ਟਰੰਪ ਦੀ ਜਿੱਤ, ਜਮਹੂਰੀਅਤ ਦੀ ਹਾਰ

ਟਰੰਪ ਦੀ ਜਿੱਤ, ਜਮਹੂਰੀਅਤ ਦੀ ਹਾਰ

ਅਮਰੀਕੀ ਇਤਿਹਾਸ ਵਿਚ ਇਹ ਸ਼ਾਇਦ ਪਹਿਲੀ ਵਾਰ ਵਾਪਰਿਆ ਕਿ ਕਿਸੇ ਰਾਸ਼ਟਰਪਤੀ ਦੇ ਸਹੁੰ ਚੁੱਕ ਜਸ਼ਨਾਂ ਦੀ ਚਾਸ਼ਨੀ ਵਿਚ ਵਿਰੋਧ ਦੀ ਕੁੜੱਤਣ ਘੁਲੀ ਹੋਵੇ। ਡੋਨਲ ਟਰੰਪ ਦੇ ਵਿਰੋਧ ਵਿਚ ਸਿਰਫ਼ ਅਮਰੀਕਾ ਵਿਚ ਹੀ ਨਹੀਂ ਸਗੋਂ ਦੁਨੀਆ ਭਰ ਵਿਚ 10 ਲੱਖ ਤੋਂ ਵੀ ਜ਼ਿਆਦਾ ਲੋਕਾਂ ਨੇ ਰੋਸ ਵਿਖਾਵੇ ਕੀਤੇ। ਉਧਰ ਮੀਡੀਆ ਨੇ ਵੀ ਇਹ ਕਹਿ ਕੇ ਟਰੰਪ ਦੀ ਨਾਰਾਜ਼ਗੀ ਸਹੇੜ ਲਈ ਕਿ ਬਰਾਕ ਓਬਾਮਾ ਦੇ ਮੁਕਾਬਲੇ, ਟਰੰਪ ਦੇ ਸਹੁੰ ਚੁੱਕ ਸਮਾਰੋਹ ਵਿਚ ਸ਼ਾਮਲ ਲੋਕਾਂ ਦੀ ਸੰਖਿਆ ਕਾਫ਼ੀ ਘੱਟ ਸੀ। ਮੀਡੀਆ ਮੁਤਾਬਕ ਓਬਾਮਾ ਦੇ ਸਮਾਰੋਹ ਵਿਚ 18 ਲੱਖ ਤੋਂ ਜ਼ਿਆਦਾ ਲੋਕ ਸਨ ਤੇ ਟਰੰਪ ਦੇ ਸਮਾਰੋਹ ਵਿਚ ਸਿਰਫ਼ ਢਾਈ ਲੱਖ ਲੋਕ ਸ਼ਾਮਲ ਹੋਏ। ਇਥੋਂ ਤਕ ਕਿਹਾ ਗਿਆ ਕਿ ਟਰੰਪ ਦੇ ਵਿਰੋਧ ਵਿਚ ਔਰਤਾਂ ਵਲੋਂ ਕੀਤੀਆਂ ਗਈਆਂ ਰੈਲੀਆਂ ਵਿਚ ਵੀ ਜੋ ਭੀੜ ਇਕੱਤਰ ਹੋਈ, ਉਹ ਸਹੁੰ ਚੁੱਕ ਸਮਾਰੋਹ ਨਾਲੋਂ ਤਿੰਨ ਗੁਣਾ ਜ਼ਿਆਦਾ ਸੀ। ਇਸ ਦੇ ਨਾਲ ਹੀ ਟਰੰਪ ਤੇ ਅਮਰੀਕੀ ਮੀਡੀਆ ਵਿਚਾਲੇ ਸ਼ਬਦੀ ਜੰਗ ਤੇਜ਼ ਹੋ ਗਈ ਹੈ।
ਅਮਰੀਕੀ ਜਨਤਾ ਨੂੰ ‘ਟਰੰਪ’ ਦੇ ਰੂਪ ਵਿੱਚ ਅਜਿਹਾ ‘ਸਦਮਾ’ ਲੱਗਾ ਹੈ, ਜਿਸ ਲਈ ਉਹ ਦਿਲ-ਦਿਮਾਗ਼ ਤੋਂ ਤਿਆਰ ਨਹੀਂ ਸੀ। ਦਰਅਸਲ, ਅਮਰੀਕਾ ਦੇ ਉਦਾਰਵਾਦੀ ਤੇ ਮਾਨਵਤਾਵਾਦੀ ਖੇਤਰ ਟਰੰਪ ਦੀ ਜਿੱਤ ਨੂੰ ਹਜ਼ਮ ਨਹੀਂ ਕਰ ਪਾ ਰਹੇ। 