ਸ਼ੂਦਰਾਂ ਨਾਲ ਉੱਚ ਜਾਤੀ ਮਰਹੱਠਿਆਂ ਦਾ ਗੁਲਾਮਾਂ ਵਰਗਾ ਵਿਹਾਰ ਅੰਗਰੇਜ਼ਾਂ ਦੀ ਜਿੱਤ ਦਾ ਕਾਰਨ ਬਣਿਆ

ਸ਼ੂਦਰਾਂ ਨਾਲ ਉੱਚ ਜਾਤੀ ਮਰਹੱਠਿਆਂ ਦਾ ਗੁਲਾਮਾਂ ਵਰਗਾ ਵਿਹਾਰ ਅੰਗਰੇਜ਼ਾਂ ਦੀ ਜਿੱਤ ਦਾ ਕਾਰਨ ਬਣਿਆ

1 ਜਨਵਰੀ 1818 ਨੂੰ ਕੋਰੇਗਾਓਂ ਦੀ ਜੰਗ ਵਿਚ  450 ਮਹਾਰ ਸ਼ੂਦਰ ਫ਼ੌਜੀਆਂ ਨੇ ਪੇਸ਼ਵਾ ਬਾਜ਼ੀਰਾਓ ਦੇ 28 ਹਜ਼ਾਰ ਫ਼ੌਜੀਆਂ ਦੇ ਛੱਕੇ ਛੁਡਾਏ

ਪ੍ਰੋ. ਬਲਵਿੰਦਰਪਾਲ ਸਿੰਘ (ਮੋਬਾਇਲ. 98157 00916)

ਪਿਛਲੇ ਦਿਨ ਤੋਂ ਮੁੰਬਈ ਵਿਚ ਦਲਿਤਾਂ ਅਤੇ ਸਰਕਾਰੀ ਸਹਿ ਪ੍ਰਾਪਤ ਭਗਵੇਂਵਾਦੀਆਂ ਦਰਮਿਆਨ ਟਕਰਾਓ ਜਾਰੀ ਹੈ। ਇਸ ਟਕਰਾਓ ਕਾਰਨ ਆਰ ਐਸ ਐਸ, ਸ਼ਿਵ ਸੈਨਾ ਤੇ ਮਹਾਰਾਸ਼ਟਰ ਸਰਕਾਰ ਉੱਪਰ ਦੋਸ਼ ਲੱਗੇ ਹਨ।
ਹਰੇਕ ਸਾਲ 1 ਜਨਵਰੀ ਨੂੰ ਪੂਰਾ ਵਿਸ਼ਵ ਨਵੇਂ ਸਾਲ ਦੀ ਆਮਦ ‘ਤੇ ਖ਼ੁਸ਼ੀਆਂ ਮਨਾਉਂਦਾ ਹੈ। ਹਾਲਾਂ ਕਿ ਇਸ ਦਿਨ ਇੱਕ ਹੋਰ ਖ਼ਾਸ ਘਟਨਾ ਵਾਪਰੀ ਸੀ, ਜਿਸ ਨਾਲ ਬਹੁਜਨ ਸਮਾਜ ਦੀ ਬਹਾਦਰੀ ਅਤੇ ਅਣਖ ਦਾ ਪਤਾ ਲੱਗਦਾ ਹੈ। ਇਹ ਦਿਨ ਕੋਰੇਗਾਓਂ ਦੇ ਸੰਘਰਸ਼ ਦੀ ਜਿੱਤ ਦਾ ਦਿਨ ਵੀ ਹੈ, ਜਿਸ ਵਿਚ ਮੂਲ ਨਿਵਾਸੀਆਂ ਨੇ ਉੱਚ ਜਾਤੀ ਪੇਸ਼ਵਾਵਾਂ ਨੂੰ ਹਰਾ ਦਿੱਤਾ ਸੀ। ਭਾਰਤ ਵਿਚ ਅੰਗਰੇਜ਼ ਰਾਜ ਦੀ ਸਥਾਪਨਾ ਦੇ ਵਿਸ਼ੇ ਵਿਚ ਆਮ ਲੋਕ ਇਹ ਮੰਨਦੇ ਹਨ ਕਿ ਅੰਗਰੇਜ਼ਾਂ ਕੋਲ ਆਧੁਨਿਕ ਹਥਿਆਰ ਤੇ ਫ਼ੌਜ ਸੀ, ਇਸ ਲਈ ਉਨ੍ਹਾਂ ਨੇ ਅਸਾਨੀ ਨਾਲ ਭਾਰਤ ‘ਤੇ ਕਬਜ਼ਾ ਕਰ ਲਿਆ, ਪਰ ਸੱਚਾਈ ਇਹ ਹੈ ਕਿ ਅੰਗਰੇਜ਼ਾਂ ਨੇ ਭਾਰਤ ਦੇ ਰਾਜਿਆਂ-ਮਹਾਰਾਜਿਆਂ ਨੂੰ ਅੰਗਰੇਜ਼ੀ ਫ਼ੌਜ ਨਾਲ ਨਹੀਂ, ਸਗੋਂ ਭਾਰਤੀ ਫ਼ੌਜੀਆਂ ਦੀ ਮਦਦ ਨਾਲ ਹਰਾਇਆ ਸੀ। ਅੰਗਰੇਜ਼ਾਂ ਦੀ ਫ਼ੌਜ ਵਿੱਚ ਵੱਡੀ ਗਿਣਤੀ ਵਿਚ ਭਰਤੀ ਹੋਣ ਵਾਲੇ ਇਹ ਫ਼ੌਜੀ ਕੋਈ ਹੋਰ ਨਹੀਂ, ਸਗੋਂ ਭਾਰਤ ਦੇ ‘ਸ਼ੂਦਰ’ ਅਖਵਾਉਣ ਵਾਲੇ ਲੋਕ ਸਨ, ਜੋ ਉੱਚ ਜਾਤਾਂ ਵਲੋਂ ਗੁਲਾਮ ਬਣਾਏ ਗਏ ਸਨ ਤੇ ਉਨ੍ਹਾਂ ਨਾਲ ਜਾਨਵਰਾਂ ਤੋਂ ਮਾੜਾ ਸਲੂਕ ਕੀਤਾ ਜਾਂਦਾ ਸੀ। ਇਤਿਹਾਸਕਾਰਾਂ ਨੇ ਕਈ ਥਾਵਾਂ ‘ਤੇ ਵੇਰਵੇ ਦਿੱਤੇ ਹਨ ਕਿ ਨਗਰ ਵਿਚ ਪ੍ਰਵੇਸ਼ ਕਰਦੇ ਸਮੇਂ ਦਲਿਤਾਂ ਨੂੰ ਆਪਣੇ ਲੱਕ ਵਿਚ ਇੱਕ ਝਾੜੂ ਬੰਨ੍ਹ ਕੇ ਚੱਲਣਾ ਹੁੰਦਾ ਸੀ ਤਾਂ ਕਿ ਉਨ੍ਹਾਂ ਦੇ ‘ਪ੍ਰਦੂਸ਼ਿਤ ਤੇ ਅਪਵਿੱਤਰ’ ਪੈਰਾਂ ਦੇ ਨਿਸ਼ਾਨ ਉਨ੍ਹਾਂ ਦੇ ਪਿੱਛੇ ਚੱਲਣ ਵਾਲੇ ਝਾੜੂ ਨਾਲ ਮਿਟਦੇ ਚਲੇ ਜਾਣ। ਉਨ੍ਹਾਂ ਨੂੰ ਆਪਣੇ ਗਲੇ ਵਿਚ ਇੱਕ ਭਾਂਡਾ ਵੀ ਲਟਕਾਉਣਾ ਹੁੰਦਾ ਸੀ, ਤਾਂ ਕਿ ਉਹ ਉਸ ਵਿਚ ਥੁੱਕ ਸਕਣ ਤੇ ਉਨ੍ਹਾਂ ਦੇ ਥੁੱਕ ਤੋਂ ਕੋਈ ਉੱਚ ਜਾਤੀ ਵਾਲਾ ‘ਅਪਵਿੱਤਰ’  ਨਾ ਹੋ ਜਾਵੇ। ਉਹ ਉੱਚ ਜਾਤੀਆਂ ਦੇ ਖੂਹਾਂ ਜਾਂ ਤਲਾਬ ਤੋਂ ਪਾਣੀ ਕੱਢਣ ਬਾਰੇ ਸੋਚ ਵੀ ਨਹੀਂ ਸਕਦੇ ਸਨ। ਮਹਾਰਾਸ਼ਟਰ ਵਿਚ ਹਾਲੇ ਵੀ ਕਈ ਕਬੀਲਿਆਂ ਨਾਲ ਅਜਿਹਾ ਵਿਹਾਰ ਜਾਰੀ ਹੈ। ਹਾਲਾਂਕਿ ਭਾਰਤ ਅਜ਼ਾਦ ਹੋ ਗਿਆ ਹੈ। ਉਸ ਸਮੇਂ ਦੌਰਾਨ ਅਛੂਤ ਕਹੇ ਜਾਂਦੇ ਲੋਕ  ਬਿਹਤਰ ਜੀਵਨ ਅਤੇ ਇੱਜ਼ਤ ਲਈ ਅੰਗਰੇਜ਼ੀ ਫ਼ੌਜ ਵਿਚ ਸ਼ਾਮਲ ਹੋ ਗਏ। ਇਸ ਦੇ ਨਤੀਜੇ ਵਜੋਂ ਜਿਹੜਾ ਸੰਘਰਸ਼ ਹੋਇਆ, ਉਹ ਭਾਰਤ ਦੇ ਇਤਿਹਾਸ ਵਿਚ ਦਰਜ ਹੈ।

ਕੀ ਹੈ ਕੋਰੇਗਾਓਂ ਦੀ ਜੰਗ
1 ਜਨਵਰੀ 1818 ਨੂੰ ਕੋਰੇਗਾਓਂ ਦੀ ਜੰਗ ਵਿਚ ਮਹਾਰ ਫ਼ੌਜੀਆਂ ਨੇ ਬ੍ਰਾਹਮਣਵਾਦੀ ਪੇਸ਼ਵਾਵਾਂ ਦੇ ਛੱਕੇ ਛੁਡਾ ਦਿੱਤੇ ਸਨ। ਇਸ ਇਤਿਹਾਸਕ ਦਿਨ ਨੂੰ ਯਾਦ ਕਰਦੇ ਹੋਏ ਬਾਬਾ ਸਾਹਿਬ ਅੰਬੇਡਕਰ ਹਰ ਸਾਲ 1 ਜਨਵਰੀ ਨੂੰ ਕੋਰੇਗਾਓਂ ਜਾ ਕੇ ਉਨ੍ਹਾਂ ਵੀਰ ਦਲਿਤਾਂ ਨੂੰ ਸਲਾਮ ਕਰਿਆ ਕਰਦੇ ਸਨ। ਡਾ. ਅੰਬੇਡਕਰ ਰਾਈਟਿੰਗਸ ਐਂਡ ਸਪੀਚੇਸ (ਅੰਗਰੇਜ਼ੀ) ਦੇ ਖੰਡ 12 ਵਿਚ ‘ਦਿ ਅਨਟੱਚਏਬਲਸ ਐਂਡ ਪੈਕਸ ਬ੍ਰਿਟੇਨਿਕਾ’ ਵਿਚ ਇਸ ਤੱਥ ਦਾ ਵਰਣਨ ਕੀਤਾ ਹੈ। ਬ੍ਰਿਟਿਸ਼ਾਂ ਦੀ ਭਾਰਤ ਦੀ ਜਿੱਤ ਵਿਚ ਸਾਲ 1757 ਅਤੇ 1818 ਦਾ ਬੜਾ ਮਹੱਤਵ ਹੈ। 1757 ਵਿਚ ਈਸਟ ਇੰਡੀਆ ਕੰਪਨੀ ਤੇ ਬੰਗਾਲ ਦੇ ਨਵਾਬ ਸਿਰਾਜ-ਉਦ-ਦੌਲਾ ਵਿਚਾਲੇ ਜੰਗ ਹੋਈ, ਇਸ ਨੂੰ ਪਲਾਸੀ ਦੀ ਲੜਾਈ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਪਹਿਲੀ ਜੰਗ ਸੀ, ਜਿਸ ਨਾਲ ਅੰਗਰੇਜ਼ਾਂ ਨੇ ਭਾਰਤ ਦੀ ਜਗ੍ਹਾ ‘ਤੇ ਆਪਣਾ ਅਧਿਕਾਰ ਪ੍ਰਾਪਤ ਕੀਤਾ ਸੀ। ਅੰਗਰੇਜ਼ਾਂ ਨੇ ਭਾਰਤ ਦੇ ਹੋਰ ਸਥਾਨਾਂ ‘ਤੇ ਜਿੱਤ ਪ੍ਰਾਪਤ ਕਰਨ ਲਈ ਆਖਰੀ ਜੰਗ 1818 ਵਿਚ ਕੀਤੀ। ਇਹ ਕੋਰੇਗਾਓਂ ਦੀ ਲੜਾਈ ਸੀ, ਜਿਸ ਦੇ ਰਾਹੀਂ ਅੰਗਰੇਜ਼ਾਂ ਨੇ ਮਰਾਠਾ ਸਾਮਰਾਜ ਨੂੰ ਢਹਿ-ਢੇਰੀ ਕਰਕੇ ਭਾਰਤ ਵਿਚ ਬ੍ਰਿਟਿਸ਼ ਰਾਜ ਸਥਾਪਿਤ ਕੀਤਾ। ਇਨ੍ਹਾਂ ਦੋਵਾਂ ਹੀ ਜੰਗਾਂ ਵਿਚ ਅੰਗਰੇਜ਼ਾਂ ਦੀ ਜਿੱਤ ਸਿਰਫ਼ ‘ਸ਼ੂਦਰਾਂ’ ਦੇ ਕਾਰਨ ਹੋਈ। ਪਲਾਸੀ ਦੀ ਲੜਾਈ ਵਿਚ ਅੰਗਰੇਜ਼ੀ ਫ਼ੌਜ ਵਿਚ ਰਾਬਰਟ ਕਲਾਈਵ ਦੀ ਅਗਵਾਈ ਵਿਚ ਲੜੇ ਲੋਕ ਦੁਸਾਧ (ਪਾਸਵਾਨ) ਸਨ ਤੇ ਕੋਰੇਗਾਓਂ ਦੀ ਜੰਗ ਵਿਚ ਸ਼ਾਮਲ ਲੋਕ ਮਹਾਰ ਸਨ। ਇਸ ਤਰ੍ਹਾਂ ਬ੍ਰਿਟਿਸ਼ਾਂ ਦੀ ਪਹਿਲੀ ਅਤੇ ਆਖਰੀ ਜੰਗ ਵਿਚ ਅੰਗਰੇਜ਼ਾਂ ਨੂੰ ਜਿੱਤ ਦਿਵਾਉਣ ਵਾਲੇ ਲੋਕ ਮੂਲ ਨਿਵਾਸੀ ਹੀ ਸਨ। ਏਨਾ ਹੀ ਨਹੀਂ, ਵਿਦਰੋਹ ਦੇ ਸਮੇਂ ਅੰਗਰੇਜ਼ਾਂ ਦਾ ਸਾਥ ਦੇਣ ਵਾਲੀ ਰੈਜੀਮੈਂਟ ਬਾਂਬੇ ਰੈਜੀਮੈਂਟ, ਮਦਰਾਸ ਰੈਜੀਮੈਂਟ ਅਤੇ ਮਦਰਾਸ ਰੈਜੀਮੈਂਟ ਸੀ, ਜਿਸ ਵਿਚ ਲੱਗਭਗ ਮਹਾਂਰਾਸ਼ਟਰ ਦੇ ਦਲਿਤ ਅਤੇ ਦੱਖਣ ਦੇ ਪਰੈਰੀਆ ਸਨ।
ਕੋਰੇਗਾਓਂ ਭੀਮਾ ਦਰਿਆ ਦੇ ਕੰਢੇ ‘ਤੇ ਮਹਾਰਾਸ਼ਟਰ ਦੇ ਪੁਣੇ ਨੇੜੇ ਸਥਿਤ ਹੈ। 1 ਜਨਵਰੀ 1818 ਨੂੰ ਠੰਡੇ ਮੌਸਮ ਦੌਰਾਨ ਇਕ ਪਾਸੇ 28 ਹਜ਼ਾਰ ਫ਼ੌਜੀ, ਜਿਨ੍ਹਾਂ ਵਿਚ 20000 ਘੋੜਸਵਾਰ ਅਤੇ 8000 ਪੈਦਲ ਫ਼ੌਜੀ ਸਨ, ਜਿਨ੍ਹਾਂ ਦੀ ਅਗਵਾਈ ‘ਪੇਸ਼ਵਾ ਬਾਜੀਰਾਵ-2 ਕਰ ਰਹੇ ਸਨ, ਅਤੇ ਦੂਜੇ ਪਾਸੇ ‘ਬੰਬੇ ਨੇਟਿਵ ਲਾਈਟ ਇਨਫੈਂਟਰੀ’ ਦੇ 500 ‘ਦਲਿਤ’ ਫ਼ੌਜੀ, ਜਿਸ ਵਿਚ ਸਿਰਫ਼ 250 ਘੋੜਸਵਾਰ ਫ਼ੌਜੀ ਹੀ ਸਨ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਸਿਰਫ਼ 500 ਦਲਿਤ ਫ਼ੌਜੀਆਂ ਨੇ ਕਿਸ ਜਜ਼ਬੇ ਨਾਲ ਜੰਗ ਲੜੀ ਹੋਵੇਗੀ ਕਿ ਉਨ੍ਹਾਂ ਨੇ 28 ਹਜ਼ਾਰ ਪੇਸ਼ਵਾਵਾਂ ਦੇ ਛੱਕੇ ਛੁਡਾ ਦਿੱਤੇ। ਇਸ ਘਮਾਸਾਨ ਜੰਗ ਵਿੱਚ ਪੇਸ਼ਵਾ ਦੀ ਸ਼ਰਮਨਾਕ ਹਾਰ ਹੋਈ। 500 ਲੜਾਕਿਆਂ ਦੀ ਛੋਟੀ ਜਿਹੀ ਫ਼ੌਜ ਨੇ ਹਜ਼ਾਰਾਂ ਪੇਸ਼ਵਾ ਫ਼ੌਜੀਆਂ ਦੇ ਨਾਲ 12 ਘੰਟੇ ਤੱਕ ਬਹਾਦਰੀ ਨਾਲ ਲੜਾਈ ਲੜੀ। ਭੇਦਭਾਵ ਤੋਂ ਪੀੜਤ ਅਛੂਤਾਂ ਦੀ ਇਸ ਜੰਗ ਦੇ ਪ੍ਰਤੀ ਦ੍ਰਿੜ੍ਹਤਾ ਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਦਲਿਤ ਰੈਜੀਮੈਂਟ ਦੇ ਜ਼ਿਆਦਾਤਰ ਸਿਪਾਹੀ ਬਿਨਾਂ ਪੇਟ ਭਰ ਖਾਣਾ ਤੇ ਪਾਣੀ ਤੋਂ ਲੜਾਈ ਦੀ ਪਹਿਲੀ ਰਾਤ 43 ਕਿਲੋਮੀਟਰ ਪੈਦਲ ਚੱਲ ਕੇ ਜੰਗ ਵਾਲੀ ਥਾਂ ‘ਤੇ ਪੁੱਜੇ। ਇਹ ਬਹਾਦਰੀ ਦੀ ਇਤਿਹਾਸਕ ਮਿਸਾਲ ਹੈ।

ਕੀ ਕਹਿੰਦੇ ਨੇ ਅੰਗਰੇਜ਼ ਇਤਿਹਾਸਕਾਰ
ਜੇਮਸ ਗਰਾਂਟ ਡਫ ਨੇ ਆਪਣੀ ਪੁਸਤਕ ‘ਦਿ ਹਿਸਟਰੀ ਆਫ ਦਿ ਮਰਾਠਾਜ਼’ ਵਿਚ ਇਸ ਲੜਾਈ ਦਾ ਜ਼ਿਕਰ ਕੀਤਾ ਹੈ। ਇਸ ਵਿਚ ਲਿਖਿਆ ਹੈ ਕਿ ਰਾਤ ਭਰ ਚੱਲਣ ਤੋਂ ਬਾਅਦ ਨਵੇਂ ਸਾਲ ਦੀ ਸਵੇਰੇ 10 ਵਜੇ ਭੀਮਾ ਦਰਿਆ ਦੇ ਕੰਢੇ ਪੁੱਜੇ ਜਿੱਥੇ ਉਨ੍ਹਾਂ ਨੇ ਤਕਰੀਬਨ 25 ਹਜ਼ਾਰ ਮਰਾਠਿਆਂ ਨੂੰ ਰੋਕ ਕੇ ਰੱਖਿਆ। ਉਹ ਦਰਿਆ ਵੱਲ ਮਾਰਚ ਕਰਦੇ ਰਹੇ ਤੇ ਪੇਸ਼ਵਾ ਦੇ ਫ਼ੌਜੀਆਂ ਨੂੰ ਲੱਗਿਆ ਕਿ ਉਹ ਪਾਰ ਕਰਨਾ ਚਾਹੁੰਦੇ ਹਨ, ਪਰ ਜਿਵੇਂ ਹੀ ਉਨ੍ਹਾਂ ਨੇ ਪਿੰਡ ਦੇ ਆਲੇ-ਦੁਆਲੇ ਦੇ ਹਿੱਸੇ ‘ਤੇ ਕਬਜ਼ਾ ਕੀਤਾ, ਤਾਂ ਉਸ ਨੂੰ ਪੋਸਟ ਵਿਚ ਤਬਦੀਲ ਕਰ ਦਿੱਤਾ।
ਹੈਨਰੀ ਟੀ ਪ੍ਰਿੰਸੇਪ ਦੀ ਕਿਤਾਬ ਹਿਸਟਰੀ ਆਫ ਦਿ ਪਾਲੀਟੀਕਲ ਐਂਡ ਮਿਲਟਰੀ ਟਰਾਂਜੈਕਸ਼ਨਸ ਇਨ ਇੰਡੀਆ ਵਿਚ ਇਸ ਲੜਾਈ ਵਿਚ ਮਹਾਰ ਦਲਿਤਾਂ ਨਾਲ ਸਜੀ ਅੰਗਰੇਜ਼ ਫ਼ੌਜ ਦੀ ਟੁਕੜੀ ਦੇ ਹੌਂਸਲੇ ਦਾ ਜ਼ਿਕਰ ਮਿਲਦਾ ਹੈ। ਇਸ ਕਿਤਾਬ ਵਿਚ ਲਿਖਿਆ ਹੈ ਕਿ ਕਪਤਾਨ ਸਟਾਂਟਨ ਦੀ ਅਗਵਾਈ ਵਿਚ ਜਦੋਂ ਇਹ ਟੁਕੜੀ ਪੁਣੇ ਜਾ ਰਹੀ ਸੀ, ਤਾਂ ਉਸ ‘ਤੇ ਹਮਲਾ ਹੋਣ ਦਾ ਸ਼ੱਕ ਸੀ। ਖੁੱਲ੍ਹੀ ਥਾਂ ‘ਤੇ ਫਸਣ ਦੇ ਡਰ ਤੋਂ ਬਚਣ ਲਈ ਇਸ ਟੁਕੜੀ ਨੇ ਕੋਰੇਗਾਓਂ ਵਿਚ ਪਹੁੰਚ ਕੇ ਉਸ ਨੂੰ ਆਪਣਾ ਕਿਲ੍ਹਾ ਬਣਾਉਣ ਦਾ ਫ਼ੈਸਲਾ ਕੀਤਾ। ਜੇਕਰ ਇਹ ਟੁਕੜੀ ਖੁੱਲ੍ਹੇ ਵਿਚ ਫਸ ਜਾਂਦੀ, ਤਾਂ ਮਰਾਠਿਆਂ ਦੇ ਕਾਬੂ ਆ ਸਕਦੀ ਸੀ।
ਵੱਖ-ਵੱਖ ਇਤਿਹਾਸਕਾਰਾਂ ਦੇ ਮੁਤਾਬਕ ਇਸ ਜੰਗ ਵਿਚ 834 ਕੰਪਨੀ ਫ਼ੌਜੀਆਂ ਵਿਚੋਂ  275 ਮਾਰੇ ਗਏ, ਜ਼ਖ਼ਮੀ ਹੋਏ ਜਾਂ ਫਿਰ ਲਾਪਤਾ ਹੋ ਗਏ। ਇਨ੍ਹਾਂ ਵਿਚ ਦੋ ਅਫਸਰ ਵੀ ਸ਼ਾਮਲ ਸਨ। ਇਨਫੈਂਟਰੀ ਦੇ 50 ਲੋਕ ਮਾਰੇ ਗਏ ਤੇ 105 ਜ਼ਖ਼ਮੀ ਹੋਏ। ਬ੍ਰਿਟਿਸ਼ ਅੰਦਾਜ਼ਿਆਂ ਮੁਤਾਬਕ ਪੇਸ਼ਵਾ ਦੇ 500-600 ਸੈਨਿਕ ਇਸ ਜੰਗ ਵਿਚ ਮਾਰੇ ਗਏ ਜਾਂ ਜ਼ਖ਼ਮੀ ਹੋਏ।

ਇਤਿਹਾਸਕ ਜੰਗ ਸ਼ੂਦਰਾਂ ਲਈ ਮਾਣ
