ਨੀਲੇ ਦੇ ਸ਼ਾਹ ਸਵਾਰ ਚੋਜੀ ਪ੍ਰੀਤਮ ਦੇ ਚੋਜ

ਨੀਲੇ ਦੇ ਸ਼ਾਹ ਸਵਾਰ ਚੋਜੀ ਪ੍ਰੀਤਮ ਦੇ ਚੋਜ

ਅਵਤਾਰ ਸਿੰਘ (ਪ੍ਰੋ.) ਸੰਪਰਕ: 94175- 18384

ਪੋਹ ਸੁਦੀ ਸੱਤਵੀਂ, ਸਿੱਖ ਸਮਾਜ ਦੇ ਮਨ ਮਸਤਕ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਕਸ ਸਾਕਾਰ ਕਰ ਦਿੰਦੀ ਹੈ। ਚੰਦਰਮਾਸ ਦੀ ਇਹ ਤਿੱਥ ਇੱਕ ਪਾਵਨ ਖ਼ਬਰ ਅਤੇ ਰੱਬੀ ਨਜ਼ਰ ਦਾ ਆਗ਼ਾਜ਼ ਹੈ, ਜੋ ਦਸਮ ਪਿਤਾ ਦੇ ਪ੍ਰਕਾਸ਼ ਦਿਵਸ ਵਜੋਂ ਸਿੱਖ ਸਮਾਜ ਦੇ ਚੇਤਿਆਂ ਵਿੱਚ ਵੱਸੀ ਤੇ ਰਸੀ ਹੋਈ ਹੈ। ਗੁਰੂ ਗੋਬਿੰਦ ਸਿੰਘ ਜੀ ਨੂੰ ਅਨੇਕ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈ। ਦਸਮ ਪਾਤਸ਼ਾਹ, ਦਸਮੇਸ਼ ਪਿਤਾ, ਕਲਗੀਆਂ ਵਾਲ਼ਾ, ਨੀਲੇ ਵਾਲ਼ਾ, ਚਿੱਟਿਆਂ ਬਾਜਾਂ ਵਾਲ਼ਾ, ਬਾਲਾ ਪ੍ਰੀਤਮ, ਚੋਜੀ ਪ੍ਰੀਤਮ, ਬਾਦਸ਼ਾਹ ਦਰਵੇਸ਼, ਪੰਥ ਦਾ ਵਾਲੀ, ਸਰਬੰਸ ਦਾਨੀ, ਸਾਹਿਬੇ ਕਮਾਲ ਆਦਿ। ਉਨ੍ਹਾਂ ਦੇ ਹਰੇਕ ਨਾਂ ਵਿਚ ਕੋਈ ਗਹਿਰੀ ਰਮਜ਼ ਛਿਪੀ ਹੈ।
ਦਸਮ ਪਿਤਾ ਦਾ ਸਭ ਤੋਂ ਮਹਾਨ ਅਤੇ ਨਾਟਕੀ ਕਰਤਬ 1699 ਦੀ ਵਿਸਾਖੀ ਸਮੇਂ ਖਾਲਸੇ ਦੀ ਸਾਜਨਾ ਮੰਨਿਆ ਜਾਂਦਾ ਹੈ। ਇਸ ਸਮੇਂ ਉਨ੍ਹਾਂ ਵਿਸ਼ੇਸ਼ ਤੌਰ ‘ਤੇ ਨੀਲੇ ਵਸਤਰ ਧਾਰਨ ਕੀਤੇ ਸਨ। ਉਨ੍ਹਾਂ ਦੇ ਇਸ ਸਰੂਪ ਦੀ ਮਹਿਮਾ ਦੇ ਉਪਾਸ਼ਕ ਨਿਹੰਗ ਸਿੰਘ ਹਮੇਸ਼ਾਂ ਨੀਲੇ ਵਸਤਰ ਹੀ ਪਹਿਨਦੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸੇ ਕਾਰਨ ਨੀਲੀ ਦਸਤਾਰ ਨੂੰ ਆਪਣੀ ਪਛਾਣ ਬਣਾਇਆ ਸੀ। ਵਸਤਰਾਂ ਦੇ ਨੀਲੇ ਰੰਗ ਦਾ ਕੀ ਮਨੋਰਥ ਹੋ ਸਕਦਾ ਹੈ? ਇਸ ਸਵਾਲ ਦਾ ਜਵਾਬ ਬੜਾ ਅਹਿਮ ਅਤੇ ਦਿਲਚਸਪ ਹੈ।
ਭਾਰਤੀ ਰੰਗ ਪਰੰਪਰਾ ਵਿਚ ਨੀਲਾ ਰੰਗ ਮਰਿਆਦਾ ਦਾ ਸੂਚਕ ਅਤੇ ਪ੍ਰੇਰਕ ਸਮਝਿਆ ਗਿਆ। ਇਹ ਰੰਗ ਭਗਵਾਨ ਕ੍ਰਿਸ਼ਨ ਦੇ ਭਰਾਤਾ ਬਲਰਾਮ ਜੀ ਨਾਲ ਜੁੜਿਆ ਹੋਇਆ ਹੈ ਜੋ ਕਿ ‘ਜੰਗ ਵਿੱਚ ਸਭ ਜਿ?ਜ਼’ ਦੇ ਸਿਧਾਂਤ ਤੋਂ ਉਲਟ ਚੰਗੇ ਉਪਲਕਸ਼ ਦੀ ਪ੍ਰਾਪਤੀ ਲਈ ਚੰਗੇ ਸਾਧਨ ਅਜ਼ਮਾਉਣ ਵਾਲੀ ਸੋਚ ਦੇ ਪ੍ਰਤੀਕ ਸਨ। ਚੌਥੇ ਪਾਤਸਾਹ ਨੇ ਵੀ ਲਾਵਾਂ ਦੇ ਪਾਠ ਵਿਚ ਅਕਾਲ ਪੁਰਖ ਨੂੰ ਬਲਿਰਾਮ ਦੇ ਨਾਂ ਨਾਲ ਯਾਦ ਕੀਤਾ ਅਤੇ ਸੱਤ ਫ਼ੇਰਿਆਂ ਦੀ ਥਾਂ ਚਾਰ ਲਾਵਾਂ ਦੀ ਮਰਿਆਦਾ ਪ੍ਰਚੱਲਤ ਕੀਤੀ। ਸੱਤ ਫ਼ੇਰਿਆਂ ਵਿਚ ਕੇਵਲ ਸੱਤ ਜਨਮਾਂ ਦਾ ਸਬੰਧ ਹੈ, ਜਦਕਿ ਚਾਰ ਲਾਵਾਂ ਵਿਚ ਚਾਰ ਯੁੱਗਾਂ, ਅਰਥਾਤ ਅਨੰਤ ਕਾਲ ਦੀ ਸਾਂਝ ਹੈ। ਫ਼ੇਰਾ ਵੀ ਕੇਵਲ ਗੇੜੀ ਜਾਂ ਮਹਿਜ਼ ਆਉਣ ਜਾਣ ਨੂੰ ਆਖਿਆ ਜਾਂਦਾ ਹੈ, ਜਦਕਿ ਲਾਂਵ ਸ਼ਬਦ ਅਨੰਦ ਦਾ ਪਰਿਆਇ ਹੈ। ਇਸੇ ਕਰਕੇ ਲਾਵਾਂ ਦੀ ਰਸਮ ਨੂੰ ਅਨੰਦ ਕਾਰਜ ਆਖਿਆ ਗਿਆ। ਗੁਰਮਤਿ ਅਨੁਸਾਰ ਨੀਲੇ ਰੰਗ ਵਿਚ ਗ੍ਰਹਿਸਤ ਦੇ ਮਰਿਆਦਤ ਆਨੰਦ ਦੀ ਆਗਿਆ ਹੈ।
ਦਸਮ ਪਿਤਾ ਨੇ ਸਾਲ 1699 ਦੀ ਵਿਸਾਖੀ ਨੂੰ ਨੀਲੇ ਵਸਤਰ ਧਾਰਣ ਕਰਕੇ ਇਹ ਦਰਸਾ ਦਿੱਤਾ ਸੀ ਕਿ ਉਹ ਕੋਈ ਨੀਤੀਵੇਤਾ ਨਹੀਂ, ਬਲਕਿ ਮਰਿਆਦਾ ਦੇ ਪਾਬੰਦ ਹਨ। ਉਨ੍ਹਾਂ ਜੀਵਨ ਦੇ ਹਰ ਪਹਿਲੂ ਨੂੰ ਮਰਿਆਦਾ ਦੇ ਅਨੁਸਾਰੀ ਬਣਾਇਆ। ਆਮ ਤੌਰ ‘ਤੇ ਬੰਦਾ ਪ੍ਰੇਮ ਅਤੇ ਜੰਗ ਵਿਚ ਹੀ ਮਰਿਆਦਾ ਵਿਸਾਰਦਾ ਹੈ। ਪਰ ਗੁਰੂ ਸਾਹਿਬ ਨੇ, ਹਰ ਹਾਲਤ ਵਿਚ, ਮਰਿਆਦਾ ਨੂੰ ਯਕੀਨਨ ਅਤੇ ਨਿਸ਼ਚਿਤ ਕੀਤਾ। ਦੁਸ਼ਮਣਾਂ ਨੇ ਦੇਖਿਆ ਕਿ ਗੁਰੂ ਦੇ ਸਿੱਖ ਕਿਸੇ ਭੱਜੇ ਜਾਂਦੇ, ਡਿੱਗੇ, ਨਿਹੱਥੇ, ਕਿਸੇ ਇਸਤਰੀ, ਬਾਲ ਅਤੇ ਬਿਰਧ ‘ਤੇ ਵਾਰ ਨਹੀਂ ਕਰਦੇ। ਆਪਣੀ ਵਿਆਹੁਤਾ ਇਸਤਰੀ ਬਿਨਾਂ ਹਰ ਔਰਤ ਨੂੰ ਮਾਂ ਜਾਂ ਭੈਣ ਤਸਲੀਮ ਕਰਦੇ ਹਨ। ਸ਼ਾਇਦ ਇਸੇ ਲਈ ਸਿੱਖ ਹਰ ਉਮਰ ਦੀ ਇਸਤਰੀ ਨੂੰ ਮਾਈ ਆਖਦੇ ਸਨ। ਮਾਈ ਸ਼ਬਦ ਵਿਚ ਹੀ ਕਿਸੇ ਕਲੋਲ, ਚੁਹਲ ਜਾਂ ਉੇਲੇਲ ਦੀ ਗੁੰਜਾਇਸ਼ ਨਹੀਂ ਹੈ।
ਇਕ ਦਫ਼ਾ ਸਿੱਖਾਂ ਨੇ ਗੁਰੂ ਸਾਹਿਬ ਨੂੰ ਸਵਾਲ ਵੀ ਕੀਤਾ ਸੀ ਕਿ ਉਨ੍ਹਾਂ ਨੂੰ ਇਸ ਯੁੱਧ ਸਿਧਾਂਤ ਜਾਂ ਨੇਮ ਲਈ ਏਨੀ ਸਖ਼ਤ ਤਾੜਨਾ ਕਿਉਂ ਕੀਤੀ ਗਈ ਹੈ। ਜਵਾਬ ਵਿਚ ਗੁਰੂ ਸਾਹਿਬ ਨੇ ਆਖਿਆ ਸੀ, ”ਹਮ ਲੇ ਜਾਨੋ ਪੰਥ ਉਚੇਰੋ, ਅਧੋਗਤੀ ਕੋ ਨਹਿ ਪਹੁੰਚਾਵੈਂ।” ਬਾਦਸ਼ਾਹ ਬਹਾਦਰ ਸ਼ਾਹ ਨੇ ਬੰਦਾ ਬਹਾਦਰ ਦੇ ਸਮੇਂ ਸ਼ਾਹੀ ਫ਼ੁਰਮਾਨ ਜਾਰੀ ਕਰ ਦਿਤਾ ਸੀ ਕਿ ਜਿਥੇ ਕਿਤੇ ਸਿੱਖ ਨਜ਼ਰ ਆਏ, ਬਿਨਾ ਦੇਰੀ ਬਿਨਾ ਕਿਸੇ ਪੁੱਛ ਪੜਤਾਲ਼ ਦੇ ਮਾਰ ਮੁਕਾ ਦਿਤਾ ਜਾਵੇ। ਇਸਦੇ ਜਵਾਬ ਵਿਚ ਬੰਦਾ ਬਹਾਦਰ ਨੇ ਜੰਗ ਦੀ ਖ਼ਾਲਸਈ ਮਰਿਆਦਾ ਦਾ ਐਲਾਨ ਕੀਤਾ ਸੀ ਕਿ ਸਿੱਖਾਂ ਦੀ ਕਿਸੇ ਜਾਤ ਜਾਂ ਮਜ਼ਹਬ ਨਾਲ ਨਿਜੀ ਕਿੜ ਨਹੀਂ ਹੈ, ਉਹ ਸਿਰਫ਼ ਤੇ ਸਿਰਫ਼ ਜ਼ੁਲਮ ਦੇ ਖ਼ਿਲਾਫ਼ ਹਨ।
ਵੀਹਵੀਂ ਸਦੀ ਦੇ ਆਰੰਭ ਵਿਚ ਜਰਮਨ ਚਿੱਤਰਕਾਰ ਫ਼ਰੈਂਜ਼ ਮਾਰਕ ਨੇ ਇੱਕ ਨੀਲੇ ਘੋੜੇ ਦਾ ਚਿਤਰ ਬਣਾਇਆ ਅਤੇ ਰੰਗਾਂ ਦੀ ਵਿਆਖਿਆ ਕਰਦਿਆਂ ਉਸਨੇ ਦੱਸਿਆ ਕਿ ਨੀਲਾ ਰੰਗ ਸੂਰਮਗਤੀ, ਬੀਰਤਾ ਅਤੇ ਅਧਿਆਤਮਿਕ ਮਨੋਭਾਵਾਂ ਦਾ ਸੂਚਕ ਅਤੇ ਪ੍ਰੇਰਕ ਹੈ, ਪੀਲ਼ੇ ਰੰਗ ਵਿਚ ਇਸਤਰੀ ਚੁਹਲ ਦੀ ਕਸ਼ਿਸ਼ ਹੈ। ਲਾਲ ਰੰਗ ਵਿਚ ਰੁਦ੍ਰ ਅਤੇ ਹਿੰਸਾ ਦੀ ਉਕਸਾਹਟ ਹੈ। ਦਸਮ ਪਿਤਾ ਨੇ ਆਪਣੇ ਖ਼ਾਸ, ਸਹਿਜ ਰੂਪ, ਸਾਬਤ ਸੂਰਤ ਅਤੇ ਸਾਬਤ ਚਿਤ ਖ਼ਾਲਸੇ ਨੂੰ ‘ਸਾਬਤ ਮਰਦਾਨਾ’ ਆਖਿਆ ਸੀ। ਅਰਬੀ ਭਾਸ਼ਾ ਵਿਚ ਸਾਬਤ ਦਾ ਅਰਥ ਅਖੰਡ, ਪਰਿਪੂਰਣ ਅਤੇ ਮੁਕੰਮਲ ਕੀਤੇ ਗਏ ਹਨ। ਮਰਦ ਸ਼ਬਦ ਵੀ ਮਹਿਜ਼ ਲਿੰਗ ਭੇਦ ਦਾ ਸੂਚਕ ਨਹੀਂ, ਬਲਕਿ ਬੁਨਿਆਦੀ ਤੌਰ ਪਰ ਸੂਰਬੀਰਤਾ ਭਰੇ ਸਦਗੁਣ ਕਿਰਦਾਰ ਦਾ ਸੂਚਕ ਅਤੇ ਪ੍ਰੇਰਕ ਹੈ।
ਦਸਮ ਪਿਤਾ ਨੇ ਮਾਛੀਵਾੜੇ ਦੀ ਘੇਰਾਬੰਦੀ ‘ਚੋਂ ਨਿਕਲਣ ਲੱਗਿਆਂ, ਉੱਚ ਦੇ ਪੀਰੀ ਲਿਬਾਸ ਵਜੋਂ, ਨੀਲਾ ਚੋਲ਼ਾ ਪਹਿਨ ਲਿਆ ਸੀ। ਇਹ ਚੋਲ਼ਾ ਮਾਛੀਵਾੜੇ ਦੀ ਇੱਕ ਬਿਰਧ ਮਾਤਾ ਗੁਰਦੇਈ ਨੇ ਆਪ ਕੱਤ ਕੇ ਤਿਆਰ ਕੀਤਾ ਸੀ, ਜਿਸਨੂੰ ਗੁਰੂ ਸਾਹਿਬ ਨੇ ਲਲਾਰੀ ਤੋਂ ਨੀਲਾ ਰੰਗਵਾ ਲਿਆ ਸੀ। ਇਸੇ ਲਿਬਾਸ ਵਿਚ ਉਹ ਢਿਲਵਾਂ ਵਿਖੇ ਰਿਸ਼ਤੇ ਵਿਚ ਲਗਦੇ ਭਾਈ ਦੇ ਘਰ ਪਧਾਰੇ ਸਨ, ਜਿਸਨੇ ਗੁਰੂ ਸਾਹਿਬ ਦੇ ਨੀਲੇ ਰੰਗ ਦੇ ਤੁਰਕੀ, ਪਠਾਣੀ ਲਿਬਾਸ ਪਹਿਨਣ ‘ਤੇ ਇਤਰਾਜ਼ ਕੀਤਾ ਸੀ। ਗੁਰੂ ਸਾਹਿਬ ਨੇ ਨੀਲਾ ਚੋਲ਼ਾ ਉਤਾਰ ਕੇ ਆਪਣੇ ਭਾਈ ਵਲੋਂ ਭੇਟ ਕੀਤਾ ਚਿੱਟਾ ਚੋਲ਼ਾ ਪਹਿਨ ਲਿਆ ਸੀ ਅਤੇ ਉਤਾਰਿਆ ਹੋਇਆ ਨੀਲਾ ਚੋਲ਼ਾ ਪਾੜ ਕੇ ਲੀਰਾਂ ਨੂੰ ਅਗਨ ਭੇਟ ਕਰ ਦਿਤਾ ਸੀ। ਕੋਲ਼ ਖੜ੍ਹੇ ਭਾਈ ਮਾਨ ਸਿੰਘ ਨੇ ਉਸਦੀ ਇਕ ਕੰਤਰ ਮੰਗ ਕੇ ਆਪਣੀ ਦਸਤਾਰ ‘ਤੇ ਲਪੇਟ ਲਈ ਸੀ ਜਿਸਨੂੰ ਦੇਖ ਕੇ ਦਸਮ ਪਿਤਾ ਨੇ ਉਸਦੇ ਨੀਲੇ ਬਾਣੇ ਵਾਲ਼ੇ ਪੰਥ ਦੇ ਪ੍ਰਚੱਲਣ ਦਾ ਬਚਨ ਕਰ ਦਿਤਾ ਸੀ। ਗੁਰੂ ਕੀਆਂ ਲਾਡਲੀਆਂ ਫੌਜਾਂ, ਨਿਹੰਗ ਸਿੰਘ ਆਪਣੇ ਆਪ ਨੂੰ ਇਸੇ ਪਰੰਪਰਾ ਨਾਲ ਜੋੜਦੇ ਹਨ ਅਤੇ ਹਮੇਸ਼ਾ ਨੀਲੇ ਵਸਤਰ ਧਾਰਣ ਕਰਦੇ ਹਨ।
ਸਾਗਰਾਂ ਦੀ ਗਹਿਰਾਈ ਤੇ ਅਸਮਾਨੀ ਉਚਾਈ ਦਾ ਲਖਾਇਕ ਨੀਲਾ ਰੰਗ ਖ਼ਾਲਸਾ ਪੰਥ ਦਾ ਮਨਭਾਉਂਦਾ ਰੰਗ ਹੈ, ਜਿਸ ਵਿਚ ਦਸਮ ਪਿਤਾ ਦੀ ਬਖ਼ਸ਼ਿਸ਼ ਅਤੇ ਜੰਗ ਤੇ ਪ੍ਰੇਮ ਦੀ ਮਰਿਆਦਾ ਦਾ ਸਿਧਾਂਤ ਅਤੇ ਨੇਮ ਨਿਹਿਤ ਹੈ। ਖ਼ਾਲਸਾ ਨਿਰਮੋਹ ਦਾ ਉਹ ਗੜ੍ਹ ਹੈ ਜੋ ਪ੍ਰੇਮ ਵਿਚ ਉਪਭਾਵੁਕ ਹੋ ਕੇ ਮੋਹ ਦੀਆਂ ਤੰਦਾਂ ਵਿਚ ਨਹੀਂ ਬੱਝਦਾ ਅਤੇ ਜੰਗ ਦੌਰਾਨ ਤੈਸ਼ ਵਿਚ ਆ ਕੇ ਹੋਸ਼ ਨਹੀਂ ਗੁਆਉਂਦਾ। ਖ਼ਾਲਸੇ ਦੀ ਇਸ ਨੀਲੇ ਰੰਗੀ ਸਾਬਤ ਮਰਦਾਨਗੀ ਵਿਚ ਮਾਤਾ ਗੁਰਦੇਈ ਦੀ ਪ੍ਰੀਤ ਅਤੇ ਉੱਚ ਸ਼ਰੀਫ਼ ਦੀ ਬੀਬੀ ਜਾਵਿੰਦੀ ਦੀ ਬੰਦਗ਼ੀ ਵੀ ਘੁਲ਼ੀ ਹੋਈ ਹੈ। ਉੱਚ ਦੇ ਪੀਰ, ਇਸਲਾਮ ਦਾ ਪਸੰਦੀਦਾ ਹਰਾ ਰੰਗ ਨਹੀਂ, ਬਲਕਿ ਨੀਲਾ ਰੰਗ ਪਹਿਨਦੇ ਸਨ। ਉੱਚ ਸ਼ਰੀਫ਼ ਵਿਚ ਬੀਬੀ ਜਾਵਿੰਦੀ ਦੀ ਬੰਦਗੀ ਦੀ ਯਾਦ ਦਿਵਾਉਂਦਾ ਨੀਲਧਾਰੀ ਮਕਬਰਾ ਸੁਸ਼ੋਭਿਤ ਹੈ। ਇਸਲਾਮ ਦਾ ਹਰਾ ਰੰਗ ਪਲ਼ਟ ਕੇ ਨੀਲਾ ਕਿਵੇਂ ਹੋਇਆ, ਸੂਫ਼ੀਆਂ ਦਾ ਹਰਮਨ ਪਿਆਰਾ ਰੰਗ ਕਿਉਂ ਬਣਿਆ ਅਤੇ ਬਾਬਾ ਫ਼ਰੀਦ ਰਾਹੀਂ ਗੁਰੂ ਘਰ ਵਿਚ ਕਿਵੇਂ ਪ੍ਰਵੇਸ਼ ਕੀਤਾ, ਇਹ ਦਿਲਚਸਪ ਵਿਸ਼ਾ ਹੈ।
ਕ੍ਰਿਸ਼ਨ ਜੀ ਦੇ ਪੀਲ਼ੇ ਹਿੰਦੂ ਰੰਗ ਅਤੇ ਹਜ਼ਰਤ ਮੁਹੰਮਦ ਦੇ ਇਸਲਾਮੀ ਹਰੇ ਰੰਗ ਦੀ ਬਰਾਬਰ ਮਾਤਰਾ ਵਿਚ ਮਿਲਤਰ ਨੀਲੇ ਰੰਗ ਵਿਚ ਪਲ਼ਟ ਜਾਂਦੀ ਹੈ। ਕੀ ਜਾਣੀਏ ਕਿ ਨੀਲੇ ਰੰਗ ਵਿਚ ”ਹਿੰਦੂ ਤੁਰਕ ਕੀ ਕਾਣ” ਮੇਟਣ ਦਾ ਸਿੰਘ ਆਦਰਸ਼ ਵੀ ਛਿਪਿਆ ਹੋਵੇ।
ਖ਼ੈਰ, ਗੁਰੂ ਕੀਆਂ ਗੁਰੂ ਜਾਣੇ। ਗੁਰੂ ਦੇ ਕੌਤਕ, ਚੋਜ ਅਤੇ ਇਸ਼ਾਰੇ ਮਾਨਵੀ ਸਮਝ ਤੋਂ ਪਰੇ ਦੀਆਂ ਗੱਲਾਂ ਹਨ। ਅਕਲ ਦੇ ਘੋੜੇ ਦੌੜਾ ਦੌੜਾ ਕੇ ਜਿੰਨੀ ਵੀ ਸਾਨੂੰ ਸਮਝ ਪੈਂਦੀ ਹੈ, ਸੋਝ੍ਹੀ ਹੁੰਦੀ ਹੈ ਜਾਂ ਕਿਆਫ਼ਾ ਲਗਦਾ ਹੈ, ਉਸ ਮੁਤਾਬਕ ਉਕਤ ਮਰਿਆਦਾ ਇੱਕ ਸ਼ੀਸ਼ਾ ਹੈ ਜਿਸ ਵਿਚੋਂ ਖ਼ਾਲਸਾ ਅੰਦਾਜ਼ਾ ਲਗਾ ਸਕਦਾ ਹੈ ਕਿ ਉਹ ਕਿਸ ਕਦਰ ਖ਼ਾਲਸ ਹੈ।