8 ਨਵੰਬਰ ਨੂੰ ਜਿਵੇਂ ਹੀ ਟਰੰਪ ਦੀ ਜਿੱਤ ਦੀ ਖ਼ਬਰ ਆਈ ਸੀ, ਅਮਰੀਕਾ ਵਿਚ ਬੇਚੈਨੀ ਵੀ ਨਾਲ ਨਾਲ ਵਧਣ ਲੱਗੀ। ਦੇਸ਼ ਭਰ ਵਿਚ ਟਰੰਪ ਵਿਰੋਧ ਦੀ ਲਹਿਰ ਫੈਲਣ ਲੱਗੀ, ਲਗਭਗ ਸਾਰੇ ਮਹਾਂਨਗਰਾਂ (ਨਿਊ ਯਾਰਕ, ਵਾਸ਼ਿੰਗਟਨ, ਬੋਸਟਨ, ਪੋਰਟਲੈਂਡ, ਲਾਸ ਏਂਜਲਸ, ਸਾਨ ਫਰਾਂਸਿਸਕੋ, ਫਿਲਾਡੇਲਫਿਆ, ਐਟਲਾਂਟਾ, ਮਿਸ਼ੀਗਨ, ਮਿਆਮੀ) ਵਿਚ ਟਰੰਪ ਵਿਰੁੱਧ ਪ੍ਰਦਰਸ਼ਨ ਹੋਏ। ਲੋਕ ਸੜਕਾਂ-ਗਲੀਆਂ ਵਿਚ ਉਤਰੇ, ਦੰਗੇ ਹੋਏ, ਭੰਨ-ਤੋੜ ਹੋਈ। ਟਰੰਪ ਵਿਰੋਧੀ ਜ਼ਬਰਦਸਤ ਨਾਅਰੇ ਗੂੰਜੇ। ਇਸ ਤੋਂ ਪੂਰੀ ਤਰ੍ਹਾਂ ਸਪਸ਼ਟ ਹੈ ਕਿ ਅਮਰੀਕੀ ਸਮਾਜ ਬੁਰੀ ਤਰ੍ਹਾਂ ਵੰਡਿਆ ਹੋਇਆ ਤੇ ਧਰੁਵੀਕ੍ਰਿਤ ਹੋ ਗਿਆ ਹੈ।
ਇਸ ਵਰਤਾਰੇ ਨੂੰ ਸਹਿਜੇ ਹੀ ਨਹੀਂ ਲਿਆ ਜਾ ਸਕਦਾ। ਅਮਰੀਕਾ ਦੀ ਮੌਜੂਦਾ ਸਥਿਤੀ ਨੂੰ ਭਾਰਤ ਵਿਚ ਵਾਪਰੀਆਂ ਘਟਨਾਵਾਂ ਨਾਲ ਵੀ ਸਮਝਿਆ ਜਾ ਸਕਦਾ ਹੈ। ਜਿਸ ਤਰ੍ਹਾਂ ਡਾ. ਮਨਮੋਹਨ ਸਿੰਘ ਦਾ ਗੁਣਗਾਣ ਕਰਨ ਵਾਲੇ ਕਾਰਪੋਰੇਟ ਜਗਤ ਨੇ ਆਪਣੇ ਮਨ-ਮੁਆਫ਼ਕ ਨਾ ਹੋਣ ਕਾਰਨ ਉਨ੍ਹਾਂ ਨੂੰ ਸਭ ਤੋਂ ਸੁਸਤ ਪ੍ਰਧਾਨ ਮੰਤਰੀ ਗਰਦਾਨਣਾ ਸ਼ੁਰੂ ਕੀਤਾ ਤੇ ਆਪਣੀ ਲਾਲਸਾ ਮੋਦੀ ਦੇ ਉਭਾਰ ਵਿਚ ਪੂਰੀ ਹੁੰਦੀ ਦੇਖੀ, ਉਸੇ ਤਰ੍ਹਾਂ ਸਭ ਤੋਂ ਵੱਧ ਹਰਮਨਪਿਆਰੀ ਰਹਿਣ ਦੇ ਬਾਵਜੂਦ ਹਿਲੇਰੀ ਕਲਿੰਟਨ ਅਮਰੀਕੀ ਇਲੈਕਟੋਰਲ ਢਾਂਚੇ ਤਹਿਤ ਹਾਰ ਗਈ ਤੇ ਟਰੰਪ ਦੀ ਜਿੱਤ ਹੋ ਗਈ। ਇਸ ਪੂਰੇ ਵਰਤਾਰੇ ਦੇ ਨਾਲ ਨਾਲ ਰਾਸ਼ਟਰਵਾਦੀ ਸਿਆਸਤ ਦਾ ਵੀ ਉਭਾਰ ਹੋਇਆ ਹੈ, ਜਿਸ ਨੇ ਪੂਰੀ ਦੁਨੀਆ ਵਿਚ ਵੰਡ ਦੀ ਲਕੀਰ ਖਿੱਚ ਦਿੱਤੀ ਹੈ।