ਇਸ ਜੰਗ ਵਿਚ ਮਾਰੇ ਗਏ ਫ਼ੌਜੀਆਂ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਚੌਕੋਰ ਮੀਨਾਰ ਬਣਾਇਆ ਗਿਆ ਸੀ, ਜਿਸ ਨੂੰ ਕੋਰੇਗਾਓਂ ਥੰਮ੍ਹ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਸ਼ੂਦਰਾਂ ਦੀ ਰੈਜੀਮੈਂਟ ਦੇ ਹੌਂਸਲੇ ਦਾ ਪ੍ਰਤੀਕ ਹੈ। ਇਸ ਮੀਨਾਰ ‘ਤੇ ਉਨ੍ਹਾਂ ਸ਼ਹੀਦਾਂ ਦੇ ਨਾਂ ਹਨ, ਜਿਹੜੇ ਇਸ ਜੰਗ ਵਿਚ ਸ਼ਹੀਦ ਹੋਏ ਸਨ। 1851 ਵਿਚ ਇਨ੍ਹਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਸੀ। ਇਹ ਸ਼ੂਦਰ ਭਾਈਚਾਰੇ ਦਾ ਮਾਣ ਇਸ ਲਈ ਹਨ, ਕਿਉਂਕਿ ਇਨ੍ਹਾਂ ਨੇ ਸ਼ੂਦਰ ਭਾਈਚਾਰੇ ਨੂੰ ਪੇਸ਼ਵਾਈ ਗੁਲਾਮੀ ਤੋਂ ਸਦਾ ਲਈ ਅਜ਼ਾਦ ਕਰਵਾ ਦਿੱਤਾ ਸੀ। ਪੇਸ਼ਵਾ ਦੀ ਹਾਰ ਤੋਂ ਬਾਅਦ ‘ਪੇਸ਼ਵਾਈ’ ਖ਼ਤਮ ਹੋ ਗਈ ਸੀ ਤੇ ਅੰਗਰੇਜ਼ਾਂ ਦਾ ਭਾਰਤ ਤੇ ਰਾਜ ਸਥਾਪਤ ਹੋ ਗਿਆ। ਇਸ ਦੇ ਫਲਸਰੂਪ ‘ਅੰਗਰੇਜ਼ਾਂ’ ਨੇ ਭਾਰਤ ਵਿਚ ‘ਸਿੱਖਿਆ’ ਦਾ ਪ੍ਰਚਾਰ ਕੀਤਾ, ਜੋ ਹਜ਼ਾਰਾਂ ਵਰ੍ਹਿਆਂ ਤੋਂ ਗੁਲਾਮ ਬਹੁਜਨ ਸਮਾਜ ਲਈ ਬੰਦ ਖਲਾਸੀ ਦਾ ਕਾਰਣ ਬਣਿਆ। ਇਸ ਦੇ ਉਪਰੰਤ ਮਹਾਤਮਾ ਫੁਲੇ ਪੜ੍ਹ ਸਕੇ ਤੇ ਭਾਰਤ ਦੀ ਜਾਤੀਗਤ ਵਿਵਸਥਾ ਨੂੰ ਸਮਝ ਸਕੇ। ਜੇਕਰ ਮਹਾਤਮਾ ਫੁਲੇ ਨਾ ਪੜ੍ਹ ਪਾਉਂਦੇ ਤਾਂ ‘ਸਵਿੱਤਰੀ ਬਾਈ’ ਕਦੇ ਇਸ ਦੇਸ ਦੀ ਪਹਿਲੀ ‘ਅਧਿਆਪਕਾ’ ਨਾ ਬਣ ਸਕਦੀ ਸੀ। ਸਵਿੱਤਰੀ ਬਾਈ ਦੇ ਅਨਪੜ੍ਹ ਰਹਿਣ ਦੀ ਹਾਲਤ ਵਿਚ ਇਸ ਦੇਸ ਦੀਆਂ ਔਰਤਾਂ ਕਦੇ ਨਾ ਪੜ੍ਹ ਸਕਦੀਆਂ। ਸ਼ਾਹੂ ਮਹਾਰਾਜ ਕਦੇ ਵੀ ਰਾਖਵਾਂਕਰਨ ਨਾ ਦੇ ਸਕਦੇ।   