ਚੋਣ ਸਰਵੇਖਣ ਵਿੱਚ ਹਿਲੇਰੀ ਨੇ ਟਰੰਪ ਨੂੰ ਫੇਰ 10 ਅੰਕਾਂ ਨਾਲ ਪਛਾੜਿਆ

ਚੋਣ ਸਰਵੇਖਣ ਵਿੱਚ ਹਿਲੇਰੀ ਨੇ ਟਰੰਪ ਨੂੰ ਫੇਰ 10 ਅੰਕਾਂ ਨਾਲ ਪਛਾੜਿਆ

ਵਾਸ਼ਿੰਗਟਨ/ਬਿਊਰੋ ਨਿਊਜ਼ :
ਡੈਮੋਕਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹਿਲੇਰੀ ਕਲਿੰਟਨ ਨੇ ਆਪਣੇ ਰਿਪਬਲਿਕਨ ਵਿਰੋਧੀ ਡੋਨਲਡ ਟਰੰਪ ‘ਤੇ 10 ਅੰਕਾਂ ਦੀ ਲੀਡ ਲੈ ਲਈ ਹੈ। ਤਾਜ਼ਾ ਚੋਣ ਸਰਵੇਖਣ ਮੁਤਾਬਕ ਪਿਛਲੇ ਕੁਝ ਹਫ਼ਤਿਆਂ ਤੋਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਟਰੰਪ ਦਾ ਦਬਦਬਾ ਘੱਟ ਰਿਹਾ ਹੈ।
ਫੌਕਸ ਨਿਊਜ਼ ਨੇ ਪਹਿਲੇ ਚੋਣ ਸਰਵੇਖਣ ਦੇ ਨਤੀਜੇ ਜਾਰੀ ਕਰਦਿਆਂ ਦੱਸਿਆ ਕਿ ਹਿਲੇਰੀ ਨੂੰ ਵ੍ਹਾਈਟ ਹਾਊਸ ਦੀ ਦੌੜ ਵਿਚ 10 ਅੰਕਾਂ (49-39 ਫ਼ੀਸਦੀ) ਦੀ ਬੜ੍ਹਤ ਮਿਲ ਗਈ ਹੈ। ਦੂਹਰੇ ਅੰਕੜੇ ਦੀ ਇਹ ਲੀਡ ਇਸ ਲਈ ਵੀ ਅਹਿਮ ਮੰਨੀ ਜਾ ਰਹੀ ਹੈ ਕਿ ਇਸ ਵਿਚ ਗਲਤੀ ਦੀ ਕੋਈ ਗੁੰਜਾਇਸ਼ ਨਹੀਂ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਕ ਮਹੀਨਾ ਪਹਿਲਾਂ ਹਿਲੇਰੀ ਕਲਿੰਟਨ ਨੂੰ ਛੇ ਅੰਕਾਂ (44-38 ਫ਼ੀਸਦੀ) ਦੀ ਚੜ੍ਹਤ ਮਿਲੀ ਹੋਈ ਸੀ। ਸਰਵੇਖਣ ਮੁਤਾਬਕ 61 ਫ਼ੀਸਦੀ ਲੋਕ ਮੰਨਦੇ ਹਨ ਕਿ ਕਲਿੰਟਨ ਬੇਈਮਾਨ ਹੈ। ਹਿਲੇਰੀ ਨੂੰ 23 ਫ਼ੀਸਦੀ ਮਹਿਲਾਵਾਂ, 83 ਫ਼ੀਸਦੀ ਸਿਆਹਫਾਮ, 30 ਸਾਲ ਤੋਂ ਘੱਟ ਉਮਰ ਦੇ ਵੋਟਰਾਂ ਵਿਚ 18 ਫ਼ੀਸਦੀ ਅਤੇ ਲਾਤਿਨ ਅਮਰੀਕੀ ਮੂਲ ਦੇ ਵੋਟਰਾਂ ਵਿਚ 48 ਫ਼ੀਸਦੀ ਦੀ ਹਮਾਇਤ ਹਾਸਲ ਹੈ।
