ਯਹੂਦੀ ਕਤਲੇਆਮ ਵਿਚ ਸ਼ਾਮਲ ਨਾਜ਼ੀ ਨੂੰ ਜਰਮਨ ਅਦਾਲਤ ਨੇ ਸਜ਼ਾ ਸੁਣਾਈ
ਅੰਮ੍ਰਿਤਸਰ ਟਾਈਮਜ਼ ਬਿਊਰੋ
ਦੁਨੀਆ ਵਿਚ ਕਈ ਭਾਈਚਾਰਿਆਂ, ਕੌਮਾਂ ਦੀਆਂ ਨਸਲਕੁਸ਼ੀਆਂ ਹੋਈਆਂ ਪਰ ਜਿਸ ਤਰ੍ਹਾਂ ਯਹੂਦੀਆਂ ਦੀ ਨਸਲਕੁਸ਼ੀ ਕਰਨ ਵਾਲੇ ਨਾਜ਼ੀ ਸਾਮਰਾਜ ਦੇ ਕਰਿੰਦਿਆਂ ਨੂੰ ਯਹੂਦੀਆਂ ਨੇ ਸਜ਼ਾਵਾਂ ਦਵਾਈਆਂ, ਉਹ ਇਕ ਦੁਨੀਆ ਦੀ ਵੱਡੀ ਮਿਸਾਲ ਹੈ। ਇਸ ਦੀ ਮੁੱਖ ਵਜ੍ਹਾ ਯਹੂਦੀਆਂ ਦੇ ਹੱਥ ਉਹਨਾਂ ਦਾ ਰਾਜ ਆਉਣਾ ਹੈ।
ਯਹੂਦੀਆਂ ਦੀ ਨਾਜ਼ੀਆਂ ਹੱਥੋਂ ਹੋਈ ਨਸਲਕੁਸ਼ੀ ਦੇ ਇਕ ਮਾਮਲੇ ਵਿਚ ਅੱਜ ਜਰਮਨੀ ਦੀ ਅਦਾਲਤ ਨੇ ਨਾਜ਼ੀ ਕੈਂਪ ਵਿਚ ਬਤੌਰ ਸੁਰੱਖਿਆ ਗਾਰਡ ਤੈਨਾਤ ਰਹੇ ਇਕ ਦੋਸ਼ੀ ਨੂੰ ਸਜ਼ਾ ਸੁਣਾਈ ਹੈ। ਬਰੂਨੋ ਦੇ, ਜੋ ਕਿ ਹੁਣ 93 ਸਾਲਾਂ ਦਾ ਹੋ ਚੁੱਕਿਆ ਹੈ, ਉਹ ਉਸ ਸਮੇਂ ਮਹਿਜ਼ 17 ਸਾਲਾਂ ਦਾ ਸੀ ਜਦੋਂ ਉਹ ਯਹੂਦੀਆਂ ਨੂੰ ਬੰਦੀ ਬਣਾ ਕੇ ਰੱਖਣ ਲਈ ਬਣਾਏ ਇਕ ਨਾਜ਼ੀ ਕੈਂਪ ਦਾ ਗਾਰਡ ਸੀ। ਜਰਮਨੀ ਦੇ ਸ਼ਹਿਰ ਹੈਮਬਰਗ ਦੀ ਅਦਾਲਤ ਨੇ ਅੱਜ ਇਸ ਦੋਸ਼ੀ ਨੂੰ ਨਸਲਕੁਸ਼ੀ ਵਿਚ ਸ਼ਾਮਲ ਹੋਣ ਲਈ 2 ਸਾਲਾਂ ਦੀ ਸਸਪੈਂਡਿਡ ਸਜ਼ਾ ਸੁਣਾਈ ਹੈ।
ਬਰੂਨੇ ਦੇ ਨੇ ਅਗਸਤ 1944 ਅਤੇ ਅਪ੍ਰੈਲ 1945 ਦੇ ਦਰਮਿਆਨ ਨਾਜ਼ੀ ਕੈਂਪ ਵਿਚ ਬਤੌਰ ਗਾਰਡ ਕੰਮ ਕੀਤਾ ਸੀ। ਅਦਾਲਤ ਨੇ ਪਾਇਆ ਕਿ ਬਰੂਨੋ ਕੈਂਪ ਵਿਚ ਇਸ ਸਮੇਂ ਦੌਰਾਨ ਕਤਲ ਹੋਏ 5232 ਲੋਕਾਂ ਦੇ ਕਤਲਾਂ ਵਿਚ ਹਿੱਸੇਦਾਰ ਸੀ।
ਨਾਜ਼ੀ ਕੈਂਪ