ਤੁਸੀਂ ਇਹ ਸਮਝ ਸਕਦੇ ਹੋ ਕਿ ਜੇਕਰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨਾ ਪੜ੍ਹਦੇ ਤਾਂ ਦਲਿਤਾਂ-ਆਦੀਵਾਸੀਆਂ ਦੀ ਹਾਲਤ ਅੱਜ ਬਦ ਤੋਂ ਬਦਤਰ ਹੁੰਦੀ ਤੇ ਉਹ ਉੱਚ ਜਾਤਾਂ ਦੇ ਗੁਲਾਮ ਹੁੰਦੇ ਜਿਨ੍ਹਾਂ ਨੇ ਮਨੂੰਵਾਦੀ ਵਿਵਸਥਾ ਤਹਿਤ ਉਨ੍ਹਾਂ ਦੇ ਗਲਾਂ ਵਿਚ ਗੁਲਾਮੀ ਦਾ ਰੱਸਾ ਪਾਇਆ ਹੋਇਆ ਸੀ।
ਇਹੀ ਕਾਰਨ ਹੈ ਕਿ ਡਾ. ਅੰਬੇਡਕਰ ਹਰ ਸਾਲ 1 ਜਨਵਰੀ ਨੂੰ ਕੋਰੇਗਾਓਂ ਜਾ ਕੇ ਉਨ੍ਹਾਂ ਬਹਾਦਰ ਦਲਿਤਾਂ ਨੂੰ ਪ੍ਰਣਾਮ ਕਰਿਆ ਕਰਦੇ ਸਨ ਤੇ ਆਖਦੇ ਸਨ ਸਾਨੂੰ ਵੀ ਉਨ੍ਹਾਂ ਬਹਾਦਰਾਂ ਸ਼ਹੀਦਾਂ ਦੇ ਪ੍ਰਤੀ ਸ਼ਰਧਾਂਜਲੀ ਪ੍ਰਗਟ ਕਰਨੀ ਚਾਹੀਦੀ ਹੈ ਤੇ ਆਪਣੇ ਪੂਰਵਜਾਂ ਦੀ ਵੀਰਤਾ ਨੂੰ ਯਾਦ ਕਰਕੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਦਲਿਤ ਨੇਤਾ ਬ੍ਰਿਟਿਸ਼ ਫ਼ੌਜ ਦੀ ਇਸ ਜਿੱਤ ਦਾ ਜਸ਼ਨ ਇਸ ਲਈ ਮਨਾਉਂਦੇ ਹਾਂ ਕਿਉਂਕਿ ਜਿੱਤਣ ਵਾਲੀ ਈਸਟ ਇੰਡੀਆ ਕੰਪਨੀ ਨਾਲ ਜੁੜੀ ਟੁਕੜੀ ਵਿਚ ਜ਼ਿਆਦਾਤਰ ਦਲਿਤ ਭਾਈਚਾਰੇ ਦੇ ਲੋਕ ਸ਼ਾਮਲ ਸਨ। ਅਸਲ ਵਿਚ ਇਹ ਜੰਗ ਦਲਿਤਾਂ ਦੀ ਅਣਖ ਦੀ ਪ੍ਰਤੀਕ ਤੇ ਉਨ੍ਹਾਂ ਲਈ ਮਾਣ ਮੰਨੀ ਜਾਂਦੀ ਹੈ, ਜਿਸ ਉਪਰ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਅੰਬੇਡਕਰ ਨੇ ਵੀ ਮੋਹਰ ਲਗਾਈ ਹੈ।