ਪ੍ਰੋ. ਹਰਿੰਦਰ ਸਿੰਘ ਮਹਿਬੂਬ ਨਾਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਕੀਤੀ ਗਈ ਖਾਸ ਮੁਲਾਕਾਤ

ਪ੍ਰੋ. ਹਰਿੰਦਰ ਸਿੰਘ ਮਹਿਬੂਬ ਨਾਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਕੀਤੀ ਗਈ ਖਾਸ ਮੁਲਾਕਾਤ

“ਉਸ ਨੇ ਵੀਹਵੀਂ ਸਦੀ ’ਚ ਸਾਨੂੰ ਇਸ ਤਰ੍ਹਾਂ ਜਗਾਇਆ ਜਿਵੇਂ ਪਹਿਲਾਂ ਕਿਸੇ ਨੇ ਨਹੀਂ ਸੀ ਜਗਾਇਆ”

ਸਰਦਾਰ ਹਰਿੰਦਰ ਸਿੰਘ ਮਹਿਬੂਬ ਪੰਥ ਦੇ ਸਿਰਮੌਰ ਲੇਖਕਾਂ ਵਿਚੋਂ ਇਕ ਸਨ। ਸਿੱਖ ਧਰਮ, ਸਿੱਖ ਇਤਿਹਾਸ ਅਤੇ ਸਿੱਖ ਸਭਿਆਚਾਰ ਦੀ ਅੰਤਰੀਵ ਹਸਤੀ ਅਤੇ ਇਲਾਹੀ ਖੂਬਸੂਰਤੀ ਦੇ ਉਹ ਮੌਲਿਕ ਵਿਆਖਿਆਕਾਰ ਹਨ। ਇਸ ਸਮੇਂ ਅਤੇ ਬੀਤੇ ਵਿਚ ਸਾਡੀ ਇਸ ਧਰਤੀ ਤੇ ਵਿਚਰੀਆਂ ਅਤੇ ਵਿਚਰ ਰਹੀਆਂ ਹਸਤੀਆਂ ਦੇ ਵੰਨ-ਸੁਵੰਨੇ ਰੰਗ ਉਨ੍ਹਾਂ ਦੇ ਗਿਆਨ ਤੇ ਧਿਆਨ ਵਿਚ ਕੁਲ ਗਹਿਰਾਈਆਂ ਸਮੇਤ ਸਮਾਏ ਹੋਏ ਹਨ। ਇਨ੍ਹਾਂ ਰੰਗਾਂ ਨੂੰ ਉਹ ਗੁਰਬਾਣੀ ਦੀ ਰੋਸ਼ਨੀ ਵਿਚ ਵੇਖਦੇ ਤੇ ਪਰਖਦੇ ਹਨ। ਜੇ ਕਿਸੇ ਨੇ ਇਹਨਾਂ ਵੰਨ-ਸੁਵੰਨੇ ਰੰਗਾਂ ਦਾ ਦੀਦਾਰ ਕਰਨਾ ਹੋਵੇ ਤਾਂ ਇਹ ਉਨ੍ਹਾਂ ਦੀਆਂ ਕਿਤਾਬਾਂ ‘ਸਹਿਜੇ ਰਚਿਓ ਖਾਲਸਾ’, ‘ਝਨਾਂ ਦੀ ਰਾਤ’ ਅਤੇ ਖਾਸ ਕਰਕੇ ‘ਇਲਾਹੀ ਨਦਰਿ ਦੇ ਪੈਂਡੇ’ ਵਿੱਚ ਵੇਖੇ ਜਾ ਸਕਦੇ ਹਨ। ‘ਇਲਾਹੀ ਨਦਰਿ ਦੇ ਪੈਂਡੇ’ ਦੀ ਪਹਿਲੀ ਜਿਲਦ ਵਿਸ਼ਵ ਸਾਹਿਤ ਦੀ ਕਲਾਸਿਕੀ ਤੇ ਨਿਰਾਲੀ ਰਚਨਾ ਹੈ ਜੋ ਹੋ ਸਕਦਾ ਹੈ ਮਹਾਨ ਫਿਲਾਸਫਰ ਨਿਤਸ਼ੇ ਦੀਆਂ ਰਚਨਾਵਾਂ ਵਾਂਗ ਕਈ ਵਰ੍ਹੇ ਅਣਗੌਲੀ ਹੀ ਪਈ ਰਵੇ। ਸ਼ਾਇਦ ਇਹ ਦੁਨੀਆਂ ਦਾ ਇਕੋ ਇਕ ਮਹਾਂ-ਕਾਵਿ ਹੈ ਜਿਸ ਵਿੱਚ ਗੁਰੂ ਨਾਨਕ ਸੱਚ ਰਾਹੀਂ ਵਿਸ਼ਵ ਦੀਆਂ ਫਿਲਾਸਫੀਆਂ ਧਰਮਾਂ ਅਤੇ ਸਭਿਆਚਾਰਾਂ ਦੇ ਗਿਆਨ ਦੀ ਖੁਸ਼ਬੋ ਹਾਸਲ ਹੁੰਦੀ ਹੈ।

ਸਰਦਾਰ ਹਰਿੰਦਰ ਸਿੰਘ ਮਹਿਬੂਬ ਉਨ੍ਹਾਂ ਵਿਅਕਤੀਆਂ ਵਿਚੋਂ ਹਨ ਜੋ ਸੰਤ ਜਰਨੈਲ ਸਿੰਘ ਨੂੰ ਭਾਵੇਂ ਇਕ-ਦੋ ਵਾਰ ਮਿਲੇ ਸਨ ਪਰ ਉਨ੍ਹਾਂ ਨੇ ਸੰਤ ਜਰਨੈਲ ਸਿੰਘ ਦੀ ਹਸਤੀ ਵਿਚੋਂ ਸੰਤ ਜਰਨੈਲ ਸਿੰਘ ਅਤੇ ਸਿੰਘ ਦੇ ਗੁਣਾਂ ਨੂੰ ਵੇਖ ਲਿਆ ਸੀ। ਸੀਨੀਅਰ ਪੱਤਰਕਾਰ ਸ. ਕਰਮਜੀਤ ਸਿੰਘ ਵੱਲੋਂ ਮਹਿਬੂਬ ਸਾਹਿਬ ਨਾਲ ਕੀਤੀ ਗਈ ਇਕ ਮੁਲਾਕਾਤ ਮਾਸਿਕ ਰਸਾਲੇ ਸਿੱਖ ਸ਼ਹਾਦਤ ਦੇ ਜੂਨ 2000 ਅੰਕ ਵਿਚ ਛਪੀ ਸੀ। ਅਸੀਂ ਇਥੇ ਇਸ ਮੁਲਾਕਾਤ ਨੂੰ ਮੁੜ ਪੇਸ਼ ਕਰਨ ਜਾ ਰਹੇ ਹਾਂ।

ਸਵਾਲ: ਮਹਿਬੂਬ ਜੀਓ! ਪਿਛਲੇ ਸਾਲ (1999 ਈ.) 26 ਦਸੰਬਰ ਨੂੰ ਚੰਡੀਗੜ੍ਹ ਵਿਚ ਹੋਏ ਸਿੱਖ ਕੌਮ ਦੇ ਇਕ ਅਹਿਮ ਸਮਾਰੋਹ ਵਿਚ ਤੁਸੀਂ ਵੀ ਸ਼ਾਮਲ ਹੋਏ ਸੀ। ਉਸ ਸਮਾਰੋਹ ਵਿਚ ਸੰਤ ਜਰਨੈਲ ਸਿੰਘ ਨੂੰ ਵੀਹਵੀਂ ਸਦੀ ਦੀ ਮਹਾਨਤਮ ਸਿੱਖ ਹਸਤੀ ਪ੍ਰਵਾਨ ਕੀਤਾ ਗਿਆ ਸੀ। ਜੇ ਮੈਂ ਗਲਤੀ ਉੱਤੇ ਨਹੀਂ ਤਾਂ ਤੁਸੀਂ ਉਸ ਇਤਿਹਾਸਕ ਦ੍ਰਿਸ਼ਟੀਕੋਣ ਨਾਲ ਸਹਿਮਤ ਸੀ!

ਉੱਤਰ- ਜੀ ਹਾਂ। ਮੈਂ ਸਹਿਮਤ ਸਾਂ ਤੇ ਸਹਿਮਤ ਰਹਾਂਗਾ। ਉਹ ਨਿਰਾ ਇਤਿਹਾਸਕ ਦ੍ਰਿਸ਼ਟੀਕੋਣ ਹੀ ਨਹੀਂ ਸੀ, ਉਹ ਜਿਉਂਦੀ ਜਾਗਦੀ ਉਸ ਸਿੱਖ ਜ਼ਮੀਰ ਦੀ ਆਵਾਜ਼ ਸੀ ਜਿਸ ਨੂੰ ਹਾਲੇ ਖਵਰੇ ਦੁਨਿਆਵੀ ਸੁਆਰਥਾਂ ਨੇ ਝੂਠ ਅਤੇ ਅਕਲ ਦੀਆਂ ਚਲਾਕੀਆਂ ਵਰਤ ਕੇ ਮੱਧਮ ਜਾਂ ਠੰਢਾ ਨਹੀਂ ਸੀ ਕੀਤਾ। ਜਸਟਿਸ ਅਜੀਤ ਸਿੰਘ ਬੈਂਸ, ਸ. ਗੁਰਤੇਜ ਸਿੰਘ, ਮੈਡਮ ਖਾਲੜਾ, ਡਾ. ਬਲਜੀਤ ਕੌਰ, ਡਾ. ਕੁਲਦੀਪ ਸਿੰਘ, ਡਾ. ਗੁਰਦਰਸ਼ਨ ਸਿੰਘ, ਜਨਰਲ ਨਰਿੰਦਰ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਬਾਬਾ ਸਰਬਜੋਤ ਸਿੰਘ ਬੇਦੀ ਅਤੇ ਸਿਮਰਨਜੀਤ ਸਿੰਘ ਮਾਨ ਵਰਗੇ ਵੱਖ-ਵੱਖ ਬੌਧਿਕ ਦਿਸ਼ਾਵਾਂ ਪੇਸ਼ ਕਰਦੇ ਸਿੱਖ ਦਾਨਿਸ਼ਵਰਾਂ, ਪੰਥਕ ਤਕਦੀਰ ਦੇ ਦਰਦਮੰਦਾਂ ਅਤੇ ਗੁਰਮੁਖ-ਲਿਵ ਵਿਚ ਜੀਉਣ ਵਾਲੀਆਂ ਪੰਥਕ ਹਸਤੀਆਂ ਨੇ ਹਾਜ਼ਰ ਹੋ ਕੇ ਅਤੇ ਬਹੁਤ ਸਾਰਿਆਂ ਨੇ ਸੰਦੇਸ਼ਾਂ ਰਾਹੀਂ ਉਸ ਇਤਿਹਾਸਕ ਦ੍ਰਿਸ਼ਟੀਕੋਣ ਨਾਲ ਸਹਿਮਤੀ ਪ੍ਰਗਟਾਈ। ਹਾਂ!…ਇਹ ਇਕ ਆਪ ਮੁਹਾਰੀ ਆਤਮਕ ਆਵਾਜ਼ ਸੀ। ਮੇਰਾ ਲਹੂ, ਮੇਰੀ ਜ਼ਮੀਰ, ਮੇਰੀ ਚੇਤੰਨਤਾ ਅਤੇ ਮੇਰੀ ਰਹਿਤ ਮਰਿਆਦਾ ਵੀ ਇਸ ਆਵਾਜ਼ ਤੋਂ ਵੱਖ ਨਹੀਂ ਸਨ।

ਸਵਾਲ: ਮਹਿਬੂਬ ਜੀ! ਇਕ ਸ਼ੰਕਾ ਹੈ। ਵੀਹਵੀਂ ਸਦੀ ਵਿਚ ਸੰਤ ਅਤਰ ਸਿੰਘ ਮਸਤੂਆਣਾ, ਮਾਸਟਰ ਤਾਰਾ ਸਿੰਘ, ਬਾਬਾ ਖੜਕ ਸਿੰਘ, ਪ੍ਰੋ. ਪੂਰਨ ਸਿੰਘ, ਭਾਈ ਵੀਰ ਸਿੰਘ, ਭਾਈ ਕਾਹਨ ਸਿੰਘ ਨਾਭਾ ਅਤੇ ਜਲ੍ਹਿਆਂ ਵਾਲਾ ਬਾਗ, ਪੰਜਾ ਸਾਹਿਬ, ਨਨਕਾਣਾ ਸਾਹਿਬ ਦੇ ਸ਼ਹੀਦਾਂ ਦੇ ਹੁੰਦਿਆਂ ਹੋਇਆਂ ਸੰਤ ਜਰਨੈਲ ਸਿੰਘ ਨੂੰ ਵੀਹਵੀਂ ਸਦੀ ਦਾ ਸਰਬੋਤਮ ਖ਼ਾਲਸਾ ਕਿਸ ਤਰਕ ਅਧੀਨ ਮੰਨੀਏ?

ਉੱਤਰ – ਪਿਆਰੇ ਜੀਉ! ਤੁਹਾਡੇ ਸੁਆਲ ਦੇ ਉੱਤਰ ਵਿਚ ਆਪਣੇ ਵੱਲੋਂ ਕੁਝ ਕਹਿਣ ਤੋਂ ਪਹਿਲਾਂ ਮੈਂ ਸ਼ਹੀਦ ਜਨਰਲ ਸੁਬੇਗ ਸਿੰਘ ਅਤੇ ਸ਼੍ਰੋਮਣੀ ਸਮਕਾਲੀ ਕਵੀ ਡਾ. ਹਰਭਜਨ ਸਿੰਘ (ਦਿੱਲੀ) ਹੁਰਾਂ ਦੇ ਦੋ ਪ੍ਰਸਿੱਧ ਕਥਨ ਯਾਦ ਕਰਵਾਉਣੇ ਚਾਹੁੰਦਾ ਹਾਂ। ਜਨਰਲ ਸੁਬੇਗ ਸਿੰਘ ਨੇ ਤੀਸਰੇ ਵੱਡੇ ਘੱਲੂਘਾਰੇ (ਸਾਕਾ ਨੀਲਾ ਤਾਰਾ) ਵਿਖੇ ਸ਼ਹੀਦੀ ਪਾਉਣ ਤੋਂ ਕੁਝ ਮਹੀਨੇ ਪਹਿਲਾਂ “ਸਿੱਖ ਰਿਿਵਊ” ਵਿਚ ਕਿਹਾ ਸੀ ਕਿ ਸੰਤ ਜਰਨੈਲ ਸਿੰਘ ਖਾਲਸਾ ਪੰਥ ਦੇ ਗੁਰੂ ਗੋਬਿੰਦ ਸਿੰਘ ਪਿੱਛੋਂ ਸਭ ਤੋਂ ਵੱਡੇ ਸਿੱਖ ਹਨ ਅਤੇ ਡਾ. ਹਰਭਜਨ ਸਿੰਘ ਨੇ ਆਪਣੇ ਨਿਬੰਧ ‘ਯੁੱਗ ਪੁਰਸ਼ ਸੰਤ ਜਰਨੈਲ ਸਿੰਘ’ (ਅਕਸ-84) ਵਿਚ ਇਹ ਗਵਾਹੀ ਦਿੱਤੀ ਸੀ ਕਿ ਸੰਤ ਜੀ ਐਨੇ ਨਿਰਮਲ ਸਨ ਕਿ ਉਹਨਾਂ ਕੋਲ ਬੈਠਾ ਹਰ ਆਦਮੀ ਆਪਣੇ ਆਪ ਨੂੰ ਮੈਲਾ ਮੈਲਾ ਮਹਿਸੂਸ ਕਰਦਾ ਸੀ। ਫਿਰ 26 ਦਸੰਬਰ ਵਾਲੇ ਸਮਾਰੋਹ ਵਿਚ ਤਾਂ ਸਿਰਫ ਵੀਹਵੀਂ ਸਦੀ ਦੇ ਮਹਾਨਤਮ ਸਿੱਖ ਦੀ ਹੀ ਗੱਲ ਚੱਲੀ ਸੀ।….

ਸਵਾਲ: ਤੁਹਾਡੀ ਗੱਲ ਟੋਕਣ ਦੀ ਗੁਸਤਾਖੀ! ਬਹੁਤ ਲੋਕਾਂ ਦੀ ਰਾਏ ਵਿਚ ਜਨਰਲ ਸੁਬੇਗ ਸਿੰਘ ਨੂੰ ਭਾਰਤੀ ਸਰਕਾਰ ਨਾਲ ਬਹੁਤ ਸਾਰੀਆਂ ਜਾਤੀ ਰੰਜਸ਼ਾਂ ਸਨ, ਜੋ ਉਹਨਾਂ ਅਨੁਸਾਰ ਜਨਰਲ ਸਾਹਿਬ ਵੱਲੋਂ ਸੰਤ ਜਰਨੈਲ ਸਿੰਘ ਦੀ ਕੀਤੀ ਪ੍ਰਸੰਸਾ ਵਿਚ ਬਹੁਤਾ ਵਜ਼ਨ ਨਹੀਂ ਰਹਿੰਦਾ, ਭਾਵ ਉਹਨਾਂ ਦੀ ਟਿੱਪਣੀ ਪ੍ਰਮਾਣਿਕ ਸਾਰਥਕਤਾ ਨਹੀਂ ਰੱਖਦੀ।

ਉੱਤਰ – ਪਿਆਰੇ ਦੋਸਤ! ਕੈਸੀਆਂ ਗੱਲਾਂ ਕਰਦੇ ਹੋ। ਜਨਰਲ ਸੁਬੇਗ ਸਿੰਘ ਦੀ ਸ਼ਹਾਦਤ ਜਾਤੀ ਰੰਜਸ਼ਾਂ ਤੋਂ ਕਿਤੇ ਅੱਗੇ ਸੀ ਅਤੇ ਨਿਰਲੇਪ ਅਕਾਸ਼ਾਂ ਵਿਚ ਵਿਚਰਦੀ ਸੀ। ਜਾਤੀ ਰੰਜਸ਼ਾਂ ਵਿਚ ਘਿਰੇ ਲੋਕ ਅਕਾਲ ਤਖ਼ਤ, ਹਰਿਮੰਦਰ ਸਾਹਿਬ ਸਾਹਮਣੇ ਹੋਏ ਤੀਸਰੇ ਵੱਡੇ ਘੱਲੂਘਾਰੇ ਵਿਚ ਗੁਰਦਾਸ ਨੰਗਲ ਦੇ ਯੋਧੇ ਜੇਡੀ ਸੂਰਮਗਤੀ ਵਿਖਾ ਕੇ ਜਰਨਲ ਸੁਬੇਗ ਸਿੰਘ ਵਰਗੀ ਬੇਮਿਸਾਲ ਸ਼ਹਾਦਤ ਪ੍ਰਾਪਤ ਨਹੀਂ ਕਰਿਆ ਕਰਦੇ। ਕੀ ਉਸ ਦੀ ਸ਼ਹਾਦਤ ਵਿਚ ਸ਼ਟੋਚਿ ਫਿਲਾਸਫਰਾਂ ਵਰਗੀ ਸਬਰ-ਸ਼ਾਂਤੀ ਅਤੇ ਸੁਕਰਾਤ ਵਰਗੀ ਅਗਾਧ ਅਤੇ ਮਿੱਠੀ ਚੁੱਪ ਨਹੀਂ ਸੀ? ਕੀ ਉਸ ਦੀ ਲੜੀ ਜੰਗ ਵਿਚ ਸ. ਸ਼ਾਮ ਸਿੰਘ ਅਟਾਰੀਵਾਲਾ ਦੇ ਹਾਣ ਦੀ ਸੂਰਮਗਤੀ ਪਰ ਉਸ ਨਾਲੋਂ ਕਿਤੇ ਵਧੇਰੇ ਪ੍ਰੌਢ ਨਿਪੁੰਨਤਾ, ਦੂਰ ਦ੍ਰਿਸ਼ਟੀ, ਸਹੀ ਤੇ ਕਰਾਰੀ ਚੋਟ ਅਤੇ ਅਤਿ ਸੂਖਮ ਸੰਤੁਲਨ ਨਹੀਂ ਸਨ? ਜਾਤੀ ਰੰਜਸ਼ਾਂ ਦੀ ਪਕੜ ਵਿਚ ਆਏ ਲੋਕ ਅਜਿਹੀਆਂ ਉੱਚੀਆਂ ਚੋਟੀਆਂ ਨੂੰ ਸਰ ਨਹੀਂ ਕਰ ਸਕਦੇ। ਜਨਰਲ ਸੁਬੇਗ ਸਿੰਘ ਸਿੱਖ ਇਤਿਹਾਸ ਦੀ ਮੂੰਹ ਜ਼ੋਰ ਕਾਂਗ ਦਾ ਚਿਰੰਜੀਵ ਨਾਇਕ ਹੈ, ਜਦੋਂ ਕਿ ਜਨਰਲ ਜਗਜੀਤ ਸਿੰਘ ਅਰੋੜਾ ਕਿਸੇ ਵੀ ਸ਼ਕਤੀਸ਼ਾਲੀ ਇਤਿਹਾਸ ਦਾ ਸ਼ਾਇਦ ਇਕ ਮਾਮੂਲੀ ਫੁੱਟ ਨੋਟ ਵੀ ਨਾ ਬਣ ਸਕੇ।

ਸਵਾਲ: ਖਿਮਾ ਕਰਨਾ, ਹੁਣ ਮੈਨੂੰ ਆਪਣੀ ਅਧੂਰੀ ਛੱਡੀ ਗੱਲ ਵੱਲ ਆਉਣ ਦੀ ਆਗਿਆ ਦਿਉ। ਤੁਹਾਡੀ ਜ਼ਮੀਰ, ਤੁਹਾਡੀ ਦਲੀਲ, ਤੁਹਾਡੇ ਗਿਆਨ ਅਤੇ ਤੁਹਾਡੇ ਅਨੁਭਵ ਦੇ ਮੁਤਾਬਕ ਦਰਜਨਾਂ ਮਹਾਂਪੁਰਸ਼ਾਂ ਦੇ ਹੁੰਦਿਆਂ ਸੰਤ ਜਰਨੈਲ ਸਿੰਘ ਵੀਹਵੀਂ ਸਦੀ ਦੇ ਸ਼੍ਰੋਮਣੀ ਖਾਲਸਾ ਜਾਂ ਮਹਾਂ-ਮਾਨਵ ਕਿਵੇਂ ਹਨ?

ਉੱਤਰ – ਮਿੱਤਰਾ! ਜੇ ਸੱਚ ਪੁੱਛੇਂ ਤਾਂ ਸਿੱਖ ਧਰਮ ਵਿਸ਼ਵ ਸਭਿਆਚਾਰਾਂ, ਕਲਾ, ਮਾਨਵਤਾ ਅਤੇ ਧਰਮਾਂ ਨੂੰ ਸਦੀਵੀਂ ਹੁਸਨ ਪ੍ਰਦਾਨ ਕਰਨ ਵਾਲਾ ਵਿਸ਼ਵ ਦਾ ਸਭ ਤੋਂ ਨਿਆਰਾ ਧਰਮ ਹੈ, ਪਰ ਇਸ ਦਾ ਜਨਮ ਅਜਿਹੇ ਨਾਖੁਸ਼ਗਵਾਰ ਰਾਜਸੀ ਮਾਹੌਲ ਅਤੇ ਗਿਣਤੀ ਪੱਖੋਂ ਸ਼ਕਤੀਸ਼ਾਲੀ ਧਰਮਾਂ ਦੇ ਹਉਮੈਵਾਦੀ ਦੌਰ ਵਿਚ ਹੋਇਆ, ਜਦੋਂ ਰਾਜਸੀ ਸੁਆਰਥਾਂ ਅਤੇ ਮਜ਼੍ਹਬੀ ਹੰਕਾਰ ਨੇ ਖੂਨੀ ਕ੍ਰੋਧ ਵਿਚ ਇਸ ਦੀ ਹੋਂਦ ਨੂੰ ਹੀ ਮਿਟਾਉਣ ਲਈ ਆਪਣੀਆਂ ਈਰਖਾਲੂ ਸਾਜ਼ਿਸ਼ਾਂ ਅਤੇ ਲਸ਼ਕਰਾਂ ਨੂੰ ਲਾਮਬੰਦ ਕੀਤਾ। ਵਿਰੋਧੀ ਸ਼ਕਤੀਆਂ ਪੰਜ ਸਦੀਆਂ ਤੋਂ ਹੀ ਇਸ ਦੀ ਹੋਂਦ ਦੇ ਨਿਆਰੇਪਣ ਨਾਲ ਵੈਰ ਕਮਾ ਰਹੀਆ ਹਨ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹੋ ਨਿਆਰਾਪਨ ਇਸ ਦੀ ਰੀੜ ਦੀ ਹੱਡੀ ਹੈ। ਪਿਛਲੀਆਂ ਸਦੀਆਂ ਵਿਚ ਸਿੱਖ ਧਰਮ ਨੇ ਆਪਣੀ ਹੋਂਦ ਦੇ ਨਿਆਰੇਪਨ ਨੂੰ ਕਾਇਮ ਰੱਖਣ ਲਈ ਸੈਂਕੜੇ ਸੰਘਰਸ਼ ਲੜੇ, ਕਿਉਂਕਿ ਸਿਦਕ ਉਸ ਦੇ ਲਹੂ ਅਤੇ ਜ਼ਮੀਰ ਦਾ ਅਨਿੱਖੜ ਅੰਗ ਹੈ, ਜਿਸ ਅਨੁਸਾਰ ਮਾਨਵਤਾ ਦੇ ਹਕੀਕੀ ਰੂਪ (ਅੰਤ੍ਰੀਵ ਅਤੇ ਜ਼ਾਹਰੀ), ਉਸ ਦੀ ਆਤਮਕ ਗਹਿਰਾਈ ਅਤੇ ਸਾਬਤ ਮਨੁੱਖ ਦੇ ਸੰਕਲਪ ਦੀ ਸਲਾਮਤੀ ਲਈ ਸਿੱਖ ਧਰਮ ਦਾ ਭਰਪੂਰ ਅਤੇ ਬੇਦਾਗ ਸ਼ਕਲ ਵਿਚ ਜਿਉਂਦੇ ਰਹਿਣਾ ਬਹੁਤ ਜ਼ਰੂਰੀ ਹੈ। ਸੋ ਸਿੱਖ ਹੋਂਦ ਦੀ ਪਹਿਰੇਦਾਰੀ ਦੇ ਰੂਹਾਨੀ ਮਿਆਰਾਂ ਅਨੁਸਾਰ ਹੀ ਸਿੱਖ ਸਾਈਕੀ ਨੇ ਆਪਣੇ ਮਹਾਂਮਾਨਵ ਦੀ ਚੋਣ ਕਰਨੀ ਹੈ। ਦੋਸਤਾ! ਭਾਵੇਂ ਹਮਲਿਆਂ ਦੀ ਸ਼ਿੱਦਤ ਅਤੇ ਅਕਲ ਦੀਆਂ ਚਲਾਕੀਆਂ ਸਮੇਂ ਸਮੇਂ ਸ਼ਕਲਾਂ ਬਦਲਦੀਆਂ ਰਹੀਆਂ, ਪਰ ਇਕ ਗੱਲ ਪੱਕੀ ਹੈ ਕਿ ਸਿੱਖ ਰਾਜ ਦਾ ਸੂਰਜ ਡੁੱਬਣ ਪਿੱਛੋਂ ਦੇ ਪਹਿਲੇ ਤੀਹ ਵਰ੍ਹੇ, ਆਜ਼ਾਦੀ ਦੀ ਜੱਦੋ ਜਹਿਦ ਦੌਰਾਨ ਅਤੇ ਆਜ਼ਾਦ ਭਾਰਤ ਵਿਚ ਸਿੱਖ ਇਤਿਹਾਸ, ਗੁਰੂ ਗ੍ਰੰਥ ਸਾਹਿਬ, ਖਾਲਸੇ ਦੀ ਵੱਖਰੀ ਪਛਾਣ ਅਤੇ ਉਸ ਦੇ ਧਰਮ ਅਸਥਾਨਾਂ ਦੀ ਆਤਮਕ ਉੱਚਤਾ ਨੂੰ ਖੋਰਣ ਲਈ, ਗੰਧਲਾਉਣ ਲਈ ਅਤੇ ਉਸ ਦੇ ਮਾਣ, ਸ਼ਾਨ ਤੇ ਯਕੀਨ ਨੂੰ ਜੜ੍ਹੋਂ ਉਖਾੜਨ ਲਈ ਵਿਰੋਧੀਆਂ ਵਲੋਂ ਭਿਅੰਕਰ ਯੋਜਨਾਬੱਧ ਸਾਜ਼ਿਸ਼ਾਂ ਗੁੰਦੀਆਂ ਗਈਆਂ। ਮਹੀਨ ਕੂਟਨੀਤੀ ਦੇ ਹਥਿਆਰ ਵਰਤਕੇ ਮਾਸੂਮ ਅਤੇ ਨਿਰਛਲ ਖਾਲਸਾ ਜੀ ਨੂੰ ਲਾਰਿਆਂ, ਵਕਤੀ ਸ਼ੁਹਰਤਾਂ ਅਤੇ ਝੂਠੇ ਵਾਅਦਿਆਂ ਵਿਚ ਉਲਝਾਇਆ ਗਿਆ। ਜਦੋਂ ਭਾਰਤ ਦੀ ਧਾਰਮਿਕ-ਬਹੁਗਿਣਤੀ ਜਮਹੂਰੀਅਤ ਦਾ ਲਿਬਾਸ ਪਹਿਨਕੇ ਸਾਡੀ ਆਤਮਾ ਅਤੇ ਸਰੀਰਾਂ ਦੀ ਆਜ਼ਾਦੀ ਨੂੰ ਚੱਕਰਵਿਊਹਾਂ ਵਿਚ ਘੇਰ ਕੇ ਸਾਨੂੰ ਸਾਹ-ਸੱਤ ਹੀਣ ਕਰਨ ਦੀ ਹੱਦ ਤੱਕ ਲੈ ਗਈ ਤਾਂ ਵੀਹਵੀਂ ਸਦੀ ਦੇ ਮਹਾਨਤਮ ਸਿੰਘ ਸੰਤ ਜਰਨੈਲ ਸਿੰਘ ਨੇ ਸਾਨੂੰ ਇਸ ਤਰ੍ਹਾਂ ਜਗਾਇਆ ਜਿਵੇਂ ਪਹਿਲਾਂ ਕਿਸੇ ਨੇ ਨਹੀਂ ਸੀ ਜਗਾਇਆ। ਰੂਹ ਦੀਆਂ ਗਹਿਰ-ਗੰਭੀਰ ਤੈਹਾਂ ਤਕ ਸਾਨੂੰ ਸੰਤਾਂ ਨੇ ਇਬਲੀਸ ਦੀਆਂ ਚਾਲਾਂ ਤੋਂ ਖਬਰਦਾਰ ਕੀਤਾ ਅਤੇ ਸਾਨੂੰ ਭਵਿੱਖ ਦੇ ਹਰ ਮੋੜ ਉੱਤੇ ਡੂੰਘੇ ਅਨੁਭਵ ਤਕ ਪਹਿਰੇਦਾਰੀ ਦੇ ਹਰ ਨਿਯਮ ਅਤੇ ਵਿਧੀ ਤੋਂ ਜਾਣੂ ਕਰਵਾਇਆ। ਫੌਜੀ ਜਰਨੈਲਾਂ, ਸਿਆਸਤਦਾਨਾਂ, ਸਹਿਤਕਾਰਾਂ, ਚਿੰਤਕਾਂ, ਗਿਆਨੀਆਂ ਅਤੇ ਸੰਤ ਮਸਤੂਆਣਾ ਨਾਲੋਂ ਸੰਤ ਜਰਨੈਲ ਸਿੰਘ ਦੀ ਜ਼ਮੀਰ, ਬਿਬੇਕ ਅਤੇ ਅੰਦਾਜ਼ ਵਿਚ ਵਡੇਰਾ ਬਲ ਸੀ।

ਸਵਾਲ: ਸੰਤ ਜੀ ਦੇ ਬਲ (ਸ਼ਕਤੀ) ਦਾ ਪੰਥ ਲਈ ਉਸਾਰੂ ਅਤੇ ਕਲਿਆਣਕਾਰੀ ਪੱਖ ਕਿਹੜਾ ਸੀ? ਇਸ ਦੇ ਕੁਝ ਠੋਸ ਅਤੇ ਨਿਸਚਿਤ ਸੰਕੇਤ ਤਾਂ ਦਿਉ।

