ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਾਉਣ ਲਈ ਗਰੀਬ ਪਿਓ ਨੇ ਗਾਂ ਵੇਚ ਕੇ ਮੋਬਾਈਲ ਖਰੀਦਿਆ

ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਾਉਣ ਲਈ ਗਰੀਬ ਪਿਓ ਨੇ ਗਾਂ ਵੇਚ ਕੇ ਮੋਬਾਈਲ ਖਰੀਦਿਆ
ਕੁਲਦੀਪ ਅਤੇ ਉਸਦੀ ਪਤਨੀ ਆਪਣੇ ਕੱਚੇ ਘਰ ਵਿਚ ਬੈਠੇ ਹੋਏ (source: www.tribuneindia.com)

ਅੰਮ੍ਰਿਤਸਰ ਟਾਈਮਜ਼ ਬਿਊਰੋ

ਕੋਰੋਨਾਵਾਇਰਸ ਕਾਰਨ ਸਕੂਲ ਬੰਦ ਪਏ ਹਨ ਅਤੇ ਬੱਚਿਆਂ ਨੂੰ ਤਕਨੀਕੀ ਸਾਧਨਾਂ ਰਾਹੀਂ ਆਨਲਾਈਨ ਪੜ੍ਹਾਈ ਕਰਾਈ ਜਾ ਰਹੀ ਹੈ। ਪੜ੍ਹਾਈ ਦਾ ਇਹ ਨਵਾਂ ਤਰੀਕਾ ਕਈ ਮਾਪਿਆਂ ਦੇ ਜੀਅ ਦਾ ਜੰਜਾਲ ਬਣ ਗਿਆ ਹੈ, ਸਭ ਤੋਂ ਵੱਡੀ ਮਾਰ ਇਸਦੀ ਗਰੀਬ ਪਰਿਵਾਰਾਂ ਨੂੰ ਵੱਜੀ ਹੈ। ਆਨਲਾਈਨ ਪੜ੍ਹਾਈ ਲਈ ਜ਼ਰੂਰੀ ਵਸੀਲੇ ਜਿਵੇਂ ਇੰਟਰਨੈਟ, ਮੋਬਾਈਲ, ਲੈਪਟਾਪ ਨਾ ਹੋਣ ਕਾਰਨ ਗਰੀਬ ਘਰਾਂ ਦੇ ਬੱਚੇ ਪੜ੍ਹਾਈ ਤੋਂ ਵਾਂਝੇ ਰਹਿ ਰਹੇ ਹਨ। ਗਰੀਬ ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਇਸ ਬਦਲੇ ਸਮੇਂ ਵਿਚ ਜ਼ਰੂਰੀ ਵਸਤਾਂ ਦਾ ਪ੍ਰਬੰਧ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਪਾਪੜ ਵੇਲਣੇ ਪੈ ਰਹੇ ਹਨ। 

ਅਜਿਹਾ ਹੀ ਇਕ ਮਾਮਲਾ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਨਾਲ ਸਬੰਧਿਤ ਹੈ, ਜੋ ਅਖਬਾਰਾਂ ਦੀ ਸੁਰਖੀ ਬਣਿਆ ਹੈ। ਇੱਥੇ ਜਵਾਲਾਮੁਖੀ ਇਲਾਕੇ ਦੇ ਪਿੰਡ ਗੁੰਮਰ ਦੇ ਗਰੀਬ ਕਿਸਾਨ ਕੁਲਦੀਪ ਕੁਮਾਰ ਨੇ ਆਪਣੇ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਵਾਸਤੇ ਮੋਬਾਈਲ ਖਰੀਦਣ ਲਈ ਆਪਣੇ ਆਮਦਨ ਦਾ ਇਕੋ ਇਕ ਸਾਧਨ ਆਪਣੀ ਗਾਂ ਵੇਚ ਦਿੱਤੀ। ਇਸ ਗਾਂ ਦਾ ਦੁੱਧ ਵੇਚ ਕੇ ਹੀ ਇਹ ਪਰਿਵਾਰ ਆਪਣੀ ਜ਼ਿੰਦਗੀ ਚਲਾਉਂਦਾ ਸੀ। ਕੁਲਦੀਪ ਨੇ ਆਪਣੀ ਇਹ ਗਾਂ ਖੜ੍ਹੇ ਪੈਰ 6000 ਰੁਪਏ ਨੂੰ ਵੇਚ ਦਿੱਤੀ ਤੇ ਉਸ ਰਕਮ ਦਾ ਉਹ ਮੋਬਾਈਲ ਫੋਨ ਲੈ ਕੇ ਆਇਆ।

