ਹਿੰਦੂ ਭੀੜ ਵੱਲੋਂ ਕਤਲ ਕੀਤੇ ਮੁਸਲਮਾਨ ਪਹਿਲੂ ਖਾਨ ਦੇ ਮਾਮਲੇ 'ਚ ਸਾਰੇ ਦੋਸ਼ੀਆਂ ਨੂੰ ਅਦਾਲਤ ਨੇ ਬਰੀ ਕੀਤਾ

ਹਿੰਦੂ ਭੀੜ ਵੱਲੋਂ ਕਤਲ ਕੀਤੇ ਮੁਸਲਮਾਨ ਪਹਿਲੂ ਖਾਨ ਦੇ ਮਾਮਲੇ 'ਚ ਸਾਰੇ ਦੋਸ਼ੀਆਂ ਨੂੰ ਅਦਾਲਤ ਨੇ ਬਰੀ ਕੀਤਾ

ਅਲਵਰ: ਰਾਜਸਥਾਨ ਦੇ ਅਲਵਰ ਦੀ ਅਦਾਲਤ ਨੇ 2017 ਵਿੱਚ ਹਿੰਦੂ ਭੀੜ ਵੱਲੋਂ ਕਤਲ ਕੀਤੇ ਗਏ ਪਹਿਲੂ ਖਾਨ ਨਾਮੀਂ ਮੁਸਲਮਾਨ ਦੇ ਕਤਲ ਮਾਮਲੇ ਵਿੱਚ ਫੈਂਸਲਾ ਸੁਣਾਉਂਦਿਆਂ ਸਾਰੇ 6 ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ। 

ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਰਿਤਾ ਤਿਆਗੀ ਨੇ ਅੱਜ ਫੈਂਸਲਾ ਸੁਣਾਉਂਦਿਆਂ ਵਿਪਿਨ, ਰਵਿੰਦਰ, ਦਿਆਨੰਦ, ਕਾਲੂਰਾਮ, ਭੀਮ ਰਾਠੀ ਅਤੇ ਯੋਗੇਸ਼ ਧੋਲੀਆ ਨੂੰ ਬਰੀ ਕਰ ਦਿੱਤਾ ਹੈ। ਹੈਰਾਨੀ ਵਾਲੀ ਗੱਲ ਹੈ ਕਿ ਇਹ ਫੈਂਸਲਾ ਇਸ ਅਧਾਰ 'ਤੇ ਸੁਣਾਇਆ ਗਿਆ ਹੈ ਕਿ ਜੱਜ ਨੂੰ ਇਸ ਗੱਲ 'ਤੇ ਪੂਰਾ ਯਕੀਨ ਨਹੀਂ ਸੀ ਕਿ ਇਹ ਲੋਕ ਦੋਸ਼ੀ ਹਨ। 

ਅਲਵਰ ਦੇ ਐੱਸਪੀ ਪਾਰਿਸ਼ ਦੇਸ਼ਮੁੱਖ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਅਦਾਲਤ ਦੇ ਫੈਂਸਲੇ ਨੂੰ ਪੜ੍ਹਨ ਤੋਂ ਬਾਅਦ ਹੀ ਮਾਮਲੇ ਨੂੰ ਉੱਚ ਅਦਾਲਤ ਵਿੱਚ ਲੈ ਕੇ ਜਾਣ ਬਾਰੇ ਸੋਚਣਗੇ। 

ਦੱਸ ਦਈਏ ਕਿ 1 ਅਪ੍ਰੈਲ, 2017 ਨੂੰ ਹਰਿਆਣਾ ਦੇ ਨੂਹ ਖੇਤਰ ਨਾਲ ਸਬੰਧਿਤ ਪਹਿਲੂ ਖਾਨ ਨਾਮੀਂ 55 ਸਾਲਾ ਮੁਸਲਮਾਨ ਨੂੰ ਦਿੱਲੀ ਅਲਵਰ ਮੁੱਖ ਮਾਰਗ 'ਤੇ ਰਾਜਸਥਾਨ ਦੇ ਬਹਿਰੋਰ ਇਲਾਕੇ ਵਿੱਚ ਹਿੰਦੂ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ।

ਪਹਿਲੂ ਖਾਨ ਦੀ 3 ਅਪ੍ਰੈਲ ਨੂੰ ਮੌਤ ਹੋ ਗਈ ਸੀ। ਭੀੜ ਵੱਲੋਂ ਪਹਿਲੂ ਖਾਨ ਨੂੰ ਮਾਰਨ ਦੀ ਸਾਰੀ ਘਟਨਾ ਕੈਮਰੇ ਵਿੱਚ ਰਿਕਾਰਡ ਹੋ ਗਈ ਸੀ।