319 ਜ਼ਾਅਲੀ ਪਾਸਪੋਰਟਾਂ ਦੇ ਮਾਮਲੇ ਵਿਚ ‘ਲੁੱਕ ਆਊਟ ਨੋਟਿਸ’ ਜਾਰੀ

319 ਜ਼ਾਅਲੀ ਪਾਸਪੋਰਟਾਂ ਦੇ ਮਾਮਲੇ ਵਿਚ ‘ਲੁੱਕ ਆਊਟ ਨੋਟਿਸ’ ਜਾਰੀ

ਮੋਗਾ/ਬਿਊਰੋ ਨਿਊਜ਼ :
10 ਸਾਲ ਪੁਰਾਣੇ ਪਾਸਪੋਰਟ ਘੁਟਾਲੇ ਵਿਚ ਜਾਅਲੀ ਦਸਤਾਵੇਜ਼ਾਂ ‘ਤੇ ਬਣੇ 319 ਪਾਸਪੋਰਟਾਂ ਦੇ ਧਾਰਕਾਂ ਦੀ ਗ੍ਰਿਫ਼ਤਾਰੀ ਲਈ ਪੁਲੀਸ ਨੇ ‘ਲੁੱਕ ਆਊਟ ਨੋਟਿਸ’ ਜਾਰੀ ਕੀਤਾ ਹੈ। ਅਦਾਲਤ ਦੀ ਮਨਜ਼ੂਰੀ ਨਾਲ 50 ਲੱਖ ਰੁਪਏ ਦਾ ਜ਼ਮਾਨਤੀ ਮੁਚੱਲਕਾ ਭਰ ਕੇ ਵਿਦੇਸ਼ ਗਏ 11 ਮੁਲਜ਼ਮ ਵਾਪਸ ਹੀ ਨਹੀਂ ਪਰਤੇ, ਜਿਨ੍ਹਾਂ ਨੂੰ ਭਗੌੜਾ ਐਲਾਨਿਆ ਜਾ ਚੁੱਕਾ ਹੈ।
ਇੱਥੇ ਥਾਣਾ ਸਿਟੀ ਵਿਚ 13 ਜੁਲਾਈ 2008 ਨੂੰ ਇੱਥੇ ਤਾਇਨਾਤ ਪੁਲੀਸ ਮੁਲਾਜ਼ਮ ਸਤਪਾਲ ਸਿੰਘ ਦੀ ਸ਼ਿਕਾਇਤ ‘ਤੇ ਦਰਜ ਕੇਸ ਵਿਚ ਜ਼ਿਲ੍ਹੇ ਨਾਲ ਸਬੰਧਤ 2002 ਤੋਂ 2008 ਤੱਕ 795 ਪਾਸਪੋਰਟ ਅਰਜ਼ੀਆਂ ਦੀ ਜਾਂਚ ਦੌਰਾਨ ਕਰੀਬ 398 ਪਾਸਪੋਰਟ ਫ਼ਰਜ਼ੀ ਦਸਤਾਵੇਜ਼ਾਂ ‘ਤੇ ਜਾਰੀ ਹੋਣ ਦੀ ਪੁਸ਼ਟੀ ਹੋਈ ਸੀ। ਇਸ ਕੇਸ ਵਿਚ 105 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋਈ, ਜਿਨ੍ਹਾਂ ਵਿੱਚੋਂ ਕੁਝ ਮੁਲਜ਼ਮਾਂ ਨੂੰ ਪੁਲੀਸ ਨੇ ਤਫ਼ਤੀਸ਼ ਦੌਰਾਨ ਕਲੀਨ ਚਿੱਟ ਦੇ ਦਿੱਤੀ ਸੀ। ਇਸ ਘੁਟਾਲੇ ਦੀ ਜਾਂਚ ਨਾਲ ਜੁੜੇ ਅਧਿਕਾਰੀ ਨੇ ਦੱਸਿਆ ਕਿ ਇਸ ਘੁਟਾਲੇ ਵਿਚ ਕਰੀਬ 319 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਪੁਲੀਸ ਲਈ ਸਿਰਦਰਦੀ ਬਣੀ ਹੋਈ ਹੈ। ਇਨ੍ਹਾਂ ‘ਚੋਂ ਬਹੁਤੇ ਮੁਲਜ਼ਮਾਂ ਦੇ ਪਾਸਪੋਰਟ ਜਾਰੀ ਨਹੀਂ ਹੋਏ ਸਨ ਤੇ ਪੁਲੀਸ ਉਨ੍ਹਾਂ ਨੂੰ ਹੁਣ ਤੱਕ ਗ੍ਰਿਫ਼ਤਾਰ ਨਹੀਂ ਕਰ ਸਕੀ। ਹਰ ਵਰ੍ਹੇ ਇਨ੍ਹਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ‘ਲੁੱਕ ਆਊਟ ਨੋਟਿਸ’ ਜਾਂਦਾ ਹੈ। ਕਈ ਮੁਲਜ਼ਮ ਗ੍ਰਿਫ਼ਤਾਰੀ ਦੇ ਡਰੋਂ ਵਤਨ ਨਹੀਂ ਪਰਤ ਰਹੇ।
ਦੱਸਣਯੋਗ ਹੈ ਕਿ ਇੱਥੇ ਜਲੰਧਰ, ਗੁਰਦਾਸਪੁਰ, ਹੁਸ਼ਿਆਰਪੁਰ, ਮੋਗਾ, ਲੁਧਿਆਣਾ, ਫ਼ਰੀਦਕੋਟ ਜ਼ਿਲ੍ਹਿਆਂ ਦੇ ਵਿਅਕਤੀਆਂ ਨੇ ਪੁਲੀਸ ਮੁਲਾਜ਼ਮਾਂ ਅਤੇ ਟਰੈਵਲ ਏਜੰਸੀ ਮਾਲਕਾਂ ਦੀ ਮਿਲੀਭੁਗਤ ਨਾਲ ਜਾਅਲੀ ਦਸਤਾਵੇਜ਼ਾਂ ਤੇ ਗ਼ਲਤ ਪਤੇ ‘ਤੇ ਪਾਸਪੋਰਟ ਜਾਰੀ ਕਰਵਾਏ ਸਨ। ਇਹ ਪਾਸਪੋਰਟ ਡਾਕ ਵਿਭਾਗ ਦੇ ਡਾਕੀਏ ਦੀ ਮਿਲੀਭੁਗਤ ਨਾਲ ਭੇਜੇ ਜਾਂਦੇ ਸਨ। ਇਸ ਘੁਟਾਲੇ ਦੀ ਜਾਂਚ ਦੌਰਾਨ ਤਤਕਾਲ ਸਕੀਮ ਅਧੀਨ ਫਰਜ਼ੀ ਦਸਤਾਵੇਜ਼ਾਂ ‘ਤੇ ਬਣੇ ਪਾਸਪੋਰਟਾਂ ਵਿੱਚ ਸਿਵਲ ਤੇ ਪੁਲੀਸ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਸਾਹਮਣੇ ਆਉਣ ਲੱਗੀ ਤਾਂ ਪੁਲੀਸ ਨੇ ਜਾਂਚ ਠੱਪ ਕਰ ਦਿੱਤੀ ਸੀ। ਦੱਸਣਯੋਗ ਹੈ ਕਿ ਸਥਾਨਕ ਅਦਾਲਤ ਨੇ ਇਸ ਵਰ੍ਹੇ ਦੀ 21 ਫਰਵਰੀ ਨੂੰ ਚੰਡੀਗੜ੍ਹ ਤੇ ਹੋਰ ਸ਼ਹਿਰਾਂ ਦੀਆਂ 14 ਟਰੈਵਲ ਏਜੰਸੀ ਸੰਚਾਲਕਾਂ, 5 ਏਜੰਟਾਂ, ਬਰਖ਼ਾਸਤ 3 ਪੁਲੀਸ ਮੁਲਾਜ਼ਮਾਂ, ਚੰਡੀਗੜ੍ਹ ਖੇਤਰੀ ਪਾਸਪੋਰਟ ਦਫ਼ਤਰ ਸੁਪਰਡੈਂਟ ਤੋਂ ਇਲਾਵਾ ਜਨਮ/ਮੌਤ ਸ਼ਾਖਾ ਕਲਰਕ ਤੇ ਡਾਕੀਏ ਸਮੇਤ 25 ਮੁਲਜ਼ਮਾਂ ਨੂੰ 3 ਸਾਲ ਦੀ ਕੈਦ ਤੇ 11 ਹਜ਼ਾਰ ਰੁਪਏ ਜੁਰਮਾਨਾ ਕੀਤਾ ਸੀ। ਦੋਸ਼ੀ ਕਰਾਰ ਦਿੱਤੇ ਮੁਲਜ਼ਮਾਂ ਦੀ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਸੈਸ਼ਨ ਅਦਾਲਤ ਵਿਚ ਅਪੀਲ ਸੁਣਵਾਈ ਅਧੀਨ ਹੈ। ਇਸ ਕੇਸ ਵਿਚ 44 ਫਰਜ਼ੀ ਪਾਸਪੋਰਟਾਂ ਦੇ ਧਾਰਕਾਂ ਨੂੰ ਬਰੀ ਕਰ ਦਿੱਤਾ ਸੀ।