ਅਮਰੀਕਾ ਅਤੇ ਯੂਰਪੀ ਰਾਸ਼ਟਰਾਂ ਵਿਚ ਰਾਸ਼ਟਰਵਾਦੀ ਸਿਆਸਤ ਦੀ ਲਹਿਰ ਖ਼ਤਰਨਾਕ ਰੂਪ ਲੈ ਚੁੱਕੀ ਹੈ ਅਤੇ ਸੂਚਨਾ-ਸੰਚਾਰ-ਡਿਜੀਟਲ ਮੀਡੀਆ ਕਰਾਂਤੀ ਕਾਰਨ ਝੂਠ ਸੱਚ ਦਾ ਰੂਪ ਲੈ ਰਿਹਾ ਹੈ। ਠੀਕ ਉਸੇ ਤਰ੍ਹਾਂ ਜਿਵੇਂ ਹਿਟਲਰ ਦੀ ਅਗਵਾਈ ਵਿਚ ਸੱਚ ਦਾ ਚੋਲਾ ਪਾ ਕੇ ਹੀ ਫਾਸੀਵਾਦ-ਨਾਜੀਵਾਦ ਆਇਆ ਸੀ, ਤੇ ਕੱਟੜ ਰਾਸ਼ਟਰਵਾਦ-ਨਸਲਵਾਦ-ਰਕਤ ਸ਼ੁੱਧਤਾ ਦੇ ਨਾਂ ‘ਤੇ ਲੱਖਾਂ ਲੋਕਾਂ ਦਾ ਕਤਲੇਆਮ ਹੋਇਆ ਸੀ। ਪਿਛਲੇ ਕੁਝ ਵਰ੍ਹਿਆਂ ਤੋਂ ਭਾਰਤ ਸਮੇਤ ਕਈ ਰਾਸ਼ਟਰਾਂ ਵਿਚ ਇਸ ਦਾ ਨਵੇਂ ਨਵੇਂ ਰੂਪਾਂ ਵਿਚ ਉਭਾਰ ਹੋ ਰਿਹਾ ਹੈ ਕਿਉਂਕਿ ਅਮਰੀਕੀ ਟਰੰਪ ਨਸਲੀ ਨਫ਼ਰਤ, ਇਸਲਾਮ ਡਰ, ਮੁਸਲਿਮ ਨਫ਼ਰਤ, ਪਰਵਾਸੀਆਂ ਖ਼ਿਲਾਫ਼ ਨਫ਼ਰਤ, ਔਰਤਾਂ ਪ੍ਰਤੀ ਨਫ਼ਰਤ ਵਰਗੀਆਂ ਨਫ਼ਰਤਾਂ ਦੇ ਜ਼ੋਰ ‘ਤੇ ਵ੍ਹਾਈਟ ਹਾਊਸ ਵਿਚ ਚਾਰ ਸਾਲ ਤਕ ਅਹਿਮ ਸ਼ਕਤੀਆਂ ਨਾਲ ਲੈਸ ਰਹਿਣਗੇ। ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਕਿ ਇਕ ਵਪਾਰੀ ਤੇ ਕੈਸੀਨੋ ਮਾਲਕ ਉਮੀਦਵਾਰ ਨੇ ਖੁੱਲ੍ਹ ਕੇ ‘ਨਫ਼ਰਤ ਦੀ ਸਿਆਸਤ’ ਅਤੇ ‘ਪਛਾਣ ਦੀ ਸਿਆਸਤ’ ਦਾ ਸਹਾਰਾ ਲਿਆ। ਇਸ ਨਫ਼ਰਤ ਖਾਸ ਤੌਰ ‘ਤੇ ਸਿਆਹਫਾਮ ਮਾਰੂ ਸਿਧਾਂਤ ਦਾ ਉਭਾਰ ਅਚਾਨਕ ਨਹੀਂ ਹੋਇਆ, ਬਲਕਿ ਟਰੰਪ ਦੇ ਸਮਰਥਕਾਂ ਨੇ ਬਾਕਾਇਦਾ ਯੋਜਨਾਬੱਧ ਤਰੀਕੇ ਨਾਲ ਇਹ ਜ਼ਮੀਨ ਤਿਆਰ ਕੀਤੀ। ਕਰੀਬ ਡੇਢ ਸਾਲ ਤੋਂ ਬੜੇ ਮਹੀਨ ਤਰੀਕੇ ਨਾਲ ਰਕਤ-ਨਸਲ ਦੀ ਜ਼ਮੀਨ ਸਿੰਜੀ ਜਾ ਰਹੀ ਸੀ।
