ਰੂਹਾਨੀ ਕ੍ਰਾਂਤੀ ਦੇ ਸ਼ਾਹ ਅਸਵਾਰ ਗੁਰੂ ਤੇਗ ਬਹਾਦਰ ਜੀ

ਰੂਹਾਨੀ ਕ੍ਰਾਂਤੀ ਦੇ ਸ਼ਾਹ ਅਸਵਾਰ ਗੁਰੂ ਤੇਗ ਬਹਾਦਰ ਜੀ

ਗੱਜਣਵਾਲਾ ਸੁਖਮਿੰਦਰ ਸਿੰਘ (ਮੋਬਾਈਲ: 99151- 06449)

ਲੋਕ-ਮਨਾਂ ਵਿੱਚ ਇਹ ਆਮ ਧਾਰਨਾ ਹੈ ਕਿ ਗੁਰੂ ਤੇਗ ਬਹਾਦਰ ਜੀ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਜ਼ਿਆਦਾਤਰ ਉਦਾਸੀ ਅਤੇ ਵੈਰਾਗ ਭਰੀ ਹੈ। ਅਸਲ ਵਿੱਚ ਇਸ ਖਿਆਲ ਦੇ ਧਾਰਨੀ ਉਹ ਲੋਕ ਹਨ ਜੋ ਨਾਸ਼ਮਾਨਤਾ ਤੋਂ ਡਰਨ ਵਾਲੇ ਅਤੇ ਛਿਣ-ਭੰਗਰ ਦੇ ਸੰਕਲਪ ਤੋਂ ਬਹੁਤ ਭੈਅ-ਭੀਤ ਹਨ। ਗੁਰੂ-ਪਾਤਸ਼ਾਹ ਦੇ ਇਲਾਹੀ ਫੁਰਮਾਨ ਦੀ ਉਜਲਤਾ ਪ੍ਰਾਣੀ ਪ੍ਰਤੀ ਨਿੱਜੀ ਹਿੱਤਾਂ ਤੋਂ ਉਪਰ ਉਠਣ ਦਾ ਅਹਿਸਾਸ ਹੈ। ਗੁਰੂ ਸਾਹਿਬ ਦਾ ਮਤ ਹੈ ; ਅਕਾਲ-ਪੁਰਖ ਨੇ ਮਾਨਵ ਨੂੰ ਇਹ ਹੱਥ-ਪੈਰ ਲੋਕਾਈ ਦੇ ਭਲੇ ਲਈ ਬਖ਼ਸ਼ੇ ਹਨ। ਪਾਤਸ਼ਾਹ ਦੀ ਬਾਣੀ, ਬੰਦੇ ਨੂੰ ਬੇ-ਮਤਲਬੀ ਇੱਛਾਵਾਂ ਤੋਂ ਉਪਰ ਉਠਾਉਣ ਦਾ ਆਦੇਸ਼ ਹੈ। ਗੁਰੂ ਸਾਹਿਬ ਨੇ ਮਨੋ- ਬਿਰਤੀਆਂ ‘ਤੇ ਹਾਸਲਤਾ ਪਾ ਕੇ ਸਹਜ-ਜੋਗ ਦੀ ਆਤਮਿਕ ਅਵਸਥਾ ਨੂੰ ਪ੍ਰਾਪਤ ਕੀਤਾ। ਉਨ੍ਹਾਂ ਆਪਣੇ ਕਮਾਏ ਸੱਚ ਨੂੰ ਪਰਗਟ ਕਰਨ ਲਈ -ਕਹੁ ਨਾਨਕ ਸੁਨਿ ਰੇ ਮਨਾ – ਭਾਵ ‘ਮਨ’ ਨੂੰ ਸੰਬੋਧਨ ਕਰਦਿਆਂ ਭੁੱਲੇ ਭਟਕੇ ਮਨਾਂ ਨੂੰ ਸਹਿਜ ਦਾ ਮਾਰਗ ਦਰਸਾਇਆ। ਗੁਰੂ ਦੀ ਬਾਣੀ, ਤਪੱਸਿਆ ਅਤੇ ਤਿਆਗ ‘ਚੋਂ ਉਪਜੇ ਸਹਿਜ ਗਿਆਨ ਦਾ ਪ੍ਰਕਾਸ਼ ਹੈ। ਗੁਰਮਤਿ ਅਨੁਸਾਰ ਇਸ ਅਮੋਲਕ ਮਨੁੱਖੀ ਜੀਵਨ ਦਾ ਮਨੋਰਥ ਸਿਰਜਣਹਾਰ ਨਾਲ ਅਭੇਦ ਹੋਣਾ ਹੈ; ਗੁਰੂ ਸਾਹਿਬ ਦੀ ਦ੍ਰਿਸ਼ਟੀ ਤੋਂ ਇਹ ਅਭੇਦਤਾ ਤਪੱਸਿਆ- ਤਿਆਗ ਰਾਹੀਂ ਹੀ ਹੋ ਸਕਦੀ ਹੈ ।
ਗੁਰੂ ਸਾਹਿਬ ਨੇ ਕਿਹਾ ਕਿ ਲੋਕ ਬੰਧਨਾਂ ਵਿੱਚ ਪੈ ਕੇ ਬਲ ਹੀਣ ਹੋ ਗਏ ਹਨ। ਇਹ ਧਾਰਮਿਕ, ਮਾਨਸਿਕ ਅਤੇ ਸਮਾਜਿਕ ਅਜ਼ਾਦੀ ਤੋਂ ਵਿਰਵੇ ਹੋ ਗਏ ਹਨ। ਇਹ ਲੋਕਾਈ ਡਰ, ਲਾਲਚ ਅਤੇ ਪ੍ਰਾਧੀਨਤਾ ਦੀ ਜ਼ਿੰਦਗੀ ਜੀਣ ਜੋਗੀ ਹੀ ਰਹਿ ਗਈ ਹੈ। ਗੁਰੂ ਸਾਹਿਬ ਨੇ ਆਪਣੀ ਬਾਣੀ ਸਿਰਜਣਾ ਵਿੱਚ ਮੋਹ ਮਾਇਆ , ਲੋਭ-ਲਾਲਚ ਵਰਗੀਆਂ ਦੁਨਿਆਵੀ ਕੀਮਤਾਂ ਦਾ ਕੂੜ ਰੂਪ ਉਘਾੜਦਿਆਂ ਮਨੁੱਖ ਨੂੰ ਮਾਨਸਿਕ ਤੌਰ ‘ਤੇ ਜਾਗਣ ਲਈ ਹਲੂਣਿਆ। ਗੁਰੂ ਸਾਹਿਬ ਨੇ ਦਰਸਾਇਆ ਕਿ ਬੰਦੇ ਨੂੰ ਸੱਭ ਤੋਂ ਵੱਡਾ ਡਰ, ਮੌਤ ਤੋਂ ਲਗਦਾ ਹੈ। ਉਨ੍ਹਾਂ ਆਪਣੀ ਸ਼ਬਦ ਰਚਨਾ ਰਾਹੀਂ ਮਨੁੱਖੀ ਮਨ ਨੂੰ ਇਸ ਮੌਤ ਦੇ ਡਰ ਤੋਂ ਨਿਰਭੈ ਹੋਣ ਲਈ ਪ੍ਰੇਰਿਆ ਹੈ।
ਗੁਰੂ ਸਾਹਿਬ ਦੀ ਸ਼ਖ਼ਸੀਅਤ ਸਦਾਚਾਰਕ-ਆਤਮਿਕ ਗੁਣਾਂ ਵਿੱਚ ਪਰੀਪੂਰਨ ਸੀ। ਮੁਗਲ ਬਾਦਸ਼ਾਹ ਔਰੰਗਜ਼ੇਬ ਦਾ ਮਿਸ਼ਨ ਬਹੁਤ ਛੋਟਾ ਸੀ। ਉਸ ਦੀ ਦ੍ਰਿਸ਼ਟੀ ਦੀ ਪਹੁੰਚ ਮਾਨਵੀ ਸੁਪਨਿਆਂ ਦੇ ਤੁਲ ਛੋਟੇ ਸੰਸਾਰ ਦੀ ਸੀ। ਉਹ ਬਹੁਤ ਹੀ ਸੀਮਤ ਸੋਚ ਦੇ ਵੱਸ ਹੋਇਆ ਭਾਰਤੀ ਜਨ ਸਾਧਾਰਨ ਨੂੰ ਇਸਲਾਮੀ ਸ਼ਰ੍ਹਾ ਵਿੱਚ ਲਿਆ ਕੇ ਹਿੰਦੋਸਤਾਨ ਨੂੰ ਦਾਰੁਲ-ਇਸਲਾਮ ਵਿੱਚ ਬਦਲਣ ਦਾ ਤਹੱਈਆ ਕਰੀ ਬੈਠਾ ਸੀ। ਉਸ ਨੇ ਡਰ, ਲਾਲਚ ਦਾ ਹਰ ਹਰਬਾ ਵਰਤਣ ਦਾ ਯਤਨ ਕੀਤਾ। ਓੜਕ ਆਪਣੀ ਹੋਂਦ-ਹਸਤੀ ਕਾਇਮ ਰੱਖਣ ਲਈ ਸਿਰਕੱਢ ਵਿਦਵਾਨ ਬ੍ਰਾਹਮਣਾਂ ਦੇ ਪ੍ਰਤੀਨਿਧ ਮੰਡਲ ਨੂੰ ਗੁਰੂ ਸਾਹਿਬ ਦਾ ਦਰ ਖੜਕਾਉਣਾ ਪਿਆ। ਉਨ੍ਹਾਂ ਕੋਲ ਹੋਰ ਕੋਈ ਚਾਰਾ ਹੀ ਨਹੀਂ ਸੀ। ਇਤਿਹਾਸਕਾਰ ਮੁਹੰਮਦ ਲਤੀਫ ਲਿਖਦਾ ਹੈ- ਔਰੰਗਜ਼ੇਬ ਦੀਆਂ ਗੁਰੂ ਤੇਗ ਬਹਾਦਰ ਨੂੰ ਕਾਇਲ ਕਰਨ ਲਈ ਵੱਡੇ ਦਰਬਾਰਾਂ ਵਿੱਚ ਬਹੁਤ ਤਰਕ-ਵਿਤਰਕਾਂ ਹੋਈਆਂ। ਗੁਰੂ ਸਾਹਿਬ ਦੇ ਸਨਮੁਖ ਭਾਈ ਮਤੀਦਾਸ, ਭਾਈ ਦਿਆਲਾ ਜੀ ਨੂੰ ਅਤਿ ਦੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਪਰ ਗੁਰੂ ਸਾਹਿਬ ਦਾ ਸੱਚ ‘ਤੇ ਨਿਸ਼ਚਾ ਅਡੋਲ ਸੀ। ਉਨ੍ਹਾਂ ਦਾ ਮਿਸ਼ਨ ਬਹੁਤ ਹੀ ਵੱਡਾ ਸੀ। ਗੁਰੂ ਸਾਹਿਬ ਦੀ ਸਾਰੇ ਧਰਮਾਂ ਤੇ ਸਮੁੱਚੀ ਮਾਨਵਤਾ ਪ੍ਰਤੀ ਸੁਲਹੁ-ਕੁਲ ਨੀਤੀ ਹੋਣ ਕਰਕੇ ਉਨ੍ਹਾਂ ਦੀ ਸ਼ਹਾਦਤ ਦਾ ਮਿਸ਼ਨ ਇਕ ਮਹਾਨ ਆਦਰਸ਼ ਲਈ ਸੀ। ਹੋਰ ਸਭ ਕ੍ਰਾਂਤੀਆਂ ਥੋੜ੍ਹ-ਚਿਰੀ, ਮਾਤਰ ਸੁਪਨਿਆਂ ‘ਤੇ ਅਧਾਰਿਤ ਹੋਇਆ ਕਰਦੀਆਂ। ਰੂਹਾਨੀ ਕ੍ਹਾਂਤੀ ਦਾ ਅਮਲ ਸਥਾਈ ਅਥਵਾ ਸਦੀਵ ਹੁੰਦਾ ਹੈ। ਗੁਰੂ ਪਾਤਸ਼ਾਹ ਦਾ ਜੀਵਨ-ਅਮਲ ਅਤੇ ਉਨ੍ਹਾਂ ਦਾ ਸ਼ਬਦ ਰਚਨਾ ਸੰਸਾਰ, ਇਕ ਨਿਆਰੀ ਰੂਹਾਨੀ ਕ੍ਰਾਂਤੀ ਦਾ ਆਵੇਸ਼ ਹੈ। ਗੁਰੂ ਜੀ ਦਾ ਚਾਂਦਨੀ ਚੌਕ ਦਿੱਲੀ ਵਿਖੇ ਖੁਦ ਸ੍ਰੀ ਆਨੰਦਪੁਰ ਸਾਹਿਬ ਤੋਂ ਚੱਲ ਕੇ ਦਿੱਲੀ ਜਾ ਕੇ ਸੀਸ ਦੇਣਾ ਰੂਹਾਨੀ ਕ੍ਰਾਂਤੀ ਦਾ ਅਮਲ ਸੀ। ਉਨ੍ਹਾਂ ਦੀ ਸ਼ਹਾਦਤ ਅਤੇ ਬਾਣੀ ਦੋਵੇਂ ਵੱਖ-ਵੱਖ ਪ੍ਰਸੰਗਾਂ ਵਿੱਚ ਉਲੇਖ ਕਰਦੇ ਨਹੀਂ ਵੇਖੇ ਜਾ ਸਕਦੇ। ਦੋਨੋਂ ਅਦ੍ਰਿਸ਼ਟ ਰੂਹਾਨੀ ਇਨਕਲਾਬ ਦੇ ਮੰਜ਼ਰ ਦਾ ਹੀ ਝਲਕਾਰਾ ਪਾਉਂਦੇ ਹਨ। ਗੁਰੂ ਸਾਹਿਬ ਜੀ ਦਾ ਸੀਸ ਦੇਣਾ ਮਜਬੂਰੀ ਜਾ ਬੇਵਸੀ ਦਾ ਨਤੀਜਾ ਨਹੀਂ ਸਗੋਂ ਇਕ ਖ਼ਾਸ ਅਣਦਿਸਦੇ ਮਿਸ਼ਨ ਵੱਲ ਇਸ਼ਾਰਾ ਸੀ।
ਸਿੱਖ ਸ੍ਰੋਤਾਂ ਤੇ ਕਈ ਵਿਦਵਾਨਾਂ ਦੀ ਇਹ ਧਾਰਨਾ ਹੈ ਕਿ ਗੁਰੂ ਤੇਗ ਬਹਾਦਰ ਨੇ ਹਿੰਦੂ ਧਰਮ ਦੀ ਰਾਖੀ ਲਈ ਸ਼ਹਾਦਤ ਦਿੱਤੀ ਜੋ ਅਣਉੱਚਿਤ ਜਾਪਦੀ ਹੈ। ਗੁਰੂ ਨਾਨਕ ਸਾਹਿਬ ਦਾ ਸੱਚ ਮੰਡਾਂ-ਬ੍ਰਹਿਮੰਡਾਂ ਤੋਂ ਉਪਰ ਸਮੁੱਚੀ ਮਨੁੱਖਤਾ ਨੂੰ ਕਲਾਵੇ ਵਿੱਚ ਲੈ ਕੇ ਗੱਲ ਕਰਨ ਵਾਲਾ ਹੈ, ਨਾ ਕਿ ਕਿਸੇ ਖਾਸ ਧਰਮ ਜਾਂ ਵਿਸ਼ੇਸ ਖਿੱਤੇ ਦੀ ਪੈਰਵਾਈ ਕਰਨ ਵਾਲਾ। ਇਸ ਕਰਕੇ ਨੌਂਵੀਂ ਜੋਤ ਵਿੱਚ ਬਿਰਾਜਮਾਨ ਗੁਰੂ ਤੇਗ ਬਹਾਦਰ ਦਾ ਮਨੋਰਥ ਖਾਸ ਧਰਮ ਨੂੰ ਬਚਾਉਣਾ ਜਾਂ ਉਸ ਦੀ ਰਾਖੀ ਕਰਨਾ ਹੋ ਹੀ ਨਹੀਂ ਸਕਦਾ ਅਤੇ ਹੈ ਵੀ ਨਹੀਂ ਸੀ। ਗੁਰੂ ਦੀ ਸ਼ਹਾਦਤ ਤਾਂ ਮਾਨਵਤਾ ਦੇ ਭਲੇ ਦੀ ਅਕਾਸੀ ਕਰਦੀ ਹੈ ।