ਇਸ ਦੌਰਾਨ ਹਿਲੇਰੀ ਕਲਿੰਟਨ ਨੇ ਕਿਹਾ ਹੈ ਕਿ ਡੋਨਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਬਣਨ ਦੇ ਅਯੋਗ ਹਨ ਅਤੇ ਅਰਬਪਤੀ ਹੋਣ ਦੇ ਬਾਵਜੂਦ ਉਨ੍ਹਾਂ ਛੋਟੇ ਕਾਰੋਬਾਰੀਆਂ ਦੇ ਬਿਲਾਂ ਦੀ ਅਦਾਇਗੀ ਨਹੀਂ ਕੀਤੀ। ਕੋਲੋਰਾਡੋ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜੋ ਵਿਅਕਤੀ ਮੁਲਕ ਦੀ ਫ਼ੌਜ, ਜੰਗੀ ਕੈਦੀਆਂ ਅਤੇ ਸ਼ਹੀਦ ਫ਼ੌਜੀਆਂ ਦੀਆਂ ਸੇਵਾਵਾਂ ਦਾ ਸਤਿਕਾਰ ਨਹੀਂ ਕਰਦਾ, ਉਸ ਨੂੰ ਅਮਰੀਕਾ ਦਾ ਕਮਾਂਡਰ ਨਹੀਂ ਬਣਾਇਆ ਜਾ ਸਕਦਾ।
ਹਿਲੇਰੀ ਨੇ ਰੈਲੀ ਦੌਰਾਨ 100 ਦਿਨਾ ਰੁਜ਼ਗਾਰ ਯੋਜਨਾ ਦਾ ਖੁਲਾਸਾ ਵੀ ਕੀਤਾ। ਉਨ੍ਹਾਂ ਅਮਰੀਕਾ ਦੇ ਆਰਥਿਕ ਵਿਕਾਸ ਅਤੇ ਪੂਰੇ ਮੁਲਕ ਵਿਚ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੀ ਗੱਲ ਵੀ ਆਖੀ। ਉਨ੍ਹਾਂ ਦਾ ਭਾਸ਼ਨ ਟਰੰਪ ਦੇ ਕਾਰੋਬਾਰ ਅਤੇ ਉਸ ਦੀਆਂ ਆਰਥਿਕ ਨੀਤੀਆਂ ‘ਤੇ ਕੇਂਦਰਤ ਰਿਹਾ। ਕਲਿੰਟਨ ਨੇ ਕਿਹਾ ਕਿ ਡੋਨਲਡ ਟਰੰਪ ਤੋਂ ਜਦੋਂ ਪੁੱਛਿਆ ਗਿਆ ਕਿ ਉਸ ਦਾ ਸਾਮਾਨ ਕਿਥੇ ਬਣਦਾ ਹੈ ਤਾਂ ਪਤਾ ਲੱਗਿਆ ਕਿ ਉਹ ਬੰਗਲਾਦੇਸ਼, ਤੁਰਕੀ, ਸਲੋਵਾਨੀਆ, ਮੈਕਸੀਕੋ ਤੋਂ ਸੂਟ, ਟਾਈ, ਕਮੀਜ਼ਾਂ, ਫਰਨੀਚਰ ਅਤੇ ਹੋਰ ਵਸਤਾਂ ਖ਼ਰੀਦਦਾ ਹੈ। ਪ੍ਰਚਾਰ ਦੌਰਾਨ ਦੱਸਿਆ ਗਿਆ ਕਿ ਟਰੰਪ ਦੇ ਭਾਰਤ ਸਮੇਤ ਦਰਜਨ ਮੁਲਕਾਂ ਵਿਚ ਉਤਪਾਦ ਤਿਆਰ ਹੁੰਦੇ ਹਨ।
ਹਿਲੇਰੀ ਇਸਲਾਮਿਕ ਸਟੇਟ ਦੀ ਬਾਨੀ : ਟਰੰਪ
ਵਾਸ਼ਿੰਗਟਨ : ਉਧਰ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਲਡ ਟਰੰਪ ਨੇ ਆਪਣੀ ਵਿਰੋਧੀ ਡੈਮੋਕਰੇਟਿਕ ਪਾਰਟੀ ਦੀ ਹਿਲੇਰੀ ਕਲਿੰਟਨ ‘ਤੇ ਹਮਲੇ ਤੇਜ਼ ਕਰਦਿਆਂ ਕਿਹਾ ਕਿ ਉਹ ਇਸਲਾਮਿਕ ਸਟੇਟ ਦੀ ਬਾਨੀ ਹੈ। ਫਲੋਰਿਡਾ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹਿਲੇਰੀ ਕਲਿੰਟਨ ਨੂੰ ਪੁਰਸਕਾਰ ਨਾਲ ਨਿਵਾਜਿਆ ਜਾਣਾ ਚਾਹੀਦਾ ਹੈ।