ਉੱਤਰ – ਵਾਹ ਜੀ ਵਾਹ! ਕੀ ਪੰਥ ਦੀ ਜਾਗ੍ਰਿਤੀ ਨੂੰ ਉਸ ਉੱਚਾਈ ਤਕ ਲੈ ਜਾਣਾ ਜਿੱਥੋਂ ਉਸ ਨੂੰ ਆਪਣੀ ਹੋਂਦ ਦੇ ਮਿਟਣ ਦਾ ਹਰ ਖਤਰਾ ਦਿਸੇ, ਉਹਨਾਂ ਦੇ ਕੰਮ ਅਤੇ ਕੁਰਬਾਨੀ ਦਾ ਉਸਾਰੂ ਪੱਖ ਨਹੀਂ? ਫਿਰ ਵੀ ਮੈਂ ਤੁਹਾਡੀ ਇੱਛਾ ਜਾਂ ਮੰਗ ਦਾ ਸਤਿਕਾਰ ਕਰਦਾ ਹੋਇਆ ਆਪਣੀ ਦਲੀਲ ਨੂੰ ਹੋਰ ਸਪੱਸ਼ਟ ਕਰਦਾ ਹਾਂ। ਸੰਤ ਜੀ ਦਾ ਮਿਸ਼ਨ ਪੰਥ ਨੂੰ ਉਹਨਾਂ ਖਤਰਿਆਂ ਤੋਂ ਜਾਣੂ ਕਰਵਾਉਣਾ ਸੀ, ਜਿਹੜੇ ਸਰਬਨਾਸ਼ ਦਾ ਰੂਪ ਧਾਰ ਕੇ ਉਸ ਦੇ ਸਿਰ ਉੱਤੇ ਮੰਡਰਾ ਰਹੇ ਸਨ। ਅੰਤ ਵਿਚ ਇਸ ਦਾ ਸਾਬਤ ਪ੍ਰਮਾਣ ਦੇਣ ਲਈ ਉਹਨਾਂ ਨੇ ਅਕਾਲ ਤਖਤ ਨੂੰ ਸੱਚ ਦੇ ਬੋਲ ਬੋਲਣ ਲਈ ਆਪਣਾ ਵਿਸ਼ੇਸ਼ ਆਸਣ ਚੁਣਿਆ, ਜਿਸ ਦੀ ਪਵਿੱਤਰਤਾ ਨੂੰ ਧਰਮ-ਨਿਰਪੱਖਤਾ ਦੇ ਨਾਂਅ ਉੱਤੇ ਰਾਜਸੀ ਕੂਟਨੀਤੀ ਵੀ ਭੰਗ ਨਾ ਕਰਨ ਦਾ ਨਾਟਕ ਰਚਾ ਰਹੀ ਸੀ। ਵਕਤ ਦੀ ਸਰਕਾਰ ਨੇ ਖਾਲਸੇ ਦੇ ਸਵੈਮਾਣ ਨੂੰ ਹਮੇਸ਼ਾਂ ਵਾਸਤੇ ਤੋੜਨ ਲਈ ਹਰਿਮੰਦਰ ਸਾਹਿਬ ਦੁਆਲੇ ਤੀਸਰਾ ਵੱਡਾ ਘੱਲੂਘਾਰਾ ਵਰਤਾਇਆ, ਸੰਤ ਜੀ ਅਤੇ ਉਹਨਾਂ ਦੇ ਮੁੱਠੀ ਭਰ ਸੂਰਮੇ ਸਾਥੀ ਭਾਰਤ ਦੀ ਆਧੁਨਿਕ ਸ਼ਕਤੀਸ਼ਾਲੀ ਫੌਜ ਨਾਲ ਲੜਦੇ ਹੋਏ ਸ਼ਹੀਦੀਆਂ ਪਾ ਗਏ। ਪਿਆਰੇ ਜੀਓ – ਗੱਲ ਏਥੇ ਹੀ ਨਹੀਂ ਮੁੱਕ ਜਾਂਦੀ। ਇਹ ਠੀਕ ਹੈ ਕਿ ਸੰਤ ਜੀ ਨੇ ਪੰਥ ਲਈ ਕੋਈ ਠੋਸ ਅਤੇ ਪਰਤੱਖ ਦੁਨਿਆਵੀ ਪ੍ਰਾਪਤੀ ਨਹੀਂ ਕੀਤੀ, ਕੋਈ ਰਾਜ ਭਾਗ ਨਹੀਂ ਲਿਆ ਅਤੇ ਨਾ ਤੀਸਰੇ ਘਲੂਘਾਰੇ ਵਿਚ ਉਹਨਾਂ ਦੀ ਰਣਨੀਤੀ ਨੂੰ ਕਿਸੇ ਕਬਜ਼ੇ ਦੀ ਸ਼ਕਲ ਵਿਚ ਕੋਈ ਸੰਸਾਰਕ ਜਿੱਤ ਹੀ ਨਸੀਬ ਹੋਈ, ਪਰ ਉਹਨਾਂ ਦੇ ਨਿਰਸੁਆਰਥ ਅਮਲ ਨੇ ਪੰਥ ਲਈ ਇਲਾਹੀ ਗਗਨ ਦਮਾਮੇ ਵਰਗੀ ਮਿਸਾਲ ਅਤੇ ਸ਼ਹੀਦਾਂ ਦੇ ਖੂਨ ਦੇ ਦਰਿਆ ਵਰਗਾ ਜਿਉਂਦਾ ਜਾਗਦਾ ਵਿਰਾਟ ਪ੍ਰਤੀਕ ਸਿਰਜ ਕੇ ਵਿਖਾ ਦਿੱਤਾ। ਕਿਸੇ ਬਹੁ-ਅਰਥੀ ਸੰਦਰਭ ਵਿਚ ਉਹਨਾਂ ਨੇ ਖਾਲਸੇ ਦਾ ਆਪਣੀ ਮੌਲਿਕ ਹੋਂਦ ਵਿਚ ਇਸ਼ਕ, ਉਸ ਨੂੰ ਸਾਂਭਣ ਦੀ ਅਝੁੱਕ ਦ੍ਰਿੜਤਾ ਅਤੇ ਬੇਇਨਸਾਫੀ ਵਿਰੁੱਧ ਸਦੀਵੀ ਰੋਸ ਦੇ ਸੱਚ ਨੂੰ ਸਥਾਪਤ ਕਰਨ ਦਾ ਚਮਤਕਾਰ ਕਰ ਵਿਖਾਇਆ। ਸੰਸਰ ਦੇ ਸਭ ਮਹਾਂਪੁਰਸ਼ ਆਪਣੇ ਅਮਲ ਦੀਆਂ ਮਿਸਾਲਾਂ ਨੂੰ ਇਕ ਅਸੀਮ ਚਿਤਰਪਟ ਉੱਤੇ ਖੜੀਆਂ ਕਰ ਦਿੰਦੇ ਹਨ। ਉਹ ਮਿਸਾਲਾਂ ਸੰਸਾਰਕ ਪੱਖੋਂ ਚੋਟੀਆਂ ਵੀ ਨਜ਼ਰ ਆ ਸਕਦੀਆਂ ਹਨ, ਪਰ ਲਘੂ ਹੋਣ ਦੇ ਬਾਵਜੂਦ ਉਹ ਮਿਸਾਲਾਂ ਆਪਣੇ ਅਸੀਮ ਚਿਤਰਪਟ ਨਾਲ ਜੁੜੀਆ ਹੋਣ ਕਾਰਨ ਆਪਣੇ ਪ੍ਰੈਕਟੀਕਲ ਅਰਥਾਂ ਵਿਚ ਸਦੀਵੀ ਤੌਰ ’ਤੇ ਪ੍ਰਚੰਡ ਪ੍ਰੇਰਣਾ ਨਾਲ ਭਰਪੂਰ ਰਹਿੰਦੀਆਂ ਹਨ। ਮੈਂ ਤੀਸਰੇ ਘੱਲੂਘਾਰੇ ਦੇ ਮਹਾਂਨਾਇਕ ਦੀ ਮਹਾਨਤਾ ਨੂੰ ਇਸੇ ਦ੍ਰਿਸ਼ਟੀਕੋਣ ਤੋਂ ਪ੍ਰਮਾਣਿਕ ਮੰਨਦਾ ਹਾਂ।

ਸਵਾਲ: ਮਹਿਬੂਬ ਜੀ! ਰਾਜਸੀ ਟਿੱਪਣੀਕਾਰ ਸੰਤ ਜੀ ਉੱਤੇ ਦੋਸ਼ ਲਗਾਉਂਦੇ ਹਨ ਕਿ ਉਹਨਾਂ ਨੇ ਕਿੰਨਿਆਂ ਹੀ ਮੌਕਿਆਂ ਉੱਤੇ ਕਾਂਗਰਸ ਦਾ ਸਾਥ ਦਿੱਤਾ। ਰਾਜ ਕਰ ਰਹੇ ਅਕਾਲੀ ਤਾਂ ਬਹੁਤ ਵਾਰ ਉਹਨਾਂ ਨੂੰ ਕਾਂਗਰਸ ਦਾ ਏਜੰਟ ਵੀ ਕਹਿ ਦਿੰਦੇ ਹਨ। ਇਸ ਬਾਰੇ ਤੁਹਾਡਾ ਪ੍ਰਤਿਕਰਮ?

ਉੱਤਰ – ਵੀਰ ਜੀ! ਕਿਸੇ ਵੀ ਮਹਾਂ ਮਾਨਵ ਦੀ ਅਮਲੀ ਇਕਾਗਰਤਾ ਦਾ ਕੇਂਦਰ ਉਸ ਦਾ ਕਦੇ ਨਾ ਡੁੱਬਣ ਵਾਲਾ ਆਦਰਸ਼ ਹੁੰਦਾ ਹੈ ਜਿਸ ਦੀ ਹਰ ਹਾਲਤ ਵਿਚ ਕੀਤੀ ਜਾਣ ਵਾਲੀ ਪਰੀਪੂਰਣਤਾ ਲਈ ਉਸ ਨੇ ਜ਼ਿੰਦਗੀ ਨਾਲ ਵਕਤੀ ਲਗਾਵ ਕਾਇਮ ਕਰਨੇ ਹੀ ਹੁੰਦੇ ਹਨ। ਇਹਨਾਂ ਥੌੜ-ਚਿਰੇ ਸੰਪਰਕਾਂ ਨਾਲ ਮਹਾਂ-ਮਾਨਵ ਅਨਿੱਜੀ ਲੋੜ ਅਨੁਸਾਰ ਮੁਲਾਕਾਤ ਕਰਦਾ ਹੈ, ਪਰ ਉਹ ਆਪਣੇ ਆਦਰਸ਼ ਦੀ ਨਿਰਮਲਤਾ ਨੂੰ ਨਹੀਂ ਭੁੱਲਦਾ, ਜਿਸ ਦੀ ਤੂਫਾਨੀ ਰਫਤਾਰ ਅੱਗੇ ਖੂਬਸੂਰਤ ਗਰਜਦੇ ਮੀਹਾਂ ਤਕ ਥੋੜ੍ਹ-ਚਿਰੇ ਲਗਾਵ ਧੂੜ ਵਾਂਗ ਉਡਦੇ ਹੀ ਰਹਿੰਦੇ ਹਨ। ਸੰਤ ਜੀ ਰੂਹਾਨੀ ਤ੍ਰਿਖਾ ਅਧੀਨ ਆਪਣੇ ਆਦਰਸ਼ ਲਈ ਲੜੇ, ਰਾਜ ਵਿਚ ਜੀਵਨ ਦੇ ਭਿੰਨ-ਭਿੰਨ ਅਦਾਰਿਆਂ ਨਾਲ ਵਕਤੀ ਰਿਸਤੇ ਬਣੇ, ਪਰ ਉਹਨਾਂ ਨੇ ਆਪਣੀ ਨਿਗਾਹ ਨੂੰ ਅਰੁਕ ਵਹਿਣਾਂ ਤੋਂ ਲਾਂਭੇ ਨਾ ਕੀਤਾ, ਜਿੰਨਾ ਚਿਰ ਕਿਸੇ ਵਿਚ ਵਫਾ ਦੀ ਸੁੱਚਤਾ ਰਹੀ, ਉਨ੍ਹਾਂ ਚਿਰ ਲਘੂ ਸਾਥ ਨੂੰ ਵੀ ਸੰਤ ਜੀ ਨੇ ਪ੍ਰਵਾਨਗੀ ਦਿੱਤੀ। ਜੇ ਗਿਆਨੀ ਜੈਲ ਸਿੰਘ ਨੂੰ ਸੰਤ ਪੈਦਾ ਕਰਨ ਦਾ ਭੁਲੇਖਾ ਸੀ ਅਤੇ ਜੇ ਸ਼ਾਸਕ ਅਕਾਲੀ ਸੰਤ ਜੀ ਉੱਤੇ ਕਾਂਗਰਸ ਪੱਖੀ ਹੋਣ ਦਾ ਚਿੱਕੜ ਉਛਾਲਕੇ ਘੋਰ ਈਰਖਾ ਵੱਸ ਆਪਣੀ ਆਤਮਿਕ ਗਰੀਬੀ ਛੁਪਾਉਣਾ ਚਾਹੁੰਦੇ ਹਨ ਜਾਂ ਆਪਣੀ ਸੁਆਰਥ ਪੂਰਤੀ ਲਈ ਅਗਿਆਨ ਦਾ ਲੜ ਨਹੀਂ ਛੱਡਣਾ ਚਾਹੁੰਦੇ ਤਾਂ ਪੰਥ ਦੇ ਦਰਦੀਆਂ ਦਾ ਕੀ ਕਸੂਰ ਹੈ?

ਸਵਾਲ: ਉਸ ਦੀ ਸ਼ਹਾਦਤ ਅਤੇ ਸਿੱਖਾਂ ਨੂੰ ਜਗਾਉਣ ਲਈ ਉਸ ਵੱਲੋਂ ਨਿਭਾਏ ਗਏ ਰੋਲ ਨੂੰ ਤੁਸੀਂ ਇਤਿਹਾਸ ਵਿਚ ਕੀ ਸਥਾਨ ਦਿੰਦੇ ਹੋ?

ਉੱਤਰ – ਇਸ ਵਿਚ ਕੋਈ ਸ਼ੱਕ ਨਹੀਂ ਕਿ ਸੰਤ ਜਰਨੈਲ ਸਿੰਘ ਸਿੱਖ ਇਤਿਹਾਸ ਦੇ ਬੇਨਜੀਰ ਨਾਇਕ ਹਨ। ਉਹਨਾਂ ਦੀ ਇਤਿਹਾਸਕ ਮਹਾਨਤਾ ਨੂੰ ਸਮਝਣ ਲਈ ਸਾਨੂੰ ਨੀਲਾ ਤਾਰਾ ਸਾਕਾ ਦੀ ਵਿਕਰਾਲ ਬਣਤਰ, ਭਿਅੰਕਰ ਰਫਤਾਰ, ਉਸ ਦੇ ਕੁ-ਢਬੇ, ਕਠੋਰ ਫੈਲਾਉ ਅਤੇ ਉਸ ਦੀ ਸਮਾਪਤੀ ਪਿੱਛੋਂ ਧਾਰਮਿਕ ਬਹੁਗਿਣਤੀ ਦੇ ਖੂਨੀ ਪ੍ਰਤਿਕਰਮਾਂ ਉੱਤੇ ਨਿਗਾਹ ਮਾਰਨੀ ਪਵੇਗੀ। ਕਈ ਮਹੀਨੇ ਪਹਿਲਾਂ ਚਕਰਾਤਾ ਵਿਖੇ ਹਰਿਮੰਦਰ ਸਾਹਿਬ ਉੱਤੇ ਹੋਣ ਵਾਲੇ ਹਮਲੇ ਦੀਆਂ ਫੌਜੀ ਮਸ਼ਕਾਂ, ਗੈਰ ਰਾਜਸੀ ਲੋਕਾਂ ਦੇ ਕੁਦਰਤੀ ਇਕੱਠ ਸਮੇਂ ਹਮਲੇ ਲਈ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ ਦਿਨ ਚੁਣਨਾ, ਰਾਜੀਵ ਗਾਂਧੀ ਦਾ ਸੰਤਾਂ ਨੂੰ ਨਿਰੋਲ ਧਾਰਮਿਕ ਵਿਅਕਤੀ ਕਹਿਣਾ, ਹਾਕਮਾਂ ਵਲੋਂ ਅਮਨ ਦੀਆਂ ਪੇਸ਼ਕਸ਼ਾਂ ਦੇ ਢੋਂਗ ਰਚਾਉਣਾ, ਆ ਰਹੇ ਹਮਲੇ ਨੂੰ ਕੁਝ ਉਹਲੇ ਵਿਚ ਰੱਖ ਕੇ ਸਿੰਘਾਂ ਦੇ ਭਾਰੀ ਇਕੱਠ ਦੀ ਸਥਿਤੀ ਬਣਾਉਣੀ, ਫੌਜ ਦੇ ਘੇਰੇ ਪਿੱਛੋਂ ਗੁਰਪੁਰਬ ਉੱਤੇ ਆਏ ਮਾਸੂਮ ਬਾਲਾਂ, ਬਿਰਧਾਂ ਅਤੇ ਮੁਟਿਆਰਾਂ ਨੂੰ ਗੁਰਦੁਆਰੇ ਤੋਂ ਬਾਹਰ ਨਿਕਲਣ ਦਾ ਮੌਕਾ ਨਾ ਦੇਣਾ, ਫਿਰ ਇਹਨਾਂ ਮਾਸੂਮਾਂ ਦਾ ਫੌਜੀ ਜਿੱਤ ਪਿੱਛੋਂ ਹਲਾਕੂ ਤੇ ਹਿਟਲਰ ਦੇ ਜੁਲਮਾਂ ਨੂੰ ਯਾਦ ਕਰਵਾਉਂਦਾ ਕਤਲੇਆਮ ਅਤੇ ਏਸੇ ਹੀ ਲੜੀ ਵਿਚ ਕੁਝ ਮਹੀਨਿਆਂ ਪਿੱਛੋਂ ਦਿੱਲੀ ਅਤੇ ਭਾਰਤ ਦੇ ਹੋਰ ਸ਼ਹਿਰਾਂ ਵਿਚ ਸਿੱਖਾਂ ਦੇ ਘਿਨਾਉਣੇ ਕਤਲ ਹਿੰਦੂਤਵ ਦੀ ਉਹ ਖੂਨੀ ਤਸਵੀਰ ਬਣਾਉਂਦੇ ਹਨ, ਜਿਹੜੀ ਕਿਸੇ ਵੀ ਹੋਰ ਧਰਮ ਦੀ ਸੁਤੰਤਰ ਹਸਤੀ ਨੂੰ ਬਰਦਾਸਤ ਨਹੀਂ ਕਰ ਸਕਦੀ। ਹੈਰਾਨੀ ਦੀ ਗੱਲ ਹੈ ਕਿ ਕਮਿਊਨਿਸਟ ਵੀ ਹਿੰਦੂਤਵ ਦੇ ਉਸ ਬੇਕਿਰਕ ਹਜ਼ੂਮ ਨਾਲੋਂ ਘੱਟੋ ਘੱਟ ਸੁਤੰਤਰ ਪਛਾਣ ਦੀ ਸਿੱਖਾਂ ਦੀ ਇੱਛਾ ਦੇ ਮਾਮਲੇ ਵਿਚ ਕਿਸੇ ਵੀ ਰੂਪ ਵਿਚ ਵੱਖ ਨਹੀਂ ਸਨ, ਜਿਨਹਾਂ ਨੇ ਧਾਰਮਿਕ ਸੁਤੰਤਰਤਾ ਲੋਚਦੇ ਸਿੱਖਾਂ ਦੇ ਕਤਲੇਆਮ ਵਿਰੁੱਧ ਕਦੇ ਵੀ ਭਾਰਤੀ ਪਾਰਲੀਮੈਂਟ ਵਿਚ ਨਿਸ਼ੰਗ ਦ੍ਰਿੜਤਾ ਵਾਲਾ ਰੋਸ ਨਹੀਂ ਪ੍ਰਗਟਾਇਆ। ਸੰਤ ਜੀ ਦੀ ਨਿਰਭੈਅ ਸਖਸ਼ੀਅਤ ਨੂੰ ਸਮਝਣ ਲਈ ਹਰ ਨਿਰਪੱਖ ਇਤਿਹਾਸਕਾਰ ਨੂੰ ਹੁਣੇ ਦੱਸੇ ਵਹਿਸ਼ੀਪਣ ਦੇ ਬ੍ਰਾਹਮਣਵਾਦੀ ਪਿਛੋਕੜ ਨੂੰ ਇਕ ਦਿਨ ਬਿਆਨ ਕਰਨਾ ਹੀ ਪਵੇਗਾ। ਇਤਿਹਾਸਕ ਵਿਸ਼ਲੇਸ਼ਣ ਦੀ ਮਨੋਵਿਿਗਆਨਕ ਸੂਖਮਤਾ ਦਰਸਾਉਂਦੀ ਹੈ ਕਿ ਹਿੰਦੂਤਵ ਦੀ ਦਾਨਵ ਸ਼ਕਤੀ ਇਹ ਵੇਖ ਕੇ ਭੈਅ ਭੀਤ ਹੋ ਗਈ ਕਿ ਕੋਈ ਬੰਦਾ ਆਪਣੇ ਜੁਝਾਰੂ ਹਮਖਿਆਲਾਂ ਨਾਲ ਭਾਰਤ ਵਿਚ ਵਸਦਾ ਹੈ ਜਿਸ ਨੂੰ ਆਪਣੇ ਧਰਮ ਦੀ ਸਦੀਵੀ ਸੁਤੰਤਰਤਾ ਨਾਲ ਅਝੁੱਕ ਇਸ਼ਕ ਹੈ, ਜਿਹੜਾ ਸਦੀਵੀ ਧਾਰਮਿਕ ਸੁਤੰਤਰਤਾ ਤੋਂ ਘੱਟ ਕਿਸੇ ਸਮਝੋਤੇ ਨੂੰ ਪ੍ਰਵਾਨ ਨਹੀਂ ਕਰਦਾ, ਜਿਸ ਨੂੰ ਸੁਹਰਤ ਅਤੇ ਦੌਲਤ ਦੇ ਕਿਸੇ ਵੀ ਜਾਲ ਵਿਚ ਫਸਾਇਆ ਨਹੀਂ ਜਾ ਸਕਦਾ ਅਤੇ ਜਿਸ ਨੂੰ ਵੱਡੇ ਤੋਂ ਵੱਡੇ ਲਸ਼ਕਰਾਂ ਦੀ ਧਮਕੀ ਨਾਲ ਭੈਅ ਭੀਤ ਨਹੀਂ ਕੀਤਾ ਜਾ ਸਕਦਾ। ਸੋ ਬ੍ਰਾਹਮਣਵਾਦੀ ਓਘੌ, ਉਸ ਦੀ ਈਰਖਾਲੂ ਅੱਖ ਅਤੇ ਉਸ ਦੀ ਆਜ਼ਾਦ ਧਰਮਾਂ ਪ੍ਰਤੀ ਘਿਰਣਾ ਲਈ ਸੰਤ ਜੀ ਦੀ ਹੋਂਦ ਅਸਹਿ ਨਾਸੂਰ ਬਣ ਗਈ। ਹਿੰਦੂਤਵ ਲਈ ਸੰਤ ਜੀ ਕੇਵਲ ਇਕ ਵਿਅਕਤੀ ਹੀ ਨਹੀਂ ਸਨ, ਸਗੋਂ ਉਹ ਭਾਰਤ ਵਿਚ ਵਿਚਰਦੇ ਇਕ ਨਿਆਰੇ ਧਰਮ ਦੀ ਅਡੋਲ ਸੋਚ ਸਨ ਅਤੇ ਸਾਕਾਰ ਖਾਲਸਾ ਇਤਿਹਾਸ ਸਨ। ਸੋ ਇਸ ਲਈ ਉਹਨਾਂ ਦੀ ਅੜੀ ਨੂੰ ਤੋੜਨਾ ਜ਼ਰੂਰੀ ਸੀ। ਇੰਝ ਨੀਲਾ ਤਾਰਾ ਸਾਕਾ ਦੇ ਕਠੋਰ, ਬੇਢਬੇ ਅਤੇ ਬੇਵਫਾ ਸਰੂਪ ਦੀ ਉਤਪਤੀ ਅਤੇ ਫੈਲਾਉ ਦੀ ਇਤਿਹਾਸਕ ਦਲੀਲ ਸਮਝ ਪੈਂਦੀ ਹੈ।

ਜਦੋਂ ਅਜਿਹੇ ਪਿਛੋਕੜ ਵਿਚ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਵਸ ਉੱਤੇ ਤੀਸਰਾ ਵੱਡਾ ਘੱਲੂਘਾਰਾ ਵਾਪਰਦਾ ਹੈ ਤਾਂ ਇਤਿਹਾਸਕ ਸਥਿਤੀ ਦੇ ਨਾਲ ਉਹ ਕਾਵਿਮਈ ਸੁਹਜ ਵੀ ਉਭਰਦਾ ਹੈ ਕਿ ਜਿਹੜਾ ਪੈਗੰਬਰ ਤੱਤੀਆਂ ਤਵੀਆਂ ਉੱਤੇ ਭਾਣੇ ਨੂੰ ਮਿੱਠਾ ਮੰਨ ਕੇ ਮੁਸਕਰਾਉਂਦਾ ਰਿਹਾ, ਪੌਣੇ ਚਾਰ ਸਦੀਆਂ ਪਿੱਛੋਂ ਉੇਸੇ ਰੱਬੀ ਜੋਤ ਦੇ ਇਕ ਸਿੱਖ ਨੇ ਮੁੱਠੀ ਭਰ ਪੈਰੋਕਾਰਾਂ ਦੀ ਮਦੱਦ ਨਾਲ ਆਧੁਨਿਕ ਹਥਿਆਰਾਂ ਨਾਲ ਲੈਸ ਭਾਰੀ ਲਸ਼ਕਰਾਂ ਨੂੰ ਅਕਾਲ ਤਖਤ ਦੀਆਂ ਬਰੂਹਾਂ ਉੱਤੇ ਅੱਠ ਪਹਿਰ ਤਕ ਡੱਕ ਕੇ ਸ਼ਹੀਦਾਂ ਦੇ ਸਿਰਤਾਜ ਦੇ ਮਹਾਂ ਵਾਕ ਨੂੰ ਆਪਣੀ ਸ਼ਹੀਦੀ ਰਾਹੀਂ ਸਾਕਾਰ ਕੀਤਾ ਕਿ “ਪੂਰਨ ਪੁਰਖ ਨਹੀ ਡੋਲਾਨੇ ॥” ਸੰਤ ਜੀ ਨੇ ਆਪਣੀ ਅਤੇ ਆਪਣੇ ਪੈਰੋਕਾਰਾਂ ਦੀ ਸ਼ਹਾਦਤ ਰਾਹੀਂ ਦਰਸਾਇਆ ਕਿ ਚਮਕੌਰ ਦੀ ਜੰਗ ਦਾ ਇਕ ਰੂਪ ਇਹ ਵੀ ਹੈ ਜੋ ਬਾਬਾ ਦੀਪ ਸਿੰਘ ਅਤੇ ਸ਼ਾਮ ਸਿੰਘ ਅਟਾਰੀਵਾਲਾ ਦੀ ਸ਼ਹੀਦੀ ਦੇ ਜਲਾਲ ਨੂੰ ਇਕ ਰੂਪ ਵਿਚ ਚਿਤਵੀਏ ਤਾਂ ਸੰਤ ਜਰਨੈਲ ਸਿੰਘ ਦੀ ਸ਼ਹਾਦਤ ਦਾ ਰਹੱਸ ਇਤਿਹਾਸ ਦੀ ਪਕੜ ਵਿਚ ਆਉਂਦਾ ਹੈ।

ਸਵਾਲ: ਸੰਤ ਜਰਨੈਲ ਸਿੰਘ ਨੇ ਮੌਜੂਦਾ ਰਾਜਨੀਤਕ ਢਾਂਚੇ ਨੂੰ ਵੱਡੇ ਝਟਕੇ ਹੀ ਦਿੱਤੇ ਹਨ ਜਾਂ ਉਸ ਨੂੰ ਜਰਜਰਾ ਵੀ ਕੀਤਾ ਹੈ? ਉਸ ਦੇ ਇਸ ਰੋਲ ਨੂੰ ਇਤਿਹਾਸ ਕਿਵੇਂ ਵੇਖੇਗਾ?

ਉੱਤਰ- ਵੀਰ ਕਰਮਜੀਤ! ਭਾਰਤ ਦਾ ਰਾਜਨੀਤਕ ਢਾਂਚਾ ਜਰਜਰਾ ਤਾਂ ਪਹਿਲਾਂ ਹੀ ਸੀ। ਨੀਰਾਦ ਚੌਧਰੀ ਵਰਗਿਆਂ ਨੇ ਇਸ ਦੀਆਂ ਸੰਚਾਲਕ ਇਖਲਾਕੀ ਕੀਮਤਾਂ ਦੇ ਖੋਖਲੇਪਨ ਦਾ ਦਾਰਸ਼ਨਿਕ ਚਿਤਰ ਤਾਂ ਪਹਿਲਾਂ ਹੀ ਉਲੀਕ ਦਿੱਤਾ ਸੀ। ਸੰਤ ਜਰਨੈਲ ਸਿੰਘ ਨੇ ਅੰਤਮ ਤੌਰ ’ਤੇ ਆਪਣੀ ਦੇਹ, ਜਾਨ ਅਤੇ ਰੂਪ ਵਿਚੋਂ ਲੰਘਾਏ ਬੇਦਾਗ ਅਮਲ ਰਾਹੀਂ ਇਸ ਤਲਖ ਹਕੀਕਤ ਨੂੰ ਸਦਾ ਲਈ ਸ਼ੰਕਾ ਰਹਿਤ ਤੌਰ ਉੱਤੇ ਦਰਸਾ ਦਿੱਤਾ ਕਿ ਭਾਰਤ ਦੀ ਜਮਹੂਰੀਅਤ ਅਸਲ ਵਿਚ ਇਕ ਅਸਹਿਣਸ਼ੀਲ ਧਾਰਮਿਕ ਬਹੁਗਿਣਤੀ ਦੀ ਜਮਹੂਰੀਅਤ ਹੈ, ਜਿਸ ਵਿਚ ਧਰਮਾਂ ਦੀਆਂ ਸਵੈ-ਨਿਰਭਰ ਨਿੱਕੀਆਂ ਇਕਾਈਆਂ ਦੀ ਖੁੱਦਦਾਰੀ ਲਈ ਅਧੀਨਗੀ ਮੰਨਣ ਜਾਂ ਬੇਰਹਿਮੀ ਜਰਨ ਤੋਂ ਬਿਨਾ ਉਦੋਂ ਤਕ ਕੋਈ ਚਾਰਾ ਨਹੀਂ, ਜਦੋਂ ਤਕ ਇਸ ਦੇ ਵਿਧਾਨ ਨੂੰ ਮਾਨਵ-ਸੁਤੰਤਰਤਾ ਦੀਆਂ ਠੋਸ ਸੰਵੇਦਨਸ਼ੀਲ ਅਤੇ ਕੌਮਾਂਤਰੀ ਕੀਮਤਾਂ ਵਿਚ ਢਾਲ ਕੇ ਸਰਬ ਪਰਵਾਣਿਤ ਨਹੀਂ ਬਣਾਇਆ ਜਾਂਦਾ। ਉਹਨਾਂ ਨੇ ਭਾਰਤ ਦੀ ਕਹਿਣੀ ਅਤੇ ਕਰਨੀ ਦੇ ਫਰਕ ਨੂੰ ਫਾਸ਼ ਕੀਤਾ ਜਿਹੜਾ ਕਿ ਪਹਿਲੀ ਨਜ਼ਰੇ ਇਕ ਸਾਧਾਰਨ ਜਿਹਾ ਫਾਰਮੂਲਾ ਜਾਪਦਾ ਹੈ, ਪਰ ਜਿਸ ਦੀ ਪ੍ਰੈਕਟੀਕਲ ਪਾਲਣਾ ਖੰਡੇ ਦੀ ਤਿੱਖੀ ਧਾਰ ਉੱਤੇ ਤੁਰਨ ਬਰਾਬਰ ਹੈ। ਭਾਰਤ ਦੇ ਆਧੁਨਿਕ ਸ਼ਾਸਕ ਵਰਗ ਦੀ ਕਹਿਣੀ ਇਕ ਅਪਕੜ ਗੋਰਖਧੰਦਾ ਹੈ। ਇਸ ਰਾਜਨੀਤਕ ਕਹਿਣੀ ਦੇ ਹਰ ਸਾਹ ਵਿਚ ਕੌਟੱਲਯ ਦੇ ਅਰਥ ਸ਼ਾਸਤਰ ਦੀ ਸ਼ਾਮ, ਦਾਮ ਅਤੇ ਦੰਡ ਦੇ ਫਰੇਬੀ ਫਾਰਮੂਲੇ ਵਿਚ ਪਰੁੱਚੀ ਬਾਰੀਕ ਮੌਕਾਪ੍ਰਸਤੀ ਸਮਾਈ ਹੋਈ ਹੈ। ਇਸ ਮੌਕਾਪ੍ਰਸਤੀ ਨੇ ਤਰ੍ਹਾਂ-ਤਰ੍ਹਾਂ ਦੇ ਅਧਿਆਤਮਕ, ਪੌਰਾਣਿਕ, ਦਾਰਸ਼ਨਿਕ ਅਤੇ ਕਾਵਿਕ ਗ੍ਰੰਥਾਂ ਦੇ ਕਥਨਾਂ ਨਾਲ ਆਪਣੇ ਆਪ ਨੂੰ ਢਾਲਿਆ ਅਤੇ ਸ਼ਿੰਗਾਰਿਆ ਹੋਇਆ ਹੈ। ਇਹ ਰਾਜਨੀਤਕ ਕਹਿਣੀ ਬੜੀ ਪੇਚੀਦਾ ਹੈ। ਇਸ ਦੇ ਪਦਾਰਥਕ ਮੰਡਲਾਂ ਵਿਚ ਆਤਮਕ ਕਥਨਾਂ ਦੀ ਭਰਮਾਰ ਹੈ। ਇਹ ਕਹਿਣੀ ਆਪਣੀ ਹਉਮੈ ਦੇ ਸੁਤੰਤਰ ਧਰਮਾਂ ਦੀ ਗੁਲਾਮੀ ਨਾਲ ਜੁੜੇ ਗੁਪਤ ਮਨੋਰਥਾਂ ਨੂੰ ਜਾਦੂਗਰ ਵਾਲੀ ਚਮਤਕਾਰੀ ਸਫਾਈ ਨਾਲ ਆਪਣੀ ਸੁਆਰਥੀ ਕਰਨੀ ਵਿਚ ਤਬਦੀਲ ਕਰਦੀ ਹੈ ਅਤੇ ਇਹ ਭਾਣਾ ਵਰਤਾ ਕੇ ਆਪਣੇ ਸ਼ਿਕਾਰ ਨੂੰ ਮਿੱਤਰ-ਰੂਪ ਵਿਚ ਪਲਟਕੇ ਮੁੜ ਆਪਣੇ ਪਹਿਲੇ ਸਾਊ ਚਿਹਰੇ ਨੂੰ ਧਾਰਨ ਕਰ ਲੈਂਦੀ ਹੈ। ਸੰਤ ਜਰਨੈਲ ਸਿੰਘ ਨੇ ਆਪਣੀ ਜਾਨ ਦੀ ਕੀਮਤ ਦੇ ਕੇ ਇਸ ਚਾਲਾਕੀ ਦੇ ਪਰਦੇ ਨੂੰ ਲੀਰੋ ਲੀਰ ਕਰ ਦਿੱਤਾ। ਉਹਨਾਂ ਆਮ ਸਿੱਖ ਨੂੰ ਵੀ ਇਹ ਸਮਝਾ ਦਿੱਤਾ ਕਿ ਭਾਰਤੀ ਜਮਹੂਰੀਅਤ ਦੂਜੇ ਘੱਟ ਗਿਣਤੀ ਧਰਮਾਂ ਨੂੰ ਆਪਣੇ ਲਸ਼ਕਰਾਂ ਅਤੇ ਵਿਧਾਨਕ ਸ਼ਿਕੰਜਿਆਂ ਰਾਹੀਂ ਆਪਣੀ ਸਦੀਵੀ ਅਧੀਨਗੀ ਵਿਚ ਰੱਖ ਕੇ ਇਕ ਵਿਸ਼ੇਸ਼ ਮਾਰਗ ਉੱਤੇ ਚੱਲ ਰਹੀ ਧਾਰਮਿਕ ਬੁਗਿਣਤੀ ਦੀ ਸਰਦਾਰੀ ਕਾਇਮ ਕਰਨਾ ਚਾਹੁੰਦੀ ਹੈ। ਅਜਿਹਾ ਤਲਖ ਸੱਚ ਪ੍ਰਗਟ ਹੋਣ ਉੱਤੇ ਮੌਜੂਦਾ ਸਰਕਾਰ ਨੂੰ ਭੁਚਾਲ ਵਰਗੇ ਝਟਕੇ ਲੱਗੇ, ਕਿਉਂਕਿ ਉਸ ਦੇ ਛੁਪੇ ਫਰੇਬ ਦੇ ਸਾਹਮਣੇ ਆਉਣ ਉੱਤੇ ਉਸ ਨੇ ਵਕਤੀ ਸ਼ਰਮਿੰਦਗੀ ਵਿਚ ਇਹ ਜ਼ਰੂਰ ਮਹਿਸੂਸ ਕੀਤਾ ਕਿ ਗਿਣਤੀ ਵਿਚ ਘੱਟ ਹੋਣ ਦੇ ਬਾਵਜੂਦ ਸਵੈ-ਨਿਰਭਰ ਧਰਮਾਂ ਦੀ ਸੁਤੰਤਰਤਾ ਦੀ ਤਾਂਘ ਇਕ ਦਿਨ ਆਪਣਾ ਰਾਹ ਜ਼ਰੂਰ ਬਣਾ ਲਵੇਗੀ। ਅਜਿਹੀ ਪ੍ਰਾਪਤੀ ਉੱਤੇ ਅਸਲੀ ਇਤਿਹਾਸ ਸੰਤ ਜਰਨੈਲ ਸਿੰਘ ਨੂੰ ਅਣਡਿੱਠਾ ਨਹੀਂ ਕਰ ਸਕਦਾ।

