'ਬਲੈਕੀਆ' ਫਿਲਮ, ਹਿੰਦੋਸਤਾਨੀ ਪ੍ਰਾਪੇਗੰਡਾ ਤੇ ਸਿੱਖ ਸੰਘਰਸ਼

'ਬਲੈਕੀਆ' ਫਿਲਮ, ਹਿੰਦੋਸਤਾਨੀ ਪ੍ਰਾਪੇਗੰਡਾ ਤੇ ਸਿੱਖ ਸੰਘਰਸ਼
ਫਿਲਮ ਦੀ ਇੱਕ ਝਲਕ ਵਿੱਚ ਦੇਵ ਖਰੌੜ

ਇੰਦਰਪਾਲ ਸਿੰਘ ਵਲੋਂ ਲਿਖੀ ਤੇ ਨਿਰਮਾਤਾ ਵਿਵੇਕ ਓਹਰੀ ਤੇ ਨਿਰਦੇਸ਼ਕ ਸੁਖਮਿੰਦਰ ਧੰਜਲ ਵਲੋਂ ਬਣਾਈ ਗਈ 'ਬਲੈਕੀਆ' ਫਿਲਮ ਨੌਜਵਾਨਾਂ ਵਲੋਂ ਵੱਡੇ ਪੱਧਰ ਤੇ ਦੇਖੀ ਜਾ ਰਹੀ ਹੈ। ਇਸ ਫਿਲਮ ਵਿੱਚ ਦੇਵ ਖਰੌੜ ਵਲੋਂ ਮੁੱਖ ਭੂਮਿਕਾ ਨਿਭਾਈ ਗਈ। ਇਸ ਫਿਲਮ ਵਿੱਚ ਕਹਾਣੀ ਨੂੰ ਬੜੀ ਹੀ ਚਲਾਕੀ ਨਾਲ ਨਿੱਜੀ ਰੰਜਿਸ਼ਾਂ ਤੋਂ ਸਿੱਖ ਸੰਘਰਸ਼ ਤੱਕ ਲਿਜਾਇਆ ਗਿਆ। ਗਲਤ ਤੱਥਾਂ ਅਤੇ ਸਿੱਖ ਸੰਘਰਸ਼ ਵਿਰੋਧੀ ਮਾਨਸਿਕਤਾ ਨਾਲ ਭਰਪੂਰ ਇਹ ਫਿਲਮ ਚੜਦੀ ਵਰੇਸ ਦੇ ਨੌਜਵਾਨਾਂ ਖਾਸਕਰ ਪੰਜਾਬ ਦੇ ਗਰਮ ਸੁਭਾਅ ਦੇ ਨੌਜਵਾਨਾਂ ਨੂੰ ਆਪਣੇ ਵੱਲ ਖਿੱਚਣ ਵਿਚ ਸ਼ਾਇਦ ਕਾਮਯਾਬ ਰਹੇਗੀ ਕਿਉਂ ਜੋ ਫਿਲਮ ਵਿੱਚ ਅਜਿਹੇ ਤੱਤ ਭਾਰੀ ਮਾਤਰਾ ਵਿੱਚ ਮੌਜੂਦ ਹਨ। ਇਸ ਫਿਲਮ ਵਿੱਚ ਐਮਰਜੈਂਸੀ ਤੇ ਉਸਤੋਂ ਬਾਅਦ ਦੇ ਸਿੱਖ ਸੰਘਰਸ਼ ਦੇ ਦੌਰ ਨੂੰ ਅੰਸ਼ਕ ਰੂਪ ਵਿੱਚ ਦਿਖਾਇਆ ਗਿਆ ਹੈ।