ਉਸਦੇ ਦੋ ਬੱਚੇ ਅਨੂ ਅਤੇ ਦੀਪੂ, ਚੌਥੀ ਅਤੇ ਦੂਜੀ ਜਮਾਤ ਵਿਚ ਪੜ੍ਹਦੇ ਹਨ। ਸਕੂਲ ਵੱਲੋਂ ਆਨਲਾਈਨ ਪੜ੍ਹਾਈ ਕਰਾਉਣ ਦੇ ਚਲਦਿਆਂ ਕੁਲਦੀਪ 'ਤੇ ਦਬਾਅ ਸੀ ਕਿ ਉਹ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ ਲਈ ਮੋਬਾਈਲ ਫੋਨ ਖਰੀਦੇ।

ਕੁਲਦੀਪ ਨੇ ਦੱਸਿਆ ਕਿ ਉਹ ਇਕ ਮਹੀਨੇ ਤੋਂ ਕੋਸ਼ਿਸ਼ ਕਰ ਰਿਹਾ ਸੀ ਕਿ ਉਸਨੂੰ ਕੋਈ 6000 ਰੁਪਏ ਉਧਾਰ ਜਾਂ ਕਰਜ਼ਾ ਦੇ ਦਵੇ ਤਾਂ ਕਿ ਉਹ ਮੋਬਾਈਲ ਫੋਨ ਖਰੀਦ ਸਕੇ। ਇਸ ਲਈ ਉਸਨੇ ਬੈਂਕ ਨਾਲ ਵੀ ਗੱਕ ਕੀਤੀ ਤੇ ਬਿਆਜੂ ਪੈਸਾ ਦੇਣ ਵਾਲਿਆਂ ਨੂੰ ਵੀ ਪੁੱਛਿਆ, ਪਰ ਉਸਦੀ ਗਰੀਬੀ ਕਰਕੇ ਉਸਨੂੰ ਕਰਜ਼ਾ ਦੇਣ ਲਈ ਕੋਈ ਤਿਆਰ ਨਹੀਂ ਹੋਇਆ।

ਕੁਲਦੀਪ ਨੇ ਦੱਸਿਆ ਕਿ ਉਸ ਕੋਲ ਤਾਂ 500 ਰੁਪਏ ਵੀ ਨਹੀਂ ਹੁੰਦੇ ਤੇ 6000 ਰੁਪਏ ਇਕੱਠੇ ਕਰਨੇ ਤਾਂ ਉਸ ਲਈ ਕਿਸੇ ਵੱਡੇ ਪਹਾੜ ਨੂੰ ਭੰਨਣ ਵਰਗਾ ਕੰਮ ਸੀ। ਅਖੀਰ ਜਦੋਂ ਉਹ ਪੈਸਿਆਂ ਦਾ ਪ੍ਰਬੰਧ ਨਾ ਕਰ ਸਕਿਆ ਤਾਂ ਉਸਨੇ ਆਪਣੀ ਇਕੋ ਇਕ ਗਾਂ ਵੇਚ ਦਿੱਤੀ ਅਤੇ ਬੱਚਿਆਂ ਦੀ ਪੜ੍ਹਾਈ ਲਈ ਉਸ ਰਕਮ ਦਾ ਮੋਬਾਈਲ ਫੋਨ ਖਰੀਦ ਲਿਆਇਆ।

ਕੁਲਦੀਪ ਪਿੰਡ ਵਿਚ ਕੱਚੇ ਘਰ 'ਚ ਰਹਿੰਦਾ ਹੈ। ਕੁਲਦੀਪ ਦਾ ਕੋਈ ਵੀ ਗਰੀਬੀ ਲਕੀਰ ਹੇਠਲਾ ਕਾਰਡ ਨਹੀਂ ਬਣਿਆ ਹੋਇਆ ਤੇ ਨਾ ਹੀ ਉਸਨੂੰ ਕਿਸੇ ਹੋਰ ਸਰਕਾਰੀ ਸਕੀਮ ਦੀ ਮਦਦ ਮਿਲ ਰਹੀ ਹੈ। ਕੁਲਦੀਪ ਨੇ ਦੱਸਿਆ ਕਿ ਘਰ ਬਣਾਉਣ ਲਈ ਉਹ ਪੰਚਾਇਤ ਨੂੰ ਕਈ ਅਰਜ਼ੀਆਂ ਦੇ ਚੁੱਕਾ ਹੈ ਤੇ ਗਰੀਬੀ ਲਕੀਰ ਹੇਠਲੀ ਸੂਚੀ ਸਮੇਤ ਹੋਰ ਸਰਕਾਰੀ ਸਕੀਮਾਂ ਵਿਚ ਨਾਮ ਦਰਜ ਕਰਾਉਣ ਲਈ ਅਪੀਲਾਂ ਕਰ ਚੁੱਕਾ ਹੈ ਪਰ ਉਸਦੀ ਕਦੇ ਨਹੀਂ ਸੁਣੀ ਗਈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।