2 ਸਾਲ ਬਾਅਦ ਬਹਿਬਲਕਲਾਂ ਵਿੱਚ ਇਨਸਾਫ ਮੋਰਚਾ ਖਤਮ ਕਰਨ ਦਾ ਕੀਤਾ ਐਲਾਨ

2 ਸਾਲ ਬਾਅਦ ਬਹਿਬਲਕਲਾਂ ਵਿੱਚ ਇਨਸਾਫ ਮੋਰਚਾ ਖਤਮ ਕਰਨ ਦਾ ਕੀਤਾ ਐਲਾਨ

ਮੋਰਚੇ ਦੇ ਮੁਖੀ ਸੁਖਰਾਜ ਸਿੰਘ ਨੇ ਕਿਹਾ ਕਿ ਅਸੀਂ ਅਗਲੀ ਜੰਗ ਅਦਾਲਤ ਵਿੱਚ ਲੜਾਂਗੇ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਮੋਗਾ : ਬਹਿਬਲਕਲਾਂ ਇਨਸਾਫ ਮੋਰਚਾ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਮੋਰਚੇ ਦੇ ਮੁਖੀ ਸੁਖਰਾਜ ਸਿੰਘ ਨੇ ਬਹਿਬਲਕਲਾਂ ਗੋਲੀਕਾਂਡ ਮਾਮਲੇ ਵਿੱਚ ਸਿਟ ਵੱਲੋਂ ਸਟੇਟਸ ਰਿਪੋਰਟ ਪੇਸ਼ ਕਰਨ ਤੋਂ ਬਾਅਦ ਹੀ ਇਸ ਦਾ ਐਲਾਨ ਕੀਤਾ ਹੈ ।

ਫਰੀਦਕੋਟ ਅਦਾਲਤ ਵਿੱਚ ਇਹ ਸਟੇਟਸ ਰਿਪੋਰਟ ਪੇਸ਼ ਕੀਤੀ ਗਈ ਹੈ । ਹੁਣ ਅਦਾਲਤ ਵਿੱਚ ਬਹਿਬਲਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੇ ਟ੍ਰਾਈਲ ਸ਼ੁਰੂ ਕੀਤੇ ਜਾਣਗੇ । ਸੁਖਰਾਜ ਸਿੰਘ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਸੀ ਕਿ ਜੇਕਰ 22 ਦਸੰਬਰ ਤੱਕ ਬਹਿਬਲਕਲਾਂ ਗੋਲੀਕਾਂਡ ਨੂੰ ਲੈਕੇ ਸਿਟ ਨੇ ਸਟੇਟਸ ਰਿਪੋਰਟ ਪੇਸ਼ ਨਹੀਂ ਕੀਤੀ ਤਾਂ ਉਹ ਮਰਨ ਵਰਤ ‘ਤੇ ਬੈਠਣਗੇ । ਹੁਣ ਸਟੇਟਸ ਰਿਪੋਰਟ ਫਾਈਲ ਹੋਣ ਅਤੇ ਟ੍ਰਾਇਲ ਸ਼ੁਰੂ ਹੋਣ ‘ਤੇ ਉਨ੍ਹਾਂ ਨੇ ਸੰਤੁਸ਼ਟੀ ਜਤਾਈ ਹੈ ।

2 ਸਾਲ ਤੋਂ ਬਹਿਬਲਕਲਾਂ ਮੋਰਚਾ ਸੁਖਰਾਜ ਸਿੰਘ ਦੀ ਅਗਵਾਈ ਵਿੱਚ ਚੱਲ ਰਿਹਾ ਸੀ ਜੋ ਗੋਲੀਕਾਂਡ ਵਿੱਚ ਸ਼ਹੀਦ ਹੋਏ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਹਨ। ਸੁਖਰਾਜ ਨੇ ਕਿਹਾ ਕਿ ਉਹ ਇੱਕ ਦੋ ਦਿਨਾਂ ਦੇ ਅੰਦਰ ਸਮਾਗਮ ਰੱਖਣਗੇ ਅਤੇ ਮੋਰਚਾ ਖਤਮ ਕਰ ਦੇਣਗੇ । ਉਨ੍ਹਾਂ ਨੇ ਕਿਹਾ ਹੁਣ ਅਸੀਂ ਅਗਲੀ ਜੰਗ ਅਦਾਲਤ ਵਿੱਚ ਲੜਾਂਗੇ ਅਤੇ ਦੋਸ਼ੀ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਪੂਰੇ ਸਬੂਤ ਰੱਖਾਗੇ। ਉਨ੍ਹਾਂ ਨੇ ਮੋਰਚੇ ਦੌਰਾਨ ਸਾਥ ਦੇਣ ਵਾਲੇ ਸਾਥੀਆਂ ਅਤੇ ਸੰਗਤਾਂ ਦਾ ਵੀ ਧੰਨਵਾਦ ਕੀਤਾ ਹੈ ।

2015 ਵਿੱਚ ਬਰਗਾੜੀ ਬੇਅਦਬੀ ਕਾਂਡ ਤੋਂ ਬਾਅਦ ਕੋਟਕਪੂਰਾ ਅਤੇ ਬਹਿਬਲਕਲਾਂ ਵਿੱਚ ਸਿੱਖ ਆਗੂਆਂ ਵੱਲੋਂ ਮੋਰਚਾ ਲਗਾਇਆ ਗਿਆ ਸੀ । ਪਰ ਇਲਜ਼ਾਮ ਸੀ ਕਿ ਪੁਲਿਸ ਵੱਲੋਂ ਸਵੇਰ ਵੇਲੇ ਨਿਹੱਥੇ ਲੋਕਾਂ ‘ਤੇ ਗੋਲੀਆਂ ਚਲਾਈਆਂ ਗਈਆਂ ਸਨ ਜਿਸ ਵਿੱਚ 2 ਸਿੰਘ ਸ਼ਹੀਦ ਹੋ ਗਏ ਸਨ। ਇਸ ਮਾਮਲੇ ਵਿੱਚ ਕੈਪਟਨ ਸਰਕਾਰ ਵੱਲੋਂ ਵੀ ਸਿਟ ਦਾ ਗਠਨ ਕੀਤਾ ਗਿਆ ਸੀ । ਪਰ ਉਸ ਦੀ ਰਿਪੋਰਟ ਨੂੰ 2021 ਵਿੱਚ ਪੰਜਾਬ ਹਰਿਆਣਾ ਹਾਈਕੋਰਟ ਨੇ ਰੱਦ ਕਰ ਦਿੱਤਾ ਸੀ । ਜਿਸ ਤੋਂ ਬਾਅਦ ਅਦਾਲਤ ਨੇ 2 ਵੱਖ ਤੋਂ ਸਿਟ ਬਣਾਉਣ ਦੇ ਨਿਰਦੇਸ਼ ਦਿੱਤੇ ਸਨ। 8 ਮਹੀਨੇ ਪਹਿਲਾਂ ਹੀ ਦੋਵੇ ਸਿਟ ਨੇ ਚਾਰਜਸ਼ੀਟ ਫਾਈਲ ਕੀਤੀ ਸੀ। ਗੋਲੀਕਾਂਡ ਅਤੇ ਬੇਅਦਬੀ ਨੂੰ ਲੈਕੇ 2 ਕਮਿਸ਼ਨ ਵੀ ਬਣ ਚੁੱਕੇ ਹਨ ਪਰ ਹੁਣ ਤੱਕ ਕਿਸੇ ਨੂੰ ਵੀ ਸਜ਼ਾ ਨਹੀਂ ਹੋਈ ਹੈ ।