ਸਵਾਲ: ਸੰਤ ਜਰਨੈਲ ਸਿੰਘ ਦੇ ਇਰਦ ਗਿਰਦ ਜੋ ਮਾਹੌਲ ਸੀ, ਉਸ ਦਾ ਪੱਧਰ ਤੁਹਾਨੂੰ ਕਿਹੋ ਜਿਹਾ ਲੱਗਾ? ਇਸ ਮਾਹੌਲ ਨੇ ਉਸ ਨੂੰ ਉੱਚਾ ਚੁੱਕਣ ਵਿਚ ਜੋ ਰੋਲ ਅਦਾ ਕੀਤਾ ਉਸ ਦੇ ਹਾਂ-ਪੱਖੀ ਅੰਸ਼ ਕਿਹੜੇ ਸਨ? ਕੀ ਨਾਂਹ-ਪੱਖੀ ਅੰਸ਼ ਵੀ ਤੁਹਾਨੂੰ ਕਦੇ ਨਜ਼ਰ ਆਏ?

ਉੱਤਰ – ਸੰਤ ਜਰਨੈਲ ਸਿੰਘ ਦੀ ਰੂਹਾਨੀ ਛੋਹ ਤੋਂ ਉਪਜਿਆ ਮਾਹੌਲ ਨਿਰੋਲ ਗੁਰਸਿੱਖੀ ਰੰਗਣ ਵਾਲਾ ਸੀ। ਇਹ ਮਾਹੌਲ ਪੰਥ ਦੋਖੀਆਂ ਦੀਆਂ ਬੇਇਨਸਾਫੀਆ ਨੂੰ ਜਗ-ਜ਼ਾਹਰਾ ਕਰਨ ਲਈ ਅਤੇ ਪੰਥ ਦੀ ਨਿਆਰੀ ਹੋਂਦ ਦਾ ਪ੍ਰਤੀਕ ਸਿਰਜਣ ਲਈ ਸ਼ਹੀਦੀਆਂ ਪਾਉਣ ਦੇ ਚਾਅ ਨਾਲ ਛਲਕ ਰਿਹਾ ਸੀ। ਸਿੰਘ ਜਾਣਦੇ ਸਨ ਅਤੇ ਭਾਰਤੀ ਸਾਸ਼ਕਾਂ ਨੂੰ ਵੀ ਪਤਾ ਸੀ ਕਿ ਸਿੱਖ ਸੰਘਰਸ਼ ਦਾ ਇਹ ਪੜਾਅ ਰਾਜ ਭਾਗ ਦੀ ਪ੍ਰਾਪਤੀ ਦਾ ਪੜਾਅ ਨਹੀਂ ਸੀ, ਪਰ ਇਨਸਾਫ ਲੈਣ ਦੀ ਤਾਘ ਨੂੰ ਕੌਮਾਂਤਰੀ ਬਣਾਉਣ ਦਾ ਇਹ ਇਕ ਉਚਿਤ ਮੌਕਾ ਸੀ। ਸੰਤ ਜੀ ਦਾ ਗੁਰਸਿੱਖਾਂ ਨੂੰ ਸ਼ੋਭਦਾ ਨਿਰਮਲ ਇਖਲਾਕ, 18ਵੀਂ ਸਦੀ ਦੇ ਸਿੱਖ ਸੰਘਰਸ਼ ਦਾ ਤੇਜ਼ ਅਨੁਭਵ ਅਤੇ ਜੀਵਨ ਦੇ ਹਰ ਪੜਾਅ ਵਿਚ ਰਹਿਣ ਵਾਲੀ ਨਿਰਭੈਅਤਾ ਆਦਿ ਬਰਕਤਾਂ ਉਹਨਾਂ ਦੇ ਉਪਾਸ਼ਕਾਂ ਦੀਆਂ ਜ਼ਮੀਰਾਂ ਨੂੰ ਪਿਛਲੀਆਂ ਪੰਜ ਸਦੀਆਂ ਦੀਆਂ ਸਿੱਖ ਯਾਦਾਂ ਨਾਲ ਜੋੜ ਦਿੰਦੀਆਂ ਸਨ। ਸੰਤ ਜੀ ਨੇ ਜਨਰਲ ਸੁਬੇਗ ਸਿੰਘ ਦੇ ਸੀਨੇ ਅੰਦਰ ਵੀ ਪੁਰਾਤਨ ਸਿੱਖ ਇਤਹਾਸ ਦੇ ਇਸ creative ਅਤੇ ਸਿਮਰਣ ਰੂਪ ਨੂੰ ਪੂਰੀ ਤਰ੍ਹਾਂ ਰੋਸ਼ਨ ਕਰ ਦਿੱਤਾ ਸੀ। ਸੰਤ ਜੀ ਦੇ ਆਪ-ਮੁਹਾਰੇ ਰਚਨਾਤਮਕ ਹੁੰਗਾਰਾ ਦਿੰਦੇ ਪੈਰੋਕਾਰਾਂ ਨੇ ਜਿਹੜਾ ਮਾਹੌਲ ਪੈਦਾ ਕੀਤਾ, ਉਹ ਸਥਾਨਕ ਅਤੇ ਇਕਹਿਰਾ ਨਹੀਂ ਸੀ, ਸਗੋਂ ਉਸ ਵਿਚ ਪੰਜ ਸਦੀਆਂ ਦੇ ਅਤਿ ਜ਼ਿੰਦਾ ਇਤਿਹਾਸਕ ਪ੍ਰਭਾਵ ਵੀ ਸਮਾਏ ਹੋਏ ਸਨ। ਮੇਰੇ ਦੋਸਤ! ਉਂਝ ਤੁਹਾਡਾ ਸ਼ੰਕਾ ਵੀ ਠੀਕ ਹੈ। ਸੰਤਾਂ ਦੀ ਨੇੜ-ਛੋਹ ਤੋਂ ਕੁਝ ਪਰ੍ਹੇ ਉਹਨਾਂ ਦੁਆਲੇ ਅਸੀਂ ਨਾਂਹ-ਪੱਖੀ ਅੰਸ਼ ਵੀ ਵੇਖਦੇ ਹਾਂ। ਹੋਰ ਵੀ ਦੁਖਾਂਤਕ ਸਥਿਤੀ ਇਹ ਹੈ ਕਿ ਉਹ ਲੋਕ ਆਪਣਿਆਂ ਵਿਚ ਗਿਣੇ ਜਾਂਦੇ ਸਨ। ਧਰਮ ਯੁੱਧ ਮੋਰਚੇ ਦੇ ਨੇਤਾ ਹਰਚੰਦ ਸਿੰਘ ਲੌਂਗੋਵਾਲ ਵਿਚ ਸਿੱਖ ਸੰਤ ਵਾਲੀ ਇਕ ਵੀ ਸਿਫਤ ਨਹੀਂ ਸੀ। ਉਹ ਹੱਦ ਦਰਜੇ ਦਾ ਡਰਪੋਕ, ਪੇਟੂ, ਮੌਕਾ ਪ੍ਰਸਤ, ਕੱਚੇ ਜਿਹੇ ਮਖੌਲ ਕਰਨ ਵਾਲਾ ਮਿੱਠਬੋਲੜਾ ਅਤੇ ਅਸ਼ਲੀਲ ਸੁਆਦਾਂ ਵਾਲਾ ਵਿਅਕਤੀ ਸੀ। ਅਜਿਹੇ ਨਾਂਹ-ਪੱਖੀ ਮਾਨਸਿਕਤਾ ਵਾਲੇ ਨੇਤਾ ਨਾਲ ਸੰਤ ਜਰਨੈਲ ਸਿੰਘ ਦੀ ਮਜ਼ਬੂਰੀ ਵੱਸ ਪਾਈ ਸਾਂਝ ਪੰਥ ਲਈ ਭਾਰੀ ਬਦਸ਼ਗਨੀ ਸੀ। ਸੰਤ ਜਰਨੈਲ ਸਿੰਘ ਦੀ ਸ਼ਹਾਦਤ ਪਿੱਛੋਂ ਅਨਿਸਚਿਤ ਅਤੇ ਬੇਅਣਖਾ ਪੰਜਾਬ ਸਮਝੌਤਾ, ਲੌਂਗੋਵਾਲ, ਬਰਨਾਲਾ ਅਤੇ ਬਲਵੰਤ ਸਿੰਘ ਵਰਗਿਆਂ ਦੀ ਖੁਦਗਰਜ਼ ਅਤੇ ਬਣਾਵਟੀ ਸਿੱਖੀ ਦਾ ਹੀ ਨਤੀਜਾ ਸੀ, ਜਿਸ ਦੀ ਬੇਚੈਨ ਮਿਰਗ ਤ੍ਰਿਸ਼ਨਾ ਅਤੇ ਪੰਥਕ ਤਕਦੀਰ ਤੋਂ ਅਣਭਿੱਜ ਚੀਫ ਮਨਿਸਟਰੀਆਂ ਦੀ ਬੇਅਸੂਲੀ ਭੁੱਖ ਨੇ ਰਿਬੇਰੋ ਅਤੇ ਕੇ.ਪੀ.ਐਸ. ਗਿੱਲ ਵਰਗਿਆਂ ਲਈ ਪੰਥ ਨੂੰ ਅਣਕਿਆਸੇ ਕਸ਼ਟ ਅਤੇ ਨਮੋਸ਼ੀਆਂ ਦੇਣ ਦਾ ਅਤਿ ਖੂਨੀ ਰਾਹ ਖੋਲ੍ਹ ਦਿੱਤਾ। ਪੰਥਕ ਕੀਮਤਾਂ ਦਾ ਅੰਧ ਰਸਾਤਲ ਅਤੇ ਆਮ ਇਖਲਾਕੀ ਨਿਘਾਰ ਇਸ ਹੱਦ ਤਕ ਪਹੁੰਚ ਗਿਆ ਕਿ ਇਕ ਵਾਰ ਤਾਂ ਅਕਾਲ ਤਖਤ ਵੀ ਅਗਿਆਨ ਅਤੇ ਭ੍ਰਿਸ਼ਟ ਸਿਆਸਤਦਾਨਾਂ ਦਾ ਖਿਡੌਣਾ ਬਣ ਕੇ ਰਹਿ ਗਿਆ ਹੈ।

ਸਵਾਲ: ਇਤਿਹਾਸ ਵਿਚ ਬਹੁਤ ਘੱਟ ਅਜਿਹੇ ਇਨਸਾਨ ਹੋਏ ਹਨ ਜਿਹੜੇ ਏਨੀ ਛੇਤੀ ਏਨੀ ਤੇਜ਼ੀ ਨਾਲ ਥੋੜੇ ਜਿਹੇ ਅਰਸੇ ਵਿਚ ਲੋਕਾਂ ਦੇ ਦਿਲਾਂ ਅਤੇ ਦਿਮਾਗਾਂ ਉੱਤੇ ਛਾ ਗਏ। ਕੀ ਸੰਤ ਜਰਨੈਲ ਸਿੰਘ ਹਾਲਤਾਂ ਦੀ ਇਸ ਜ਼ਬਰਦਸਤ ਛੱਲ ਉੱਤੇ ਸਵਾਰ ਸਨ ਜਾਂ ਇਹ ਹਾਲਤਾਂ ਉਹਨਾਂ ਨੇ ਬੜੀ ਮਿਹਨਤ ਅਤੇ ਤਿਆਗ ਨਾਲ ਤਿਆਰ ਕੀਤੀਆਂ?