ਪਾਤਸ਼ਾਹ ਦਾ ਪ੍ਰਯੋਜਨ ਤਾਂ ਆਦਿ ਗੁਰੂ ਸਾਹਿਬਾਨ ਦੇ ਉਲੀਕੇ ਵਿਚਾਰ- ਮਤ ‘ਤੇ ਚੱਲਦਿਆਂ ਆਪਣੇ ਰੂਹਾਨੀ ਆਤਮਿਕ ਜ਼ੋਰ ਦੁਆਰਾ ਉਸ ਵੇਲੇ ਦੇ ਇਸਲਾਮੀ ਜਨੂੰਨ ਦੇ ਪੁਜਾਰੀ ਔਰੰਗਜ਼ੇਬ ਨੂੰ ਰੋਕਣਾ ਸੀ। ਪਾਤਸ਼ਾਹ ਦੀ ਕੁਰਬਾਨੀ ਨੇ ‘ਖਾਲਸਾ ਪੰਥ’ ਲਈ ਇਕ ਨਿਆਰਾ ਰਾਹ ਤਿਆਰ ਕਰਨਾ ਸੀ। ਉਨ੍ਹਾਂ ਨੇ ਇਸ ਪ੍ਰਯੋਜਨ ਦੇ ਨਾਲ ਨਾਲ ਆਪਣੇ ਸਿੱਖਾਂ ਵਿੱਚ ਸ਼ਹਾਦਤ ਦੇ ਨਵੇਂ ਅਰਥਾਂ ਦੀ ਤਾਸੀਰ ਭਰਨੀ ਸੀ। ਉਨ੍ਹਾਂ ਨੇ ਗੁਰੂ ਨਾਨਕ ਅਤੇ ਗੁਰੂ ਗ੍ਰੰਥ ਸਾਹਿਬ ਦੇ ਵੱਡੇ ਸੱਚ ਨੂੰ ਉਜਾਗਰ ਕਰਨਾ ਸੀ।
ਗੁਰੂ ਪਾਤਸ਼ਾਹ ਨੂੰ ਪੂਰਨ ਗਿਆਨ ਸੀ ਕਿ ਰੂਹਾਨੀ ਕ੍ਰਾਂਤੀ ਅੱਗੇ ਇਤਿਹਾਸ ਦੇ ਪੜਾਅ ਬਹੁਤ ਛੋਟੇ ਹਨ, ਇਤਿਹਾਸਕ ਪ੍ਰਾਪਤੀਆਂ ਕੁਝ ਵੀ ਨਹੀਂ ਹੁੰਦੀਆਂ। ਉਨ੍ਹਾਂ ਨੂੰ ਸਰਬ-ਕਾਲ ਸੰਸਾਰ ਦੀ ਮਾਸੂਮੀ ਦਾ ਪੂਰਨ ਗਿਆਨ ਸੀ। ਉਹ ਜਾਣਦੇ ਸਨ ਕਿ ਸੰਸਾਰ ਕਿੰਨਾਂ ਮਾਸੂਮ ਹੈ; ਔਰੰਗਜ਼ੇਬ ਇਕ ਮਾਸੂਮ ਬੱਚਾ ਹੈ .