ਬੱਸਾਂ ਵਿਚ ਗੀਤ ਚਲਾਉਣ ਵਾਲਿਆਂ ਖਿਲਾਫ ਕਾਰਵਾਈ

ਬੱਸਾਂ ਵਿਚ ਗੀਤ ਚਲਾਉਣ ਵਾਲਿਆਂ ਖਿਲਾਫ ਕਾਰਵਾਈ

ਚੰਡੀਗੜ੍ਹ: ਪੰਜਾਬ ਟਰਾਂਸਪੋਰਟ ਮਹਿਕਮੇ ਨੇ ਬੱਸਾਂ ਵਿਚ ਨਸ਼ੇ ਅਤੇ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਤ ਕਰਨ ਵਾਲੇ ਗੀਤ ਚਲਾਉਣ ਵਾਲੇ ਮੁਲਾਜ਼ਮਾਂ ਖਿਲਾਫ ਸਖਤੀ ਵਰਤਦਿਆਂ ਪੰਜ ਦਿਨਾਂ ਦੀ ਖਾਸ ਮੁਹਿੰਮ ਦੌਰਾਨ 212 ਚਲਾਨ ਕੱਟੇ ਹਨ। 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ 'ਤੇ ਇਹ ਕਾਰਵਾਈ ਕੀਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ, "ਪੰਜਾਬ ਟਰਾਂਸਪੋਰਟ ਅਥਾੱਰਿਟੀ ਨੂੰ ਅਸੀਂ ਨਿਰਦੇਸ਼ ਦਿੱਤੇ ਹਨ ਕਿ ਜੇਕਰ ਹੁਣ ਤੋਂ ਬੱਸਾਂ ਵਿੱਚ ਭੜਕਾਊ, ਲੱਚਰਤਾ ਤੇ ਹਿੰਸਾ ਵਾਲੇ ਗਾਣੇ ਚੱਲਣਗੇ ਤਾਂ ਉਨ੍ਹਾਂ ਨੂੰ ਭਾਰੀ ਜੁਰਮਾਨਾ ਦੇਣਾ ਪਵੇਗਾ ਤੇ ਇਸ ‘ਤੇ ਚਾਲਾਨ ਵੀ ਕੱਟੇ ਜਾਣਗੇ। ਅਸੀਂ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਨੂੰ ਬਰਦਾਸ਼ਤ ਨਹੀਂ ਕਰਾਂਗੇ ਤੇ ਜੇਕਰ ਸਾਨੂੰ ਕਿਸੇ ਵੀ ਨਿਯਮ ਦੀ ਉਲੰਘਣਾ ਹੁੰਦੀ ਦਿਖੇਗੀ ਤਾਂ ਅਸੀਂ ਇਸ ਖਿਲਾਫ਼ ਸਖ਼ਤ ਕਾਰਵਾਈ ਵੀ ਕਰਾਂਗੇ।"

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਸਰਕਾਰ ਨੇ ਗੈਂਗਸਟਰ ਸੁੱਖਾ ਕਾਹਲਵਾਂ 'ਤੇ ਬਣਾਈ ਗਈ ਫਿਲਮ "ਸ਼ੂਟਰ" 'ਤੇ ਪਾਬੰਦੀ ਲਾ ਦਿੱਤੀ ਸੀ। ਸਰਕਾਰ ਦਾ ਕਹਿਣਾ ਹੈ ਕਿ ਇਹ ਫਿਲਮ ਹਿੰਸਾ ਅਤੇ ਜ਼ੁਰਮ ਨੂੰ ਉਤਸ਼ਾਹਿਤ ਕਰਦੀ ਹੈ। 

ਜਿੱਥੇ ਸਰਕਾਰ ਦੇ ਇਹਨਾਂ ਫੈਂਸਲਿਆਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਉੱਥੇ ਹੀ ਇਹ ਵੀ ਵਿਚਾਰ ਸਾਹਮਣੇ ਆ ਰਿਹਾ ਹੈ ਕਿ ਸਰਕਾਰ ਸਿਰਫ ਹਿੰਸਾ ਨੂੰ ਹੀ ਨਿਸ਼ਾਨੇ 'ਤੇ ਲੈ ਰਹੀ ਹੈ ਜਦਕਿ ਪੰਜਾਬੀ ਸੱਭਿਆਚਾਰ ਦੇ ਨਾਂ ਹੇਠ ਪੰਜਾਬੀ ਗੀਤਾਂ, ਫਿਲਮਾਂ ਅਤੇ ਹਿੰਦੀ ਸਿਨੇਮਾ ਰਾਹੀਂ ਅੱਤ ਦਰਜੇ ਦੀ ਅਸ਼ਲੀਲਤਾ ਤੇ ਨਸ਼ਾ ਫਲਾਇਆ ਜਾ ਰਿਹਾ ਹੈ, ਉਸ ਖਿਲਾਫ ਸਰਕਾਰ ਕੋਈ ਕਾਰਵਾਈ ਕਿਉਂ ਨਹੀਂ ਕਰ ਰਹੀ।