ਉੱਤਰ – ਮੇਰੇ ਵੀਰ! ਪੰਥ ’ਤੇ ਭੀੜ ਪੈਣ ਉੱਤੇ ਜਿਸ ਵੀ ਸਖਸ਼ ਨਾਲ ਕਦੇ ਸਿੱਖ ਇਤਿਹਾਸ ਦੀਆਂ ਪੰਜ ਸਦੀਆਂ ਸਫਰ ਕਰਨਗੀਆਂ, ਉਸ ਹਰ ਸਖਸ਼ ਨੇ ਸੰਤ ਜੀ ਵਾਂਗ ਹੀ ਚੇਤੰਨਤਾ ਅਤੇ ਬੇਗਰਜ਼ ਕੁਰਬਾਨੀਆਂ ਦੇ ਅਰੁਕ ਹੜ੍ਹ ਪੈਦਾ ਕਰਨੇ ਹਨ। ਇਤਿਹਾਸਕ ਅਸੂਲ ਦਾ ਇਕ ਰਾਜ਼ ਸਮਝ ਲਵੋ। ਕੌਮਾਂ ਦੇ ਸੰਕਟ ਸਮੇਂ ਇਤਿਹਾਸ ਆਪਣੇ ਮਸੀਹਾ ਨੂੰ ਉਡੀਕਦਾ ਹੈ। ਫਿਰ ਮਸੀਹਾ ਦੇ ਬਹੁੜਣੇ ਉੱਤੇ ਉਹ ਆਪਣਾ ਆਪ ਉਸ ਅੱਗੇ ਸਮਰਪਿਤ ਕਰ ਦਿੰਦਾ ਹੈ। ਇਸ ਪਿੱਛੋਂ ਮਸੀਹਾ ਆਪਣੀ ਮਰਜ਼ੀ ਅਤੇ ਲੋੜ ਅਨੁਸਾਰ ਉਸ ਦੇ ਨਕਸ਼ ਤਰਾਸਦਾ ਹੈ। ਯਕੀਨ ਕਰਨਾ, ਸੰਤ ਜਰਨੈਲ ਸਿੰਘ ਦਾ ਵੀ ਇਹੋ ਰੋਲ ਸੀ। ਸਿੱਖ ਧਰਮ ਦੇ ਪੈਦਾ ਹੁੰਦਿਆਂ ਹੀ ਇਸ ਦੀਆਂ ਬਰਬਾਦੀਆਂ ਦੇ ਮਸ਼ਵਰੇ ਵੀ ਅਸਮਾਨਾਂ ਵਿਚ ਹੋਣੇ ਸ਼ੁਰੂ ਹੋ ਗਏ ਸਨ, ਕਿਉਂਕਿ ਸਥਾਪਤ ਧਰਮਾਂ ਨੇ ਇਸ ਦੀ ਨਵੀਨਤਾ ਨੂੰ ਈਰਖਾ ਵੱਸ ਬਰਦਾਸ਼ਤ ਨਹੀਂ ਸੀ ਕੀਤਾ। ਸਦੀਆਂ ਦੇ ਵੱਖ ਵੱਖ ਪੜਾਵਾਂ ਵਿਚ ਇਸ ਦੀ ਤਬਾਹੀ ਦੇ ਸਾਮਾਨ ਪੈਦਾ ਹੋਏ, ਇਤਿਹਾਸਕ ਸਮੱਸਿਆਵਾਂ ਨੇ ਆਪਣੇ ਸਮਾਧਾਨ ਲਈ ਮਹਾਂ ਪੁਰਖਾਂ ਦੀ ਉਡੀਕ ਕੀਤੀ, ਜਿਹੜੀ ਕਦੇ ਲੋੜ ਉੱਤੇ ਪੂਰੀ ਉਤਰੀ, ਪਰ ਕਦੇ ਲੋੜ ਤੋਂ ਘੱਟ ਰਹੀ। ਭਾਰਤ ਦੀ ਆਜ਼ਾਦੀ ਪਿੱਛੋਂ ਸਿੱਖਾਂ ਦੀ ਤਬਾਹੀ ਜਾਂ ਅਧੀਨਤਾ ਲਈ ਐਨੀਆਂ ਸਾਜ਼ਿਸ਼ਾਂ ਜਾਂ ਗੁਪਤ ਮਨਸੂਬੇ, ਰਣਨੀਤੀਆਂ ਅਤੇ ਕੂਟਨੀਤੀਆਂ ਹੋਂਦ ਵਿਚ ਆਈਆਂ ਕਿ ਇਹਨਾਂ ਦਾ ਪਰਦਾ ਚਾਕ ਕਰਨ ਲਈ, ਇਹਨਾਂ ਦੀ ਗੁੱਝੀ ਭਿਅੰਕਰਤਾ ਉੱਤੇ ਧਰਵਾਸ ਦੇਣ ਲਈ, ਭਾਵ ਜ਼ਖਮਾਂ ਉੱਤੇ ਮਲ੍ਹਮ ਲਾਉਣ ਲਈ ਅਤੇ ਸੰਕੇਤਕ ਸਮਾਧਾਨ ਕਰਨ ਲਈ ਕਿਸੇ ਐਸੇ ਮਸੀਹਾ ਦੀ ਲੋੜ ਸੀ, ਜਿਹੜਾ ਗੁਰੂ ਕਾਲ ਦੇ ਮੁਕੰਮਲ ਸਿਦਕ ਨਾਲ ਸਰਸ਼ਾਰ ਹੋਵੇ ਅਤੇ ਆਪਣੀ ਜਾਨ ਦੀ ਕੀਮਤ ਉੱਤੇ ਪੰਥ ਦੋਖੀਆਂ ਦੀ ਸਹੀ ਨਿਸ਼ਾਨਦੇਹੀ ਕਰ ਸਕੇ। ਸੰਤ ਜੀ ਐਨੀ ਜਲਦੀ ਅਤੇ ਤੇਜੀ ਨਾਲ ਇਸੇ ਕਾਰਨ ਪਰਵਾਨ ਹੋਏ ਕਿ ਉਹ ਸਿੱਖ ਕੌਮ ਦੇ ਸਦੀਆਂ ਪੁਰਾਣੇ ਦਰਦ ਦੇ ਹਾਣ ਦੇ ਸਨ। ਦਰਦ ਵੀ ਹਾਜ਼ਰ ਸੀ, ਇਤਿਹਾਸਕ ਸਮੱਸਿਆਵਾਂ ਦਾ ਸਖਤ ਘੇਰਾ ਵੀ ਸੀ, ਆਧੁਨਿਕ ਸ਼ਸਤਰਧਾਰੀ ਦੇ ਰੂਪ ਵਿਚ ਬਲਵਾਨ ਦੋਖੀ ਵੀ ਮੌਜੂਦ ਸੀ, ਸੋ ਜਿਸ ਨੇ ਹਰ ਕੀਮਤ ਉੱਤੇ ਇਸ ਲੰਮੇ ਪੰਥਕ ਦੁਖਾਂਤ ਦੀ ਗਵਾਹੀ ਦੇ ਕੇ ਇਸ ਦਾ ਇਲਾਜ ਵੀ ਦੱਸਣਾ ਸੀ, ਉਸ ਮਸੀਹਾ ਨੂੰ ਤੇਜ਼ੀ ਨਾਲ ਪ੍ਰਵਾਨ ਹੋਣੋ ਕੌਣ ਰੋਕ ਸਕਦਾ ਸੀ? ਇਤਹਾਸ ਨੇ ਸੰਤ ਜੀ ਨੂੰ ਬੁਲਾਇਆ, ਅੱਗੋਂ ਸੰਤ ਜੀ ਨੇ ਸੱਦਾ ਪ੍ਰਵਾਨ ਕਰਕੇ ਇਤਿਹਾਸ ਨੂੰ ਅਨੇਕ ਛੱਲਾਂ ਨਾਲ ਭਰਪੂਰ ਕੀਤਾ, ਇੰਝ ਉਸ ਅੰਦਰ ਕਰੀਏਟਿਵ ਜਲਵਾ ਪੈਦਾ ਕੀਤਾ। ਪੀੜਾਂ ਲੱਦੇ ਕਾਲ ਅਤੇ ਮਾਨਵ ਦੀ ਸ਼ੰਘਰਸ਼ਕ ਦ੍ਰਿੜਤਾ ਵਿਚਕਾਰ ਇਕਸੁਰਤਾ ਪੈਦਾ ਹੋਣ ਉੱਤੇ ਹੀ ਸੰਤ ਜੀ ਅਤੇ ਇਤਿਹਾਸ ਇਕ ਦੂਜੇ ਦੇ ਪੂਰਕ ਬਣੇ।

ਸਵਾਲ: ਕੀ ਤੁਹਾਨੂੰ ਕਦੇ ਇਉਂ ਵੀ ਮਹਿਸੂਸ ਹੁੰਦਾ ਸੀ ਕਿ ਸਿੱਖੀ ਜਜਬਿਆਂ ਨਾਲ ਲਬਾ ਲਬ ਭਰਿਆ ਇਹ ਇਨਸਾਨ ਬਿਲਕੁਲ ਇਕੱਲਮ-ਕੱਲਾ ਸੀ? ਕੀ ਸਿੱਖ ਪੰਥ ਵਿਚ ਕੋਈ ਵੀ ਉਸ ਦੇ ਦਰਦ ਦਾ ਹਾਣੀ ਨਹੀਂ ਸੀ? ਕੀ ਕਈ ਵਾਰ ਕੌਮਾਂ ਦਾ ਸਮੁੱਚਾ ਦਰਦ ਇਕ ਬੰਦੇ ਵਿਚ ਵੀ ਇਕੱਠਾ ਹੋ ਜਾਂਦਾ ਹੈ? ਤੁਸੀਂ ਇਸ ਸਥਿਤੀ ਨੂੰ ਕਿਵੇਂ ਬਿਆਨ ਕਰਨਾ ਚਾਹੋਗੇ?