ਉਹ ਇਹ ਕੁਝ ਨਹੀਂ ਜਾਣਦਾ ਰੂਹਾਨੀ ਮੰਡਲਾਂ ਦੇ ਜ਼ੋਰ ਅੱਗੇ ਸੰਸਾਰੀ ਪਦਵੀਆਂ, ਮੁਰਾਤਬੇ ਕੁਝ ਨਹੀਂ ਹੁੰਦੇ, ਛਿਣ-ਪਲ ਦੀਆਂ ਛੋਟੀਆਂ ਤਸੱਲੀਆਂ ਹਨ। ਸੀਸ ਦੇਣ ਤੋਂ ਪਹਿਲਾਂ ਗੁਰੂ ਸਾਹਿਬ ਨੇ ਜਨੂੰਨੀ ਬਾਦਸ਼ਾਹ ਨੂੰ ਅਹਿਸਾਸ ਕਰਵਾਇਆ- ਔਰੰਗਜ਼ੇਬ! ਤੁਹਾਡੀ ਤੇਗ ਸਾਡਾ ਸੀਸ ਕੱਟੇਗੀ ਪਰ ਕੱਟਿਆ ਨਹੀਂ ਜਾਵੇਗਾ -। ਪਰ ਬਾਦਸ਼ਾਹ ਦੀ ਕਰੂਰਤਾ ਸੱਤਵੇਂ ਅਸਮਾਨ ‘ਤੇ ਸੀ। ਗੁਰੂ ਪਾਤਸ਼ਾਹ ਅਡੋਲ, ਅਕਾਲ-ਪੁਰਖ ਦੀ ਸਿਫਤ ਸਲਾਹ ਵਿੱਚ ਨਾ ਕੋਈ ਗ਼ਮੀ ਨਾ ਖੁਸ਼ੀ, ਉਸ ਮਹਾਨ ਹਸਤੀ ਦੇ ਭਾਣੇ ਵਿੱਚ ਬਿਰਾਜਮਾਨ ਬੈਠੇ ਹਨ। ਉਸ ਵੇਲੇ ਜਨੂੰਨ ਦੀ ਤਲਵਾਰ ਚੱਲੀ; ਪਰ ਅਲਮਗੀਰ ਅੋਰੰਗਜ਼ੇਬ ਦੀ ਤਲਵਾਰ ਛੋਟੀ ਪੈ ਗਈ ।ਛੋਟੀ ਕੀ ਪਈ; ਸਿੱਖ-ਪੰਥ ਦੇ ਖਿਆਲਾਂ ਵਿੱਚ ਉਤਰ ਕੇ ਉਹ ਤਲਵਾਰ ਸ਼ਹਾਦਤ ਦੇ ਨਵੇਂ ਅਰਥ ਹੀ ਦੇ ਗਈ। ਦਿੱਲੀ ਦਾ ਚਾਂਦਨੀ ਚੌਕ ‘ਸੀਸ ਗੰਜ’ ਨਾਮ ਤਲੇ ਸਿੱਖਾਂ ਦੀ ਇਬਾਦਤ ਲਈ ਸਦੀਵੀ ਮੁਕੱਦਸ ਸਥੱਲ ਦਾ ਰੁਤਬਾ ਹਾਸਲ ਕਰ ਗਿਆ। ਹਰਿੰਦਰ ਸਿੰਘ ਮਹਿਬੂਬ ਲਿਖਦੇ ਹਨ – ਕਮਾਲ ਦਾ ਮੰਜ਼ਰ ਸੀ। ਛੋਟੀ ਮੰਜ਼ਲ ਦੇ ਸਵਾਰ ਔਰੰਗਜ਼ੇਬ ਦੀ ਤਲਵਾਰ ਵਹਿ ਗਈ ਸੀ। ਉਧਰ ਦਿੱਲੀ ਸੂਰਜ ਗਰੂਹ ਹੋ ਰਿਹਾ ਸੀ, ਇਧਰ ਅਨੰਦਪੁਰ ਸਾਹਿਬ ਵਿਚ ਨਵਾਂ ਆਤਮ-ਮੰਡਲ ਉਦੈ ਹੋ ਰਿਹਾ ਸੀ। ਦਸਮ ਪਿਤਾ ਕਲਗੀਆਂ ਵਾਲੇ ਦੀ ਜਗਮਗ ਕਰਦੀ ਜੋਤ ਨਵੇਂ ਨਿਆਰੇ ਰਾਹ ਵਿੱਚ ਦਾਖਲ ਹੋਣ ਲਈ ਆਪਣਾ ਪ੍ਰਕਾਸ਼ ਬਿਖੇਰ ਰਹੀ ਸੀ।