ਇਸ ਫਿਲਮ ਦੀ ਸ਼ੁਰੂਆਤ ਵਿੱਚ 31 ਨੰਬਰ ਬੈਰਕ ਅਤੇ ਇਸ ਵਿੱਚ ਬੰਦ ਗੋਲ ਦਸਤਾਰ ਵਾਲੇ ਸਿੰਘ ਨੂੰ ਦੇਖਦਿਆਂ ਹੀ ਧਿਆਨ ਟਕਸਾਲ ਵੱਲ ਜਾਂਦਾ ਹੈ। ਸਿੱਖੀ ਨਾਲ ਵਾਹ ਵਾਸਤਾ ਰੱਖਣ ਵਾਲੇ ਆਮ ਤੌਰ 'ਤੇ 31 ਨੰਬਰ ਤੋਂ ਵਾਕਫ ਹਨ। ਫਿਰ ਉਸ ਸਿੰਘ ਵਲੋਂ ਕੈਦ ਦਾ ਕਾਰਣ ਦੱਸਦਿਆਂ ਹਿੰਦੋਸਤਾਨ ਤੇ ਗਿਲਾ ਕਰਨਾ ਕਾਫੀ ਹੱਦ ਤੱਕ ਗੱਲ ਸਾਫ ਕਰ ਦਿੰਦਾ ਹੈ। ਫਿਲਮ ਆਪਣੀ ਚਾਲੇ ਚਲਦੀ ਹੈ। ਦੋ ਬਲੈਕੀਆ ਧਿਰਾਂ ਵਿੱਚ ਸੋਨੇ ਦੀ ਤਸਕਰੀ ਨੂੰ ਲੈ ਕੇ ਮਾਰ ਧਾੜ ਚਲਦੀ ਹੈ। ਦੇਵ ਖਰੌੜ ਵਾਲੀ ਧਿਰ ਦਾ ਪਤਨ ਤੇ ਮੁੜ ਉਭਾਰ, ਜਬਰਦਸਤ ਡਾਇਲਾਗ ਅਤੇ ਹਿੰਸਾ ਨੌਜਵਾਨਾਂ ਨੂੰ ਆਕਰਸ਼ਿਤ ਕਰਕੇ ਫਿਲਮ ਦੇ ਨਾਲ ਹੀ ਵਹਾ ਲੈਂਦੇ ਹਨ।

ਫਿਲਮ ਦੀ ਇੱਕ ਝਲਕ

ਫਿਰ ਸ਼ੁਰੂ ਹੁੰਦਾ ਹੈ ਸਟੇਟ ਦਾ ਪ੍ਰਾਪੇਗੰਡਾ। ਸੋਨੇ ਦੇ ਤਸਕਰ ਹਥਿਆਰ ਸਪਲਾਈ ਸ਼ੁਰੂ ਕਰਦੇ ਹਨ ਅਤੇ ਨਾਲ ਹੀ ਨਸ਼ਾ ਵੀ। ਏ ਕੇ 47  ਦੇ ਨਾਲ ਹੀ ਨਸ਼ੇ ਦੀਆਂ ਖੇਪਾਂ ਆਉਣ ਲੱਗਦੀਆਂ ਹਨ। ਇਹਨਾਂ ਗਲਤ ਤੱਥਾਂ ਰਾਹੀਂ ਪੰਜਾਬ ਵਿੱਚ ਚੱਲੇ ਸਿੱਖ ਸੰਘਰਸ਼ ਬਾਰੇ ਇਹ ਭੁਲੇਖਾ ਖੜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ 1971 ਦੀ ਜੰਗ ਦਾ ਬਦਲਾ ਲੈਣ ਖਾਤਰ ਪਾਕਿਸਤਾਨ ਵਲੋਂ ਸਿੱਖਾਂ ਨੂੰ ਹਿੰਦੋਸਤਾਨ ਵਰਤਿਆ ਗਿਆ। ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਪੰਜਾਬ ਸਮੱਸਿਆ ਦਾ ਕਾਰਨ ਪਾਕਿਸਤਾਨ ਹੀ ਸੀ। ਹਿੰਦੋਸਤਾਨ ਦੇ ਵਤੀਰੇ ਬਾਰੇ ਅੰਸ਼ਕ ਰੂਪ ਵਿੱਚ ਗੱਲ ਕਰਕੇ ਹਿੰਦੋਸਤਾਨ ਨੂੰ ਲੱਗਭਗ ਕਲੀਨ ਚਿਟ ਹੀ ਦਿੱਤੀ ਗਈ। ਜਦੋਂ ਕਿ ਸੱਚ ਇਹ ਹੈ ਕਿ ਪੰਜਾਬ ਅਤੇ ਸਿੱਖ ਕੌਮ ਵਿਰੋਧੀ ਵਤੀਰੇ ਨੇ ਪੰਜਾਬ ਵਿੱਚ ਹਥਿਆਰਬੰਦ ਸੰਘਰਸ਼ ਨੂੰ ਢੁਕਵਾਂ ਮਾਹੌਲ ਮੁਹੱਈਆ ਕਰਵਾਇਆ। ਜਦੋਂ ਇਸ ਸੰਘਰਸ਼ ਦੀ ਕਮਾਂਡ ਸੰਤ ਭਿੰਡਰਾਂਵਾਲਿਆਂ ਸਮੇਤ ਹੋਰ ਜਪ ਤਪ ਵਾਲੇ ਸਿੰਘਾਂ ਹੱਥ ਆ ਗਈ ਤਾਂ ਇਸ ਲਹਿਰ ਦਾ ਮੁਹਾਂਦਰਾ ਹੀ ਬਦਲ ਗਿਆ। ਇਸ ਲਹਿਰ ਨੂੰ ਹਿੰਦੋਸਤਾਨ ਵਲੋਂ ਪਿੱਤਲ ਦੀਆਂ ਗੋਲੀਆਂ ਦੇ ਨਾਲ ਨਾਲ ਨਸ਼ੇ ਦੀਆਂ ਗੋਲੀਆਂ ਰਾਹੀਂ ਦਬਾਇਆ ਗਿਆ।