ਉੱਤਰ – ਪਿਆਰੇ ਦੋਸਤ! ਤੇਰੇ ਸੁਆਲ ਨੇ ਮੇਰੇ ਸੀਨੇ ਵਿਚ ਉਸ ਵੇਦਨਾ ਨੂੰ ਜਗਾ ਦਿੱਤਾ ਹੈ ਜਿਹੜੀ ਤੀਸਰੇ ਵੱਡੇ ਘੱਲੂਘਾਰੇ ਤੋਂ ਕੁਝ ਮਹੀਨੇ ਪਹਿਲਾਂ, ਇਸ ਦੀਆਂ ਬੇਰਹਿਮ ਦਿਵਸ-ਰਾਤਾਂ ਵਿਚ ਅਤੇ ਇੰਦਰਾ ਗਾਂਧੀ ਦੇ ਕਤਲ ਪਿੱਛੋਂ ਸਿੱਖ ਕੌਮ ਨੂੰ ਤਰਸ, ਭੈਅ ਅਤੇ ਅੱਚਵੀ ਦੇ ਮਾਹੌਲ ਵਿਚ ਸੌਣ ਨਹੀਂ ਸੀ ਦੇ ਰਹੀ। ਸਿੱਖ ਰਾਜ ਦੇ ਖਤਮ ਹੋਣ ਪਿੱਛੋਂ ਖਾਲਸਾ ਪੰਥ ਕੁਝ ਵਰ੍ਹੇ ਮਹਾਰਜਾ ਦਲੀਪ ਸਿੰਘ ਵਾਂਗ ਹੀ ਕਦੇ ਉਦਾਸ, ਨੇਸਤੀ ਅਤੇ ਕਦੇ ਬੇਚੈਨ ਭਟਕਣ ਵਿਚ ਰਿਹਾ, ਪਰ ਆਜ਼ਾਦੀ ਪਿੱਛੋਂ ਇਹ ਤੜਪ ਤੱਤੀ ਤਵੀ ਵਾਂਗ ਪ੍ਰਚੰਡ ਹੋ ਗਈ, ਭਾਵੇਂ ਤੱਤੀ ਤਵੀ ਉੱਤੇ ਬੈਠਣ ਵਾਲੇ ਜੇਡਾ ਸਬਰ ਅਤੇ ਜੇਰਾ ਸਮੁੱਚੇ ਪੰਥ ਤੋਂ ਹਾਲੇ ਦੂਰ ਸੀ। ਅਸੀਂ ਵਰ੍ਹਿਆਂ ਤੋਂ ਲਗਾਤਰ ਰੱਬੀ ਰਹਿਮਤਾਂ ਤੋਂ ਸੱਖਣੇ ਕਿਸੇ ਮਾਰੂ ਘੇਰੇ ਵਿਚ ਰਹੇ। ਸਿੱਖਾਂ ਦੀ ਇਕ ਵੱਡੀ ਗਿਣਤੀ ਨੂੰ ਇਸ ਦੇ ਵਕਤੀ ਅਤੇ ਕਦੇ-ਕਦੇ ਇਕਹਿਰੇ ਅਨੁਭਵ ਵੀ ਹੋਏ, ਪਰ ਅਜਿਹੇ ਲੋਕ ਬਿੱਲੀ ਵੇਖ ਕੇ ਕਬੂਤਰ ਦੇ ਅੱਖਾਂ ਮੀਟਣ ਵਾਂਗ ਵਾਰ ਵਾਰ ਸਵੈ-ਛਲਾਵੇ ਦੇ ਸ਼ਿਕਾਰ ਵੀ ਹੁੰਦੇ ਰਹੇ। ਸੰਤ ਜੀ ਦੀ ਗੁਰਮੁਖ-ਪ੍ਰਤਿਭਾ ਨੂੰ ਪੰਥ ਦੀ ਇਸ ਅਟੱਲ ਦੁਖਾਂਤਕ ਸਥਿਤੀ ਦਾ ਐਨਾ ਗਹਿਰਾ, ਵਿਸ਼ਾਲ ਅਤੇ ਸਰਬ ਪੱਖੀ ਅਨੁਭਵ ਹੋਇਆ ਕਿ ਸਿੱਖ ਇਤਿਹਾਸ ਦੇ ਪਹਿਲੇ ਦੋ ਵੱਡੇ ਘੱਲੂਘਾਰੇ, ਮਾਵਾਂ-ਭੈਣਾਂ ਦੇ ਕੁੱਲ ਕਸ਼ਟ, ਖੂਨੀ ਹਾਦਸੇ, ਮਹੀਨ ਫਰੇਬ ਅਤੇ ਛਲਾਵਾ ਰੂਪ ਸਾਜ਼ਿਸ਼ਾਂ ਸੰਤ ਜੀ ਦੇ ਸੀਨੇ ਅੰਦਰ ਲਟ ਲਟ ਬਣਲ ਲੱਗੀਆਂ। ਉਂਝ ਸੰਤ ਜੀ ਨੇ ਆਪਣੇ ਸਿਦਕ ਦੀ ਚੜ੍ਹਤਲ ਵਿਚ ਬਲਵਾਨ ਜ਼ਬਤ ਦੇ ਸਦਕੇ ਆਪਣੇ ਦਰਦ, ਹੰਝੂਆਂ ਅਤੇ ਰੁਦਨ ਨੂੰ ਆਪਣੀ ਰਚਨਾਤਮਕ ਖਾਮੋਸ਼ੀ ਵਿਚ ਸੰਭਾਲ ਲਿਆ। ਪਿਆਰੇ ਜੀਓ, ਸੰਤ ਜੀ ਦਾ ਇਹ ਦਰਦ ਬਹੁਤ ਵੱਡਾ ਸੀ, ਨਤਮਸਤਕ ਲੋਕਾਂ ਨੂੰ ਖੁੱਲ੍ਹ ਕੇ ਵੰਡਣ ਦੇ ਬਾਵਜੂਦ ਇਹ ਦਰਦ ਆਪਣੇ ਅੰਤਮ ਪੜਾਅ ਉੱਤੇ ਉਸੇ ਤਰ੍ਹਾਂ ਇਕੱਲਾ ਸੀ, ਜਿਵੇਂ ਦੋਸਤੋਵਸਕੀ, ਪਾਸਤਰਨਾਕ ਅਤੇ ਸੋਲਜ਼ੇਨਿਤਸਾਨ ਅਨੇਕ ਪਾਠਕਾਂ ਦੇ ਹੁੰਦਿਆਂ ਸੁੰਦਿਆਂ ਮਨੁੱਖ ਦੀ ਅਮੋੜ ਪ੍ਰਾਧੀਨਤਾ ਅਤੇ ਰੂਹਾਨੀ ਵੇਦਨਾ ਦੇ ਸਾਹਮਣੇ ਆਪਣੇ ਅੰਤਮ ਵਿਸ਼ਲੇਸ਼ਣ ਸਮੇਂ ਇਕੱਲੇ ਹੀ ਨਜ਼ਰ ਪੈਂਦੇ ਹਨ। ਇਤਿਹਾਸ ਵਿਚ ਹੋਰ ਵੱਡੇ ਧਰਮਾਂ ਅਤੇ ਕੌਮਾਂ ਨੂੰ ਵੀ ਸਖਤ ਘੇਰੇ ਪਏ, ਪਰ ਭਾਰਤ ਦੀ ਆਜ਼ਾਦੀ ਪਿੱਛੋਂ ਸਾਡੀ ਸਥਿਤੀ ਵੱਖਰੀ ਹੀ ਸੀ। ਠੀਕ! ਯਹੂਦੀ ਵੀ ਬਹੁਤ ਉਦਾਸ ਲੋਕ ਸਨ, ਪਰ ਇਸਲਾਮ ਅਤੇ ਈਸਾਈਅਤ ਦੀਆਂ ਜਹਾਦੀ ਟੱਕਰਾਂ, ਕੌਮੀ ‘ਈਗੋ’ ਅਤੇ ਆਰਥਿਕਤਾ ਵਿਚੋਂ ਜਨਮੀਆਂ ਯੂਰਪ ਦੀਆਂ ਈਸਾਈ ਸਟੇਟਾਂ ਦੀਆਂ ਆਪਸੀ ਜੰਗਾਂ ਅਤੇ ਅਖੀਰ ਇਟਲੀ, ਜਰਮਨੀ, ਰੂਸ ਦੀਆਂ ਪ੍ਰਬੰਧਕੀ ਵਿਚਾਰਧਾਰਾਵਾਂ ਦੇ ਅੰਦਰੋਂ ਕਮਜ਼ੋਰ ਪੈਣ ਪਿੱਛੋਂ ਸੰਸਰ ਈਸਾਈਅਤ ਵੱਲੋਂ ਸੰਤੁਲਨ ਲਈ ਇਸਲਾਮ ਦੇ ਮੁਕਾਬਲੇ ਵਿਚ ਯਹੂਦੀਅਤ ਵੱਲ ਝੁਕਾਉ ਵਰਗੀਆਂ ਹਾਲਤਾਂ ਨੇ ਯਹੂਦੀ ਕੌਮ ਅਤੇ ਧਰਮ ਨੂੰ ਰਾਜਨੀਤਕ ਸਹਿਯੋਗ ਅਤੇ ਸਥਿਰਤਾ ਪ੍ਰਦਾਨ ਕੀਤੇ। ਨਤੀਜੇ ਵਜੋਂ ਉਹਨਾਂ ਨੂੰ ਜੀਣ ਥੀਣ ਦਾ ਧਰਵਾਸ ਮਿਿਲਆ। ਇਉਂ ਯਹੂਦੀਆਂ ਦਾ ਦਰਦ ਦੋ ਵਿਸ਼ਵ ਯੁੱਧਾਂ ਪਿੱਛੋਂ ਵੀ ਸੰਤ ਜੀ ਵਾਂਗ ਵੀਰਾਨੀਆਂ ਵਿਚ ਨਹੀਂ ਸੀ ਕੂਕਿਆ। ਜਦੋਂ ਪੱਛਮ ਦਾ ਰੋਗੀ ਸਭਿਆਚਾਰ ਅੰਦਰਲੇ ਪਾਸਿਉਂ ਇਸਲਾਮ ਨੂੰ ਖੋਰਾ ਲਾਉਣ ਲੱਗਿਆ (ਅਤੇ ਬਾਅਦ ਵਿਚ ਸਲਮਾਨ ਰੁਸ਼ਦੀ ਦੀ ਠਹੲ ਸ਼ੳਟੳਨਚਿ ੜੲਰਸੲਸ ਨੇ ਇਸ ਖੋਰੇ ਦੀ ਮਦੱਦ ਵਿਚ ਪ੍ਰਤੱਖ ਪ੍ਰਮਾਣ ਵੀ ਦਿੱਤਾ) ਤਾਂ ਆਇਤੁਲਾ ਖੋਮੀਨੀ ਬੇਚੈਨ ਹੋਏ, ਨਤੀਜਾ ਇਹ ਨਿਕਲਿਆ ਕਿ ਈਰਾਨ ਦੀ ਕ੍ਰਾਂਤੀ ਅਤੇ ਈਰਾਨ, ਇਰਾਕ ਦੀ ਲੰਬੀ ਜੰਗ ਹੋਂਦ ਵਿਚ ਆਏ, ਪਰ ਖੋਮੀਨੀ ਦਾ ਦਰਦ ਵੀ ਸੰਤ ਜੀ ਵਾਂਗ ਇਕੱਲਮ-ਕੱਲਾ ਨਹੀਂ ਸੀ, ਕਿਉਂਕਿ ਇਸਲਾਮੀ ਸਟੇਟਾਂ ਹੋਣ ਕਾਰਨ ਘੱਟੋਂ ਘੱਟ ਇਸਲਾਮ ਨੂੰ ਹਕੂਮਤੀ ਤਸ਼ੱਦਦ ਤੋਂ ਕੋਈ ਖਤਰਾ ਨਹੀਂ ਸੀ। ਧਰਮ ਨੂੰ ਬਾਹਰੋਂ ਖਤਰਾ ਨਾ ਹੋਣ ਕਾਰਨ ਖੋਮੀਨੀ ਨੂੰ ਇਸਲਾਮੀ ਸਟੇਟਾਂ ਨਾਲ ਵੀ ਜੰਗ ਅਤੇ ਝਗੜੇ ਮੁੱਲ ਲੈਣੇ ਪੁੱਗ ਸਕਦੇ ਸਨ, ਪਰ ਏਧਰ ਤਾਂ ਸੰਤ ਜੀ ਨੂੰ ਸਾਫ ਦਿਸਦਾ ਸੀ ਕਿ ਸ਼ਕਤੀਸ਼ਾਲੀ ਵਿਰੋਧੀ ਨੇ ਬਾਹਰਲੀ ਹਿੰਸਾ ਦੇ ਨਾਲ ਨਾਲ ਆਪਣੇ ਮੰਤਕ, ਤਰਕ, ਹਕੂਮਤੀ ਪਕੜ ਅਤੇ ਸੰਚਾਰ ਸਾਧਨਾਂ ਦੀਆਂ ਸਾਜ਼ਿਸ਼ੀ ਨਿਗਾਹਾਂ ਨੂੰ ਪੰਥ ਦੇ ਅੰਦਰਲੇ ਘੇਰੇ ਉੱਤੇ ਵੀ ਗੱਡ ਰੱਖਿਆ ਹੈ। ਸੰਤ ਜੀ ਨੂੰ ਇਲਮ ਸੀ ਕਿ ਉਹ ਆਪਣੇ ਵਿਰਾਟ ਦਰਦ ਰਾਹੀਂ ਖਾਲਸਾ-ਸ਼ਕਤੀ ਦੇ ਨਵੇਂ ਸ੍ਰੋਤਾਂ ਦੇ ਸਦਾ-ਜ਼ਿੰਦਾ ਪ੍ਰਤੀਕ ਸਿਰਜਣ ਪਿੱਛੋਂ ਇਸ ਦੁਨੀਆਂ ਵਿਚ ਨਹੀਂ ਰਹਿਣਗੇ, ਪਰ ਸੰਤ ਜੀ ਸਾਹਮਣੇ ਖਾਲਸੇ ਦੀ ਨਿਰਾਕਾਰ ਸ਼ਕਤੀ ਤੋਂ ਬਿਨਾ ਉਹਨਾਂ ਦੇ ਦਰਦ ਦੇ ਹਾਣ ਦਾ ਕੋਈ ਜਾਨਸ਼ੀਨ ਨਹੀਂ ਸੀ। ਸੰਤਾਂ ਦੀ ਅਸੀਸ ਨਾਲ ਵਰੋਸਾਈ ਹੋਈ ਜਿੱਤ ਜਾਂ ਸ਼ਹਾਦਤ ਇਹਨਾਂ ਦੋਵਾਂ ਰਾਹਾਂ ਵਿਚੋਂ ਇਕ ਰਾਹ ਜਨਰਲ ਸੁਬੇਗ ਸਿੰਘ ਲਈ ਅਟੱਲ ਸੀ। ਇਸ ਪੱਖ ਤੋਂ ਸਿੱਖੀ ਦਰਦ ਨਾਲ ਲਬਾ ਲਬ ਭਰੇ ਸੰਤ ਜਰਨੈਲ ਸਿੰਘ ਹਜ਼ਾਰਾਂ ਪੈਰੋਕਾਰਾਂ ਵਿਚਕਾਰ ਬੈਠੇ ਹੋਏ ਵੀ ਇਕੱਲਮ-ਕੱਲੇ ਇਨਸਾਨ ਸਨ।

ਸਵਾਲ: ਤੁਸੀਂ ਇਤਿਹਾਸ ਅਤੇ ਰਾਜਨੀਤੀ ਦੇ ਸੁਚੇਤ ਅਤੇ ਗੰਭੀਰ ਵਿਿਦਆਰਥੀ ਹੋ। ਸਾਹਿਤ ਨਾਲ ਵੀ ਤੁਹਾਡੀ ਜਾਣ ਪਛਾਣ ਹੈ। ਸੰਤ ਜਰਨੈਲ ਸਿੰਘ ਨੇ ਇਕ ਵੱਡੀ ਲਹਿਰ ਨੂੰ ਸ਼ੁਰੂ ਕੀਤਾ, ਉਸ ਨੇ ਨਵੀਆਂ ਪਿਰਤਾਂ ਵੀ ਪਾਈਆਂ, ਪਰ ਕੀ ਕਾਰਨ ਹੈ ਕਿ ਇਸ ਲਹਿਰ ਨੇ ਵੱਡੇ ਸਾਹਿਤਕਾਰ ਪੈਦਾ ਨਹੀਂ ਕੀਤੇ?

ਉੱਤਰ – ਮੇਰੇ ਵੀਰ! ਸਿੱਖ ਕੌਮ ਤਾਂ ਤੀਜੇ ਵੱਡੇ ਘੱਲੂਘਾਰੇ ਪਿੱਛੋਂ ਕਿਸੇ ਉਜੜੇ ਘਰ ਵਾਂਗ ਹੈ। ਇਸ ਦਾ ਕੋਈ ਪਹਿਰੇਦਾਰ ਨਜ਼ਰ ਨਹੀਂ ਪੈਦਾ। ਹਾਲੇ ਤਾਂ ਉਸ ਦੀ ਕਿਸੇ ਨੂੰ ਲੋੜ ਵੀ ਨਹੀਂ ਭਾਸਦੀ। ਇਸ ਘਰ ਅਤੇ ਇਸ ਦੀ ਵੇਦਨਾ ਬਾਰੇ ਕੋਈ ਸਾਹਿਤ? … ਸ਼ੁਰੂ ਸ਼ੁਰੂ ਵਿਚ ਅਜੀਤ ਕੌਰ, ਦਲੀਪ ਕੌਰ ਟਿਵਾਣਾ, ਦੁੱਗਲ ਸਾਹਿਬ, ਕੰਵਲ ਜੀ ਅਤੇ ਡਾ. ਹਰਭਜਨ ਸਿੰਘ ਨੇ ਸਿੱਖ ਦਰਦ ਦੇ ਕੁਝ ਹੋਕੇ ਦਿੱਤੇ, ਪਰ ਜਲਦੀ ਹੀ ਅਜਿਹੀਆਂ ਆਵਾਜ਼ਾਂ ਤੋਂ ਇਨਕਾਰ ਕਰਦੇ ਸਾਹਿਤਕਾਰਾਂ ਦੇ ਸਾਜ਼ਿਸੀ ਗਰੁੱਪ ਖੁੰਬਾ ਵਾਂਗ ਫੁੱਟ ਪਏ, ਭਾਵੇਂ ਕੰਵਲ ਸਾਹਿਬ ਦਾ ਸਿੱਖ ਦਰਦ ਤਾਂ ਹੁਣ ਵੀ ਕੂਕ ਰਿਹਾ ਹੈ।

ਸਾਹਿਤ ਦੇ ਤਰੱਕੀ ਪਸੰਦ ਦੌਰ ਜਾਂ ਮਾਰਕਸੀ ਦੌਰ ਦੇ ਸਾਹਿਤ ਸਮੇਂ ਹਕੂਮਤੀ ਤਾਕਤਾਂ ਦੇ ਵਿਰੋਧ ਵਿਚ ਲਿਖਣਾ ਸੌਖੀ ਜਿਹੀ ਗੱਲ ਸੀ। ਸੋ ਕਵੀ ਪਾਸ਼ ਵਰਗਿਆਂ ਦਾ ਸਥਾਪਤੀ ਵਿਰੁੱਧ ਲਿਖਣਾ ਇਕ ਸਾਹਿਤਕ ਸ਼ੁਗਲ ਸੀ, ਕਿਉਂਕਿ ਭਾਰਤ ਦੀਆਂ ਕਮਿਊਨਿਸਟ ਪਾਰਟੀਆਂ ਤੋਂ ਬਿਨਾ ਕਈ ਹੋਰ ਵਿਰੋਧੀ ਪਾਰਟੀਆਂ ਵੀ ਅਜਿਹੀ ਬਾਗੀ ਆਵਾਜ਼ ਉਠਾਉਣ ਉੱਤੇ ਸਾਹਿਤਕਾਰ ਨੂੰ ਥਾਪੜਾ ਦਿੰਦੀਆਂ ਸਨ, ਪਰ ਸੰਤ ਜਰਨੈਲ ਸਿੰਘ ਦੇ ਵਰੋਸਾਏ ਦੌਰ ਦੇ ਹੱਕ ਵਿਚ ਲਿਖਣਾ ਜਾਂ ਕਸ਼ਮੀਰੀ ਸੰਘਰਸ਼ ਬਾਰੇ ਕੁਸਕਣਾ ਸਰਕਾਰ ਦੇ ਅਣਮਨੁੱਖੀ ਕਹਿਰ ਨੂੰ ਸੱਦਾ ਦੇਣਾ ਹੈ। ਦੂਜੇ ਪਾਸੇ ਮੌਕਾਪ੍ਰਸਤ ਸਾਹਿਤਕਾਰਾਂ ਨੇ ਸ਼ਕਤੀਸ਼ਾਲੀ ਯੂਨੀਅਨਾਂ, ਜਿਹਨਾਂ ਨੂੰ ਕਿ ਉਹ ਸਾਹਿਤ ਸਭਾਵਾਂ ਕਹਿੰਦੇ ਹਨ, ਬਣਾਈਆਂ ਹੋਈਆਂ ਹਨ। ਇਹ ਲੋਕ ਜਦ ਆਪਣੇ ਬਣਾਵਟੀ ਰੁਦਨ, ਪੁਲਿਸ ਤੇ ਨਿਆਂਪਾਲਕਾ ਦੇ ਤ੍ਰਿਸਕਾਰ ਅਤੇ ਰਲ ਕੇ ਖੇਡੇ ਮੈਚ ਵਾਂਗ ਕੁਝ ਸਰਕਾਰੀ ਨੁਕਸ ਬਿਆਨ ਕਰ ਹਟਦੇ ਹਨ ਤਾਂ ਆਪਣੇ “ਮਾਨਵਵਾਦ” ਦਾ ਕੋਟਾ ਪੂਰਾ ਕਰਨ ਲਈ ਇਹ ਲੋਕ ਆਪਣੀਆਂ ਕਹਾਣੀਆਂ, ਨਾਵਲਾਂ, ਗ਼ਜ਼ਲਾਂ ਅਤੇ ਸਾਹਿਤਕ ਆਲੋਚਨਾ ਰਾਹੀਂ ਪ੍ਰਾਧੀਨਤਾ ਦੀ ਸ਼ਕਾਇਤ ਕਰ ਰਹੇ ਸਿੱਖਾਂ ਦੇ ‘ਗੁਨਾਹਾਂ’ ਦੇ ਇਤਿਹਾਸਕ ਸੂਝ ਤੋਂ ਸੱਖਣੇ ਅਤੇ ਨਾਸਤਕ, ਸੰਵੇਦਨਹੀਣਤਾ ਭਰੇ ਇਕ ਪਾਸੜ ਵਿਸਥਾਰ ਦੇਣ ਲੱਗਦੇ ਹਨ। ਅਜਿਹੇ ਸਾਹਿਤਕ ਬਿਆਨਾਂ ਉੱਤੇ ਦਿੱਲੀ ਦੇ ਵਾਈਟ ਪੇਪਰ ਨੂੰ ਵੀ ਕੋਈ ਇਤਰਾਜ਼ ਨਹੀਂ ਹੁੰਦਾ, ਬਲਕਿ ਇਸ ਦੀ ਅਚੇਤ ਸ਼ਹਿ ਅਤੇ ਗੁੱਝੀ ਮੁਸਕਾਨ ਇਸ ਦੇ ਪਿਛੋਕੜ ਵਿਚ ਖੜੀ ਹੁੰਦੀ ਹੈ। ਸੋ ਧੜੇਬਾਜ਼ ਸਾਹਿਤਕਾਰਾਂ ਦੇ ਸੁਆਰਥੀ ਮਨੋਰਥਾਂ ਨੇ ਸਿੱਖ ਸੰਘਰਸ਼ ਦੀ ਸੁਥਰੀ ਨੁਹਾਰ ਨੂੰ ਗੰਧਲਾਉਣ ਲਈ ਸਰਕਾਰ ਜਾਂ ਆਪਣੀਆਂ ਕੁਝ ਮਨਚਾਹੀਆਂ ਪਾਰਟੀਆਂ ਦਾ ਪੱਖ ਵੀ ਪੂਰਿਆ ਹੈ। ਸਮੇਂ ਦੇ 80% ਸਾਹਿਤਕਾਰਾਂ ਨੇ ਕੁਝ ਇਨਾਮਾਂ ਅਤੇ ਸ਼ੁਹਰਤਾਂ ਦੀ ਝਾਕ ਵਿਚ ਸਿੱਖ ਸੰਘਰਸ਼ ਵਿਰੁੱਧ ਸਰਕਾਰੀ ਮਨਸਾ ਨਾਲ ਅਚੇਤ ਅਤੇ ਅਣਕਹੀ ਦੋਸਤੀ ਪਾਲੀ ਹੈ। ਏਧਰ ਖਾਲਸਾ ਇਕੱਲਾ ਹੈ, ਉਸ ਨੂੰ ਲੰਮੇ ਸਮੇਂ ਤਕ ਇਨਸਾਫ ਮੰਗਣ ਉੱਤੇ ਬੇਪੱਤ ਕੀਤਾ ਗਿਆ ਹੈ, ਉਸ ਦੇ ਬਿਬੇਕ ਅਤੇ ਅਧਿਆਤਮਕ ਰਮਜ਼ ਦਾ ਹਾਕਮਾਂ ਨੇ ਮਖੌਲ ਉਡਾਇਆ ਹੈ ਅਤੇ ਵਿਰੋਧੀ ਸਰਕਾਰਾਂ ਨੇ ਉਸ ਦੇ ਹਰ ਸੰਭਾਵਤ ਘਰ ਨੂੰ ਉਜਾੜ ਦਿੱਤਾ ਹੈ। ਸਰਕਾਰੀ ਜਬਰ ਤਾਂ ਹਾਲੇ ਵੀ ਐਨਾ ਬਹੁ-ਰੂਪੀਆ ਹੈ ਕਿ ਖਾਲਸਾ ਪੰਥ ਨੂੰ ਤਾਂ ਤੀਜੇ ਵੱਡੇ ਘੱਲੂਘਾਰੇ ਦੀ ਇਤਿਹਾਸਕ ਤੌਰ ਉੱਤੇ ਸੱਚੀ ਦਾਸਤਾਨ ਵੀ ਨਹੀਂ ਕਹਿਣ ਦਿੱਤੀ ਜਾ ਰਹੀ, ਭਾਵੇਂ ਜਬਰ ਹੇਠ ਲੁਕਾਈ ਇਹ ਇਤਿਹਾਸਕ ਹਕੀਕਤ ਅਤੇ ਖਾਲਸਾ ਪੰਥ ਦਾ ਸਰਬਪੱਖੀ ਮੌਲਕ ਸਰੂਪ ਨਿਖਾਰਨ ਲਈ ਪੰਥ ਦੇ ਚਿੰਤਕ ਅਤੇ ਇਤਿਹਾਸਕਾਰ ਦਿਨ ਰਾਤ ਤਪੱਸਿਆ ਕਰ ਰਹੇ ਹਨ। ਜ਼ਰਾ ਚਿੰਤਨ ਅਤੇ ਇਤਿਹਾਸ ਦੇ ਅਸਮਾਨ ਨੂੰ ਨਿੰਬਲ ਹੋਣ ਦਿਉ, ਖਾਲਸੇ ਦੀ ਵੇਦਨਾ ਅਤੇ ਉਹ ਦਾ ਵਿਸ਼ਵ ਸੱਚ ਇਕ ਦਿਨ ਆਪਣੀ ਕਾਮਲ ਸਾਹਿਤਕਤਾ ਨੂੰ ਜ਼ਰੂਰ ਰੁਸ਼ਨਾਉਣਗੇ:

ਹੈ ਕੁਛ ਐਸੀ ਹੀ ਬਾਤ ਜੋ ਚੁੱਪ ਹੂੰ
ਵਰਨਾ ਕਯਾ ਬਾਤ ਕਰ ਨਹੀਂ ਆਤੀ। (ਗਾਲਿਬ)

ਕਰਮਜੀਤ ਜੀਉ! ਕਾਹਲੇ ਨਾਂਹ ਪਉ। ਅਨੁਭਵ ਦੀ ਕੁਠਾਲੀ ਵਿਚ ਮਹਾਨ ਸਾਹਿਤ ਬਣਦਿਆਂ ਕਾਫੀ ਦੇਰ ਵੀ ਲੱਗਦੀ ਹੈ। ਆਹ ਦਾ ਕਾਮਲ ਅਸਰ ਹੋਣ ਤਕ ਦਿਲ ਦੇ ਨਵੇਂ ਤੋਂ ਨਵੇਂ ਮਜੀਠੀ ਰੂਪ ਆਪਣੀਆਂ ਵਿਸ਼ੇਸ਼ ਝਲਕਾਂ ਜ਼ਰੂਰ ਵਿਖਾਉਣਗੇ। ਉਂਝ ਹਾਲੇ ਵੀ ਪੰਥ ਦਾ ਬਹੁਤ ਸਾਰਾ ਮਹਾਨ ਸਾਹਿਤ ਗੁਪਤਵਾਸ ਅਤੇ ਬਨਵਾਸ ਵਿਚ ਦਿਨ ਗੁਜ਼ਾਰ ਰਿਹਾ ਹੈ ਅਤੇ ਇਕ ਦਿਨ ਸਮੇਂ ਦੀ ਮੁਨਾਸਬ ਤਰਤੀਬ ਵਿਚ ਜ਼ਾਹਰ ਹੋਵੇਗਾ।

ਸਵਾਲ: ਗੁਸਤਾਖੀ ਮੁਆਫ ਸੰਤ ਜੀ ਬਾਰੇ ਤੁਹਾਡੀ ਕੋਈ ਵਿਸ਼ੇਸ਼ ਸਾਹਿਤਕ ਟਿੱਪਣੀ?

ਉੱਤਰ – (ਕੁਝ ਹੈਰਾਨ ਹੋ ਕੇ) ਮੈਂ ਸੰਤ ਜੀ ਬਾਰੇ ਸਾਹਿਤਕ ਟਿੱਪਣੀ ਤਾਂ ਕਰ ਚੁੱਕਿਆ ਹਾਂ। ਚੱਲੋ, ਜੇ ਤੁਸੀਂ ਫਿਰ ਵੀ ਪੁੱਛਿਆ ਹੈ, ਤਾਂ ਕੁਝ ਹੋਰ ਸੰਕੇਤ ਹਾਜ਼ਰ ਹਨ। ਦੇਖੋ ਜੀ – ਸੰਤ ਜੀ ਪੜ੍ਹੇ ਅਤੇ ਅਨਪੜ੍ਹ ਦੀਆਂ ਪਰੰਪਰਾਗਤ ਹੱਦਾਂ ਨੂੰ ਮੇਸਕੇ ਉਹਨਾਂ ਤੋਂ ਬਹੁਤ ਅੱਗੇ ਲੰਘ ਗਏ ਸਨ। ਮੈਂ ਕਿਤਾਬੀ ਇਲਮ ਦੀ ਅਹਿਮੀਅਤ ਤੋਂ ਇਨਕਾਰ ਨਹੀਂ ਕਰਦਾ, ਪਰ ਰੂਮੀ ਦੇ ਉਸਤਾਦ ਸ਼ਮਸ ਤਬਰੇਜ਼ ਵਾਂਗ ਸੰਤ ਜੀ ਦਾ ਅਨੁਭਵ ਕਿਤਾਬੀ ਇਲਮ ਤੋਂ ਉਚੇਰੇ ਮੰਡਲ ਵਿਚ ਲਿਸ਼ਕਦਾ ਸੀ। ਇਤਿਹਾਸ ਵਿਚ ਨਿਰੋਲ ਕਿਤਾਬੀ ਇਲਮ ਕਈ ਵਾਰ ਰੁਕਾਵਟਾਂ ਅਤੇ ਗੁਮਰਾਹੀਆਂ ਪੈਦਾ ਕਰਦਾ ਹੈ, ਔਰੰਗਜ਼ੇਬ ਦੀ ਮਿਸਾਲ ਆਪ ਦੇ ਸਾਹਮਣੇ ਹੈ, ਪਰ ਮਨੁੱਖ ਦੇ ਕਵੀ ਤੋਂ ਸਿਪਾਹੀ ਤਕ ਫੈਲੇ ਰੂਪਾਂ ਨੂੰ ਬਹੁਤ ਵਾਰ ਸਿੱਧੇ ਅਨੁਭਵ ਦੀ ਲੋੜ ਹੁੰਦੀ ਹੈ, ਜੋ ਕਿ ਡੂੰਘਾ ਅਤੇ ਤੇਜ਼ ਰਫਤਾਰ ਹੁੰਦਾ ਹੈ। ਸੰਤ ਜੀ ‘ਜੌਨ ਆਫ ਆਰਕ’ ਅਤੇ ਸ਼ਮਸ ਵਾਂਗ ਆਪਣੇ ਪੈਰੋਕਾਰਾਂ (ਆਸ਼ਕਾਂ) ਨੂੰ ਸਿੱਧਾ ਅਨੁਭਵ ਦਿੰਦੇ ਸਨ। ਸ਼ਮਸ ਦੀ ਸਖਸ਼ੀਅਤ ਦੇ ਦੋ ਪਹਿਲੂ ਸਨ, ਪਰ ਉਸ ਦਾ ਅਨੁਭਵ ਦੋਵਾਂ ਵਿਚ ਰੁਕਾਵਟ ਰਹਿਤ ਸੀ, ਉਹ ਰੂਮੀ ਸਿਰਜ ਸਕਦਾ ਸੀ, ਉਹ ਮੁਜਾਹਿਦਾਂ ਨੂੰ ਕੁਰਾਨ ਨਾਲ ਜੋੜ ਵੀ ਸਕਦਾ ਸੀ। ਇਲਮ, ਕਵਿਤਾ ਅਤੇ ਕਲਾ ਦੇ ਮਾਮਲੇ ਵਿਚ ਸ਼ਮਸ ਤਬਰੇਜ਼ ਦੇ ਸਿੱਧੇ ਅਨੁਭਵ ਵਾਲਾ ਪੱਖ ਦੱਸਣ ਲਈ ਮੈਂ ਆਪਣੇ ਪਰਮ ਮਿੱਤਰ ਪ੍ਰੋ. ਹਰਦਿਲਜੀਤ ਸਿੰਘ ਲਾਲੀ (ਪਟਿਆਲਾ) ਦੀ ਮਿਸਾਲ ਅਕਸਰ ਵਰਤਿਆ ਕਰਦਾ ਹਾਂ, ਜਦੋਂ ਤਲਵਾਰ (ਸਿਪਾਹੀ) ਦਾ ਪੱਖ ਦੱਸਣ ਲਈ ਸ਼ਮਸ, ‘ਜੌਨ ਆਫ ਆਰਕ’ ਅਤੇ ਸੰਤ ਜੀ ਦੇ ਇਤਿਹਾਸ ਨਾਲ ਸਦੀਵੀਂ ਰੂਪ ਵਿਚ ਜੁੜੇ, ਪਰ ਕਦੇ ਨਾ ਰੁਕਣ ਵਾਲੇ ਅਤੇ ਨਾਲੋ ਨਾਲ ਮਾਨਵ ਚੇਤਨਾ ਦਾ ਹਿੱਸਾ ਬਣਨ ਵਾਲੇ ਸਿੱਧੇ ਅਨੁਭਵਾਂ ਦਾ ਜ਼ਿਕਰ ਕਰਦਾ ਹਾਂ।

ਸਵਾਲ: ਮੇਰਾ ਆਖਰੀ ਸੁਆਲ! ਆਉਣ ਵਾਲੀਆਂ ਸਦੀਆਂ ਵਿਚ ਸੰਤ ਜਰਨੈਲ ਸਿੰਘ ਦੀ ਪੰਥਕ ਵਿਰਾਸਤ ਨੂੰ ਸਿੱਖ ਕੌਮ ਕਿਵੇਂ ਸੰਭਾਲੇ?

ਉੱਤਰ – ਪਿਆਰੇ ਕਰਮਜੀਤ! ਇਸ ਸਾਦਾ ਮਨ ਆਦਮੀ ਨੂੰ ਤੇਰਾ ਆਖਰੀ ਸੁਆਲ ਬਹੁਤ ਮੁਸ਼ਕਲ ਜਾਪਦਾ ਹੈ। ਫਿਰ ਵੀ ਮੈਂ ਅਰਜ਼ ਕਰਦਾ ਹਾਂ:

1. ਪੰਥ ਦਸ ਗੁਰੂ ਜੀਵਨਾਂ ਨੂੰ ਆਪਣੇ ਹਿਰਦੇ ਵਿਚ ਸਦਾ ਤਾਜ਼ਾ, ਪ੍ਰੀਤ ਨਾਲ ਲਹਿਰਾਂਦਾ ਅਤੇ Creative ਰੱਖੇ।

2. ਗੁਰੂ ਗ੍ਰੰਥ ਸਾਹਿਬ ਦੀ ਸਿੱਧੀ ਸਾਦੀ ਅਤੇ ਕੁਦਰਤੀ ਭਾਵਨਾ ਅਨੁਸਾਰ ਪੰਥ ਉੱਚੇ ਇਖਲਾਕ ਦੀ ਪਾਲਣਾ ਕਰੇ, ਕਿਉਂਕਿ ਹੁਣੇ-ਦੱਸੀ ਗੁਰੂ ਪ੍ਰੀਤ ਇਸ ਬਿਨਾ ਜੀਅ ਨਹੀਂ ਸਕਦੀ।

3. ਪੰਥ ਆਪਣੀ ਕੌਮੀ ਪੱਤ ਨੂੰ ਹਰ ਦੌਲਤ, ਹਰ ਹੁਸਨ, ਹਰ ਰੁਤਬੇ ਅਤੇ ਹਰ ਸ਼ੁਹਰਤ ਤੋਂ ਉੱਪਰ ਉੱਠ ਕੇ ਮਾਂ ਵਾਂਗ ਪਿਆਰੇ ਅਤੇ ਸਤਿਕਾਰੇ।

4. ਖਾਲਸਾ ਸੰਭਾਵੀ ਪੱਤ ਲੋਟੂਆਂ ਤੋਂ ਖਬਰਦਾਰ ਰਹੇ ਅਤੇ ਕੌਮੀ ਪੱਤ ਨੂੰ ਇਸ ਤਰ੍ਹਾਂ ਸੰਭਾਲੇ, ਜਿਵੇਂ ਮਾਂ ਆਪਣੇ ਬੱਚਿਆਂ ਨੂੰ ਸੰਭਾਲਦੀ ਹੈ।

5. ਪੰਥ ਆਪਣੀ ਵੱਖਰੀ ਪਛਾਣ ਅਤੇ ਉਸ ਦੇ ਇਤਿਹਾਸਕ ਅਨੁਭਵ ਨੂੰ ਸੰਗਰਾਮੀ ਦ੍ਰਿੜਤਾ ਸਹਿਤ ਕਾਇਮ ਰੱਖਦਾ ਹੋਇਆ ਵਿਿਗਆਨਕ ਅਤੇ ਤਰਕਸ਼ੀਲ, ਪਰ ਨਾਲ ਹੀ ਕੂਟਨੀਤਕ ਪਹਿਲੂਆਂ ਵਾਲੇ ਨਵੇਂ ਜਗਤ ਨਾਲ ਕਦਮ ਨਾਲ ਕਦਮ ਮਿਲਾ ਕੇ ਤੁਰੇ, ਪਰ ਆਪਣੀ ਅੰਮ੍ਰਿਤੀ ਰਹਿਤ ਨੂੰ ਕਦੇ ਵੀ ਨੀਰਸ, ਕੱਟੜ ਅਤੇ ਗੁੰਝਲਦਾਰ ਨਾ ਬਣਾਵੇ। ਕੁਦਰਤੀ ਸਾਦਗੀ ਵਿਚ ਵਧੇ ਫੁੱਲੇ। ਨਰ-ਨਾਰੀਆਂ ਸਰੀਰ ਦੇ ਹਰ ਰੋਮ ਨੂੰ ਸਲਾਮਤ ਰੱਖਣ।

ਇੰਝ ਸੰਤ ਜਰਨੈਲ ਸਿੰਘ ਦੀ ਪੰਥਕ ਵਿਰਾਸਤ ਨੂੰ ਭਵਿੱਖ ਦੇ ਤਿਲਕਦੇ ਮੋੜਾਂ ਉੱਤੇ ਸੰਭਾਲਿਆ ਜਾ ਸਕਦਾ ਹੈ।


ਪ੍ਰੋ. ਹਰਿੰਦਰ ਸਿੰਘ ਮਹਿਬੂਬ