ਬਰੂਨੋ ਨੇ ਅਦਾਲਤ ਵਿਚ ਇਹ ਮੰਨਿਆ ਕਿ ਉਹ ਉਸ ਕੈਂਪ ਵਿਚ ਬਤੌਰ ਗਾਰਡ ਕੰਮ ਕਰਦਾ ਰਿਹਾ ਸੀ ਪਰ ਉਸਨੇ ਕਿਹਾ ਕਿ ਉਸਨੇ ਕਿਸੇ ਵੀ ਕਤਲ ਵਿਚ ਸਿੱਧਾ ਹਿੱਸਾ ਨਹੀਂ ਲਿਆ ਅਤੇ ਦਾਅਵਾ ਕੀਤਾ ਕਿ ਉਸਨੂੰ ਕੈਂਪ ਵਿਚ ਹੋ ਰਹੇ ਇਸ ਜ਼ੁਲਮ ਦੀ ਵੀ ਜਾਣਕਾਰੀ ਨਹੀਂ ਸੀ। ਉਸਨੇ ਸੋਮਵਾਰ ਨੂੰ ਪੀੜਤ ਲੋਕਾਂ ਤੋਂ ਮੁਆਫੀ ਮੰਗੀ।
ਇਸ ਮਾਮਲੇ ਦਾ ਅਹਿਮ ਪਹਿਲੂ ਇਹ ਵੀ ਸੀ ਕਿ ਜਿਸ ਸਮੇਂ ਬਰੂਨੋ ਉਪਰੋਕਤ ਜ਼ੁਰਮਾਂ ਵਿਚ ਭਾਈਵਾਲ ਸੀ ਉਸ ਸਮੇਂ ਉਸਦੀ ਉਮਰ 18 ਸਾਲ ਤੋਂ ਘੱਟ ਸੀ। ਇਸ ਲਈ ਬਰੂਨੋ ਖਿਲਾਫ ਇਹ ਮਾਮਲਾ ਨਬਾਲਗਾਂ ਦੀ ਅਦਾਲਤ ਵਿਚ ਚੱਲਿਆ।
ਨਾਜ਼ੀ ਕੈਂਪ ਤੋਂ ਬਚ ਕੇ ਨਿੱਕਲੀਆਂ ਦੋ ਭੈਣਾਂ
ਇਸ ਮਾਮਲੇ ਵਿਚ ਇਕ ਸ਼ਿਕਾਇਤ ਕਰਤਾ ਬੀਬੀ ਨੇ ਉਪਰੋਕਤ ਨਾਜ਼ੀ ਕੈਂਪ ਦੇ ਹਾਲਾਤ ਬਿਆਨ ਕਰਦਿਆਂ ਦੱਸਿਆ ਕਿ ਉਹ ਉੱਥੇ ਉਸਦੀ ਮਾਂ ਅਤੇ ਭੈਣ ਸਮੇਤ ਬੰਦੀ ਬਣ ਕੇ ਰਹੀ ਸੀ। ਉਸਦੀ ਮਾਂ ਨੂੰ ਕੈਂਪ ਵਿਚ ਬਣੇ ਗੈਸ ਚੈਂਬਰ ਅੰਦਰ ਕਤਲ ਕਰ ਦਿਤਾ ਗਿਆ ਸੀ। ਉਹ ਅਤੇ ਉਸਦੀ ਭੈਣ ਉਸ ਕੈਂਪ ਵਿਚੋਂ ਬਚ ਨਿਕਲਣ ਵਿਚ ਕਾਮਯਾਬ ਹੋ ਗਈਆਂ ਸਨ।
ਪ੍ਰਾਪਤ ਅੰਕੜਿਆਂ ਮੁਤਾਬਕ ਇਸ ਕੈਂਪ ਨੂੰ 1945 ਵਿਚ ਨਾਜ਼ੀਆਂ ਤੋਂ ਅਜ਼ਾਦ ਕਰਵਾਇਆ ਗਿਆ ਸੀ ਤੇ ਉਸ ਸਮੇਂ ਤਕ ਇੱਥੇ 65,000 ਲੋਕਾਂ ਦਾ ਕਤਲੇਆਮ ਕੀਤਾ ਜਾ ਚੁੱਕਿਆ ਸੀ ਜਿਹਨਾਂ ਵਿਚੋਂ 70 ਫੀਸਦੀ ਯਹੂਦੀ ਦੱਸੇ ਜਾਂਦੇ ਹਨ।
ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।
Comments (0)