਿੱਖ ਖੇਡ ਸੰਸਾਰ ਵੱਲ ਵੀ ਖਾਸ ਤਵੱਜੋ ਦੇਣੀ ਚਾਹੀਦੀ ਹੈ। ਅਫਸੋਸ ਇਹ ਹੈ ਕਿ ਅਜੌਕੇ ਸਮੇਂ ਵਿੱਚ ਅਸੀਂ ਆਪਣੇ ਪੁਰਾਤਨ ਸਿੱਖ ਹਾਕੀ ਖਿਡਾਰੀਆਂ ਦੇ ਇਤਹਾਸ ਦੇ ਚਰਚੇ ਤਾਂ ਬਹੁਤ ਕਰਦੇ ਹਾਂ ਪਰ ਇਹ ਚਿੰਤਾ ਨਹੀਂ ਕਰਦੇ ਕਿ ਸਾਡੀ ਅਜੋਕੀ ਨੋਨਿਹਾਲ ਪੀੜੀ ਲਈ ਇਹ ਇਤਹਾਸ ਪ੍ਰੇਰਨਾ ਸਰੋਤ ਕਿਉਂ ਨਹੀਂ ਬਣ ਰਿਹਾ? 

ਇਹ ਵਿਸ਼ਾ ਸਿੱਖ ਕੌਮ ਅਤੇ ਹਾਕੀ ਜਗਤ ਦੇ ਸਿੱਖ ਖਿਡਾਰੀਆਂ ਲਈ ਬਹੁਤ ਹੀ ਸੰਵੇਦਨਸ਼ੀਲ ਹੈ। ਇਸ ਉੱਪਰ ਧਿਆਨ ਕੇਂਦਰਿਤ ਕਰਨਾ ਬਹੁਤ ਜਰੂਰੀ ਹੈ ਤਾਂ ਜੋ ਵਿਸ਼ਵ ਪੱਧਰ ਤੇ ਸਿੰਘ ਨਾਮ ਦੀ ਪਹਿਚਾਣ ਮਕਬੂਲ ਹੋ ਸਕੇ। 

 

ਹਰਕੀਰਤ ਕੌਰ 

9779118066