ਫਿਲਮ ਦੀ ਇੱਕ ਝਲਕ

ਕਹਾਣੀ ਮੁਤਾਬਕ ਪੰਜਾਬ ਵਿੱਚ ਐਂਮਰਜੈਸੀ ਤੋਂ ਬਾਅਦ ਜਲਦੀ ਹੀ ਏ ਕੇ 47 ਅਤੇ ਨਸ਼ਾ ਆਉਣ ਲੱਗਾ ਜਦੋਂਕਿ ਅਸਲ ਵਿੱਚ ਏ ਕੇ 47 ਘੱਲੂਘਾਰੇ ਤੋਂ ਬਾਅਦ ਤੇ ਨਸ਼ਾ 90ਵਿਆਂ ਦੌਰਾਨ ਪੰਜਾਬ ਵਾੜਿਆ ਗਿਆ ਸੀ।  ਪਰ ਫਿਲਮ ਰਾਹੀਂ ਪੰਜਾਬ ਦੀ ਜਵਾਨੀ ਦੀ ਬਰਬਾਦੀ ਦਾ ਸਿਹਰਾ ਬੜੀ ਹੀ ਚਲਾਕੀ ਨਾਲ ਹਿੰਦੋਸਤਾਨ ਦੇ ਸਿਰੋਂ ਉਤਾਰ ਪਾਕਿਸਤਾਨ ਤੇ ਖਾੜਕੂ ਜਥੇਬੰਦੀਆਂ ਦੇ ਸਿਰ ਬੰਨਣ ਦੀ ਕੋਸ਼ਿਸ਼ ਕੀਤੀ ਗਈ। ਜੇ ਸੋਨੇ, ਤੇ ਹਥਿਆਰਾਂ ਸਮੇਤ ਹਰ ਤਰ੍ਹਾਂ ਦੀ ਤਸਕਰੀ ਬੰਦ ਹੋ ਗਈ ਤਾਂ ਨਸ਼ੇ ਦੀ ਕਿਉਂ ਨਾ ਹੋਈ। ਫਿਲਮ ਵਿੱਚ ਸੰਘਰਸ਼ਸ਼ੀਲ ਸਿੰਘਾਂ ਨੂੰ ਲਾਈਲੱਗ ਤੇ ਅਣਜਾਣ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ।

ਸਟੇਟ ਵਲੋਂ ਲਗਾਤਾਰ ਖਬਰ ਮੀਡੀਏ ਰਾਹੀਂ ਸਿੱਖ ਸੰਘਰਸ਼ ਨੂੰ ਭੰਡਿਆ ਗਿਆ, ਹੁਣ ਜਦੋਂ ਸਿੱਖਾਂ ਨੇ ਮੁੱਖ ਧਾਰਾ ਦੇ ਮੀਡੀਏ ਦਾ ਤੋੜ ਕਾਫੀ ਹੱਦ ਤੱਕ ਆਪਣਾ ਮੀਡੀਆ ਖੜਾ ਕਰਕੇ ਲੱਭ ਲਿਆ ਹੈ ਤਾਂ ਹੁਣ ਫਿਲਮਾਂ ਰਾਹੀਂ ਲਹਿਰ ਨੂੰ ਅਨਾੜੀ ਲੋਕਾਂ ਦੇ ਸੰਘਰਸ਼ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। 'ਪੰਜਾਬ 1984' ਫਿਲਮ ਵੀ ਇਸ ਲੜੀ ਦਾ ਹਿੱਸਾ ਮਹਿਸੂਸ ਹੁੰਦੀ ਹੈ ਪਰ 'ਬਲੈਕੀਆ' ਫਿਲਮ ਵਿੱਚ ਪ੍ਰਾਪੇਗੰਡਾ ਦਾ ਪੱਧਰ ਪਹਿਲਾਂ ਨਾਲੋਂ ਜ਼ਿਆਦਾ ਹੈ।

ਜੁਝਾਰ ਸਿੰਘ (9872775578)