'ਕੋਰੋਨਾ' ਕਾਰਨ ਪੰਜਾਬ ਵਿਚ  ਮੁੜ ਵਿਗੜਨ ਲੱਗੇ ਹਾਲਾਤ 

'ਕੋਰੋਨਾ' ਕਾਰਨ ਪੰਜਾਬ ਵਿਚ  ਮੁੜ ਵਿਗੜਨ ਲੱਗੇ ਹਾਲਾਤ 

              ਜੁਲਾਈ ਮਹੀਨੇ ਦੌਰਾਨ 9,524 ਨਵੇਂ ਕੋਰੋਨਾ ਪੀੜਤ ਸਾਹਮਣੇ ਆਏ 

   ਅੰਮ੍ਰਿਤਸਰ ਟਾਈਮਜ਼     

ਚੰਡੀਗੜ੍ਹ : ਪੰਜਾਬ ਵਿਚ ਕੋਰੋਨਾ ਵਾਇਰਸ ਮੁੜ ਖ਼ਤਰਨਾਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਪੰਜਾਬ ਵਿਚ ਜੁਲਾਈ ਮਹੀਨੇ ਦੌਰਾਨ 9,524 ਨਵੇਂ ਕੋਰੋਨਾ ਪੀੜਤ ਸਾਹਮਣੇ ਆਏ ਹਨ, ਜੋ ਕਿ ਜੂਨ ਮਹੀਨੇ ਦੇ 2631 ਕੋਰੋਨਾ ਮਰੀਜ਼ਾਂ ਨਾਲੋਂ 260 ਫ਼ੀਸਦੀ ਜ਼ਿਆਦਾ ਹਨ। ਸੂਬੇ ਵਿਚ ਜੁਲਾਈ ਮਹੀਨੇ ਦੌਰਾਨ ਕੋਰੋਨਾ ਨਾਲ ਹੋਈਆਂ 46 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜੋ ਕਿ ਜੂਨ ਮਹੀਨੇ ਹੋਈਆਂ 22 ਮੌਤਾਂ ਨਾਲੋਂ 100 ਫ਼ੀਸਦੀ ਵੱਧ ਹਨ। ਸੂਬੇ ਵਿਚ ਹੁਣ ਤੱਕ 774267 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 20384 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਪੰਜਾਬ 'ਚ 1 ਅਪ੍ਰੈਲ ਤੋਂ 30 ਜੂਨ ਦਰਮਿਆਨ ਕੋਵਿਡ ਦੇ 3910 ਨਵੇਂ ਮਰੀਜ਼ ਸਾਹਮਣੇ ਆਏ ਸਨ।ਇਸ ਸਮੇਂ ਦੌਰਾਨ ਕੋਵਿਡ ਨਾਲ ਸਬੰਧਿਤ 28 ਮੌਤਾਂ ਦਰਜ ਕੀਤੀਆਂ ਗਈਆਂ ਸਨ। ਇਸੇ ਤਰ੍ਹਾਂ ਜੁਲਾਈ 'ਚ ਮਰੀਜ਼ਾਂ ਅਤੇ ਮੌਤਾਂ ਦੀ ਗਿਣਤੀ 143 ਫ਼ੀਸਦੀ ਅਤੇ 64 ਫ਼ੀਸਦੀ ਵਧੀ ਹੈ। ਹਾਲ ਹੀ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਅਨਮੋਲ ਗਗਨ ਮਾਨ ਦੀ ਰਿਪੋਰਟ ਵੀ ਪਾਜ਼ੇਟਿਵ ਪਾਈ ਗਈ ਸੀ, ਜਦੋਂ ਕਿ ਹਰਜੋਤ ਬੈਂਸ ਦੇ ਸਿੱਧਾ ਸੰਪਰਕ ਵਿਚ ਆਉਣ ਕਾਰਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਆਈਸੋਲੇਸ਼ਨ ਵਿਚ ਰੱਖਿਆ ਗਿਆ ਸੀ।

ਜਿਨ੍ਹਾਂ ਜ਼ਿਲ੍ਹਿਆਂ ਵਿਚ ਸਭ ਤੋਂ ਵੱਧ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ, ਉਨ੍ਹਾਂ ਵਿਚ ਮੋਹਾਲੀ ਤੋਂ 65, ਜਲੰਧਰ ਤੋਂ 56, ਹੁਸ਼ਿਆਰਪੁਰ ਤੋਂ 37, ਲੁਧਿਆਣਾ ਤੋਂ 31, ਪਟਿਆਲਾ ਤੋਂ 21, ਅੰਮ੍ਰਿਤਸਰ ਤੋਂ 16, ਰੋਪੜ ਤੋਂ 13 ਤੇ ਬਠਿੰਡਾ ਤੋਂ 10 ਮਰੀਜ਼ ਹਨ। ਸੂਬੇ ਵਿਚ 6482 ਨਮੂਨੇ ਹੀ ਜਾਂਚ ਲਈ ਭੇਜੇ ਜਾ ਸਕੇ, ਜਿਨ੍ਹਾਂ ਵਿਚੋਂ ਉਕਤ ਪਾਜ਼ੇਟਿਵ ਮਰੀਜ਼ ਸਾਹਮਣੇ ਆਏ। ਸੂਬੇ ਵਿੱਚ 3021 ਐਕਟਿਵ ਮਰੀਜ਼ ਰਹਿ ਗਏ ਹਨ।