ਠੀਕ ਇਸੇ ਤਰ੍ਹਾਂ ਭਾਰਤ ਵਿਚ ਸੰਘ ਪਰਿਵਾਰ ਇਸਲਾਮ ਨੂੰ ਧਰਮ ਨਹੀਂ, ਸਿਆਸੀ ਵਿਚਾਰਧਾਰਾ ਮੰਨਦਾ ਹੈ। ਜਿਵੇਂ ਟਰੰਪ ਦੀ ਜਿੱਤ ਦੇ ਐਲਾਨ ਮਗਰੋਂ ਹੀ ਕੱਟੜ ਗੋਰਿਆਂ ਨੇ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਵਿਚ ਪ੍ਰਦਰਸ਼ਨ ਕੀਤੇ। ਅਮਰੀਕਾ ਦੇ ਮਸ਼ਹੂਰ ਨਸਲਵਾਦੀ ਤੇ ਨਵ-ਫਾਸੀਵਾਦੀ ਸੰਗਠਨ ‘ਕੁਕਲੁਕਸ ਕਲਾਨ’ (ਕੇ.ਕੇ.ਕੇ.) ਨੇ ਕਈ ਥਾਈਂ ਘਰਾਂ-ਦੁਕਾਨਾਂ ‘ਤੇ ਨਸਲਵਾਦੀ ਨਾਅਰੇ ਲਿਖੇ, ਪੋਸਟਰ ਲਾਏ, ਕਈ ਸਿੱਖਿਆ ਸੰਸਥਾਵਾਂ ਵਿਚ ਗੋਰੇ ਨੌਜਵਾਨਾਂ ਨੇ ਜਲੂਸ ਕੱਢੇ, ਭਾਰਤ ਵਿਚ ਵੀ ਮੋਦੀ-ਸ਼ਾਸਨ ਦੌਰਾਨ ‘ਲਵ-ਜਹਾਦ’, ਗਊ-ਹੱਤਿਆ, ਮੁਸਲਿਮ ਅੱਤਵਾਦ, ਅਸਹਿਣਸ਼ੀਲਤਾ ਵਰਗੀਆਂ ਘਟਨਾਵਾਂ ਦੀ ਗਰਮ ਹਵਾ ਚਲੀ ਜੋ ਅੱਜ ਵੀ ਚੱਲ ਰਹੀ ਹੈ। ਜਿਸ ਤਰ੍ਹਾਂ ਧਰਮ-ਸੰਸਕ੍ਰਿਤੀ ਦੇ ਨਾਂ ‘ਤੇ ਭਾਰਤੀ ਸਮਾਜ ਦਾ ਧਰੁਵੀਕਰਨ ਕੀਤਾ ਜਾ ਰਿਹਾ ਹੈ, ਉਵੇਂ ਹੀ ਅਮਰੀਕਾ ਵਿਚ ਵੀ ਟਰੰਪ ਉਭਾਰ ਨਾਲ ਸਾਹਮਣੇ ਆ ਰਿਹਾ ਹੈ। ਟਰੰਪ ਨੇ ਖ਼ੁਦ ਚੋਣ ਮੁਹਿੰਮ ਦੌਰਾਨ ਨਿਊ ਜਰਸੀ ਇਲਾਕੇ ਵਿਚ ਹਿੰਦੂਆਂ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਸੀ, ‘ਅਮਰੀਕਾ ਹਿੰਦੂਆਂ ਨੂੰ ਪਿਆਰ ਕਰਦਾ ਹੈ-ਅਮਰੀਕਾ ਇੰਡੀਆ ਨੂੰ ਪਸੰਦ ਕਰਦਾ ਹੈ। ਭਵਿੱਖ ਵਿਚ ਭਾਰਤੀਆਂ ਨੂੰ ਵ੍ਹਾਈਟ ਹਾਊਸ ਵਿਚ ਸੱਚਾ ਦੋਸਤ ਮਿਲੇਗਾ।’ ਟਰੰਪ ਨੇ ਆਪਣੇ ਭਾਸ਼ਣ ਵਿਚ ਮੁਸਲਮਾਨ, ਸਿੱਖ, ਇਸਾਈ, ਬੌਧ, ਜੈਨ ਵਰਗੇ ਧਾਰਮਿਕ ਭਾਈਚਾਰਿਆਂ ਦਾ ਬਿਲਕੁਲ ਜ਼ਿਕਰ ਨਹੀਂ ਕੀਤਾ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਭਾਰਤ ਵਿਚ ਕਰੀਬ 24-25 ਕਰੋੜ ਗੈਰ ਹਿੰਦੂ ਵੀ ਵਸਦੇ ਹਨ। ਇਨ੍ਹਾਂ ਸਾਰੇ ਭਾਈਚਾਰਿਆਂ ਨਾਲ ਭਾਰਤ ਬਣਿਆ ਹੈ, ਨਾ ਕਿ ਇਕੱਲੇ ਹਿੰਦੂਆਂ ਨਾਲ। ਪਰ ਟਰੰਪ ਦੀਆਂ ਨਜ਼ਰਾਂ ਹਿੰਦੂਆਂ ‘ਤੇ ਹੀ ਟਿਕੀਆਂ ਰਹੀਆਂ ਤੇ ਇਸ ਦਾ ਲਾਭ ਵੀ ਉਨ੍ਹਾਂ ਨੂੰ ਹੋਇਆ। ਉਨ੍ਹਾਂ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਵੀ ਕੀਤੀ ਅਤੇ ਪਰਵਾਸੀ ਭਾਰਤੀ ਹਿੰਦੁਵਾਦੀਆਂ ਵਿਚ ਉਨ੍ਹਾਂ ਦਾ ਜੰਮ ਕੇ ਸਮਰਥਨ ਕੀਤਾ। ਹਿੰਦੂ ਰਿਪਬਲਿਕਨ ਕੋਲੀਸ਼ਨ ਦੇ ਮੈਂਬਰ ਟਰੰਪ ਦੇ ਪ੍ਰਚਾਰ ਵਿਚ ਉਤਰੇ। ਟਰੰਪ ਦੀ ਚੋਣ ਮੁਹਿੰਮ ਦੀ ਰਣਨੀਤੀ ਅਮਰੀਕੀ ਸਮਾਜ ਦੇ ਵੰਡ ਦੀ ਰਹੀ, ਨਾ ਕਿ ਬਰਾਬਰਤਾ ਦੀ।
ਅਮਰੀਕਾ ਪੂਰੀ ਦੁਨੀਆ ਦੀ ਅਗਵਾਈ ਵੀ ਕਰਦਾ ਹੈ ਤੇ ਵੱਡੇ ਜਮਹੂਰੀ ਢਾਂਚੇ ਦੀ ਤਸਵੀਰ ਵੀ ਪੇਸ਼ ਕਰਦਾ ਰਿਹਾ ਹੈ। ਪਰ ਲੋਕਤੰਤਰ ਦੇ ਸਹੀ ਨਤੀਜੇ ਨਾ ਨਿਕਲੇ ਤਾਂ ਭਿਆਨਕ ਬਦਲਾਅ ਵੀ ਆ ਸਕਦੇ ਹਨ। ਟਰੰਪ ਦੀ ਜਿੱਤ ਨਾਲ ਉਨ੍ਹਾਂ ਸ਼ਕਤੀਆਂ ਦੇ ਹੌਸਲੇ ਵਧੇ ਹਨ, ਜੋ ਜਮਹੂਰੀ ਤੇ ਰਾਜ ਵਿਵਸਥਾ ਨੂੰ ਪੂਰੀ ਤਰ੍ਹਾਂ ਨਾਲ ਕਾਰਪੋਰੇਟੀਕਰਨ ਕਰਨ ‘ਤੇ ਉਤਾਰੂ ਹਨ। ਜਮਹੂਰੀ ਢਾਂਚੇ ਵਿਚਲੀਆਂ ਜੜ੍ਹਾਂ ਨੂੰ ਹੀ ਉਨ੍ਹਾਂ ਦੇ ਮੁੱਢ ਮਿੱਧ ਕੇ ਫੈਲ ਰਹੀਆਂ ਟਾਹਣੀਆਂ ਨੂੰ ਛਾਂਗਣਾ ਪਏਗਾ।