ਉੱਤਰਾਖੰਡ ਸਰਕਾਰ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਲਈ ਥਾਂ ਅਲਾਟ ਕਰਵਾਏਗੀ  

ਉੱਤਰਾਖੰਡ ਸਰਕਾਰ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਲਈ ਥਾਂ ਅਲਾਟ ਕਰਵਾਏਗੀ  

ਅਕਾਲੀ ਦਲ ਦੇ ਵਫ਼ਦ ਨੂੰ ਮੁੱਖ ਮੰਤਰੀ ਧਾਮੀ ਨੇ ਦਿਤਾ ਭਰੋਸਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਦੇਹਰਾਦੂਨ/ਚੰਡੀਗੜ੍ਹ-ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਵਫ਼ਦ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਹਰਿਦੁਆਰ ਵਿਚ ਗੁਰਦੁਆਰਾ ਸ੍ਰੀ ਗਿਆਨ ਗੋਦੜੀ ਲਈ ਥਾਂ ਅਲਾਟ ਕਰਨਗੇ। ਇਹ ਭਰੋਸਾ ਉਨ੍ਹਾਂ ਅਕਾਲੀ ਦਲ ਦੇ ਵਫ਼ਦ ਨੂੰ ਬੀਤੇ ਦਿਨੀ ਹੋਈ ਮੁਲਾਕਾਤ ਦੌਰਾਨ ਦਿਵਾਇਆ। ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਉਹ ਹਰਿਦੁਆਰ 'ਚ ਗੁਰਦੁਆਰਾ ਸਾਹਿਬ ਲਈ ਥਾਂ ਨਿਸ਼ਚਿਤ ਕਰਨ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭਰੋਸੇ 'ਚ ਲੈ ਕੇ ਹੀ ਫ਼ੈਸਲਾ ਕਰਨਗੇ। ਇਸ ਮਕਸਦ ਲਈ ਛੇਤੀ ਹੀ ਸ਼੍ਰੋਮਣੀ ਕਮੇਟੀ ਦੀ ਇਕ ਟੀਮ ਹਰਿਦੁਆਰ ਦਾ ਦੌਰਾ ਕਰੇਗੀ। ਧਾਮੀ ਦਾ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸਮਝਣ ਤੇ ਉਨ੍ਹਾਂ ਦਾ ਸਤਿਕਾਰ ਕਰਨ ਲਈ ਧੰਨਵਾਦ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਅਕਾਲੀ ਦਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਵਾਲੀ ਥਾਂ ਹਰਿਦੁਆਰ 'ਚ ਗੁਰਦੁਆਰਾ ਸਾਹਿਬ ਸਥਾਪਿਤ ਕਰਨ ਦੀ ਪੰਥ ਦੀ ਚਿਰੋਕਣੀ ਮੰਗ ਹੱਲ ਕਰਵਾਉਣ 'ਚ ਸਫ਼ਲ ਰਿਹਾ ਹੈ। ਸੁਖਬੀਰ ਨੇ ਦੱਸਿਆ ਕਿ ਉੱਤਰਾਖੰਡ ਦੇ ਮੁੱਖ ਮੰਤਰੀ ਨੇ ਊਧਮ ਸਿੰਘ ਨਗਰ ਦੇ ਹਜ਼ਾਰਾਂ ਕਿਸਾਨਾਂ ਦਾ ਮਸਲਾ ਹੱਲ ਕਰਨ ਦਾ ਵੀ ਭਰੋਸਾ ਦਿੱਤਾ ਹੈ ਜਿਨ੍ਹਾਂ ਨੂੰ ਸੀਲਿੰਗ ਦੇ ਨੋਟਿਸ ਦਿੱਤੇ ਜਾ ਰਹੇ ਹਨ ਅਤੇ ਉਨ੍ਹਾਂ ਦੀ ਜ਼ਮੀਨ ਦੀ ਵਿਕਰੀ 'ਤੇ ਰੋਕਾਂ ਲਗਾਈਆਂ ਜਾ ਰਹੀਆਂ ਹਨ ਜਦੋਂ ਕਿ ਉਨ੍ਹਾਂ ਨੇ 70 ਸਾਲ ਪਹਿਲਾਂ ਇਹ ਜ਼ਮੀਨਾਂ ਲਈਆਂ ਸਨ। ਉਨ੍ਹਾਂ ਕਿਹਾ ਕਿ ਬਾਜ਼ਪੁਰ 'ਚ 4805 ਏਕੜ ਜ਼ਮੀਨ ਦਾ ਇਹ ਮਸਲਾ ਹੱਲ ਹੈ ਤੇ ਇਸ ਕੇਸ ਦੇ ਹੱਲ ਹੋਣ ਨਾਲ ਉੱਤਰਾਖੰਡ ਦੇ ਹਜ਼ਾਰਾਂ ਸਿੱਖ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ।  ਅਕਾਲੀ ਦਲ ਦੇ ਵਫ਼ਦ 'ਚ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਐਨ.ਕੇ. ਸ਼ਰਮਾ, ਪਰਮਬੰਸ ਸਿੰਘ ਰੋਮਾਣਾ, ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਤੇ ਬਾਬਾ ਤਰਸੇਮ ਸਿੰਘ ਨਾਨਕਮਤਾ ਡੇਰਾ ਕਾਰ ਸੇਵਾ ਵਾਲੇ ਵੀ ਸ਼ਾਮਿਲ ਸਨ।